Share on Facebook

Main News Page

ਇੱਕ ਪਿੰਡ ਜਿਸ ਵਿੱਚੋਂ 84 ਦੇ ਫੱਟ ਅਜੇ ਤੱਕ ਵੀ ਰਿਸਦੇ ਨੇ

ਹਰਿਮੰਦਰ ਦੀ ਹਿੱਕ ਨੂੰ ਵਿੰਨ੍ਹ ਕੇ, ਕਾਲ ਬੀਤ ਗਏ ਨੇ, ਚੌਂਕ ਚੁਰਾਹੇ ਰੁਲ਼ੀਆਂ ਪੱਗਾਂ, ਹਾਲ ਬੀਤ ਗਏ ਨੇ ।
ਇਨਸਾਫ ਦੀ ਕੋਈ ਵੀ ਕਿਰਨ, ਕਿਤੇ ਨ ਨਜਰੀ ਪੈਂਦੀ ਏ, ਸੀਨੇ ਫੱਟ ਲੱਗੇ, 26 ਸਾਲ ਬੀਤ ਗਏ ਨੇ।
ਮਿਲੇਗਾ ਇਨਸਾਫ ਕਦੋਂ, ਉਜੜ ਹੋਏ ਮਾਸੂਮਾਂ ਨੂੰ? ਟੁੱਟੇ ਸਭ ਭਰੋਸੇ, ਸਭ ਖਿਆਲ ਬੀਤ ਗਏ ਨੇ।

ਕੱਲ੍ਹ ਕੁਝ ਏਦਾਂ ਦਾ ਹੀ ਉਜੜਿਆ ਇੱਕ ਪਿੰਡ ਦੇਖਿਆ, ਜੋ ਨਵੰਬਰ 1984 ਦੀਆਂ ਯਾਦਾਂ ਨੂੰ ਅਜੇ ਤੱਕ ਆਪਣੇ ਕੋਲ਼ ਸੰਭਾਲ਼ੀ ਬੈਠਾ ਹੈ, ਜਿਸ ਵਿੱਚੋਂ 84 ਦੇ ਫੱਟ ਅਜੇ ਤੱਕ ਵੀ ਰਿਸਦੇ ਨੇ । ਓਦਾਂ ਹੀ ਸੁੰਨੀ ਬੇਅਬਾਦ ਬੀਆਬਾਨ ਖੂਨੀ ਸੜਕ, ਨਾ ਬੰਦਾ ਨਾ ਬੰਦੇ ਦੀ ਜਾਤ, ਸਾਇਦ ਆਦਮ ਜਾਤ ਦੇ ਪੈਰਾਂ ਨੂੰ ਤਰਸਦੀ ਹੋਵੇ । ਖੰਡਰ ਹੋਈਆਂ ਹਵੇਲੀਆਂ, ਢਹੀਆਂ ਕੰਧਾਂ, ਰਾਸਤੇ ਦੇ ਦੋਵੇਂ ਪਾਸੀਂ ਉੱਗਿਆ ਸਲਵਾੜ, ਹੈਵਾਨੀਅਤ ਦੇ ਨੰਗੇ ਨਾਚ ਦੀਆਂ ਯਾਦਾਂ ਨੂੰ ਸਮੋਈ ਬੈਠਾ ਇਕ ਪਿੰਡ । ਹੁਣ ਪੂਰੇ ਪਿੰਡ ਵਿੱਚ ਕੋਈ ਵੀ ਨਹੀਂ ਵੱਸਦਾ, ਬਿਲਕੁਲ ਉਜੜਿਆ ਹੋਇਆ । ਅਗਰ ਅਸੀਂ ਸਾਰੇ ਹੰਭਲ਼ਾ ਮਾਰੀਏ ਤਾਂ ਉਹ ਯਾਦਗਾਰ ਸੰਭਾਲ਼ੀ ਜਾ ਸਕਦੀ ਹੈ ਤਾਂ ਜੋ ਸਾਡੀਆਂ ਆਉਣ ਵਾਲ਼ੀਆਂ ਪੀਹੜੀਆਂ ਨੂੰ ਸਾਡੇ ਤੇ ਹੋਏ ਜੁਲਮਾਂ ਦੀ ਦਾਸਤਾਂ ਨੂੰ ਵਿਖਾ ਸਕੀਏ ।

“ਏਕ ਪਿਤਾ ਏਕਸੁ ਕੇ ਹਮ ਬਾਰਿਕ” “ਸਭਨਾ ਜੀਆ ਕਾ ਇਕੁ ਦਾਤਾ ਸੁ ਮੈ ਵਿਸਰੁ ਨ ਜਾਈ” “ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ” ਸਾਰਿਆਂ ਵਿਚ ਇਕੋ ਰੱਬ ਨੂੰ ਦੇਖਣ ਵਾਲ਼ਿਆਂ ਨਾਲ਼ ਐਨੀ ਨਫਰਤ, ਐਨੇ ਖੂਨ ਦੇ ਪਿਆਸੇ ਨੇ ? ਐਨੀ ਤਬਾਹੀ ਕਿ ਕਿਸੇ ਪੱਥਰ ਦਿਲ ਨੂੰ ਵੀ ਪੰਘਰਾ ਸਕਦੀ ਹੈ, ਪਰ ਉਸ ਦਾ ਕੀ ਕਰੀਏ ਜਿਸ ਕੋਲ਼ ਦਿਲ ਹੀ ਨਾ ਹੋਵੇ ? ਸਾਇਦ ਸਦੀਆਂ ਦੇ ਭੁੱਖੇ ਲਿਤਾੜਿਆਂ ਨੂੰ ਮਸਾਂ ਰਾਜ ਭਾਗ ਮਿਲ਼ਿਆ ਹੈ । “ਮਸਾਂ ਬਣਿਆ ਥਾਣੇਦਾਰ ਪਿਓ ਦੇ ਹੀ ਚਿੱਤੜ ਕੁੱਟ ਸੁੱਟਦਾ ਹੈ” । ਹਿੰਦੂਵਾਦੀ ਸੱਤਾ ਵਿੱਚ ਅੰਨੇ ਹੋਏ ਕਦੇ ਸਿੱਖਾਂ ਤੇ, ਕਦੇ ਮੁਸਲਮਾਨਾਂ ਤੇ, ਕਦੇ ਈਸਾਈਆਂ ਤੇ ਹਮਲੇ ਬੋਲਦੇ ਰਹਿੰਦੇ ਹਨ । ਇਕ ਸਰਵੇ ਮੁਤਾਬਕ 250,000 ਸਿੱਖਾਂ ਨੂੰ 1984 ਵਿੱਚ ਮਾਰਿਆ ਗਿਆ, 75000 ਕਸਮੀਰੀਆਂ ਨੂੰ 1988 ਤੱਕ ਮਾਰ ਮੁਕਾ ਦਿਤਾ ਗਿਆ, ਜੋ ਅਜੇ ਤੱਕ ਵੀ ਜਾਰੀ ਹੈ । ਲੱਖਾ ਹੀ ਦਲਿਤਾਂ, ਬੋਧੀਆਂ, ਪਾਰਸੀਆਂ ਤੇ ਹੋਰ ਘੱਟ ਗਿਣਤੀਆਂ ਨੂੰ ਮਾਰਿਆ ਜਾ ਰਿਹਾ ਹੈ । 2000 ਤੋਂ ਉਪਰ ਇਕੱਲੇ ਗੁਜਰਾਤ ਦੰਗਿਆਂ ਵਿੱਚ ਕਤਲ ਕਰ ਦਿਤਾ ਗਿਆ । 2000 ਤੋਂ ਵੀ ਜਿਆਦਾ ਮੁਸਲਮਾਨ 2006 ਵਿੱਚ ਮਾਰ ਦਿਤੇ ਗਏ, ਤਕਰੀਬਨ 1200 ਕ੍ਰਿਸਚਨ ਉੜੀਸਾ ਵਿੱਚ ਮਾਰ ਦਿੱਤੇ ਗਏ, ਜਿਸ ਦੀ ਕਿ “ਦਾਰਾ” ਸਜਾ ਕੱਟ ਰਿਹਾ ਹੈ, ਤੇ ਇਹ ਹਿੰਦੂ ਵਾਦੀ ਉਸ ਨੂੰ ਛੱਡਣ ਲਈ ਰਾਹ ਤੱਕ ਪੱਧਰਾ ਕਰ ਚੁੱਕੇ ਹਨ । ਜਦੋਂ ਦੀ ਸਾਧਵੀ ਪ੍ਰੀਗਿਆ ਐਂਡ ਪਾਰਟੀ ਫੜੀ ਹੈ ਭਾਰਤ ਵਿੱਚ ਬੰਬ ਧਮਾਕਿਆ ਵਿੱਚ ਵੀ ਕਮੀਂ ਆਈ ਹੈ, ਜੋ ਹੋ ਵੀ ਰਹੇ ਹਨ ਉਹ ਗੋਆ ਵਰਗੇ ਇਲਾਕਿਆ ਵਿੱਚ ਸਕੂਟਰਾਂ ਆਦਿ ਵਿੱਚ ਹੋ ਰਹੇ ਹਨ । (ਚੇਤੇ ਰਹੇ ਗੋਆ ਇਹ ਹਿੰਦੂਵਾਦੀ ਸੰਗਠਨਾਂ ਤੋਂ ਏਧਰ-ਓਧਰ ਰੱਖਣ ਵਿੱਚ ਫਟੇ ਹਨ ) ਏਹ ਅਜੇ ਵੀ ਦੇਸ਼ ਭਗਤ ਹਨ ।

ਗੁੜਗਾਵਾਂ ਤੋਂ ਉੱਤਰ ਵੱਲ੍ਹ ਐਨ. ਐਚ. 8 ਤੇ ਜੈਪੁਰ ਵੱਲ੍ਹ ਨੂੰ 27 ਕਿ.ਮੀ. ਦੀ ਦੂਰੀ ਤੇ ਬਿਲਾਸਪੁਰ, ਉਸ ਤੋਂ 8 ਕਿ.ਮੀ. ਨਵਾਬਾਂ ਦੀ ਪਟੌਦੀ, ਪਟੌਦੀ ਤੋਂ ਚੜ੍ਹਦੇ ਪਾਸੇ ਵੱਲ੍ਹ ਤਕਰੀਬਨ 18 ਕਿ.ਮੀ. ਦੀ ਦੂਰੀ ਤੇ ਹੈ ਇਹ ਅਭਾਗਾ ਪਿੰਡ ਹੋਂਦ ਚਿਲੜ, ਤਹਿਸੀਲ ਤੇ ਜਿਲਾ ਰੇਵਾੜੀ ਦੇ ਅਧੀਨ ਆਉਂਦਾ ਹੈ । ਹੁਣ ਪਿੰਡ ਦੇ ਅੰਦਰ ਵੜਦੇ ਹੀ ਧੁਆਂਖੀਆਂ, ਢਹੀਆਂ ਹਵੇਲੀਆਂ ਦਿਖਦੀਆਂ ਨੇ । ਬੱਸ ਓਨੇ ਕੁ ਹੀ ਹੱਡ ਪਏ ਨੇ ਜੋ ਚਬਾਏ ਨਹੀਂ ਜਾ ਸਕੇ ਬਾਕੀ ਦਾ ਮਾਸ ਤਾਂ ਕਾਂ-ਕੁੱਤੇ ਖਾ ਗਏ । ਕਹਿੰਦੇ ਪਹਿਲਾਂ ਪਿੰਡ ਵੜਦੇ ਹੀ ਕਹਿੰਦੀ ਕਹਾਉਂਦੀ ਹਵੇਲੀ ਹੁੰਦੀ ਸੀ । ਇਹ ਜਲ਼ੀਆਂ ਕੰਧਾਂ ਆਪਣੀ ਕਹਾਣੀ ਆਪ ਬਿਆਨ ਕਰਦੀਆਂ ਨੇ । ਇੱਕ ਅਜਿਹੀ ਤਬਾਹੀ ਜੋ ਦਹਾਕਿਆਂ ਤੱਕ ਸਹਿਕਦੀ ਰਹਿੰਦੀ ਹੈ, ਸਾਇਦ ਸਦੀਆਂ ਤੱਕ ਵੀ । ਅਜਿਹੀ ਪੀੜ ਜੋ ਕਦੇ ਵੀ ਖਤਮ ਨਾ ਹੋਵੇ । ਦੋ, ਚਾਰ, ਦਸ ਵੀਹ ਲੱਖ ਇਸ ਦੇ ਸਾਹਮਣੇ ਕੁਝ ਵੀ ਨਹੀਂ । ਕੀ ਪੈਸੇ ਨਾਲ਼ ਲੁੱਟੀਆਂ ਇੱਜਤਾਂ, ਸਾੜੇ ਭੈਣ-ਭਰਾ ਵਾਪਿਸ ਆ ਸਕਦੇ ਹਨ ? ਨਹੀਂ ਕਦੀ ਵੀ ਨਹੀਂ ।

ਥੋੜ੍ਹਾ ਅੱਗੇ ਚੱਲ ਕੇ ਗੁਰਦੁਆਰਾ ਸਾਹਿਬ ਹੈ । ਗੁਰਦੁਆਰੇ ਦੇ ਪ੍ਰਵੇਸ਼ ਦੁਆਰ ਤੇ ਲਿਖਿਆ ਹੈ “ਜੀ ਆਇਆਂ ਨੂੰ” ਥੋੜਾ ਉਪਰ ਲਿਖਿਆ ਹੈ “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰੁ ਨ ਜਾਈ” ਹੁਣ ਗੁਰਦੁਆਰੇ ਦਾ ਕੋਈ ਵੀ ਦਰਵਾਜਾ ਨਹੀਂ ਨਾਂ ਹੀ ਬਾਰੀਆਂ ਨੇਂ । ਅੰਦਰ ਕਿਸੇ ਅਗਿਆਤ ਦੀ ਤੂੜੀ ਪਈ ਹੈ, ਠੀਕ ਓਸੇ ਜਗ੍ਹਾ ਜਿਥੇ ਕਦੇ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸੋਭਿਤ ਹੁੰਦੇ ਹੋਣਗੇ । ਪੂਰੀ ਤਰ੍ਹਾਂ ਸੜ੍ਹ ਚੁੱਕਿਆ ਗੁਰਦੁਆਰਾ ਸਾਹਿਬ ਆਪਣੀ ਕਹਾਣੀ ਆਪ ਹੀ ਬਿਆਨ ਕਰਦਾ ਹੈ । ਗੁਰਦੁਆਰੇ ਦੇ ਲਾਗ ਖੂਹ ਅਜੇ ਵੀ ਓਵੇਂ ਦਾ ਓਵੇਂ ਮੌਜੂਦ ਹੈ । ਬਹੁਤ ਸਾਰੀਆਂ ਅਜਿਹੀਆਂ ਹਵੇਲੀਆਂ ਵੀ ਹਨ ਜੋ ਬਲਡੋਜ਼ਰ ਨਾਲ ਪੱਧਰਾ ਕਰ ਦਿਤੀਆਂ ਗਈਆਂ ਉਹ ਅੱਜ ਖੇਤਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ।

ਵੱਡਾ ਸਾਰਾ ਬਰੋਟੇ ਦਾ ਦਰੱਖਤ ਅੱਜ ਵੀ ਬੱਚਿਆਂ, ਬੁੱਢਿਆਂ ਨੂੰ ਅਵਾਜਾਂ ਮਾਰਦਾ ਹੈ । ਉਹ ਆਦਮ ਜਾਤ ਨੂੰ ਦੇਖਣ ਲਈ, ਬੱਚਿਆਂ ਦੀਆਂ ਕਿਲਕਾਰੀਆਂ ਨੂੰ, ਜਵਾਨਾਂ ਦੇ ਮਖੌਲਾਂ ਨੂੰ ਸੁਣਨ ਲਈ ਤਰਸ ਰਿਹਾ ਹੈ । ਕੁੜੀਆਂ ਦੀਆਂ ਪੀਘਾਂ, ਉਹਨਾਂ ਦੇ ਹੁਲਾਰਿਆਂ ਨੂੰ ਵੇਖਣਾ ਚਾਹ ਰਿਹਾ ਹੈ, ਉਸ ਨੂੰ ਕੀ ਪਤਾ ਉਹ ਗੰਗੂ ਦੀ ਰੂਹ ਵਾਲ਼ੀ ਮਾਨਸਿਕਤਾ ਦਾ ਸ਼ਿਕਾਰ ਹੋਇਆ ਹੈ । ਅਗਰ ਇਹ ਸਾਨੂੰ ਏਨੀ ਹੀ ਨਫ਼ਰਤ ਕਰਦੇ ਨੇ, ਗੱਦਾਰ ਕਹਿੰਦੇ ਨੇ, ਸਾੜਦੇ ਨੇ, ਮਾਰਦੇ ਨੇ ਫਿਰ ਆਪਣੇ ਨਾਲ਼ ਕਿਉਂ ਰੱਖਿਆ ਹੋਇਆ ਹੈ ? ਅਲੱਗ ਕਿਉਂ ਨੀ ਕਰ ਦਿੰਦੇ ? ਕਿਉਂ ਨਫਰਤ ਨੂੰ ਨਾਲ਼ ਲੈ ਕੇ ਚੱਲਦੇ ਨੇ ? ਹੋਰ ਦੇਖੋ ਇਨਸਾਨੀਅਤ ਦੇ ਦੁਸ਼ਮਣ “ਦਾਰੇ” ਜਿਸ ਨੇ ਸ਼ਰੇਆਮ ਈਸਾਈ ਮਿਸ਼ਨਰੀਆਂ ਨੂੰ ਜਿੰਦਾ ਜਲਾਇਆਂ, ਨੂੰ ਛੱਡਣ ਦੀ ਸਲਾਹ ਬਣਾ ਰਹੇ ਹਨ, ਕਿਉਂਕਿ ਇਨਸਾਫ਼ ਦੀਆਂ ਕੁਰਸੀਆਂ ਤੇ ਵੀ ਏਹੀ ਗੰਗੂ ਦੀ ਰੂਹ ਹੈ । ਸਾਡਾ ਸ਼ੇਰ “ਹਵਾਰਾ” “ਦਵਿੰਦਰਪਾਲ ਸਿੰਘ ਭੁੱਲਰ” ਜਿਸ ਤੇ ਕੋਈ ਦੋਸ਼ ਇਹ ਸਿੱਧ ਨਹੀਂ ਕਰ ਸਕੇ, ਉਸ ਨੂੰ “ਉਮਰ ਕੈਦ ਟਿਲ ਡੈਥ” , ਇਹ ਉਮਰਕੈਦ ਦੀ ਪਰਿਭਾਸ਼ਾ ਵੀ ਇਹਨਾਂ ਸਿੱਖਾਂ ਲਈ ਅਲੱਗ ਬਣਾ ਲਈ “ਟਿਲ ਡੈਥ”। ਪੂਰੇ ਭਾਰਤ ਵਿੱਚ 31 ਅਕਤੂਬਰ ਤੋਂ 5 ਨਵੰਬਰ ਤੱਕ ਲੱਖਾਂ ਹੀ ਸਿੱਖਾ ਨੂੰ ਜਿੰਦਾ ਜਲ਼ਾਇਆ ਗਿਆ, (ਇਹ ਤਾਂ ਸਿਰਫ ਇਕ ਪਿੰਡ ਦੀ ਹੀ ਕਹਾਣੀ ਹੈ) ਇੱਜਤਾਂ ਲੁੱਟੀਆਂ ਗਈਆਂ, ਇਸ ਕਾਰੇ ਨੂੰ ਪੂਰੇ 26 ਸਾਲ ਬੀਤ ਗਏ ਨੇ, ਪਰ ਅਜੇ ਤੱਕ ਕਿਸੇ ਇਕ ਨੂੰ ਵੀ ਕੋਈ ਮਿਸਾਲੀ ਸਜਾ ਨਹੀਂ ਹੋਈ ਚੇਤੇ ਰਹੇ 84 ਵਾਲੇ ਘੱਲੂਕਾਰੇ ਤੋਂ ਭਿਆਨਕ ਹੋਰ ਕੋਈ ਵੀ ਘਟਨਾ ਨਹੀਂ ਹੋ ਸਕਦੀ ਫਿਰ ਅਜਿਹਾ ਵਿਤਕਰਾ ਕਿਉਂ ? ਸਿਖਾਂ ਦੇ ਮਾਮਲੇ ਵਿੱਚ ਕਿਸੇ ਜੱਜ ਨੁੰ ਅਗਰ ਸੁਪਨਾ ਵੀ ਆ ਜਾਵੇ ‘ਕਿ ਫਲਾਣਾ ਸਿੱਖ ਦੋਸ਼ੀ ਹੈ’ ਉਸੇ ਨੂੰ ਸੂਲ਼ੀ ਤੇ ਚਾੜ੍ਹ ਦਿੰਦੇ ਨੇ ਸਾਇਦ ਏਹੋ ਬਿਪਰਾਂ ਦਾ ਕਨੂੰਨ ਹੈ ।

ਕਬਰਾਂ ਪੁੱਟੋ ਸਮਸ਼ਾਨਾ ਚੋਂ, ਲੱਭ ਲਵੋ ਕੋਈ ਮੁਰਦਾ ਹੀ, ਵਿਚ ਕਚਿਹਰੀ ਆ ਕੇ, ਜਿਹੜਾ ਦੇਵੇ ਇੱਕ ਗਵਾਹੀ ਨੀਂ।
ਹਿੰਦ ਵਾਸੀਆਂ ਬਿਪਰਾਂ ਦੇ ਮੂੰਹ, ਲੱਗਿਆ ਖੂਨ ਅਵੱਲਾ ਸੀ,  ਕਾਤਲ ਕੂੰਜ ਨੇ ਝਪਟ ਲਏ ਸੀ, ਘਰੀਂ ਪਰਤਦੇ ਰਾਹੀ ਵੀ।
ਮਾਵਾਂ ਭੈਣਾ ਰੋਲਤੀਆਂ ਜੋ, ਫਿਰਨ ਖਿਲਾਰੀ ਵਾਲਾਂ ਨੂੰ, ਹਿੰਦ ਦੇ ਵਿਚ ਤਾਰ-ਤਾਰ ਹੋਈ, ਇੰਝ ਕੋਈ ਸੱਜ ਵਿਆਹੀ ਨੀ।
ਇਨਸਾਫ ਦੀ ਆਸੇ ਸੁੱਕੀਆਂ ਅੱਖਾਂ, ਸੁੱਕ ਗਏ ਹੱਡ ਅਵੱਲੜੇ ਨੀ, ਕਾਨੂੰਨ ਕਿਤਾਬੋਂ ਖਸਮਾਂ ਖਾਣੀ, ਸੁੱਕ ਗਈ ਏ ਸਿਆਹੀ ਨੀਂ।

ਪਿੰਡ ਚਿੱਲੜ ਕੋਲ਼ ਇੱਕ ਛੋਟੀ ਢਾਣੀ ਹੋਂਦ 2 ਨਵੰਬਰ 1984 ਤੋਂ ਪਹਿਲਾਂ ਹੱਸਦਾ ਵੱਸਦਾ 30-35 ਘਰਾਂ ਦਾ ਪਿੰਡ ਹੁੰਦਾ ਸੀ । ਏਥੇ ਸਾਰੇ ਹੀ ਸਿੱਖਾਂ ਦੇ ਘਰ ਸਨ । ਇਹ ਸਾਰੇ ਪਕਿਸਤਾਨ ਦੇ ਸਹਿਰ ਮੀਆਂਵਾਲ਼ੀ ਤੋਂ 1947 ਵਿੱਚ ਲੁੱਟ ਪੁੱਟ ਕੇ, ਉਜੜ ਕੇ ਏਧਰ ਆਪਣੇ ਦੇਸ ਆਏ ਸਨ । ਪਾਕਿਸਤਾਨ ਨੂੰ ਬੇਗਾਨਾ ਕਰ ਕੇ ਇਹਨਾਂ ਛੱਡ ਦਿਤਾ ਸੀ । ਆਪਣਿਆਂ ਦਾ ਮਾਰਿਆ ਫੁੱਲ ਵੀ ਗੈਰਾਂ ਦਿਆਂ ਪੱਥਰਾਂ ਤੋਂ ਵੱਧ ਦਰਦ ਕਰਦਾ ਹੈ, ਆਪਣਿਆ ਨੇ ਤਾਂ ਜਾਲ਼ ਹੀ ਦਿਤਾ ਬੱਚੇ, ਜਵਾਨ, ਬੁੱਢਿਆਂ ਨੂੰ, ਸਾਇਦ ਇਹਨਾਂ ਦੀ ਭੁੱਲ ਸੀ, ਆਪਣਾ ਸਮਝਣ ਦੀ । ਭੁੱਲ ਤਾਂ ਭੁਗਤਣੀ ਹੀ ਪੈਂਦੀ ਹੈ, ਕਿਉਂ ਕੀਤੀ ਭੁੱਲ ?? ਇਹਨਾਂ ਨੇ ਆਪਣੀ ਤਕਦੀਰ ਆਪਣੇ ਆਪ ਲਿਖੀ ਸੀ । ਇਹ ਸਵੱਖਤੇ ਉੱਠ ਪਾਠ ਪੂਜਾ ਕਰਦੇ, “ਦੱਬ ਕੇ ਵਾਹ ਤੇ ਰੱਜ ਕੇ ਖਾਹ” ਇਹਨਾਂ ਬਾਬੇ ਨਾਨਕ ਤੋਂ ਸਿਖਿਆ ਸੀ । ਚਿੱਲੜ ਦੇ ਨਿਵਾਸੀਆਂ ਨਾਲ਼ ਕੀਤੀ ਗੱਲਬਾਤ ਤੋਂ ਪਤਾ ਲੱਗਿਆ ਇਹ ਦਾਨ ਕਰਨ ਨੂੰ ਵੀ ਹਮੇਸਾਂ ਅੱਗੇ ਰਹਿੰਦੇ ਸਨ । ਸਾਬਕਾ ਹੈਡ ਮਾਸਟਰ ਨਾਲ਼ ਗੱਲਬਾਤ ਤੋਂ ਪਤਾ ਲੱਗਿਆ ਕਿ 1978 ਵਿੱਚ ਚਿੱਲੜ ਵਿੱਚ ਧਰਮਸ਼ਾਲਾ ਬਣਨੀ ਸੀ, ਹੋਂਦ ਵਾਸੀਆਂ ਉਸ ਲਈ ਖੁੱਲ ਕੇ ਦਾਨ ਦਿਤਾ ਸੀ । ਬਾਬੇ ਨਾਨਕ ਦੀ “ਵੰਡ ਖਾਹ, ਖੰਡ ਖਾਹ” ਵਾਲ਼ੀ ਆਦਤ ਉਹਨਾਂ ਆਪਣੀ ਰੋਜਮਰਾ ਦੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਬਣਾ ਲਈ ਸੀ । ਇਹ ਤੀਹ-ਪੈਂਤੀ ਘਰਾਂ ਦੀ ਢਾਣੀ ਚਿੱਲੜ ਤੋਂ ਕੋਈ ਚਾਰ ਕਿਲੋਮੀਟਰ ਦੀ ਦੂਰੀ ਤੇ ਹੈ । ਇਹ ਹਰਿਆਣਾ ਵਾਸੀਆਂ ਤੋਂ ਬਿਲਕੁਲ ਅਲੱਗ ਆਪਣੀ ਰਾਜੀ-ਖੁਸ਼ੀ, ਹੱਸਦੀ ਵੱਸਦੀ ਦੁਨੀਆ ਵਿੱਚ ਮਸਤ ਸਨ, ਪਰ ਫਿਰ ਵੀ ਪਿੰਡ ਵਾਸੀਆਂ ਲਈ ਦਾਨ ਦੇ ਵਿੱਚ ਕਦੇ ਪਿੱਠ ਨਹੀਂ ਵਿਖਾਈ ਸਗੋਂ ਵੱਧ-ਚੜ੍ਹ ਕੇ ਹਿੱਸਾ ਪਾਉਂਦੇ ਸਨ ।

   

ਪਿੰਡ ਹੋਂਦ ਤੇ ਚਿੱਲੜ ਦੋਵਾਂ ਪਿੰਡਾਂ ਦੀ ਸਾਂਝੀ ਇੱਕ ਹੀ ਪੰਚਾਇਤ ਹੁੰਦੀ ਸੀ । ਚਿੱਲੜ ਬਹੁਤ ਵੱਡਾ ਪਿੰਡ ਹੈ, ਏਥੇ ਜਾਟ, ਗੁੱਜਰ, ਅਹੀਰ, ਚਮਾਰ, ਚੂਹੜੇ ਆਦਿ ਵੱਸਦੇ ਹਨ । ਐਨੇ ਵੱਡੇ ਚਿੱਲ਼ੜ ਪਿੰਡ ਨੂੰ ਛੱਡ ਕੇ ਛੋਟੀ ਢਾਣੀ ਹੋਂਦ ਦੇ ਨਿਵਾਸੀ ਸ. ਸਰੂਪ ਸਿੰਘ ਪੁੱਤਰ ਸ. ਤਿਰਲੋਕ ਸਿੰਘ ਦਾ 1961 ਤੋਂ ਪੰਦਰਾ ਸਾਲ ਤੱਕ ਸਰਪੰਚ ਬਣੇ ਰਹਿਣਾ ਇਹਨਾਂ ਦੀ ਧਾਂਕ ਤੇ ਕਿਸੇ ਨਾਲ਼ ਵੀ ਜਾਤੀ ਦੁਸਮਣੀ ਦਾ ਨਾ ਹੋਣਾ ਸਿੱਧ ਕਰਦਾ ਹੈ । ਪੂਰੇ ਇਲਾਕਾ ਨਿਵਾਸੀ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਸਨ । ਫਿਰ ਇਹਨਾਂ ਨਾਲ਼ ਅਜਿਹਾ ਮਾੜਾ ਵਰਤਾਓ ਕਿਓਂ ? ਕੀ ਆਦਮੀ ਪਸ਼ੂ ਬਣ ਜਾਂਦਾ ਹੈ, ਨਹੀਂ ਆਦਮੀ ਹੀ ਸੱਭ ਤੋਂ ਖੂੰਖਾਰ ਹੈ ਤੇ ਪਸ਼ੂ ਸਾਇਦ ਆਦਮੀ ਬਣ ਜਾਂਦੇ ਹੋਣਗੇ ।

2 ਨਵੰਬਰ 1984 ਦਿਨ ਦੇ ਤਕਰੀਬਨ ਗਿਆਰਾਂ ਵਜੇ, ਜੈ ਸ੍ਰੀ ਰਾਮ ਦੇ ਨਾਹਰੇ ਲਗਾਉਂਦੀ ਹਿੰਦੂਵਾਦੀ ਭੀੜ ਨੇ ਪੂਰੇ ਪਿੰਡ ਨੂੰ ਚਾਰੇ ਪਾਸਿਓ ਆਪਣੇ ਘੇਰੇ ਵਿੱਚ ਲੈ ਲਿਆ । ਚਾਰੇ ਪਾਸਿਓ ਘੇਰ ਕੇ ਇਹਨਾਂ ਆਪਣਾ ਤਾਂਡਵ ਨਾਚ ਨੱਚਣਾ ਸ਼ੁਰੂ ਕਰ ਦਿੱਤਾ । ਇਹਨਾਂ ਕੋਲ਼ ਮਿੱਟੀ ਦੇ ਤੇਲ ਦੇ ਕੇਨ, ਹੱਥਾਂ ਵਿੱਚ ਬਲ਼ਦੀਆਂ ਮਸਾਲਾਂ, ਕਿਰਪਾਨਾ, ਡਾਂਗਾਂ, ਬਰਛੇ ਤੇ ਟਾਕੂਏ ਸਨ । ਭੀੜ ਨਾਹਰੇ ਲਗਾ ਰਹੀ ਸੀ “ਮਾਰੋ ਸਰਦਾਰੋ ਗਦਾਰੋਂ ਕੋ” ‘ਇੰਦਰਾ ਕੇ ਹਤਿਆਰੋਂ ਕੋ ਮਾਰੋ” । ਇਹ ਏਦਾਂ ਤਿਆਰੀ ਕਰ ਕੇ ਆਏ ਸਨ ਜਿਵੇਂ ਇੰਦਰਾਂ ਨੂੰ ਮਾਰਨ ਦੇ ਸਿਰਫ਼ ਤੇ ਸਿਰਫ਼ ਇਹ ਸਰਦਾਰ ਹੀ ਦੋਸ਼ੀ ਹੋਣ, ਉਹ ਗੰਗੂ ਦੀ ਔਲਾਦ ਆਪ ਜੱਜ ਬਣ ਕੇ ਇਹਨਾਂ ਨੂੰ ਫੈਸਲਾ ਤੇ ਸਬਕ ਸਿਖਾਉਣ ਆਏ ਸਨ । ਉਹਨਾਂ ਆਉਦਿਆਂ ਹੀ ਤੂੜੀ ਦੇ ਕੁੱਪਾ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿਤੀ । ਤੂੜੀ ਦੇ ਕੁੱਪਾ ਨੂੰ ਅੱਗ ਨੇ ਧੂੰ-ਧੂੰ ਕਰ ਕੇ ਜਲਾਉਣਾ ਸ਼ੁਰੂ ਕਰ ਦਿਤਾ । ਤੂੜੀ ਦੇ ਕੁੱਪਾ ਨੂੰ ਅੱਗ ਲੱਗਦੀ ਅਤੇ ਭੀੜ ਨੂੰ ਦੇਖ ਬੱਚੇ, ਬੁੱਢੇ, ਜਵਾਨ ਸਭ ਸਹਿਮ ਗਏ । ਸਾਰੇ ਆਪੋ ਆਪਣੇ ਘਰਾਂ ਵਿੱਚ ਦੜ੍ਹ ਵੱਟ ਗਏ ।

ਹਿੰਦੂਵਾਦੀ ਭੀੜ ਨੇ ਆਪਣਾ ਤਾਂਡਵ ਨਾਚ ਦਿਖਾਉਣਾ ਸ਼ੁਰੂ ਕੀਤਾ । ਸਰਬੱਤ ਦਾ ਭਲਾ ਮੰਗਣ ਵਾਲ਼ਿਆਂ ਨੂੰ ਆਪਣੀ ਹੀ ਭਲਾਈ ਦਾ ਫਿਕਰ ਹੋਣ ਲੱਗਾ । ਗੰਗੂ ਦੇ ਜਾਇਆਂ ਨੂੰ ਏਹੋ 30-35 ਘਰ ਸਭ ਤੋਂ ਵੱਡੇ ਦੁਸ਼ਮਣ ਲੱਗ ਰਹੇ ਸਨ, “ਅੰਨੇ ਸਿਕਾਰ ਹੱਥ ਬਟੇਰ ਲੱਗ ਗਿਆ” । ਘਰਾਂ ਵਿੱਚ ਛੁਪੇ ਲੋਕਾਂ ਤੇ ਇਹਨਾਂ ਹੱਲਾ ਬੋਲ ਦਿਤਾ । ਘਰਾਂ ਦੀਆਂ ਛੱਤਾ ਤੇ ਮਘੋਰੇ ਕਰ ਕੇ ਅੰਦਰ ਜਲਦੀਆਂ ਮਸਾਲਾਂ ਸੁੱਟਣੀਆਂ ਸ਼ੁਰੂ ਕਰ ਦਿਤੀਆਂ । ਅਗਰ ਕੋਈ ਬਾਹਰ ਭੱਜਿਆ ਉਸ ਤੇ ਮਿਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿਤੀ ਗਈ, ਜਲ਼ਦੇ ਟਾਇਰ ਗਲਾਂ ਵਿੱਚ ਪਾਏ ਗਏ, ਉਹਨਾਂ ਇਹ ਨਹੀ ਦੇਖਿਆ, ਚਲੋ ਛੱਡ ਦੇਵੋ ਇਸ ਦੀ ਤਾਂ ਦਾਹੜੀ ਬੰਨੀ ਹੋਈ ਹੈ, ਜਾਂ ਕੱਟੀ ਹੋਈ ਹੈ । ਜਿੰਨੀਆਂ ਮਰਜੀ ਡਰ-ਡਰ ਕੇ ਭੰਨੀ ਜਾਓ, ਕੱਟੀ ਜਾਓ, ਜਦੋਂ ਇਹਨਾਂ ਦਾ ਦਾਅ ਲੱਗੇਗਾ ਇਹਨਾਂ ਤਾ ਬੱਸ ਤੁਹਾਨੂੰ ਸਾੜ ਦੇਣਾ ਹੈ । ਬਾਬੇ ਦੀ ਸੋਚ ਇਹਨਾਂ ਨੂੰ ਨਹੀ ਚਾਹੀਦੀ । ਚਾਰੇ ਪਾਸੇ ਚੀਕਾਂ, ਕੁਰਲਾਹਟਾਂ, ਹਾੜੇ ਹੀ ਸੁਣਾਈ ਦਿੰਦੇ ਸਨ, ਪਰ ਇਹਨਾਂ ਗੰਗੂ ਦੇ ਜਾਇਆਂ ਨੂੰ ਕੋਈ ਤਰਸ ਨਾ ਆਇਆ । ਠੀਕ ਏਸੇ ਤਰ੍ਹਾਂ ਇਹਨਾਂ ਇਕੱਲੇ ਇਕੱਲੇ ਘਰ ਨੂੰ ਅੱਗ ਦੀ ਭੇਂਟ ਕੀਤਾ । ਤਕਰੀਬਨ ਪੂਰੇ ਪਿੰਡ ਨੂੰ ਮਾਰ ਕੇ ਇਹਨਾਂ ਲੁੱਟਣਾ ਸੁਰੂ ਕੀਤਾ, ਜਿਸ ਨੂੰ ਜੋ ਵੀ ਚੀਜ ਹੱਥ ਲੱਗੀ ਉਹ ਚੁੱਕ ਕੇ ਤੁਰਦਾ ਬਣਿਆ ।

ਜੰਮਦੇ ਨੇ ਲੋਕੀ, ਮਰਦੇ ਨੇ ਲੋਕੀ। ਕੀ ਫ਼ਾਇਦਾ ਆਉਣ ਜਾਣ ਦਾ? ਕੀ ਖੱਟਿਆ ਮਨੁੱਖਾ ਦੇਹੀ ਪਾਉਣ ਦਾ॥
“ਜੇ ਜੀਵੈ ਪਤਿ ਲਥੀ ਜਾਇ। ਸਭੁ ਹਰਾਮੁ ਜੇਤਾ ਕਿਛੁ ਖਾਏ”। ਫਿਰ ਕੀ ਮਤਲਬ ਘੋੜੇ ਵੇਚ ਕੇ ਸੌਣ ਦਾ?
ਕੋਈ ਦਿੱਖ ਜੇਲ੍ਹ ਵਿੱਚ, ਕੋਈ ਅਦਿੱਖ ਜੇਲ੍ਹ ਵਿੱਚ। ਕੀ ਬਿਟਰ-ਬਿਟਰ ਝਾਕਦਾ ਹੈਂ? ਬੀੜਾ ਕਿਉਂ ਨ੍ਹੀ ਚੁੱਕਦਾ ਦਿੱਲੀ ਹਿਲਾਉਣ ਦਾ?
ਦੋ ਪਰਸੈਂਟ ਪਿੱਛੇ ਅਠੱਨਵੇਂ ਪਰਸੈਂਟ ਕੁਰਬਾਨੀਆਂ ਨੇ। ਜੇਲ੍ਹਾ ਵਿੱਚ ਸੜੇ, ਫਾਂਸੀਆਂ ਤੇ ਚੜ੍ਹੇ। ਕੀ ਫ਼ਾਇਦਾ ਹੋਇਆ ਸਾਨੂੰ ਸ਼ਹੀਦ ਅਖਵਾਉਣ ਦਾ ?
ਐਵੇਂ ਡਰਦਾ ਹੈਂ ਮਰਦਾ ਹੈ, ਦਾੜੀ ਚਾੜ੍ਹ ਕੇ ਖੜ੍ਹਦਾ ਹੈਂ। ਜੇਬਾਂ ਇਹਨਾਂ ਦੀਆਂ ਨੋਟਾਂ ਨਾਲ਼ ਭਰਦਾ ਹੈਂ । ਇਕ ਦਿਨ ਤੂੰ ਵੀ ਚੱਖਣਾ ਹੈ ਸਵਾਦ, ਬਲ਼ਦੇ ਟਾਇਰ ਗਲ਼ਾਂ ਵਿੱਚ ਪਵਾਉਣ ਦਾ॥

ਇਹਨਾਂ ਦੀ ਉਹ ਲੁੱਟ ਅਜੇ ਤੱਕ ਵੀ ਜਾਰੀ ਹੈ । ਬਚਾ ਲਵੋ ਜੇ ਬਚਾ ਸਕਦੇ ਹੋਂ । ਇਹ ਧਰੋਹਰ ਸੰਭਾਲੀ ਜਾ ਸਕਦੀ ਹੈ, ਆਪਣੀਆਂ ਆਉਣ ਵਾਲੀਆਂ ਪੀਹੜੀਆਂ ਨੂੰ ਇਹ ਦੱਸਣ ਲਈ ਕਿ ਗੰਗੂ ਦੇ ਜਾਏ ਕਿਥੇ ਤੱਕ ਜਾ ਸਕਦੇ ਹਨ । ਇਹ ਬਦੀ ਦਾ ਕਾਲ਼ਾ ਚਿਹਰਾ ਸਾਡੀਆਂ ਆਉਣ ਵਾਲੀਆਂ ਪੀਹੜੀਆਂ ਲਈ ਸੰਭਾਲ਼ ਕੇ ਰੱਖ ਸਕਦੇ ਹਾਂ, ਜਿਵੇਂ ਜਲ੍ਹਿਆ ਵਾਲ਼ਾ ਬਾਗ ਅੰਗਰੇਜੀ ਰਾਜ ਦਾ ਕਾਲਾ ਚਿਹਰਾ ਅਜੇ ਤੱਕ ਸੰਭਾਲਿਆ ਪਿਆ ਹੈ । ਇਹਨਾਂ ਸੜੀਆ ਹਵੇਲੀਆ, ਉਜੜੇ ਘਰ, ਸਲਵਾੜ ਇਕ ਵਾਰੀ ਦੇਖਣ ਨਾਲ਼ ਸਾਰੀ ਕਹਾਣੀ ਫਿਲਮ ਦੀ ਤਰ੍ਹਾਂ ਅੱਖਾਂ ਮੂਹਰੇ ਘੁੰਮ ਜਾਂਦੀ ਹੈ, ਕਿਸੇ ਤੋਂ ਪੁੱਛਣ ਦੀ ਵੀ ਜਰੂਰਤ ਨਹੀਂ ਪੈਂਦੀ । ਸਾਨੂੰ ਅਗਰ ਯੂ. ਐਨ. ਓ. ਦੀ ਮੱਦਦ ਲੈਣ ਦੀ ਜਰੂਰਤ ਹੋਵੇ ਤਾਂ ਲੈ ਲੈਣੀ ਚਾਹੀਦੀ ਹੈ । ਇਹ “ ਜਿਵੇਂ ਹੈ ਜਿਥੇ ਹੈ ਜਿਦਾਂ ਹੈ “ ਓਵੇਂ ਹੀ ਚਾਰ-ਦੀਵਾਰੀ ਕਰ ਕੇ ਇਕੱਲੀ-ਇਕੱਲੀ ਇਮਾਰਤ ਨੂੰ ਸੀਸੇ ਵਿੱਚ ਜੜ੍ਹ ਕੇ ਆਪਣੀਆਂ ਆਉਣ ਵਾਲੀਆਂ ਪੀਹੜੀਆਂ ਲਈ ਸੰਭਾਲ਼ ਲੈਣਾ ਚਾਹੀਦਾ ਹੈ । ਗੰਗੂ ਦੇ ਵਾਰਸਾ ਨੂੰ ਵੀ ਚੇਤਾਵਨੀ ਹੈ ਕਿ ਲਗਾ ਦੇਵੋ ਮਰਹਮ ਜੇ ਲਗਾ ਸਕਦੇ ਹੋ, ਛੱਡ ਦੇਵੋ ਬੇ ਗੁਨਾਹ ਸਿਖਾਂ ਹਵਾਰੇ, ਭੁੱਲਰ ਰਾਜੋਆਣੇ ਵਰਗਿਆਂ ਹਜਾਰਾ ਹੀ ਹੋਰਾਂ ਨੂੰ, ਨਹੀਂ ਤਾਂ ਏਹੋ ਤਬਾਹੀ ਦਾ ਮੰਜਰ ਤੁਹਾਡੇ ਨਾਲ਼ ਵੀ ਹੋ ਸਕਦਾ ਹੈ, ਕੁਦਰਤ ਕਦੋਂ ਪੁੱਠਾ ਗੇੜਾ ਦੇ ਦੇਵੇ ਪਤਾ ਨਹੀਂ ਲੱਗਦਾ । ਬਚਾ ਲਵੋ ਜੇ ਭਾਰਤ ਨੂੰ ਟੁੱਟਣ ਤੋਂ ਬਚਾਉਣਾ ਚਹੁੰਦੇ ਹੋ, ਹੋਰ ਰਿਆਸਤਾਂ ਬਣਨ ਨੂੰ ਤਿਆਰ ਖੜੀਆਂ ਨੇ । ਤੁਸੀਂ ਕਹਿੰਦੇ ਹੋ ਕਿ ਦੀਵਾਲ਼ੀ ਵਾਲ਼ੇ ਦਿਨ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲੇ ਚੋਂ 52 ਹਿੰਦੂ ਰਾਜਿਆਂ ਨੂੰ ਛੁਡਵਾ ਕੇ ਲਿਆਏ ਸਨ ਉਸੇ ਤੋਂ ਹੀ ਸੇਧ ਲੈ ਲਵੋ ।

ਇਸ ਕੰਮ ਲਈ ਬਹੁਤ ਪੈਸੇ ਤੇ ਦ੍ਰਿੜ ਇਰਾਦੇ ਦੀ ਜਰੂਰਤ ਹੈ । ਇਹ ਕਿਸੇ ਇਕੱਲੇ ਆਦਮੀ ਦੇ ਵੱਸ ਦੀ ਗੱਲ ਨਹੀਂ, ਕੋਈ ਸੁਹਿਰਦ ਸੰਸਥਾਂ ਨੂੰ ਅੱਗੇ ਆ ਕੇ ਇਹ ਕੰਮ ਸੰਭਾਲਣਾ ਪਵੇਗਾ, ਨਹੀਂ ਤਾਂ ਕੁਝ ਸਾਲਾ ਤੱਕ ਇਹ ਧਰੋਹਰ ਮਿੱਟੀ ਵਿੱਚ ਮਿਲ਼ ਜਾਵੇਗੀ ਜਾਂ ਮਿਲ਼ਾ ਦਿਤੀ ਜਾਵੇਗੀ । ਬਾਅਦ ਵਿੱਚ ਅਸੀਂ ਸਾਰੇ ਹੱਥ ਮਲ਼ਦੇ ਹੀ ਰਹਿ ਜਾਵਾਂਗੇ । ਹੁੰਗਾਰੇ ਦੀ ਉਡੀਕ ਵਿੱਚ ।

ਦਾਸ
ਇੰਜੀ. ਮਨਵਿੰਦਰ ਸਿੰਘ ਗਿਆਸਪੁਰ
98180 20236
ਮਕਾਨ ਨੰ. 317
ਪਿੰਡ ਗਿਆਸ ਪੁਰ, ਡਾਕ. ਢੰਡਾਰੀ ਕਲਾਂ
ਜਿਲ੍ਹਾ ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top