Share on Facebook

Main News Page

ਕੀ ਪਾਰਖੂ ਸੋਚ ਦੇ ਧਾਰਨੀ ਹੋਣ ਦੀ ਲੋੜ ਹੈ?: ਪ੍ਰੋ. ਸਰਬਜੀਤ ਸਿੰਘ ਧੂੰਦਾ

ਰਾਜਾ ਅਨਜਾਣ ਤੇ ਅਗਿਅਨੀ ਹੋਵੇ ਉਹ ਆਪਣੇ ਰਾਜ ਨੂੰ ਬਹੁਤੇ ਸਮੇਂ ਤੱਕ ਨਹੀਂ ਚਲਾ ਸਕਦਾ, ਕਿਉਂਕਿ ਰਾਜਭਾਗ ਨੂੰ ਕਾਇਮ ਰੱਖਣ ਲਈ ਦੂਰਅੰਦੇਸ਼ੀ ਦੀ ਬਹੁਤ ਜਰੂਰਤ ਹੂੰਦੀ ਹੈ, ਦੂਰ ਅੰਦੇਸ਼ੀ ਤੇ ਗਿਆਨ ਇੱਕ ਰਾਜੇ ਵਾਸਤੇ ਬਹੁਤ ਜਰੂਰੀ ਹੈ, ਕਿਉ ਕਿ ਦੂਰਅੰਦੇਸੀ ਤੇ ਗਿਆਨ ਇਹਨ੍ਹਾਂ ਦੋਵਾਂ ਦੇ ਸੁਮੇਲ ਨਾਲ ਹੀ ਦੁਸ਼ਮਣ ਅਤੇ ਮਿੱਤਰ ਦੀ ਪਰਖ ਕਰ ਸਕਦਾ ਹੈ ਤਾਂ ਕਿ ਉਹ ਆਪਣਿਆਂ ਦੁਸ਼ਮਣਾਂ ਤੋਂ ਸੁਚੇਤ ਹੋਕੇ, ਆਪਣੇ ਰਾਜ ਦੀ ਪਰਜਾ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹਈਆ ਕਰਵਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ਦੁਨੀਆਂ ਦੀਆਂ ਬਾਹਰਲੀਆਂ ਉਦਾਰਣਾਂ ਦੇ ਕੇ ਮਨੁੱਖਤਾ ਦਾ ਧਿਆਨ ਅੰਦਰ ਵੱਲ ਦਵਾਇਆ ਹੈ, ਜਿਵੇਂ ਰਾਜੇ ਦੇ ਦੂਰ ਅੰਦੇਸ਼ੀ ਹੋਣ ਦੀ ਗੱਲ ਗੁਰਬਾਣੀ ਵਿੱਚ ਸਤਿਗੁਰ ਜੀ ਨੇ ਬਹੁਤ ਸੁੰਦਰ ਤਰੀਕੇ ਨਾਲ ਬਿਆਨ ਕੀਤੀ ਹੈ।

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ॥ ਪਰ ਪਾਠਕ ਜਨੋਂ ਇਥੇ ਰਾਜਾ ਆਖਿਆ ਹੈ, ਮਨ ਨੂੰ ਇਹ ਮਨ ਇਸ ਸਰੀਰ ਕਿਲੇ ਦਾ ਰਾਜਾ ਹੈ, ਪਰ ਇਸ ਮਨ ਰਾਜੇ ਦਾ ਵੀ ਇਹੋ ਹਾਲ ਹੈ, ਦੂਰਅੰਦੇਸ਼ੀ ਨਾ ਹੋਣ ਕਰਕੇ ਦੁਸ਼ਮਣਾਂ ਅਤੇ ਮਿੱਤਰਾਂ ਦੀ ਪਰਖ ਕਰਨੀ ਨਹੀਂ ਜਾਣਦਾ ਇਸ ਮਨ ਰਾਜੇ ਦੇ ਜਿਹੜੇ ਆਪਣੇ ਵਫਾਦਾਰ ਸੈਨਿਕ ਹਨ ਉਹ੍ਹਨਾਂ ਨੂੰ ਆਪਣੇ ਕੋਲ ਨਹੀ ਆਉਣ ਦੇਂਦਾ ਤੇ ਜਿਹ੍ਹੜੇ ਇਸ ਦੇ ਦੁਸ਼ਮਣ ਹਨ ਉਹ੍ਹਨਾਂ ਕੋਲੋਂ ਸੁਝਾਅ ਲੈਕੇ ਤੁਰਦਾ ਹੈ।

ਸਤ, ਸੰਤੋਖ, ਦਇਆ, ਧਰਮ, ਧੀਰਜ ਮਨ ਦੇ ਆਪਣੇ ਮਿੱਤਰ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਦੇ ਦੁਸ਼ਮਣ ਹਨ, ਪਰ ਇਹ ਮਨ ਅਕਸਰ ਦੁਸ਼ਮਣਾਂ ਨੂੰ ਆਪਣੇ ਮਿੱਤਰ ਸਮਝ ਕੇ ਹੀ ਇਹਨਾਂ ਦੀ ਅਗਵਾਈ ਕਬੂਲਦਾ ਹੈ, ਜਿਸ ਕਰਕੇ ਇਨਸਾਨ ਦਾ ਇਨਸਾਨੀਅਤ ਤੋਂ ਡਿੱਗਣਾਂ ਸੁਭਾਵਿਕ ਹੁੰਦਾ ਜਾ ਰਿਹਾ ਹੈ।

ਮਨੁੱਖ ਤੇ ਕਈ ਵਾਰ ਬਾਹਰੋਂ ਦੁਸ਼ਮਣਾਂ ਵਲੋਂ ਕਈ ਪ੍ਰਕਾਰ ਦੇ ਹਮਲੇ ਕੀਤੇ ਜਾਂਦੇ ਹਨ, ਜਿੰਨਾਂ ਹਮਲਿਆਂ ਤੋਂ ਮਨੁੱਖ ਫਿਰ ਬੱਚ ਜਾਂਦਾ ਹੈ, ਪਰ ਜਦੋਂ ਇਨਸਾਨ ਦੇ ਆਪਣੇਂ ਘਰ ਅੰਦਰਲੇ ਮਿੱਤਰ ਇਸ ਦੇ ਦੁਸ਼ਮਣ ਬਣ ਕੇ ਹਮਲਾ ਕਰਦੇ ਹਨ, ਤਾਂ ਫਿਰ ਇਸ ਦਾ ਬੱਚਣਾਂ ਮੁਸ਼ਕਲ ਹੋ ਜਾਂਦਾ ਹੈ।

ਇਹੋ ਹਲਾਤ ਅੱਜ ਸਿੱਖ ਕੌਮ ਦੇ ਹਨ ਅੱਜ ਓੁਨਾਂ ਖੱਤਰਾ ਬਾਹਰਲੇ ਗੁਰੂ ਡੰਮ ਤੋਂ ਨਹੀਂ ਹੈ ਜਿੰਨਾਂ ਆਪਣੇ ਭੇਖਧਾਰੀ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ, ਜੱਥੇਦਾਰਾਂ, ਅਖੌਤੀ ਸੰਤਾਂ ਬਾਬਿਆਂ, ਅਤੇ ਸਿਧਾਂਤ ਹੀਣੇ ਪ੍ਰਬੰਧਕਾਂ ਤੋਂ ਹੈ। ਰਾਧਾ ਸੁਆਮੀ, ਸੌਦੇਵਾਲਾ, ਭਨਿਆਰੇ ਵਾਲਾ, ਨੂਰਮਹਿਲੀਆ, ਨਿਰੰਕਾਰੀ, ਇਹ ਤਾਂ ਸਾਨੂੰ ਬਾਹਰੋਂ ਦਿੱਸ ਰਹੇ ਹਨ, ਕਿ ਇਹ ਸਿੱਖੀ ਦੇ ਨਿਆਰੇਪਨ ਦੇ ਦੁਸ਼ਮਣ ਹਨ, ਪਰ ਜਿੰਨ੍ਹਾਂ ਨੂੰ ਅਸੀਂ ਆਪਣੇ ਸਿੱਖ ਕੌਮ ਦੇ ਥੰਮ ਸਮਝ ਕੇ ਅੱਖਾਂ ਮੀਟ ਕੇ ਜਿੰਨ੍ਹਾਂ ਦੇ ਮਗਰ ਤੁਰ ਰਹੇਂ ਹਾਂ, ਵੇਖਣ ਦੀ ਲੋੜ ਹੈ ਕਿਤੇ ਇਹ ਉਪਰ ਦੱਸੇ ਗੁਰੂ ਡੰਮ ਨਾਲੋਂ ਸਾਡਾ ਜਿਆਦਾ ਨੁਕਸਾਨ ਤਾਂ ਨਹੀਂ ਕਰ ਰਹੇ। ਸਿੱਖ ਕੌਮ ਅੰਦਰ ਜਿਹ੍ਹੜਾ ਆਪਣੇ ਨਾਮ ਨਾਲ ਸੰਤ / ਬਾਬਾ / ਬ੍ਰਹਮਗਿਆਨੀ ਦੀ ਉਪਾਧੀ ਜੋੜਦਾ ਹੈ, ਉਸ ਨੂੰ ਵੀ ਇਸ ਦੀ ਬਹੁਤ ਚਿੰਤਾ ਹੈ, ਕਿ ਸਿੱਖ ਕੌਮ ਅੰਦਰ ਅੱਜ ਕੱਲ ਗੁਰੂ ਡੰਮ ਬਹੁਤ ਜ਼ੋਰਾਂ ਤੇ ਚੱਲ ਰਿਹਾ ਹੈ, ਉਨ੍ਹਾਂ ਨੂੰ ਆਪਣਾ ਗੁਰੂ ਬਣਨਾ ਭੋਲੀਆਂ ਸੰਗਤਾਂ ਕੋਲੋਂ ਮੱਥੇ ਟਿਕਵਾਉਣੇ ਨਜ਼ਰ ਹੀ ਨਹੀਂ ਆ ਰਹੇ। ਇਸੇ ਤਰਾਂ ਸਾਡੇ ਪ੍ਰਚਾਰਕ ਵੀ ਉਨ੍ਹਾਂ ਅਖੌਤੀ ਬਾਬਿਆਂ ਦੇ ਸੋਹਲੇ ਗਾਉਂਦੇ ਹਨ, ਜਿੰਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਆਪਣੇ ਅੱਗੇ ਮੱਥੇ ਟਿਕਵਾਏ ਹਨ, ਅਤੇ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਵਿਚਾਰ ਧਾਰਾ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਸੁੱਟਣ ਲਈ ਕੋਈ ਕਸਰ ਨਹੀ ਛੱਡੀ।

ਅਜੋਕਾ ਸਮਾਂ ਮੰਗ ਕਰਦਾ ਹੈ, ਕਿ ਅਸੀਂ ਦੂਰਅੰਦੇਸ਼ੀ ਤੇ ਪਾਰਖੂ ਸੋਚ ਨਾਲ ਆਪਣਿਆਂ ਅਤੇ ਦੁਸ਼ਮਣਾਂ ਦੀ ਪਹਿਚਾਣ ਕਰ ਸਕੀਏ, ਕਿਤੇ ਸਾਡੇ ਨਾਲ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲੀ ਨਾ ਹੋ ਜਾਵੇ, ਜਿਸ ਤਰਾਂ ਉਸ ਨੇ ਡੋਗਰਿਆਂ ਨੂੰ ਆਪਣੇ ਮਿੱਤਰ ਸਮਝ ਕੇ ਉਨ੍ਹਾਂ ਦੀ ਹਰ ਗੱਲ ਮੰਨੀ, ਪਰ ਜਿਹੜੇ ਉਸ ਦੇ ਆਪਣੇ ਅਸਲੀ ਮਿੱਤਰ ਸਨ ਸ੍ਰ: ਅਕਾਲੀ ਫੂਲਾ ਸਿੰਘ, ਸ੍ਰ. ਹਰੀ ਸਿੰਘ ਨਲੂਆ, ਸ੍ਰ. ਸ਼ਾਮ ਸਿੰਘ ਅਟਾਰੀਵਾਲਾ, ਉਨ੍ਹਾਂ ਨੂੰ ਉਸ ਨੇ ਆਪਣੇ ਤੋਂ ਦੂਰ ਰੱਖਿਆ, ਜਿਸ ਦਾ ਨਤੀਜਾ ਇਹ ਨਿਕਲਿਆ, ਕਿ ਕੁੱਝ ਸਮੇਂ ਅੰਦਰ ਹੀ ਸਿੱਖ ਰਾਜ ਖਤਮ ਹੋ ਗਿਆ। ਗਲਤੀਆਂ ਹਰ ਇਨਸਾਨ ਕੋਲੋਂ ਹੁੰਦੀਆਂ ਹਨ, ਪਰ ਉਹਨਾਂ ਗਲਤੀਆਂ ਤੋਂ ਸਿਖਿਆ ਕੋਈ ਵਿਰਲਾ ਹੀ ਲੈਂਦਾ ਹੈ। ਆਉ, ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਸਿਧਾਂਤ ਮੁਤਾਬਿਕ ਹੰਸ ਬਿਰਤੀ ਲੈ ਕੇ ਪਾਰਖੂ ਸੋਚ ਦੇ ਧਾਰਨੀ ਬਣੀਏ, ਤਾਂ ਕਿ ਪੰਥ ਦਰਦੀਆਂ ਦੀ ਅਤੇ ਪੰਥ ਦੇ ਦੁਸ਼ਮਣਾਂ ਪਹਿਚਾਣ ਕਰ ਸਕੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top