Share on Facebook

Main News Page

ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ, ਬੀ.ਸੀ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਕੀਰਤਨ

ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ, ਬੀ.ਸੀ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ

ਆਸਾ ਮਹਲਾ ੫ ॥ ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥ ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥ ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥ ਵਜਹੁ ਸਾਹਿਬ ਕਾ ਸੇਵ ਬਿਰਾਨੀ ॥ ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥ ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥ ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥ ਕਹੁ ਨਾਨਕ ਪ੍ਰਭ ਦੀਨ ਦਇਆਲਾ ॥ ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥ {ਪੰਨਾ 376}

ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਝੂਠੀਆਂ ਕਹਾਣੀਆਂ ਦੇ ਝਗੜੇ 'ਚ ਪੈ ਰਹੇ ਹਾਂ। "ਰਾਰਿ" ਦਾ ਮਤਲਬ ਹੁੰਦਾ ਹੈ "ਝਗੜਾ"। ਅਸੀਂ ਗੁਰਬਾਣੀ ਨੂੰ ਛੱਡ ਹੋਰ ਹੋਰ ਝਗੜਿਆਂ 'ਚ ਫਸੀ ਤੁਰੀ ਜਾ ਰਹੇ ਹਾਂ। ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਲੱੜ ਲਾਇਆ, ਪਰ ਅਸੀਂ ਗੁਰਬਾਣੀ ਨੂੰ ਛੱਡ ਹੋਰ ਗ੍ਰੰਥਾਂ ਨੂੰ ਗੁਰੂ ਦੇ ਬਰਾਬਰ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਉਨ੍ਹਾਂ ਨੇ ਸਿੱਖਾਂ ਨੂੰ ਦ੍ਰਿੜਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਿੱਖ ਅਖੌਤੀ ਜਥੇਦਾਰਾਂ ਦੇ ਹੁਕਮਨਾਮੇ ਨੁੰ ਜ਼ਿਆਦਾ ਤਰਜੀਹ ਦਿੰਦਾ ਹੈ, ਬਜਾਏ ਕਿ ਗੁਰੂ ਦੇ ਹੁਕਮਨਾਮੇ ਦੇ। ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਸ਼ਬਦ ਗੁਰੂ ਦੇ ਸਿੱਖ ਹਾਂ... ਇਹ ਕਿਓਂ।

ਉਨ੍ਹਾਂ ਉਦਾਹਰਣ ਦਿੰਦਿਆਂ ਹੋਇਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤਾਂ ਸਾਡੇ ਕਾਰ ਵਿਹਾਰ ਵੀ ਨਹੀਂ ਹੋ ਸਕਦੇ। ਜਿਸ ਤਰ੍ਹਾਂ ਜੇ ਕਿਸੇ ਸਿੱਖ ਨੇ ਆਨੰਦ ਕਾਰਜ ਕਰਵਾਉਣਾ ਹੋਵੇ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਉਹ ਸੰਭਵ ਹੈ, ਕਿਸੇ ਦੂਸਰੇ ਗ੍ਰੰਥ ਨਾਲ ਨਹੀਂ। ਦੂਸਰਾ ਗ੍ਰੰਥ Divorse ਤਾਂ ਕਰਾ ਸਕਦਾ ਹੈ, ਵਿਆਹ ਨਹੀਂ।

ਪ੍ਰੋ. ਦਰਸ਼ਨ ਸਿੰਘ ਤੋਂ ਪਹਿਲਾਂ ਕੀਰਤਨ ਕਰ ਰਹੇ ਰਾਗੀ ਜਥੇ ਨੇ ਜੋ ਕਿ "ਗੁਰ ਸਿਮਰ ਮਨਾਈ ਕਾਲਕਾ" ਪੜ੍ਹ ਰਹੇ ਸਨ, ਉਨ੍ਹਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ, ਭਲਿਓ, ਪਛਾਣੋ ਅਸੀਂ ਕੀ ਪੜ੍ਹ ਰਹੇ ਹਾਂ। ਗੁਰੂ ਨੇ ਸਾਨੂੰ ਅਕਾਲ ਦੀ ਅਰਾਧਨਾ ਵਲ ਪ੍ਰੇਰਿਆ, ਪਰ ਇਹ ਪੰਕਿਤੀਆਂ ਜੋ ਕਿ ਗੁਰਬਾਣੀ ਨਹੀਂ, ਨਾ ਹੀ ਭਾਈ ਗੁਰਦਾਸ ਜੀ ਦੀ ਰਚਨਾ ਹੈ, ਸਿੱਖ ਨੂੰ ਕਾਲਕਾ ਦੀ ਅਰਾਧਨਾ ਕਰਨ ਨੂੰ ਪ੍ਰੇਰਦੀਆਂ ਹਨ। ਭਾਈ ਗੁਰਦਾਸ ਨੇ 40 ਵਾਰਾਂ/ਕਬਿੱਤ ਰਚੇ, ਪਰ ਸ਼ਰਾਰਤ ਅਧੀਨ ਕਿਸੇ ਨੇ ਭਾਈ ਗੁਰਦਾਸ ਸਿੰਘ ਨਾ ਦੇ ਕਿਸੇ ਕਵੀ ਦੀਆਂ ਇਹ ਰਚਨਾ 41 ਵੀਂ ਵਾਰ ਦੇ ਨਾਂ ਹੇਠ ਸਿੱਖੀ ਦੇ ਵਿਹੜੇ 'ਚ ਸੁੱਟ ਦਿੱਤੀਆਂ, ਜੋ ਕਿ ਸਰਾਸਰ ਗੁਰਮਤਿ ਦੇ ਅਨੁਕੂਲ ਨਹੀਂ।

ਉਨ੍ਹਾਂ ਨੇ ਸਿੱਖਾਂ ਨੂੰ ਸਾਰੇ ਪਾਸਿਓਂ ਹੋ ਰਹੇ ਹਮਲਿਆਂ ਤੋਂ ਸੁਚੇਤ ਹੋਕੇ, ਦ੍ਰਿੜਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਨ ਅਤੇ ਗੁਰੂ ਦੀਆਂ ਖੁਸ਼ੀਆਂ ਮਾਨਣ ਲਈ ਆਖਿਆ।

16 ਅਪ੍ਰੈਲ ਨੂੰ ਵੀ ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ, ਬੀ.ਸੀ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਸ਼ਾਮ 06:30 ਵਜੇ ਵੈਨਕੂਵਰ ਟਾਈਮ ਮੁਤਾਬਿਕ, ਇਸ ਗੁਰਦੁਆਰੇ 'ਚ ਕੀਰਤਨ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top