Share on Facebook

Main News Page

ਸ਼੍ਰੋਮਣੀ ਖਾਲਸਾ ਪੰਚਾਇਤ ਦੇ ਆਗੂਆਂ ਨੇ ਪਾਲ ਸਿੰਘ ਪੁਰੇਵਾਲ ਨੂੰ ਕੀਤਾ ਸਨਮਾਨਿਤ

* ਨਾਨਕਸ਼ਾਹੀ ਕੈਲੰਡਰ ਇੱਕ ਵਿਅਕਤੀ ਵੱਲੋਂ ਨਹੀਂ ਬਲਕਿ ਸਮੁੱਚੇ ਪੰਥ ਵੱਲੋਂ ਜਾਰੀ ਹੋਇਆ - ਭਾਈ ਚਰਨਜੀਤ ਸਿੰਘ ਖਾਲਸਾ

ਲੁਧਿਆਣਾ: ਸਿੱਖ ਪੰਥ ਦੀ ਸਿਰਮੋਰ ਜੱਥੇਬੰਦੀ ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦੇ ਮੁੱਖ ਪੰਚ ਭਾਈ ਚਰਨਜੀਤ ਸਿੰਘ ਖਾਲਸਾ ਨੇ ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਉਘੇ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਖਿਲਾਫ ਗੁੰਮਰਾਹਕੂੰਨ ਬਿਆਨਬਾਜ਼ੀ ਕਰਨ ਵਾਲੇ ਫੈਡਰੇਸ਼ਨ (ਮਹਿਤਾ) ਦੇ ਆਗੂਆਂ ਨੂੰ ਆੜੀ ਹੱਥੀਂ ਲੈਂਦਿਆਂ ਹੋਇਆਂ ਕਿਹਾ, ਕਿ ਨਾਨਕਸ਼ਾਹੀ ਕੈਲੰਡਰ ਇੱਕ ਵਿਅਕਤੀ ਵੱਲੋਂ ਨਹੀਂ ਬਲਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੋ ਕੇ ਸਮੁੱਚੇ ਪੰਥ ਵੱਲੋਂ ਜਾਰੀ ਹੋਇਆ ਹੈ। ਇਸ ਲਈ ਕਿਸੇ ਵੀ ਵਿਅਕਤੀ ਨੂੰ ਨਾਨਕਸ਼ਾਹੀ ਕੈਲੰਡਰ ਅਤੇ ਉਸ ਨੂੰ ਤਿਆਰ ਕਰਨ ਵਾਲੇ ਸ. ਪੁਰੇਵਾਲ ਦੇ ਵਿਰੁੱਧ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।

ਅੱਜ ਲੁਧਿਆਣਾ ਵਿਖੇ ਨਾਨਕਸ਼ਾਹੀ ਕੈਲੰਡਰ ਨੂੰ ਹੋਂਦ ਵਿੱਚ ਲਿਆਉਣ ਵਾਲੇ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਨੂੰ ਸਨਮਾਨਿਤ ਕਰਨ ਉਪਰੰਤ, ਪੱਤਰਕਾਰਾਂ ਦੇ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ, ਭਾਈ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ (ਮਹਿਤਾ) ਦੇ ਆਗੂਆਂ ਵੱਲੋਂ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਪ੍ਰਤੀ ਕੀਤੀ ਗਈ ਸੌੜੀ ਬਿਆਨਬਾਜ਼ੀ ਦੇ ਨਾਲ ਇੱਕ ਗੱਲ ਪ੍ਰਤੱਖ ਰੂਪ ਵਿੱਚ ਸੰਗਤਾਂ ਦੇ ਸਾਹਮਣੇ ਉਭਰ ਕੇ ਆ ਗਈ ਹੈ, ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਅੱਜ ਪੰਥ ਵਿਰੋਧੀ ਤਾਕਤਾਂ ਦੇ ਕਿਸ ਤਰਾਂ ਹਮਾਇਤੀ ਬਣ ਗਏ ਹਨ?

ਉਨਾਂ ਨੇ ਕਿਹਾ ਕਿ ਸਿੱਖ ਕੌਮ ਦੀ ਅੱਡਰੀ ਪਹਿਚਾਣ ਨੂੰ ਕਾਇਮ ਰੱਖਣ ਦੇ ਲਈ ਅਪ੍ਰੈਲ 2003 ਵਿੱਚ ਸਮੁੱਚੇ ਪੰਥ ਨੂੰ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਘਰ-ਘਰ ਪਹੁੰਚਾਉਣਾ ਸ਼੍ਰੋਮਣੀ ਖਾਲਸਾ ਪੰਚਾਇਤ ਦੀ ਮੁੱਖ ਜਿੰਮੇਵਾਰੀ ਹੈ। ਜਿਸ ਦੇ ਅੰਤਰਗਤ ਅਸੀਂ ਵੱਡੀ ਪੱਧਰ 'ਤੇ ਨਾਨਕਸ਼ਾਹੀ ਕੈਲੰਡਰ ਨੂੰ ਸੰਗਤਾਂ ਵਿੱਚ ਵੰਡਣ ਦਾ ਕਾਰਜ ਕਰ ਰਹੇ ਹਾਂ। ਇਸ ਦੌਰਾਨ ਭਾਈ ਖਾਲਸਾ ਨੇ ਇਹ ਵੀ ਐਲਾਨ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਸੰਬੰਧੀ ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦੇ ਮੁੱਖ ਪੰਚਾਂ, ਜ਼ਿਲਾ ਜੱਥੇਦਾਰਾਂ ਤੇ ਐਗਜ਼ੈਕਟਿਵ ਦੀ ਇੱਕ ਹੰਗਾਮੀ ਮੀਟਿੰਗ 27 ਮਾਰਚ ਨੂੰ ਲੁਧਿਆਣਾ ਵਿਖੇ ਰੱਖੀ ਗਈ ਹੈ। ਜਿਸ ਵਿੱਚ ਮੌਜੂਦਾ ਸਮੇਂ ਅੰਦਰ ਪੰਥ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਤੇ ਉਨਾਂ ਦੇ ਨਾਲ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪ੍ਰਮੁੱਖ ਪੰਚ ਭਾਈ ਜੋਗਿੰਦਰ ਸਿੰਘ ਫੌਜੀ (ਤਰਨਤਾਰਨ), ਭਾਈ ਹਰਵਿੰਦਰ ਸਿੰਘ ਹਰੀਏਵਾਲ, ਭਾਈ ਭੁਪਿੰਦਰ ਸਿੰਘ ਨਿਮਾਣਾ ਸਮੇਤ ਜੱਥੇਬੰਦੀ ਦੇ ਕਈ ਹੋਰ ਪ੍ਰਮੁੱਖ ਅਹੁੱਦੇਦਾਰ ਹਾਜ਼ਰ ਸਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top