Share on Facebook

Main News Page

ਸ੍ਰੀ ਅਕਾਲ ਤਖ਼ਤ ਵੱਲੋਂ ਲਿਖਤੀ ਰੂਪ ’ਚ ਮੰਗੇ ਜਾਣ ’ਤੇ ਸਬੂਤਾਂ ਅਤੇ ਦਲੀਲਾਂ ਸਮੇਤ ਸਪੱਸ਼ਟੀਕਰਨ ਦੇਵਾਂਗਾ: ਜਥੇਦਾਰ ਨੰਦਗੜ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਆਪਣਾ ਸਟੈਂਡ ਦ੍ਰਿੜ ਦਸਦਿਆਂ ਕਿਹਾ ਹੈ, ਕਿ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਕੋਲੋਂ ਲਿਖਤੀ ਸਪੱਸ਼ਟੀਕਰਨ ਮੰਗਿਆ ਜਾਵੇਗਾ, ਤਾਂ ਪੂਰੇ ਸਬੂਤਾਂ ਅਤੇ ਦਲੀਲਾਂ ਸਮੇਤ ਆਪਣਾ ਪੱਖ ਰੱਖਣ ਲਈ ਤਿਆਰ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਦਮਦਮਾ ਸਾਹਿਬ ਦੇ ਜਥੇਦਾਰ ਕੋਲੋਂ ਸਪੱਸ਼ਟੀਕਰਨ ਮੰਗਣ ਸਬੰਧੀ, ਅਖ਼ਬਾਰਾਂ ਵਿਚ ਆਈਆਂ ਖ਼ਬਰਾਂ ਸਬੰਧੀ ਪੁੱਛੇ ਜਾਣ ‘ਤੇ ਗਿਆਨੀ ਨੰਦਗੜ੍ਹ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧੀ ਸਿਰਫ਼ ਅਖ਼ਬਾਰਾਂ ਰਾਹੀਂ ਹੀ ਪਤਾ ਲੱਗਿਆ ਹੈ, ਜੇਕਰ ਅਕਾਲ ਤਖ਼ਤ ਸਾਹਿਬ ਵੱਲੋਂ ਲਿਖਤੀ ਤੌਰ ‘ਤੇ ਉਹਨਾ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ, ਤਾਂ ਉਹ ਸਬੂਤ ‘ਤੇ ਦਲੀਲਾਂ ਸਮੇਤ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਆਪਣਾ ਪੱਖ ਪੇਸ਼ ਕਰਨਗੇ। ਗਿਆਨੀ ਨੰਦਗੜ੍ਹ ਨੇ ਖੁਲਾਸਾ ਕੀਤਾ, ਕਿ ਅੱਜ ਸਵੇਰੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪ ਟੈਲੀਫੂਨ ਕਰਕੇ ਕਿਹਾ ਹੈ, ਕਿ ਉਹਨਾਂ ਵੱਲੋਂ ਸਪੱਸ਼ਟੀਕਰਨ ਮੰਗਣ ਸਬੰਧੀ ਕੋਈ ਬਿਆਨ ਨਹੀਂ ਦਿੱਤਾ।

ਇਹ ਖ਼ਬਰ ਅਖ਼ਬਾਰਾਂ ਨੇ ਪਤਾ ਨਹੀਂ ਕਿਵੇਂ ਪ੍ਰਕਾਸ਼ਿਤ ਕਰ ਦਿੱਤੀ ਹੈ। ਗਿਆਨੀ ਨੰਦਗੜ੍ਹਨੇ ਆਪਣੇ ਸਟੈਂਡ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਮੁੱਢ ਤੋਂ 2003 ਵਾਲੇ (ਪੁਰੇਵਾਲ ਵਾਲੇ) ਕੈਲੰਡਰ ਦੇ ਹਮਾਇਤੀ ਹਨ ਅਤੇ ਸੋਧਾਂ ਵਾਲੇ ਕੈਲੰਡਰ ਸਬੰਧੀ ਉਹਨਾਂ ਦੇ ਦਸਤਖ਼ਤ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ, ਉਹ ਉਸ ਬਾਰੇ ਸਪੱਸ਼ਟ ਕਰਦੇ ਹਨ ਕਿ ਉਹਨਾਂ ਨੇ ਦਸਤਖ਼ਤ ਇਹ ਸੋਧਾਂ ਵਾਲਾ ਕੈਲੰਡਰ ਐਸ.ਜੀ.ਪੀ.ਸੀ. ਨੂੰ ਮੋੜਨ ਲਈ ਕੀਤੇ ਸਨ, ਨਾ ਕਿ ਸੋਧਾਂ ਵਾਲੇ ਕੈਲੰਡਰ ਨੂੰ ਲਾਗੂ ਕਰਨ ਲਈ। ਉਹਨਾਂ ਕਿਹਾ ਕਿ ਅਕਤੂਬਰ 2009 ਦੀ ਦਿਵਾਲੀ ਸਮੇਂ ਉਹਨਾਂ ‘ਤੇ ਕੈਲੰਡਰ ‘ਚ ਸੋਧਾਂ ਕਰਨ ਲਈ ਜੋਰ ਪਾਇਆ ਗਿਆ ਸੀ, ਮੈਂ ਉਸ ਸਮੇਂ ਤੋਂ ਇਹਨਾਂ ਸੋਧਾਂ ਵਾਲੇ ਕੈਲੰਡਰ ਦਾ ਵਿਰੋਧੀ ਰਿਹਾ ਹਾਂ ਅਤੇ ਸਦਾ ਮੂਲ ਕੈਲੰਡਰ ਦੇ ਹੱਕ ਵਿਚ ਡਟਿਆ ਰਹਾਂਗਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਉਸ ਬਿਆਨ ਦਾ ਵੀ ਇਸ ਗੱਲੋਂ ਸਖ਼ਤ ਨੋਟਿਸ ਲਿਆ ਹੈ, ਜਿਸ ਵਿਚ ਸ੍ਰ: ਮੱਕੜ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੀ ਵਿਲੱਖਣਤਾ ਦਾ ਖੁਰਾਖੋਜ ਮਿਟਾਉਣ ਵਾਲੇ ਦਿੱਲੀ ਦੇ ਏਜੰਟਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਗਿਆਨੀ ਨੰਦਗੜ੍ਹ ਨੇ ਇਸ ਬਿਆਨ ਸਬੰਧੀ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਮੱਕੜ ਦੇ ਤਾਂ ਅਧਿਕਾਰ ਖੇਤਰ ਵਿਚ ਹੀ ਨਹੀਂ ਆਉਂਦਾ। ਅਵਤਾਰ ਸਿੰਘ ਮੱਕੜ ਤਾਂ ਇਕ ਪ੍ਰਬੰਧਕ ਹੈ, ਨਾਨਕਸ਼ਾਹੀ ਕੈਲੰਡਰ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਕੇਵਲ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਕੋਲ ਹੈ। ਇਸ ਲਈ ਅਵਤਾਰ ਸਿੰਘ ਮੱਕੜ ਕਿਵੇਂ ਕਿਸੇ ਨੂੰ ਬਖਸਣ ਜਾਂ ਨਾ ਬਖਸ਼ਣ ਸਬੰਧੀ ਹੁਕਮਨਾਮੇ ਜਾਰੀ ਕਰ ਸਕਦਾ ਹੈ। ਗਿਆਨੀ ਨੰਦਗੜ੍ਹਨੇ ਕਿਹਾ ਕਿ ਅਵਤਾਰ ਸਿੰਘ ਨੂੰ ਆਪਣੇ ਅਧਿਕਾਰ ਖੇਤਰ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਤਖ਼ਤ ਸਾਹਿਬਾਨ ਦੇ ਫੈਸਲਿਆਂ ਬਾਰੇ ਬੇਲੋੜੀ ਬਿਆਨਬਾਜੀ ਨਹੀਂ ਕਰਨੀ ਚਾਹੀਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top