Share on Facebook

Main News Page

ਉਸ ਪੰਥਕ ਸਾਰਕਾਰ ਦਾ ਸਾਨੂੰ ਕੀ ਫ਼ਾਇਦਾ ਜਿਸ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ ਤੇ ਬਿਨਾ ਮਤਲਬ ਦੇ ਸਿੱਖ ਦੀ ਪੱਗ ਉਤਾਰੀ ਜਾਂਦੀ ਹੋਵੇ

ਜਿਹੜਾ ਦੋ ਟਕਿਆਂ ਦਾ ਵਿਅਕਤੀ ਸਿੱਖ ਦੀ ਪੱਗ ਨੂੰ ਹੱਥ ਪਾਏ ਉਸ ਦੇ ਹੱਥ ਕੱਟ ਦੇਣੇ ਚਾਹੀਦੇ ਹਨ: ਗਿਆਨੀ ਰਣਯੋਧ ਸਿੰਘ

ਬਠਿੰਡਾ, 31 ਮਾਰਚ (ਕਿਰਪਾਲ ਸਿੰਘ): ਉਸ ਪੰਥਕ ਸਾਰਕਾਰ ਦਾ ਸਾਨੂੰ ਕੀ ਫ਼ਾਇਦਾ, ਜਿਸ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ, ਤੇ ਬਿਨਾ ਮਤਲਬ ਤੋਂ ਸਿੱਖ ਦੀ ਪੱਗ ਉਤਾਰੀ ਜਾਂਦੀ ਹੋਵੇ। ਜਿਹੜਾ ਦੋ ਟਕਿਆਂ ਦਾ ਵਿਅਕਤੀ, ਸਿੱਖ ਦੀ ਪੱਗ ਨੂੰ ਹੱਥ ਪਾਏ ਉਸ ਦੇ ਹੱਥ ਕੱਟ ਦੇਣੇ ਚਾਹੀਦੇ ਹਨ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਸਵੇਰ ਦੀ ਕਥਾ ਦੌਰਾਨ ਗਿਆਨੀ ਰਣਯੋਧ ਸਿੰਘ ਨੇ ਕਹੇ। ਉਨ੍ਹਾਂ ਕਿਹਾ ਜਿਹੜੇ ਵਿਦੇਸ਼ੀ ਅੱਡਿਆਂ ’ਤੇ ਤਲਾਸ਼ੀ ਲੈਣ ਲਈ ਸਿੱਖ ਦੀ ਪੱਗ ਉਤਾਰੇ ਜਾਣ ਦਾ ਵਿਰੋਧ ਕਰਨ ਅਤੇ ਫਰਾਂਸ ਵਿੱਚ ਪੱਗ ਬੰਨ੍ਹਣ ਦੀ ਆਜਾਦੀ ਲਈ ਮੈਮੋਰੰਡਮ ਦਿੰਦੇ ਹਨ, ਧਰਨੇ ਲਾਉਂਦੇ ਹਨ, ਉਹ ਸਿਰਫ ਸਿਆਸੀ ਸਟੰਟ ਕਰਦੇ ਹਨ, ਜੇ ਧਰਨੇ ਲਾਉਣ ਵਾਲਿਆਂ ਨੂੰ ਸਿੱਖ ਦੀ ਦਸਤਾਰ ਦੀ ਕਦਰ ਤੇ ਸਤਿਕਾਰ ਹੁੰਦਾ, ਤਾਂ ਉਨ੍ਹਾਂ ਦੇ ਆਪਣੇ ਰਾਜ ਵਿੱਚ ਸਿੱਖ ਦੀ ਦਸਤਾਰ ਪੈਰਾਂ ਵਿੱਚ ਰੋਲੀ ਨਾ ਜਾਂਦੀ।

ਉਨ੍ਹਾਂ ਕਿਹਾ ਲੋਕ ਤੰਤਰ ਵਿੱਚ ਹਰ ਇੱਕ ਨੂੰ ਹੱਕ ਹੈ, ਕਿ ਉਹ ਆਪਣੀਆਂ ਮੰਗਾਂ ਦੇ ਹੱਕ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰੇ। ਇਸ ਸਮੇਂ ਲੋੜ ਪੈਣ ’ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਗ੍ਰਿਫ਼ਤਾਰ ਤਾਂ ਕਰ ਸਕਦੀ ਹੈ, ਪਰ ਉਸ ਨੂੰ ਇਹ ਹੱਕ ਨਹੀਂ ਹੈ ਕਿ ਬਿਨਾਂ ਵਜ੍ਹਾ ਪ੍ਰਦਰਸ਼ਨਕਾਰੀ ਦੀ ਜ਼ਬਰਦਸਤੀ ਪੱਗ ਉਤਾਰ ਕੇ, ਉਸ ਦੀ ਬੇਇਜ਼ਤੀ ਕਰੇ ਤੇ ਸਿੱਖ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਏ। ਗਿਆਨੀ ਰਣਯੋਧ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਮ ਦੇ ਸ਼ਹਿਰ ਵਿੱਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਵੈਟਰੀਨੇਰੀ ਫ਼ਾਰਮਾਸਿਸਟ ਗੁਰਸਿੱਖ ਨੌਜਵਾਨ ਦੀ ਉਸ ਵਲੋਂ ਵਾਰ ਵਾਰ ਰੋਕੇ ਜਾਣ ਦੇ ਬਾਵਜੂਦ ਦੋ ਟਕਿਆਂ ਦੇ ਪੁਲਸੀਏ ਨੇ ਜ਼ਬਰ ਦਸਤੀ ਪੱਗ ਉਤਾਰ ਦਿੱਤੀ। ਇਸੇ ਤਰ੍ਹਾਂ ਇੱਕ ਖ਼ਬਰ ਆਈ ਸੀ ਕਿ ਦੋ ਸਿੱਖ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸਨ। ਉਨ੍ਹਾਂ ਨੂੰ ਪੁਲਸੀਏ ਨੇ ਰੋਕ ਕੇ ਚਲਾਨ ਕਰ ਦਿੱਤਾ, ਕਿ ਤੁਸੀਂ ਹੈਲਮਟ ਨਹੀਂ ਪਹਿਨਿਆ। ਉਨ੍ਹਾਂ ਸਿੱਖ ਨੌਜਵਾਨਾਂ ਨੇ ਕਿਹਾ ਅਸੀਂ ਸਿੱਖ ਹਾਂ ਸਾਡੇ ਦਸਤਾਰ ਪਹਿਨੀ ਹੋਈ ਹੈ। ਕਾਨੂੰਨ ਅਨੁਸਾਰ ਦਸਤਾਰ ਪਹਿਨਣ ਵਾਲੇ ਸਿੱਖ ਨੂੰ ਹੈਲਮਟ ਪਹਿਨਣ ਤੋਂ ਛੋਟ ਹੈ। ਦੋ ਟਕਿਆਂ ਦੇ ਪੁਲਸੀਏ ਨੇ ਕਿਹਾ ਸਾਨੂੰ ਨਹੀਂ ਪਤਾ ਕਿ ਤੁਸੀਂ ਸਿੱਖ ਹੋ ਜਾਂ ਨਹੀਂ। ਜੇ ਚਲਾਨ ਤੋਂ ਬਚਣਾ ਹੈ ਤਾ ਪੱਗ ੳਤਾਰ ਕੇ ਹੈਲਮਟ ਪਹਿਨੋ।

ਗਿਆਨੀ ਰਣਯੋਧ ਸਿੰਘ ਨੇ ਕਿਹਾ ਜਿਹੜਾ ਵੀ ਵਿਅਕਤੀ ਕਨੂੰਨ ਤੇ ਸਿੱਖੀ ਜ਼ਜ਼ਬਾਤ ਦੀ ਕਦਰ ਨਾ ਕਰਦਾ ਹੋਇਆ, ਬਿਨਾਂ ਵਜ੍ਹਾ ਜ਼ਬਰਦਸਤੀ ਸਿੱਖ ਦੀ ਦਸਤਾਰ ਨੂੰ ਹੱਥ ਪਾਉਂਦਾ ਹੈ, ਉਸ ਦੇ ਹੱਥ ਕੱਟ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ, ਉਨ੍ਹਾਂ ਅਕਾਲੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਹੜੇ ਵਿਦੇਸ਼ੀ ਹਵਾਈ ਅੱਡਿਆਂ ’ਤੇ ਸਿੱਖ ਦੀ ਦਸਤਾਰ ਉਤਾਰ ਕੇ ਤਲਾਸ਼ੀ ਲਏ ਜਾਣ ’ਤੇ ਰੋਸ ਅਤੇ ਜ਼ਜ਼ਬਾਤੀ ਤਕਰੀਰਾਂ ਕਰ ਕੇ ਦਸਤਾਰ ਦੇ ਸਤਿਕਾਰ ਦਾ ਹੇਜ਼ ਪ੍ਰਗਟ ਕਰਦੇ ਹਨ, ਪਰ ਆਪਣੇ ਰਾਜ ’ਚ ਮੋਹਾਲੀ ਸਟੇਡੀਅਮ ਦੇ ਬਾਹਰ ਪੰਜਾਬ ਪੁਲਿਸ ਵਾਲਾ ਸਿੱਖ ਦੀ ਦਸਤਾਰ ਉਤਾਰ ਕੇ ਉਸ ਨੂੰ ਨੰਗੇ ਸਿਰ ਧੂ ਕੇ ਲੈ ਜਾ ਰਿਹਾ ਹੈ, ਪਰ ਕਿਸੇ ਅਕਾਲੀ ਨੂੰ ਨਾ ਦਸਤਾਰ ਦੀ ਬੇਅਦਬੀ ਹੁੰਦੀ ਦਿਸਦੀ ਹੈ, ਅਤੇ ਨਾ ਹੀ ਇਸ ਘੋਰ ਅਪਮਾਨ ਦੀ ਨਿੰਦਾ ਦੇ ਦੋ ਸ਼ਬਦ ਬੋਲ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top