Share on Facebook

Main News Page

ਨਿਸ਼ਾਨ ਸਾਹਿਬ ਦੇ ਪੋਲ ਨੂੰ ਕੱਚੀ ਲੱਸੀ ਨਾਲ ਧੋਣਾ, ਇਹ ਸਫਾਈ ਕਰਨਾ ਹੈ ਜਾਂ ਪਵਿੱਤਰ ਕਰਨਾ?

ਸਿੱਖ ਦੇ ਜੀਵਨ ਵਿੱਚ ਸਭ ਤੋਂ ਵੱਧ ਕੀਤੀ ਜਾਣ ਵਾਲੀ ਧਾਰਮਿਕ ਪ੍ਰਕਿਰਿਆ ਅਰਦਾਸ ਹੈ ਅਤੇ ਅਰਦਾਸ ਵਿੱਚ ਕੋਈ ਵੀ ਬੇਲੋੜੀ ਮੰਗ ਨਹੀਂ ਹੈ, ਜੋ ਪ੍ਰਕਿਰਤੀ ਦੇ ਅਨੁਕੂਲ ਨਾ ਹੋਵੇ। ਅਰਦਾਸ ਵਿੱਚ ਇੱਕ ਅਹਿਮ ਮੰਗ ਕੁੱਝ ਇਸ ਤਰਾਂ ਹੈ: ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਗੱਲ ਤਾਂ ਹੋਈ ਉਹਨਾਂ ਗੁਰਦੁਆਰਿਆਂ ਦੀ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ। ਪਰ ਜਿਹੜੇ ਗੁਰਦੁਆਰੇ ਪੰਥ ਤੋਂ ਵਿਛੋੜੇ ਨਹੀਂ ਹੋਏ, ਉਹਨਾਂ ਦਾ ਪ੍ਰਬੰਧ ਕਿਸ ਕੋਲ ਹੋਣਾ ਚਾਹੀਦਾ ਹੈ? ਇਹ ਸਵਾਲ ਵਿਚਾਰ ਦੀ ਮੰਗ ਕਰਦਾ ਹੈ।

ਸਿੱਖ ਦੀ ਨਿਤਾ ਪ੍ਰਤੀ ਅਰਦਾਸ ਦਾ ਪੰਥ ਪ੍ਰਵਾਨਤ ਨਮੂਨਾ ਸਿੱਖ ਰਹਿਤ ਮਰਯਾਦਾ ਵਿੱਚ ਦਰਜ਼ ਹੈ, ਤਾਂ ਕਿ ਹਰ ਥਾਂਹ ਅਤੇ ਹਰ ਵਲੋਂ ਅਰਦਾਸ ਕਰਨ ਵਿੱਚ ਵਖਰੇਵਾਂ ਨਾ ਆਵੇ ਜਾਂ ਭਿਨਤਾ ਨਾ ਹੋਵੇ। ਹੋਰ ਤਾਂ ਹੋਰ ਸਿੱਖ ਰਹਿਤ ਮਰਯਾਦਾ ਵਿੱਚ ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਵੀ ਲਿਖੀ ਹੋਈ ਹੈ, ਤਾਂ ਕਿ ਹਰ ਗੁਰਦੁਆਰੇ ਵਿੱਚ ਕੜਾਹ ਪ੍ਰਸ਼ਾਦ ਵੀ ਇੱਕੋ ਜਿਹਾ ਤਿਆਰ ਹੋਵੇ ਅਤੇ ਵਰਤੇ।

ਹੁਣ ਆਪਾਂ ਵਿਚਾਰ ਕਰਦੇ ਹਾਂ ਖਾਲਸਾ ਪੰਥ ਦੇ ਪ੍ਰਬੰਧ ਦੀ। ਉੱਪਰ ਲਿਖੇ ਅਸੂਲ ਅਨੁਸਾਰ ਹਰ ਇੱਕ ਪੰਥਕ ਅਦਾਰੇ ਦੇ ਪ੍ਰਬੰਧ ਦੀ ਵਿਵਸਥਾ ਪੰਥਕ ਅਕੀਦੇ ਨਾਲ ਹੀ ਹੋਣੀ ਚਾਹੀਦੀ ਹੈ ਭਾਵ ਸਿੱਖ ਰਹਿਤ ਮਰਯਾਦਾ ਮੁਤਾਬਕ। ਖਾਲਸਾ ਪੰਥ ਸਭ ਧਰਮਾਂ ਤੋਂ ਨਿਆਰਾ ਹੈ ਇਸ ਲਈ ਇਸਦੀ ਪ੍ਰਬੰਧਕ ਵਿਵਸਥਾ ਵੀ ਨਿਆਰੀ ਹੋਣੀ ਚਾਹੀਦੀ ਹੈ। ਸਿੱਖ ਆਪਣੀ ਪ੍ਰਬੰਧਕ ਵਿਵਸਥਾ ਤੋਂ ਦੂਰ ਜਾ ਕੇ ਕਦੀ ਵੀ ਪੰਥ ਦਾ ਅੰਗ ਹੋਣ ਦਾ ਹੱਕ ਨਹੀਂ ਰੱਖ ਸਕਦਾ, ਇਸ ਤਰਾਂ ਕਰਕੇ ਉਹ ਆਪਣੇ ਧਾਰਮਿਕ ਅਕੀਦੇ ਤੋਂ ਵੀ ਗਿਰ ਜਾਂਦਾ ਹੈ।

ਮਿਸਾਲ ਲੈਂਦੇ ਹਾਂ ਹੁਣੇ ਹੁਣੇ ਖਾਲਸਾ ਪੰਥ ਵਲੋਂ ਮਨਾਏ ਗਏ ਵਿਸਾਖੀ ਦੇ ਸ਼ੁਭ ਦਿਹਾੜੇ ਦੀ, ਕੁੱਝ ਇੱਕ ਗੁਰਦੁਆਰਿਆਂ ਨੂੰ ਛਡ ਕੇ ਬਹੁਤੇ ਗੁਰਦੁਆਰਿਆਂ ਨੂੰ ਅਤੇ ਨਿਸ਼ਾਨ ਸਾਹਬ ਦਾ ਚੋਲਾ ਬਦਲਣ ਵੇਲੇ ਨਿਸ਼ਾਨ ਸਾਹਬ ਦੇ ਪੋਲ ਨੂੰ ਕੱਚੀ ਲੱਸੀ ਨਾਲ ਧੋਤਾ ਗਿਆ, ਜੋ ਕਿ ਪੰਥਕ ਅਕੀਦੇ ਦੇ ਖਿਲਾਫ ਹੈ ਅਤੇ ਗੁਆਂਢੀਆਂ ਦੇ ਪਾਖੰਡ ਦੀ ਨਕਲ। ਇਹ ਤਾਂ ਇਸ ਤਰਾਂ ਕਰਨ ਵਾਲੇ ਹੀ ਦਸ ਸਕਦੇ ਹਨ ਕਿ ਇਹ ਸਫਾਈ ਕਰਨਾ ਹੈ ਜਾਂ ਪਵਿੱਤਰ ਕਰਨਾ।

ਹੁਣ ਇਥੇ ਇਹ ਪੁੱਛਣਾ ਬਣਦਾ ਹੈ ਕਿ ਅਗਰ ਇਸ ਤਰਾਂ ਕਰਨ ਵਾਲੇ ਇਸਨੂੰ ਸਫਾਈ ਜਾਂ ਪਵਿਤਰਤਾ ਮੰਨਦੇ ਹਨ ਤਾਂ, ਕੀ ਉਹ ਦਸਣਗੇ ਕਿ ਉਹਨਾਂ ਨੇ ਆਪਣੇ ਸਰੀਰ ਨੂੰ ਵੀ ਕੱਚੀ ਲੱਸੀ ਨਾਲ ਇਸ ਤਰਾਂ ਸਾਫ ਜਾਂ ਪਵਿੱਤਰ ਕੀਤਾ ਸੀ? ਅਗਰ ਕੱਚੀ ਲੱਸੀ ਨਾਲ ਇਸ਼ਨਾਨ ਨਹੀਂ ਕੀਤਾ ਤਾਂ ਕੀ ਉਹਨਾਂ ਦਾ ਸਰੀਰ ਭਿੱਟਿਆ ਹੋਇਆ ਰਹਿ ਗਿਆ? ਜਾਂ ਕੱਚੀ ਲੱਸੀ ਨਾਲ ਧੋਤਾ ਹੋਇਆ ਗੁਰੂ ਦਰਬਾਰ ਜਾਂ ਨਿਸ਼ਾਨ ਸਾਹਬ ਭਿੱਟਿਆ ਹੋਇਆ ਰਹਿ ਗਿਆ? ਇਹਨਾਂ ਦੋਨਾਂ ਵਿੱਚੋਂ ਇੱਕ ਤਰੀਕਾ, ਜਾਣੀ ਕੱਚੀ ਲੱਸੀ ਵਾਲਾ ਜਾਂ ਸਾਦੇ ਪਾਣੀ ਨਾਲ ਸਫਾਈ ਵਾਲਾ, ਤਾਂ ਗ਼ਲਤ ਹੋਵੇਗਾ ਹੀ। ਕੀ ਪ੍ਰਬੰਧਕ ਸਜਣ ਕ੍ਰਿਪਾ ਕਰਕੇ ਇਹ ਦਸਣ ਦੀ ਕ੍ਰਿਪਾਲਤਾ ਕਰਨਗੇ ਕਿ ਸਫਾਈ ਕਰਨ ਦਾ ਕਿਹੜਾ ਢੰਗ ਠੀਕ ਹੈ ਅਤੇ ਕਿਉਂ?

ਮਨਿ ਮੈਲੈ ਸਭੁ ਕਿਛੁ ਮੈਲਾ…… (੫੫੮)    ਜਾਂ ਫਿਰ     ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ …… (੪੭੦)

ਦੂਜਿਆਂ ਦੀ ਨਕਲ ਕਰਾਂਗੇ ਤਾਂ ਨਕਲਚੀ ਬਣਾਂਗੇ, ਗੁਰੂ ਕੇ ਸਿੱਖ ਨਹੀਂ।

ਕੀ ਬਿਪਰਵਾਦੀਆਂ ਦੀ ਨਕਲ ਮਾਰਨਾ ਹੀ ਸਿੱਖ ਦਾ ਮਨੋਰਥ ਰਹਿ ਗਿਆ ਹੈ? ਕੀ ਇਸ ਤਰਾਂ ਦੇ ਨਕਲਚੀ ਮਨੁੱਖ, ਖਾਲਸਾ ਤਾਂ ਬਹੁਤ ਦੂਰ ਦੀ ਗਲ ਹੈ, ਸਿੱਖ ਅਖਵਾਉਣ ਦੇ ਹੱਕਦਾਰ ਵੀ ਹਨ?

ਗੁਰਮਤਿ ਸੰਚਾਰ ਸਭਾ ਜਰਮਨੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top