Share on Facebook

Main News Page

ਗਿਆਨੀ ਗੁਰਬਚਨ ਸਿੰਘ ਉਸ ਕਮੇਟੀ ਪ੍ਰਧਾਨ ਦੇ ਕਥਿਤ ਗਲਤ ਫੈਸਲੇ ਬਾਰੇ ਉਸ ਵੇਲੇ ਚੁੱਪ ਕਿਉਂ ਰਹੇ?: ਮਨਜੀਤ ਸਿੰਘ ਕਲਕੱਤਾ

ਬਠਿੰਡਾ, 22 ਮਾਰਚ (ਕਿਰਪਾਲ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਲਈ, ਸ਼੍ਰੋਮਣੀ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਨੂੰ ਦੋਸ਼ੀ ਠਹਿਰਾਏ ਜਾਣ ਤੇ ਤਿੱਖੀ ਪ੍ਰਤੀਕਿਰਿਆ ਜਾਹਿਰ ਕਰਦਿਆਂ, ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕੀਤੀ ਹੈ ਕਿ ਆਖਿਰ ਜਥੇਦਾਰ ਜੀ ਹੀ ਸਪਸ਼ਟ ਕਰ ਦੇਣ, ਕਿ ਇਸ ਵਿਵਾਦ ਨੂੰ ਖਤਮ ਕਰਨ ਲਈ ਗਿਆਨੀ ਗੁਰਬਚਨ ਸਿੰਘ ਉਸ ਕਮੇਟੀ ਪ੍ਰਧਾਨ ਦੇ ਕਥਿਤ ਗਲਤ ਫੈਸਲੇ ਬਾਰੇ ਉਸ ਵੇਲੇ ਚੁਪ ਕਿਉਂ ਰਹੇ?

ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਰਾਤੋ ਰਾਤ ਜਾਂ ਕੁਝ ਘੰਟਿਆਂ ਵਿਚ ਤਿਆਰ ਨਹੀ ਸੀ ਹੋ ਗਿਆ, ਅਤੇ ਇਸ ਮਾਮਲੇ ਤੇ ਕੀਤੀ ਗਈ ਸਿੱਖ ਵਿਦਵਾਨਾਂ, ਇਤਿਹਾਸਕਾਰਾਂ, ਖਗੋਲ ਭੂਗੋਲ ਸ਼ਾਸ਼ਤਰੀਆਂ ਦੀ ਇਕਤਰਤਾ ਤੋਂ ਲੈਕੇ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈਆਂ ਸੰਗਤੀ ਇੱਕਤਰਤਤਾਵਾਂ, ਸ਼੍ਰੋਮਣੀ ਕਮੇਟੀ ਜਨਰਲ ਇਜਲਾਸ ਸਮੇਂ ਵੀ ਗਿਆਨੀ ਗੁਰਬਚਨ ਸਿੰਘ ਸ਼ਾਮਿਲ ਹੁੰਦੇ ਰਹੇ ਹਨ। ਉਨਾਂ ਦੱਸਿਆ ਕਿ ਸਾਲ 2003 ਵਿਚ ਤਖਤ ਸੀ ਦਮਦਮਾ ਸਾਹਿਬ ਤੋਂ ਨਾਨਕਸ਼ਾਹੀ ਕੈਲੰਡਰ ਰਲੀਜ ਕੀਤੇ ਜਾਣ ਸਮੇਂ ਵੀ, ਗਿਆਨੀ ਗੁਰਬਚਨ ਸਿੰਘ ਸ਼ਾਮਿਲ ਹੋਏ ਜਿਥੇ ਕੈਲੰਡਰ ਸਬੰਧੀ ਗਠਿਤ 11 ਮੈਂਬਰੀ ਕਮੇਟੀ, ਤਖਤਾਂ ਦੇ ਜਥੇਦਾਰ ਸਾਹਿਬਾਨ ਵਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ ਗਈ। ਸ੍ਰ. ਕਲਕੱਤਾ ਨੇ ਕਿਹਾ ਕਿ 2010 ਤੀਕ ਇਹ ਕੈਲੰਡਰ ਸ਼੍ਰੋਮਣੀ ਕਮੇਟੀ ਹੀ ਛਾਪ ਕੇ ਵੰਡਦੀ ਰਹੀ, ਲੇਕਿਨ ਅਚਨਚੇਤ ਹੀ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਹੋਈ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ, ਕੈਲੰਡਰ ਵਿਚ ਸੋਧਾਂ ਦੀ ਗਲ ਤੋਰੀ ਗਈ ਜਿਸ ਨੇ ਕੈਲੰਡਰ ਦੀ ਰੂਹ ਕਤਲ ਕਰਕੇ ਹੀ ਸਾਹ ਲਿਆ।

ਸ੍ਰ. ਕਲਕੱਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਬਾਬਾ ਧੁੰਮਾ ਵਲੋਂ ਸੁਝਾਏ ਤੇ ਪ੍ਰਚਾਰੇ ਜਾ ਰਹੇ ਕੈਲੰਡਰ ਨੂੰ, ਜਥੇਦਾਰ ਵਲੋਂ ਨਾਨਕਸ਼ਾਹੀ ਕਹਿਣਾ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜ ਜਥੇਦਾਰਾਂ ਵਲੋਂ ਬਣਾਈ ਕਮੇਟੀ ਭੰਗ ਕਰਨ ਲਈ ਕਮੇਟੀ ਪ੍ਰਧਾਨ ਦੋਸ਼ੀ ਹੈ, ਤਾਂ ਮੌਜੂਦਾ ਸਮੇਂ ਵਿਚ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਇਕੱਲੇ ਤੌਰ ਤੇ ਬਿਕਰਮੀ ਕੈਲੰਡਰ ਥੋਪੇ ਜਾਣ ਲਈ ਕਮੇਟੀ ਦੇ ਮੌਜੂਦਾ ਪ੍ਰਧਾਨ ਵੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸਾਲ 2003 ਤੋਂ ਲੈਕੇ ਸਾਲ 2010 ਤੀਕ ਨਾਨਕਸ਼ਾਹੀ ਕੈਲੰਡਰ ਨੇ ਕੌਮ ਦਾ ਕੋਈ ਇਤਿਹਾਸਕ, ਸਿਧਾਂਤਕ ਜਾਂ ਧਾਰਮਿਕ ਨੁਕਸਾਨ ਨਹੀ ਕੀਤਾ, ਲੇਕਿਨ ਹੁਣ ਨਾਨਕਸ਼ਾਹੀ ਦੇ ਨਾਮ ਹੇਠ ਲਾਗੂ ਕਰਵਾਇਆ ਜਾ ਰਿਹਾ ਬਿਕਰਮੀ ਕੈਲੰਡਰ ਕੌਮ ਦੀ ਵੱਖਰੀ ਹਸਤੀ ਤੇ ਸਵਾਲੀਆ ਚਿੰਨ ਜਰੂਰ ਲਗਾ ਰਿਹਾ ਹੈ। ਸ੍ਰ. ਕਲਕੱਤਾ ਨੇ ਕਿਹਾ ਕਿ ਜੇਕਰ ਨਾਨਕਸ਼ਾਹੀ ਕੈਲੰਡਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਲੀਜ ਕਰਵਾਇਆ ਗਿਆ ਸੀ, ਤਾਂ ਇਹ ਕੋਈ ਮਨਮੱਤੀ ਕਾਰਵਾਈ ਨਹੀ ਸੀ, ਅਤੇ ਜੇਕਰ ਇਸ ਕਾਰਵਾਈ ਲਈ ਵੀ ਉਸ ਵੇਲੇ ਦੇ ਕਮੇਟੀ ਪ੍ਰਧਾਨ ਦੋਸ਼ੀ ਹਨ, ਤਾਂ ਉਸ ਵੇਲੇ ਦੇ ਮੁਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ ਹਨ ਜਿਨਾਂ ਨੇ ਕੈਲੰਡਰ ਰਲੀਜ ਕੀਤਾ। ਸ੍ਰ. ਕਲਕੱਤਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨਾਨਕਸ਼ਾਹੀ ਕੈਲੰਡਰ ਦੇ ਕੀਤੇ ਗਏ ਬਿਕਰਮੀਕਰਨ ਤੋਂ ਪੇਦਾ ਹੋਈ ਦੁਬਿਧਾ ਦਾ ਹੱਲ ਲੱਭਣ ਲਈ ਯਤਨਸ਼ੀਲ ਹੋਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top