Share on Facebook

Main News Page

ਪੰਥਕ ਖਬਰ ਤਰਾਸ਼ੀ

(1) ਬਾਬਾ ਨਾਨਕ ਨੇ ਵਰ ਦਿੱਤਾ ਸੀ ਸ੍ਰੀ ਚੰਦ ਨੂੰ, ਕਿ ਕੁੱਤਿਆਂ ਵਿਚ ਵੀ ਕਰਾਮਾਤਾਂ ਹੋਣਗੀਆਂ: ਢਾਡੀ ਮੋਰਾਂਵਾਲੀ
ਟਿੱਪਣੀ:- ਸ੍ਰੀ ਚੰਦ ਤਾਂ ਬਾਬੇ ਨਾਨਕ ਜੀ ਦੀ ਸਿੱਖਿਆ ਨੂੰ ਪਿੱਠ ਵਿਖਾਉਂਣ ਵਾਲਾ ਪੁੱਤਰ ਸੀ। ਤੁਸੀਂ ਪੁਜਾਰੀ, ਲੋਕਾਂ ਨੂੰ ਫਾਲਤੂ ਦੀਆਂ ਬੇਫਕੂਫੀ ਭਰੀਆਂ ਕਹਾਣੀਆਂ ਸੁਣਾ ਕੇ ਮੂਰਖ ਬਣਾਦੇ ਰਹਿੰਦੇ ਹੋ। ਚਮਤਕਾਰਾਂ ਦੇ ਚੱਕਰ ਵਿਚ ਤਾਂ ਬਾਬਾ ਨਾਨਕ ਜੀ ਦੇ ਘਰ ਢਾਡੀ (ਪ੍ਰਚਾਰਕ) ਅਖਵਾਉਂਣ ਵਾਲੇ ਤੁਹਾਡੇ ਵਰਗੇ ਨੀਮ ਪੁਜਾਰੀ ਬਣ ਗਏ, ਜਿਹੜੇ ਨਸਲ ਪੱਖੋਂ ਮਨੁੱਖ ਹਨ, ਫੇਰ ਕੁਤਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਬਾਬਾ ਨਾਨਕ ਜੀ ਮਨੁੱਖਾਂ ਨੂੰ ਸਹੀ ਰਾਹ ਪਾਉਣ ਨਿਕਲੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਸਭ ਤੋਂ ਵੱਧ ਭਟਕਣਾ ਵਿਚ ਇਹ ਜਾਨਵਰ (ਮਨੁੱਖ) ਹੀ ਹੈ।

(2) ਖਬਰ: ਧੱਲੇਕੇ ਜਾਣ ਦੀ ਕੋਸ਼ਿਸ਼ ਵਿਚ ਦਾਦੂਵਾਲ ਗ੍ਰਿਫਤਾਰ
ਟਿੱਪਣੀ:- ਜਦੋਂ ਵੀ ਬਾਦਲ ਸਰਕਾਰ ਰਹੀ ਹੈ, ਡੇਰੇਦਾਰਾਂ ਨੂੰ ਸ਼ਹਿ ਦੇਂਦੇ ਹੋਏ, ਉਨ੍ਹਾਂ ਦਾ ਭਾੰਡਾ ਭੰਨਣ ਵਾਲੇ ਜਾਂ ਵਿਰੌਧ ਕਰਨ ਵਾਲੇ ਨੂੰ ਪ੍ਰੇਸ਼ਾਨ ਹੀ ਕੀਤਾ ਜਾਂਦਾ ਰਿਹਾ ਹੈ। ਡੇਰੇਦਾਰ ਬਾਦਲ ਸਰਕਾਰ ਦੀ ਖੁੱਲੀ ਸ਼ਹਿ ਦਾ ਆਨੰਦ ਮਾਣਦੇ ਰਹੇ ਹਨ। 1978 ਦੇ ਨਿਰੰਕਾਰੀ ਕਾਂਡ ਵੇਲੇ ਵੀ ਇਹੀ ਹਾਲਾਤ ਸਨ। ਹੁਣ ਵੀ ਬਾਦਲ ਸਰਕਾਰ ਦੀ ਪਹੁੰਚ ਐਸੀ ਹੀ ਹੈ। ਐਸੀ ਅਖੌਤੀ ਪੰਤਕ ਸਰਕਾਰ ਨਾਲੋਂ ਤਾਂ ਗੈਰ-ਪੰਥਕ ਸਰਕਾਰਾਂ ਕਈ ਦਰਜੇ ਚੰਗੀਆਂ ਹਨ।

(3) ਖਬਰ: ਪਾਣੀ ਦੀ ਹਰ ਬੂੰਦ ਦਾ ਰਾਸ਼ਟਰੀਕਰਨ ਹੋਣਾ ਚਾਹੀਦਾ ਹੈ : ਹੁੱਡਾ
ਟਿੱਪਣੀ:- ਇਹ ਸੁਝਾਅ ਬਹੁਤ ਵਧੀਆ ਹੈ, ਪਰ ਰਾਸ਼ਟਰੀਕਰਨ ਸਿਰਫ ਪਾਣੀ ਦਾ ਹੀ ਨਹੀਂ ਹੋਣਾ ਚਾਹੀਦਾ ਬਲਕਿ ਕੋਲੇ ਤੋਂ ਲੈ ਕੇ ਹਰ ਵਸਤੂ ਦਾ ਹੋਣਾ ਚਾਹੀਦਾ ਹੈ, ਜੋ ਕੁਦਰਤ ਵੱਲੋਂ ਮੁਹਈਆ ਕੀਤੀ ਗਈ ਹੈ।

(4) ਖਬਰ: ਇਕ ਸਿੱਖ ਬਣਿਆ ਸਿੰਗਾਪੁਰ ਦੀ ਫੌਜ ਦਾ ਮੁੱਖੀ
ਟਿੱਪਣੀ:- ਇਹ ਖਬਰ ਪੜ੍ਹ ਕੇ ਹਰ ਸਿੱਖ ਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਹੋਵੇਗਾ ਅਤੇ ਨਾਲੋ-ਨਾਲ ਹੀ ਉਹ ਖੁਸ਼ੀ ਅਤੇ ਮਾਣ ਮੱਠਾ ਪੈ ਗਿਆ ਹੋਵੇਗਾ। ਇਸ ਦਾ ਕਾਰਨ ਖਬਰ ਨਾਲ ਲੱਗੀ ਉਸ ‘ਸਿੱਖ’ ਦੀ ਤਸਵੀਰ ਹੈ। ਇਹ ਤਸਵੀਰ ਇਕ ਕਲੀਨ ਸ਼ੇਵ ਦੀ ਹੈ। ਐਸੇ ਕੇਸਾਂ ਅਤੇ ਦਸਤਾਰ ਨੂੰ ਤਿਲਾਂਜਲੀ ਦੇਣ ਵਾਲੇ ਨੂੰ ‘ਸਿੱਖ’ ਸਮਝਣ ਅਤੇ ਮਾਣ ਕਰਨ ਵਿਚ ਵੀ ਸੰਕੋਚ ਹੋਣ ਲੱਗ ਪੈਂਦਾ ਹੈ।  ਉੱਚ ਪਦਵੀਆਂ ’ਤੇ ਪਹੁੰਚਣ ਵਾਲੇ ਸਿੱਖਾਂ ਵਿਚ ਸਰੂਪ ਅਤੇ ਸਿਧਾਂਤ ਪ੍ਰਤੀ ਇਹ ਅਣਗਹਿਲੀ ਚਿੰਤਾ ਦਾ ਵਿਸ਼ਾ ਹੈ। ਕੀ ਕੌਮ ਅਤੇ ਉਹ ਇਸ ਪਾਸੇ ਧਿਆਨ ਦੇਣ ਦੀ ਖੇਚੱਲ ਕਰਨਗੇ?

(5) ਖਬਰ: ਜੇ ਮੇਰੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ ਸਾਰਿਆਂ ਦੇ ਭੇਦ ਖੋਲ ਦਿਆਂਗਾ: ਨੰਦਗੜ੍
ਟਿੱਪਣੀ:- ਨੰਦਗੜ੍ਹ ਜੀ! ਇਸ ਵਿਚ ਕੋਈ ਸ਼ੱਕ ਨਹੀਂ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਲਿਆ ਗਿਆ ਤੁਹਾਡਾ ਸਟੈਂਡ ਸ਼ਲਾਘਾਯੋਗ ਹੈ ਪਰ ਸੱਚ (ਭੇਦ) ਪੇਸ਼ ਕਰਨ ਲਈ ਸਪਸ਼ਟੀਕਰਨ ਮੰਗੇ ਜਾਣ ਦਾ ਇੰਤਜ਼ਾਰ ਕਿਉਂ ? ਕੀ ਇਹ ਧਮਕੀ ਬਲੈਕ ਮੇਲ ਵਾਲੀ ਭਾਵਨਾ ਨਹੀਂ ਦਰਸਾ ਰਹੀ ? ਜੇ ਤੁਹਾਡੇ ਵਲੋਂ ਪੇਸ਼ ਕੀਤੇ ਜਾਣ ਵਾਲੇ ਭੇਦਾਂ ਨਾਲ ਪੰਥ ਦਾ ਕੁਝ ਭਲਾ ਹੋ ਸਕਦਾ ਹੈ ਤਾਂ ਭੇਦ ਖੋਲਣ ਵਿਚ ਦੇਰੀ ਕਿਉਂ?

(6) ਖਬਰ: ਅਕਾਲ ਤਖ਼ਤ ਦੀ ਬਰਾਬਰੀ ਕਰਨ ਵਾਲੇ ਨੂੰ ਮੂੰਹ ਨਾ ਲਾਇਆ ਜਾਵੇ: ਮਕੜ
ਟਿੱਪਣੀ:- ਮਕੜ ਜੀ! ਕਿਹੜਾ ਅਕਾਲ ਤਖ਼ਤ ? ਅਕਾਲ ਤਖ਼ਤ ਤਾਂ ਇਕ ਫਲਸਫੇ ਦਾ ਲਿਖਾਇਕ ਹੈ। ਪਰ ਜਿਸ ‘ਅਕਾਲ ਤਖ਼ਤ’ ਦੀ ਤੁਸੀਂ ਦੁਹਾਈ ਦੇ ਰਹੇ ਹੋ, ਉਸ ਨੂੰ ਤਾਂ ਪੁਜਾਰੀਆਂ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ਹੇਠ ਕੀਤਾ ਹੋਇਆ ਹੈ। ਤੁਹਾਡੇ ਵਰਗਿਆਂ ਨੇ ਉਸ ‘ਤਖ਼ਤ’ ਨੂੰ ਗੁਲਾਮ ਜ਼ਹਿਨੀਅਤ ਕਾਰਨ ਭ੍ਰਿਸ਼ਟ ਹਾਕਮਾਂ ਦਾ ਗੌਲਾ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਹਾਕਮਾਂ ਦੇ ਦਿਸ਼ਾ-ਨਿਰਦੇਸ਼ ’ਤੇ ਇਹ ਤਖ਼ਤ ਪੰਥ ਵਿਰੋਧੀ ਤਾਕਤਾਂ ਦੀਆਂ ਸ਼ਾਜਿਸ਼ਾਂ ਲਾਗੂ ਕਰਵਾ ਰਿਹਾ ਹੈ। ਮੂਲ ਨਾਨਕਸ਼ਾਹੀ ਕੈਲੰਡਰ ਛਪਵਾ ਕੇ ਵੰਡ ਰਹੀਆਂ ਸੰਸਥਾਵਾਂ ਅਕਾਲ ਤਖ਼ਤ ਦੀ ਬਰਾਬਰੀ ਨਹੀਂ ਕਰ ਰਹੀਆਂ ਬਲਕਿ ਇਸ ਦੀ ਵਿਲੱਖਣ ਅਤੇ ਅਜ਼ਾਦ ਪ੍ਰਭੂ ਸਤਾ ’ਤੇ ਪਹਿਰਾ ਦਿੰਦੇ ਹੋਏ, ਇਸ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਯਤਨ ਕਰ ਰਹੀਆਂ ਹਨ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top