Share on Facebook

Main News Page

ਕੌਮ ਦੀ ਪ੍ਰਵਾਨਗੀ ਤੋਂ ਬਿਨ੍ਹਾ ਮੱਕੜ੍ਹ ਜਾਂ ਕਿਸੇ ਇਕੱਲੇ-ਦੁਕੱਲੇ ਜਥੇਦਾਰ ਨੂੰ ਕਿਸੇ ਇਤਿਹਾਸਕ ਦਸਤਾਵੇਜ਼ ਨੂੰ ਬਦਲਣ ਦਾ ਅਧਿਕਾਰ ਨਹੀਂ: ਸਿਮਰਨਜੀਤ ਸਿੰਘ ਮਾਨ
Saturday, 19 February 2011 20:32

ਫਤਿਹਗੜ੍ਹ ਸਾਹਿਬ, , (19 ਫਰਵਰੀ,ਪੀ.ਐਸ.ਐਨ) "ਸਿੱਖ ਕੌਮ ਦੇ ਇਤਿਹਾਸਕ ਮਹਾਨ ਦਿਹਾੜਿਆ ਨੂੰ ਮਨਾਉਣ ਦੀਆਂ ਮਿਤੀਆਂ ਅਤੇ ਕੌਮੀ ਫੈਸਲੇ ਆਦਿ ਦਾ ਨਿਰਣਾ ਕਰਨ ਦਾ ਅਧਿਕਾਰ ਸ਼੍ਰੀ ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਇਕੱਲੇ-ਦੁਕੱਲੇ ਜਥੇਦਾਰ ਨੂੰ ਨਹੀਂ ਹੈ। ਅਜਿਹੇ ਮਹੱਤਵਪੂਰਨ ਫੈਸਲੇ ਤਾਂ ਸਮੁੱਚੀਆਂ ਪੰਥਕ, ਸਮਾਜਿਕ ਜਥੇਬੰਦੀਆਂ, ਸੰਗਠਨਾਂ ਅਤੇ ਕੌਮ ਦੀ ਨਿਰਪੱਖਤਾ ਦੀ ਸੋਚ ਰੱਖਣ ਵਾਲੇ ਕੌਮੀ ਬੁੱਧੀਜੀਵੀਆਂ ਦੀ ਸਰਬ-ਸੰਮਤੀ ਜਾਂ ਬਹੁਸੰਮਤੀ ਨਾਲ ਹੀ ਹੁੰਦੇ ਹਨ।"

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਪੇ ਬਣੀ ਦੋ ਮੈਬਰੀ ਕਮੇਟੀ ਦੀ ਤਰਫੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਨ ਦੀ ਦੁਰਵਰਤੋ ਕਰਦੇ ਹੋਏ ਅੱਜ ਫਿਰ ਸ: ਪਾਲ ਸਿੰਘ ਪੁਰੇਵਾਲ ਵੱਲੋ ਗਿਆਰਾਂ ਸਾਲ ਦੀ ਲੰਮੀ ਸਖਤ ਮਿਹਨਤ ਅਤੇ ਖੋਜ ਉਪਰੰਤ ਤਿਆਰ ਕੀਤੇ ਗਏ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਅਸਲੀ ਕੌਮ ਪੱਖੀ ਭਾਵਨਾ ਨੂੰ ਖਤਮ ਕਰਕੇ ਅੱਜ ਫਿਰ ਦੂਸਰੀ ਵਾਰ ਜਾਰੀ ਕੀਤੇ ਗਏ ਗੁੰਮਰਾਹਕੁੰਨ ਦਸਤਾਵੇਜ਼ ਨੂੰ ਮੁੱਢੋ ਹੀ ਅਪ੍ਰਵਾਨ ਕਰਦੇ ਹੋਏ ਇਸ ਕੌਮ ਵਿਰੋਧੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ।

ਸ: ਮਾਨ ਨੇ ਕਿਹਾ ਕਿ ਜੋ ਨਾਨਕਸ਼ਾਹੀ ਕੈਲੰਡਰ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਦੇ ਪ੍ਰਮੁੱਖ ਇਤਿਹਾਸਕ ਦਿਹਾੜਿਆ ਦੀਆਂ ਮੀਤੀਆਂ ਅਤੇ ਦਿਨਾਂ ਨੂੰ ਪ੍ਰਤੱਖ ਰੂਪ ਵਿੱਚ ਪ੍ਰਪੱਕ ਕਰਦਾ ਹੈ, ਜਿਸ ਰਾਹੀ ਹਰ ਸਾਲ ਇਨ੍ਹਾ ਮਹੱਤਵਪੂਰਨ ਦਿਨਾਂ ਦੀ ਇੱਕੋ ਹੀ ਤਰੀਕ ਸਥਾਪਿਤ ਹੋਵੇਗੀ ਅਤੇ ਜੋ ਕੈਲੰਡਰ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਨਿਵੇਕਲੀ ਅਤੇ ਵੱਖਰੀ ਪਹਿਚਾਣ ਨੂੰ ਸਪੱਸ਼ਟ ਰੂਪ ਵਿੱਚ ਉਭਾਰਦਾ ਹੈ ਅਤੇ ਸਿੱਖ ਕੌਮ ਦੀ ਅਸੀਮਿਤ ਸ਼ਕਤੀ ਨੂੰ ਸਿੱਖੀ ਧੁਰੇ ਨਾਲ ਕੇਦਰਿਤ ਕਰਕੇ ਮਜ਼ਬੂਤੀ ਬਖਸਦਾ ਹੈ। ਜੋ ਕੈਲੰਡਰ ਹਿੰਦੂਤਵ, ਮੁਸਲਿਮ, ਇਸਾਈ ਕੌਮਾਂ ਵੱਲੋ ਆਪੋ ਆਪਣੇ ਤਿਆਰ ਕੀਤੇ ਗਏ ਕੈਲੰਡਰਾਂ ਦੀ ਤਰ੍ਹਾ ਸਿੱਖ ਕੌਮ ਨੂੰ ਦਰਿਆ ਅਤੇ ਨਦੀ ਦੇ ਚੱਲਦੇ ਪਾਣੀ ਦੀ ਤਰ੍ਹਾ ਮੰਜਿ਼ਲ ਵੱਲ ਵਧਾਉਂਦਾ ਹੈ। ਉਸਨੂੰ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ਼੍ਰੀ ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਯੂਨੀਅਨ ਦੀ ਅਗਵਾਈ ਕਰਨ ਵਾਲੇ ਬਾਬਾ ਹਰਨਾਮ ਸਿੰਘ ਧੁੰਮੇ ਦੀ ਕੌਮ ਵਿਰੋਧੀ ਤਿਕੜੀ ਨੇ ਹਿੰਦੂਤਵ ਜਮਾਤਾਂ ਆਰ ਐਸ ਐਸ-ਬੀਜੇਪੀ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ 2003 ਵਾਲੇ ਕੌਮ ਦੀ ਵਿਲੱਖਣਤਾ ਨੂੰ ਪ੍ਰਗਟਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਦੀ ਅਸਲੀ ਭਾਵਨਾ ਨੂੰ ਕੇਵਲ ਤਹਿਸ-ਨਹਿਸ ਕਰਨ ‘ਤੇ ਹੀ ਨਹੀਂ ਲੱਗੇ ਹੋਏ ਬਲਕਿ ਹਿੰਦੂਤਵ ਆਗੂਆਂ ਨੂੰ ਖੁਸ਼ ਕਰਨ ਦੀ ਸੋਚ ਅਧੀਨ ਇਹ ਲੋਕ ਕੌਮ ਵਿੱਚ ਦੁਫੇੜ ਪਾ ਕੇ ਕੌਮ ਦੀ ਧਾਰਮਿਕ, ਇਖਲਾਕੀ ਅਤੇ ਸਿਆਸੀ ਅਸੀਮਿਤ ਸ਼ਕਤੀ ਨੂੰ ਵੀ ਖੇਰੂੰ-ਖੇਰੂੰ ਕਰਨ ਦੀ ਸ਼ਾਜਿਸ ਵਿੱਚ ਫੱਸ ਚੁੱਕੇ ਹਨ।

ਸ: ਮਾਨ ਨੇ ਸ਼੍ਰੀ ਬਾਦਲ, ਸ਼੍ਰੀ ਮੱਕੜ ਅਤੇ ਸਾਧ ਯੂਨੀਅਨ ਅਤੇ ਡੇਰੇਦਾਰਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਆਪੋ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਿਕ ਸਵਾਰਥਾਂ ਦੇ ਗੁਲਾਮ ਬਣ ਕੇ ਜੋ ਅਜਿਹੀਆਂ ਕੌੰਮ ਵਿਰੋਧੀ ਕਾਰਵਾਈਆਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਸਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗੀ। ਉਨ੍ਹਾ ਸਿੱਖ ਕੌਮ ਵਿੱਚ ਵਿਚਰ ਰਹੇ ਵੱਖ ਵੱਖ ਸਮਾਜਿਕ, ਧਾਰਮਿਕ, ਸਿਆਸੀ ਸੰਗਠਨਾਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਜੋਕੇ ਸਮੇ ਦੀ ਗੰਭੀਰਤਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਸਿੱਖ ਕੌਮ ਸਿੱਖੀ ਸਿਧਾਂਤਾਂ, ਇਨਸਾਨੀ ਕਦਰਾਂ ਕੀਮਤਾਂ ਤੋਂ ਥਿੜਕ ਚੁੱਕੀ ਕਮਜ਼ੋਰ, ਦਿਸ਼ਾਹੀਣ ਅਤੇ ਸਵਾਰਥੀ ਸਿੱਖ ਲੀਡਰਸ਼ਿਪ ਵਿਰੁੱਧ ਮਿਸਰ, ਟੁਨੇਸੀਆ, ਯਮਨ ਆਦਿ ਮੁਲਕਾਂ ਦੇ ਨਿਵਾਸੀਆਂ ਦੀ ਤਰ੍ਹਾ ਤਾਨਾਸ਼ਾਹੀ ਹਕੂਮਤਾਂ ਵਿਰੁੱਧ ਸੜਕਾਂ ਉਤੇ ਉਤਰ ਆਉਣ ਤਾਂ ਕਿ ਆਪਣੇ ਉੱਚ ਰੁਤਬਿਆਂ ਦੀ ਦੁਰਵਰਤੋ ਕਰਨ ਵਾਲੀ ਸਿੱਖ ਲੀਡਰਸ਼ਿਪ ਨੂੰ ਧੂਹ ਕੇ ਗੱਦੀਓ ਲਾਹ ਦੇਣ ਦੇ ਫਰਜ਼ ਅਦਾ ਕਰਨ ਤਾਂ ਕਿ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੀ ਵੱਡਮੁੱਲੀ ਮਨੁੱਖਤਾ ਪੱਖੀ "ਸਰਬੱਤ ਦੇ ਭਲੇ" ਵਾਲੀ ਸੋਚ ਨੂੰ ਅਮਲੀ ਰੂਪ ਵਿੱਚ ਲਾਗੂ ਕਰਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਸਤਿਕਾਰਿਤ ਅਤੇ ਵੱਖਰੀ ਪਹਿਚਾਣ ਨੂੰ ਫਿਰ ਤੋ ਕਾਇਮ ਕਰ ਸਕੇ। ਸਿੱਖ ਕੌਮ ਵਿੱਚ ਵੱਖ ਵੱਖ ਮਸਲਿਆਂ ਉਤੇ ਉੱਠੇ ਵਿਵਾਦਾਂ ਦਾ ਗੁਰਮਤਿ ਦੀ ਰੌਸ਼ਨੀ ਵਿੱਚ ਹੱਲ ਕਰਕੇ ਸਮੁੱਚੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ ‘ਤੇ ਇਕੱਤਰ ਕਰਦੇ ਹੋਏ ਅਸੀਂ ਆਪਣੀ ਮੰਜਿ਼ਲ ਵੱਲ ਦ੍ਰਿੜਤਾ ਨਾਲ ਵੱਧ ਸਕੀਏ ਅਤੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਕਰਨ ਵਿੱਚ ਯੋਗਦਾਨ ਪਾ ਸਕੀਏ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top