Share on Facebook

Main News Page

ਗੁਰਦੁਆਰਿਆਂ ਤੋਂ ਥੋਕ ’ਚ ਸਸਤੇ ਭਾਅ ਖ੍ਰੀਦੇ ਜਾਂਦੇ ਹਨ ਰੁਮਾਲੇ, ਤੇ ਮੁੜ ਦੁਕਾਨਾਂ ਤੇ ਜਾਂਦੇ ਹਨ ਵੇਚੇ

* ਹੁਣ ਰੁਮਾਲਿਆਂ ਦੇ ਦੋ ਨੰਬਰੀ ਧੰਦੇ ਦਾ ਪਰਦਾਫਾਸ਼

* ਬੀੜੀਆਂ, ਸਿਗਰਟਾਂ ਵੇਚਣ ਵਾਲੇ ਲੱਗੇ ਹਨ ਇਸ ਧੰਦੇ ’ਚ, ਦੌਧਰ ਦੇ ਗਿਆਰਵੀਂ ਵਾਲੇ ਬਾਬੇ ਨੇ ਵੇਚੇ 75 ਹਜ਼ਾਰ ਦੇ ਰੁਮਾਲੇ

ਜਗਰਾਉਂ: 14 ਜੁਲਾਈ ਸਿੱਖੀ ਦੇ ਨਾਂਅ ਤੇ ਵਪਾਰ ਕਰਨ ਵਾਲੇ, ਜਿਥੇ ਸਿੱਖੀ ਸਿਧਾਂਤਾਂ ਦਾ ਮਜ਼ਾਕ ਉਡਾਉਂਦੇ ਹਨ, ਉਥੇ ਆਪਣੀਆਂ ਕਾਲੀਆਂ ਕਰਤੂਤਾਂ ਨਾਲ ਸਿੱਖ ਸੰਗਤਾਂ ਦੇ ਹਿਰਦੇ ਵੀ ਛੱਲਣੀ-ਛੱਲਣੀ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਸੰਗਤਾਂ ਵਲੋਂ ਸ਼ਰਧਾ ਨਾਲ ਚੜਾਏ ਜਾਂਦੇ ਰੁਮਾਲਿਆਂ ਨਾਲ ਸਬੰਧਿਤ ਹੈ। ਏਕ ਨੂਰ ਖਾਲਸਾ ਫੌਜ ਵਲੋਂ ਅੱਜ ਪਿੰਡ ਮਲਕ ਦੀ ਇੱਕ ਕਰਿਆਨੇ ਦੀ ਦੁਕਾਨ ਤੇ ਛਾਪਾ ਮਾਰਿਆ ਗਿਆ, ਜਿਥੋਂ ਦੋ ਵੱਡੇ ਬੋਰੇ ਰੁਮਾਲਿਆਂ ਨਾਲ ਭਰੇ ਹੋਏ ਬਰਾਮਦ ਕੀਤੇ ਗਏ। ਵਿਨੋਦ ਕੁਮਾਰ ਨਾਮੀ ਇਹ ਵਿਅਕਤੀ ਆਪਣੀ ਦੁਕਾਨ ਤੇ ਬੀੜ੍ਹੀ ਸਿਗਰਟਾਂ ਵੀ ਵੇਚਦਾ ਹੈ। ਕੀਤੀ ਗਈ ਜਾਂਚ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਆਏ ਉਹ ਬੇਹੱਦ ਗੰਭੀਰ ਹਨ, ਪਤਾ ਲੱਗਾ ਹੈ ਕਿ ਬਾਘਾ ਪੁਰਾਣਾ ਦੇ ਦੋ ਆਦਮੀ ਛਿੰਦਾ ਤੇ ਕ੍ਰਿਸ਼ਨ ਦਾ ਗਿਰੋਹ ਰੁਮਾਲਿਆਂ ਦਾ ਦੋ ਨੰਬਰੀ ਧੰਦਾ ਕਰਦਾ ਹੈ। ਇਹ ਵਿਅਕਤੀ ਬਾਬਿਆਂ ਦੇ ਡੇਰਿਆਂ, ਗੁਰਦੁਆਰਿਆਂ ਤੋਂ ਥੋਕ ਦੇ ਭਾਅ ਰੁਮਾਲੇ ਖ੍ਰੀਦ ਦੇ ਹਨ ਅਤੇ ਫਿਰ ਉਨ੍ਹਾਂ ਨੂੰ ਮੁੜ ਵੇਚ ਦਿੰਦੇ ਹਨ।

ਕੀਤੀ ਗਈ ਪੁੱਛ ਗਿੱਛ ’ਚ ਵਿਨੋਦ ਕੁਮਾਰ ਨੇ ਮੰਨਿਆ ਕਿ ਉਨ੍ਹਾਂ ਦੌਧਰ ਦੇ ਗਿਆਰਵੀਂ ਵਾਲੇ ਬਾਬੇ ਤੋਂ 75 ਹਜ਼ਾਰ ਦੇ ਰੁਮਾਲੇ ਖ੍ਰੀਦੇ ਸਨ। ਇਸੇ ਤਰ੍ਹਾਂ ਮਲਕ ਦੇ ਗੁਰਦੁਆਰੇ ਤੋਂ ਵੀ ਸਾਢੇ ਪੰਦਰਾਂ ਹਜ਼ਾਰ ਦੇ ਰੁਮਾਲੇ ਖ੍ਰੀਦੇ ਗਏ ਸਨ। ਗਾਲਿਬ ਰਣ ਸਿੰਘ ਦੇ ਗੁਰਦੁਆਰੇ ’ਚ ਤਾਂ ਰੁਮਾਲਿਆਂ ਦੀਆਂ ਦੋ ਗੱਠਾਂ ਮੌਕੇ ਤੇ ਹੀ ਫੜ੍ਹੀਆਂ ਗਈਆਂ। ਇਨ੍ਹਾਂ ਗੱਠਾਂ ਦਾ ਸੌਦਾ ਹਾਲੇ ਵਿੱਚ ਵਿਚਾਲੇ ਸੀ, ਕਮੇਟੀ ਵਲੋਂ ਚਾਰ ਹਜ਼ਾਰ ਰੁਪਏ ਮੰਗੇ ਗਏ ਸਨ, ਜਦੋਂ ਕਿ ਖਰੀਦਾਰ ਤਿੰਨ ਹਜ਼ਾਰ ਰੁਪਏ ਦੇ ਰਹੇ ਸਨ ਤੇ ਸੌਦਾ ਪੈਂਤੀ ਸੋ ’ਚ ਮੁੱਕ ਗਿਆ ਸੀ ਏਕ ਨੂਰ ਖਾਲਸਾ ਫੌਜ ਵਾਲਿਆਂ ਨੇ ਸਾਰੇ ਰੁਮਾਲਿਆਂ ਨੂੰ ਜੀਪ ’ਚ ਲੱਦ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ ਕਰ ਦਿੱਤਾ। ਇਹ ਗਿਰੋਹ ਇਕੱਲੇ ਰੁਮਾਲਿਆਂ ਦਾ ਹੀ ਨਹੀਂ ਸਗੋਂ ਮੁਸਲਮਾਨ ਪੀਰਾਂ ਦੀਆਂ ਦਰਗਾਹਾਂ ਤੇ ਚੜ੍ਹਾਈਆਂ ਜਾਂਦੀਆਂ ਹਰੀਆਂ ਚਾਦਰਾਂ ਦਾ ਵਪਾਰ ਵੀ ਕਰਦਾ ਹੈ। ਇਸ ਸਮੇਂ ਏਕ ਨੂਰ ਖਾਲਸਾ ਫੌਜ ਦੇ ਸੂਬਾ ਖਜਾਨਚੀ ਹਰਜੀਤ ਸਿੰਘ ਮੋਗਾ ਤੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬਿੰਜਲ ਨੇ ਦੱਸਿਆ ਕਿ ਉਨ੍ਹਾਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਦੇ ਦਿੱਤੀ ਹੈ, ਉਹ ਜੋ ਵੀ ਫੈਸਲਾ ਲੈਣਗੇ, ਉਸਨੂੰ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਇਸ ਸਾਰੇ ਮਾਮਲੇ ’ਚ ਵਪਾਰ ਕਰਨ ਵਾਲਿਆਂ ਤੋਂ ਇਲਾਵਾ ਗੁਰਦੁਆਰਾ ਕਮੇਟੀਆਂ, ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਤ, ਜਿਹੜੀ ਅੰਨੀ ਸ਼ਰਧਾ ’ਚ ਬੇਤਹਾਸ਼ਾ ਰੁਮਾਲੇ ਚੜ੍ਹਾਈ ਜਾ ਰਹੀ ਹੈ, ਵੀ ਜ਼ੁੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਰੁਮਾਲਾ ਵੇਚ ਖ੍ਰੀਦ ਗਿਰੋਹ ਸਮਾਣੇ ਫੜਿਆ ਗਿਆ ਸੀ। ਮਲਕ ਪਿੰਡ ਦੇ ਹੱਟੀ ਵਾਲੇ ਦਾ ਸਬੰਧ ਵੀ ਸਮਾਣਾ ਨਾਲ ਹੀ ਹੈ। ਵਿਨੋਦ ਕੁਮਾਰ ਨੇ ਇਸ ਸਮੇਂ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੋਈ ਚੋਰੀ ਨਹੀਂ ਕੀਤੀ ਰੁਮਾਲੇ ਪੈਸੇ ਦੇ ਕੇ ਖ੍ਰੀਦੇ ਸਨ ਅਤੇ ਥੋੜਾ ਬਹੁਤਾ ਲਾਭ ਲੈ ਕੇ ਅੱਗੋਂ ਵੇਚ ਦਿੱਤੇ। ਸਿਗਰਟਾਂ, ਬੀੜੀਆਂ ਦੇ ਨਾਲ ਰੁਮਾਲੇ ਰੱਖਣ ਤੇ ਵੇਚਣ ਦੇ ਦੋਸ਼ ਦਾ ਉਹ ਕੋਈ ਜਵਾਬ ਨਹੀਂ ਦੇ ਸਕਿਆ। ਇਸ ਰੁਮਾਲਾ ਕਾਂਡ ਚ ਸੈਂਕੜੇ ਗੁਰਦੁਆਰਾ ਕਮੇਟੀਆਂ ਦੇ ਬੇਨਕਾਬ ਹੋਣ ਦੀ ਸੰਭਾਵਨਾ ਹੈ। ਜਥੇਦਾਰ ਨੰਦਗੜ੍ਹ ਨੇ ਇਸ ਸਮੇਂ ਆਖਿਆ ਕਿ ਮਾਮਲਾ ਬੇਹੱਦ ਗੰਭੀਰ ਹੈ, ਉਹ ਇਸਦੀ ਪੂਰੀ ਜਾਂਚ ਕਰਵਾਉਣ ਤੋਂ ਬਾਅਦ ਹੀ ਕੋਈ ਟਿੱਪਣੀ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top