Share on Facebook

Main News Page

ਜਦੋਂ ਬੰਦਾ ਗੁਰੂ ਦਾ ਗੁਲਾਮ ਬਣ ਜਾਂਦਾ ਹੈ, ਤਾਂ ਉਸ ਦੀਆਂ ਹੋਰ ਸਭ ਗੁਲਾਮੀਆਂ ਟੁੱਟ ਜਾਂਦੀਆਂ ਹਨ: ਗਿਆਨੀ ਹਰਿਭਜਨ ਸਿੰਘ

* ਜਿਹੜਾ ਵੀ ਮਨੁਖ ਸ਼ਬਦ ਗੁਰੂ ਦਾ ਗੁਲਾਮ ਬਣ ਗਿਆ ਉਹ, ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਗੁਲਾਮ ਬਣਦਾ ਹੈ, ਤੇ ਨਾ ਹੀ ਉਸ ਨੂੰ ਕਿਸੇ ਦੇਹਧਾਰੀ ਗੁਰੂ ਦੀ ਗੁਲਾਮੀ ਕਰਨ ਦੀ ਲੋੜ ਰਹਿੰਦੀ ਹੈ
* ਜਿਹੜੇ ਅਖੌਤੀ ਸੰਤ ਬਾਬੇ ਗਿਣਤੀ ਮਿਣਤੀ ਦੇ ਪਾਠਾਂ ਵਿੱਚ ਪਾ ਕੇ ਕਹਿੰਦੇ ਹਨ ਕਿ ਗੁਰਬਾਣੀ ਅਗਾਧ ਬੋਧ ਹੈ, ਇਸ ਦੇ ਅਰਥ ਸਮਝਣੇ ਮਨੁੱਖ ਦੇ ਵੱਸ ਨਹੀਂ, ਇਸ ਲਈ ਇੰਨੇ ਪਾਠ ਕਰੋ ਤਾਂ ਇਸ ਦਾ ਇਹ ਫ਼ਲ ਮਿਲੇਗਾ, ਇਸ ਤਰ੍ਹਾਂ ਕਰਕੇ ਉਹ ਸ਼ਬਦ ਗੁਰੂ ਨਾਲ ਤੋੜਨ ਦਾ ਕੰਮ ਕਰ ਰਹੇ ਹਨ ਜਿੰਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

ਬਠਿੰਡਾ, 23 ਅਪ੍ਰੈਲ (ਕਿਰਪਾਲ ਸਿੰਘ): ਜਦੋਂ ਬੰਦਾ ਗੁਰੂ ਦਾ ਗੁਲਾਮ ਬਣ ਜਾਂਦਾ ਹੈ ਤਾਂ ਉਸ ਦੀਆਂ ਹੋਰ ਸਭ ਗੁਲਾਮੀਆਂ ਟੁੱਟ ਜਾਂਦੀਆਂ ਹਨ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਤਾ ਕਲਾ ਦੇ ਵਾਈਸ ਪ੍ਰਿੰਸੀਪਲ ਗਿਆਨੀ ਹਰਿਭਜਨ ਸਿੰਘ ਨੇ ਬਠਿੰਡਾ ਸ਼ਹਿਰ ਵਿੱਚ ਕਾਲਜ ਵਲੋਂ ਚੱਲ ਰਹੇ ਲੜੀਵਾਰ ਹਫ਼ਤਾ ਭਰ ਦੇ ਪ੍ਰੋਗਰਾਮ ਦੌਰਾਨ ਅੱਜ ਸਵੇਰ ਦੇ ਸਮਾਗਮ ਵਿੱਚ ਸੱਜਨ ਸਿੰਘ ਦੇ ਗ੍ਰਹਿ ਵਿਖੇ ਕੀਰਤਨ ਕਰਦਿਆਂ ਕਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 170 ’ਤੇ ਗਉੜੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਦੇ ਉਚਾਰਨ ਕੀਤੇ ਸ਼ਬਦ ਦਾ ਕੀਰਤਨ ਕਰਦਿਆਂ ਉਨ੍ਹਾਂ ਵਿਸਥਾਰ ਸਹਿਤ ਸਮਝਾਇਆ ਕਿ ਇਸ ਸ਼ਬਦ ਦੀ ਰਹਾਉ ਦੀ ਤੁਕ ਹੈ ‘ਰਾਮ ਹਮ ਸਤਿਗੁਰ ਲਾਲੇ ਕਾਂਢੇ ॥1॥ ਰਹਾਉ ॥’ ਇਸੇ ਲਈ ਕੀਰਤਨ ਦੌਰਾਨ ਇਸ ਨੂੰ ਸਥਾਈ ਬਣਾ ਕੇ ਹਰ ਪਦੇ ਦੇ ਨਾਲ ਵਾਰ ਵਾਰ ਇਸ ਦਾ ਗਾਇਨ ਕੀਤਾ ਗਿਆ ਹੈ ਤਾਂ ਕਿ ਸਾਰੇ ਸ਼ਬਦ ਦੇ ਅਰਥ ਜੋ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹਨ, ਉਹ ਸਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਣ। ਇਸ ਰਹਾਉ ਵਾਲੀ ਤੁਕ ਦੇ ਅਰਥ ਹਨ- ਹੇ ਰਾਮ! ਮੈਂ ਗੁਰੂ ਦਾ ਗ਼ੁਲਾਮ ਅਖਵਾਉਂਦਾ ਹਾਂ।

ਗਿਆਨੀ ਹਰਿਭਜਨ ਸਿੰਘ ਨੇ ਕਿਹਾ ਕਿ ਗੁਲਾਮ ਦਾ ਅਰਥ ਹੀ ਇਹ ਹੁੰਦਾ ਹੈ ਕਿ ਉਸ ਦੀ ਆਪਣੀ ਮਰਜ਼ੀ ਨਹੀਂ ਬਲਕਿ ਹਮੇਸ਼ਾਂ ਉਸ ਦੇ ਮਾਲਕ ਦੀ ਮਰਜ਼ੀ ਚਲਦੀ ਹੈ। ਆਪਣੀ ਮਰਜ਼ੀ ਅਨੁਸਾਰ ਕੰਮ ਕੀਤਿਆਂ ਬੰਦਾ ਕਦੀ ਵੀ ਵਿਕਾਰਾਂ ’ਤੇ ਕਾਬੂ ਨਹੀਂ ਪਾ ਸਕਦਾ ਜਿਸ ਕਾਰਣ ਉਸ ਦਾ ਮਨ ਹਮੇਸ਼ਾਂ ਭੜਕਣਾਂ ਵਿੱਚ ਪਿਆ ਰਹਿੰਦਾ ਹੈ ਤੇ ਕਦੀ ਵੀ ਟਿਕਾਉ ਵਿੱਚ ਨਹੀਂ ਆ ਸਕਦਾ। ਭਾਵ ਵਿਸ਼ੇ ਵਕਾਰ ਭੋਗਦਾ ਹੋਇਆ ਬੰਦਾ ਕਾਮ, ਕਰੋਧ, ਲੋਭ ਮੋਹ, ਹੰਕਾਰ ਦਾ ਗੁਲਾਮ ਬਣਿਆ ਰਹਿੰਦਾ ਹੈ। ਪਰ ਜਦੋਂ ਹੀ ਉਹ ਸ਼ਬਦ ਗੁਰੂ ਦਾ ਗੁਲਾਮ ਬਣ ਗਿਆ ਤਾਂ ਉਹ ਆਪਣੀ ਮਰਜ਼ੀ ਨਾਲ ਇਹ ਵਕਾਰ ਨਹੀਂ ਭੋਗ ਸਕਦਾ ਤੇ ਹਮੇਸ਼ਾਂ ਗੁਰੂ ਦੀ ਮੱਤ ਅਨੁਸਾਰ ਚੱਲਣ ਦਾ ਪਾਬੰਦ ਹੋ ਜਾਂਦਾ ਹੈ। ਤਰਤੀਬਵਾਰ ਹਰ ਪਦੇ ਦੇ ਅਰਥ ਸਮਝਾਉਂਦੇ ਹੋਏ ਗਿਆਨੀ ਹਰਿਭਜਨ ਸਿੰਘ ਨੇ ਕਿਹਾ ਕਿ ਹਰ ਪਦੇ ਦੀ ਇੱਕ ਤੁਕ ਵਿੱਚ ਉਸ ਸਥਿਤੀ ਦਾ ਵਰਨਣ ਕੀਤਾ ਗਿਆ ਹੈ ਜਦੋਂ ਗੁਰੂ ਧਾਰਨ ਨਹੀਂ ਸੀ ਕੀਤਾ ਅਤੇ ਦੂਸਰੀ ਤੁਕ ਵਿੱਚ ਉਸ ਸਥਿਤੀ ਦਾ ਵਰਨਣ ਕੀਤਾ ਗਿਆ ਹੈ ਜਦੋਂ ਸ਼ਬਦ ਗੁਰੂ ਦੇ ਗਿਆਨ ਨੂੰ ਗੁਰੂ ਧਾਰਨ ਕਰਕੇ ਉਸ ਦਾ ਗੁਲਾਮ ਬਣ ਗਿਆ।

ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ, ਦਹ ਦਹ ਦਿਸਿ ਚਲਿ ਚਲਿ ਹਾਢੇ ॥’ ਇਸ ਤੁੱਕ ਵਿੱਚ ਗੁਰੂ ਧਾਰਨ ਕੀਤੇ ਜਾਣ ਤੋਂ ਪਹਿਲਾਂ ਦਾ ਵਰਨਣ ਕੀਤਾ ਹੈ ਕਿ (ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ । ਦੂਸਰੀ ਤੁਕ ਵਿੱਚ ਦੱਸਿਆ ਗਿਆ ਹੈ ‘ਗੁਰੁ ਪੂਰਾ ਪਾਇਆ ਵਡਭਾਗੀ, ਹਰਿ ਮੰਤ੍ਰੁ ਦੀਆ, ਮਨੁ ਠਾਢੇ ॥1॥’ (ਪਰ ਹੁਣ) ਵੱਡੇ ਭਾਗਾਂ ਨਾਲ (ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਉਸ ਨੇ ਪ੍ਰਭੂ (-ਨਾਮ ਸਿਮਰਨ ਦਾ) ਉਪਦੇਸ਼ ਦਿੱਤਾ ਹੈ (ਜਿਸ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਗਿਆ ਹੈ ।1।

ਇਸੇ ਤਰ੍ਹਾਂ ਦੂਸਰੇ ਪਦੇ ਵਿਚ ਸਮਝਾਇਆ ਗਿਆ ਹੈ ‘ਹਮਰੈ ਮਸਤਕਿ ਦਾਗੁ ਦਗਾਨਾ, ਹਮ ਕਰਜ ਗੁਰੂ ਬਹੁ ਸਾਢੇ ॥’ (ਗੁਰੂ ਦੇ ਉਪਕਾਰ ਦਾ ਇਹ) ਬਹੁਤ ਕਰਜ਼ਾ ਮੇਰੇ ਸਿਰ ਉਤੇ ਇਕੱਠਾ ਹੋ ਗਿਆ ਹੈ (ਇਹ ਕਰਜ਼ਾ ਉਤਰ ਨਹੀਂ ਸਕਦਾ, ਉਸ ਦੇ ਇਵਜ਼ ਵਿੱਚ ਮੈਂ ਗੁਰੂ ਦਾ ਗ਼ੁਲਾਮ ਬਣ ਗਿਆ ਹਾਂ, ਤੇ) ਮੇਰੇ ਮੱਥੇ ਉਤੇ (ਗ਼ੁਲਾਮੀ ਦਾ) ਨਿਸ਼ਾਨ ਦਾਗਿਆ ਗਿਆ ਹੈ। ‘ਪਰਉਪਕਾਰੁ ਪੁੰਨੁ ਬਹੁ ਕੀਆ, ਭਉ ਦੁਤਰੁ ਤਾਰਿ ਪਰਾਢੇ ॥2॥’ (ਪੂਰੇ ਗੁਰੂ ਨੇ ਮੇਰੇ ਉਤੇ) ਬਹੁਤ ਪਰਉਪਕਾਰ ਕੀਤਾ ਹੈ ਭਲਾਈ ਕੀਤੀ ਹੈ, ਮੈਨੂੰ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਸੀ।।2।

ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ, ਤਿਨ ਕੂਰੇ ਗਾਢਨ ਗਾਢੇ ॥’ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ ਹੁੰਦਾ (ਜੇ ਉਹ ਬਾਹਰ ਲੋਕਾਚਾਰੀ ਪਿਆਰ ਦਾ ਕੋਈ ਵਿਖਾਵਾ ਕਰਦੇ ਹਨ, ਤਾਂ) ਉਹ ਝੂਠੇ ਗੰਢ-ਤੁਪ ਹੀ ਕਰਦੇ ਹਨ। ‘ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ, ਤਿਉ ਮਨਮੁਖ ਗਰਭਿ ਗਲਾਢੇ ॥3॥’ ਜਿਵੇਂ ਪਾਣੀ ਵਿਚ (ਪਿਆ) ਕਾਗਜ਼ ਗਲ ਜਾਂਦਾ ਹੈ ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ-ਪ੍ਰੀਤਿ ਤੋਂ ਸੱਖਣੇ ਹੋਣ ਕਰਕੇ) ਜੂਨਾਂ ਦੇ ਗੇੜ ਵਿਚ (ਆਪਣੇ ਆਤਮਕ ਜੀਵਨ ਵਲੋਂ) ਗਲ ਜਾਂਦੇ ਹਨ ।3।

ਹਮ ਜਾਨਿਆ ਕਛੂ ਨ ਜਾਨਹ ਆਗੈ, ਜਿਉ ਹਰਿ ਰਾਖੈ, ਤਿਉ ਠਾਢੇ ॥’ (ਪਰ ਸਾਡੀ ਜੀਵਾਂ ਦੀ ਕੋਈ ਚਤੁਰਾਈ ਸਿਆਣਪ ਕੰਮ ਨਹੀਂ ਕਰ ਸਕਦੀ) ਨਾਹ (ਹੁਣ ਤਕ) ਅਸੀ ਜੀਵ ਕੋਈ ਚਤੁਰਾਈ-ਸਿਆਣਪ ਕਰ ਸਕੇ ਹਾਂ, ਨਾਹ ਹੀ ਅਗਾਂਹ ਨੂੰ ਹੀ ਕਰ ਸਕਾਂਗੇ । ਜਿਵੇਂ ਪਰਮਾਤਮਾ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਅਸੀਂ ਟਿਕਦੇ ਹਾਂ। ‘ਹਮ ਭੂਲ ਚੂਕ ਗੁਰ ਕਿਰਪਾ ਧਾਰਹੁ, ਜਨ ਨਾਨਕ ਕੁਤਰੇ ਕਾਢੇ ॥4॥7॥21॥59॥’ ਹੇ ਦਾਸ ਨਾਨਕ! (ਉਸ ਦੇ ਦਰ ਤੇ ਅਰਦਾਸ ਹੀ ਫਬਦੀ ਹੈ । ਅਰਦਾਸ ਕਰੋ ਤੇ ਆਖੋ) ਹੇ ਗੁਰੂ! ਸਾਡੀਆਂ ਭੁੱਲਾਂ ਚੁੱਕਾਂ (ਅਣਡਿੱਠ ਕਰ ਕੇ ਸਾਡੇ ਉਤੇ) ਮਿਹਰ ਕਰੋ, ਅਸੀਂ (ਤੁਹਾਡੇ ਦਰ ਦੇ) ਕੂਕਰ (ਕਤੂਰੇ) ਅਖਵਾਂਦੇ ਹਾਂ।

ਗਿਆਨੀ ਹਰਿਭਜਨ ਸਿੰਘ ਨੇ ਕੀਰਤਨ ਉਪ੍ਰੰਤ ਵਿਆਖਿਆ ਕਰਦਿਆਂ ਪਦਅਰਥ ਦੱਸਕੇ ਉਚਾਰਣ ਵੱਲ ਵੀ ਉਚੇਚਾ ਧਿਆਨ ਦਿਵਾਇਆ ਕਿ ‘ਕਾਂਢੇ’ ਰਹਾਉ ਦੀ ਤੁਕ ਵਿੱਚ ਬਿੰਦੀ ਸਹਿਤ ਅਤੇ ਅਖੀਰਲੀ ਤੁਕ ਵਿੱਚ ਬਿਨਾਂ ਬਿੰਦੀ ਤੋਂ ਆਇਆ ਹੈ ਪਰ ਇਸ ਦਾ ਉਚਾਰਣ ਦੋਵੇਂ ਥਾਂ ਬਿੰਦੀ ਸਹਿਤ ਹੀ ਕਰਨਾ ਹੈ ਅਤੇ ਇਸ ਦਾ ਅਰਥ ਹੈ-ਅਖਵਾਂਦੇ ਹਾਂ। ਜੇ ਬਿੰਦੀ ਤੋਂ ਬਿਨਾਂ ਉਚਾਰਣ ਕੀਤਾ ਤਾਂ ਇਸ ਦਾ ਅਰਥ ਬਣ ਜਾਵੇਗਾ ‘ਕੱਢੇ’ ਜਿਵੇਂ ਕਿ ‘ਬਾਹ ਪਕਰਿ, ਪ੍ਰਭਿ ਆਪੇ ਕਾਢੇ ॥

ਸਾਢੇ ਦਾ ਅਰਥ ਹੈ ਸਾਂਢੇ (ਸੰਢ ਲਿਆ), ਇਕੱਠਾ ਕਰ ਲਿਆ। ਇਸ ਦਾ ਉਚਾਰਣ ਨਾਸਕੀ ਹੋਵੇਗਾ। ਜੇ ਇਸ ਦਾ ਉਚਾਰਣ ਬਿਨਾਂ ਬਿੰਦੀ ਤੋਂ ਕਰ ਦਿੱਤਾ ਤਾ ਇਸ ਦਾ ਅਰਥ ਬਦਲ ਜਾਵੇਗਾ, ਜਿਵੇਂ ਕਿ- ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥’ ਤੁਕ ਵਿੱਚ ਅਰਥ ਹੈ ਸਾਢੇ ਤਿੰਨ ਤਿੰਨ ਗਜ। ਪਰ ਠਾਢੇ ਦਾ ਉਚਾਰਣ ਬਿਨਾਂ ਬਿੰਦੀ ਤੋਂ ਹੈ ਤੇ ਇਸ ਦਾ ਦਾ ਅਰਥ ਹੈ-ਖਲੋ ਗਿਆ ਹੈ। ਬਿੰਦੀ ਸਹਿਤ ‘ਠਾਂਢੇ’ ਉਚਾਰਣ ਕਰਨ ਨਾਲ ਇਸ ਦਾ ਅਰਥ ਬਣ ਜਾਵੇਗਾ ‘ਠੰਢੇ’। ਇਸੇ ਤਰ੍ਹਾਂ ਪਰਾਢੇ ਦਾ ਅਰਥ ਹੈ ਪਾਰ ਕਰ ਦਿੱਤਾ ਹੈ ਤੇ ਗਲਾਢੇ ਦਾ ਅਰਥ ਹੈ ਗਲਦੇ ਹਨ ਤੇ ਇਨ੍ਹਾਂ ਦਾ ਉਚਾਰਣ ਬਿਨਾਂ ਬਿੰਦੀ ਤੋਂ ਕਰਮਵਾਰ ‘ਪਰਾਢੇ’ ਤੇ ‘ਗਲਾਢੇ’ ਹੋਵੇਗਾ। ਪਰ ਗਾਢਨ ਗਾਢੇ ਦਾ ਨਾਸਕੀ ਉਚਾਰਣ ‘ਗਾਂਢਨ ਗਾਂਢੇ’ ਕਰਨਾ ਪਵੇਗਾ ਕਿਉਂਕਿ ਇਸ ਦਾ ਅਰਥ ਹੈ ਗੰਢ-ਤੁਪ ਕਰਨਾ, ਗੰਢਨਾ।

ਗਿਆਨੀ ਹਰਿਭਜਨ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਪਾਠ, ਅਰਥ ਭਾਵ ਨੂੰ ਵੀਚਾਰ ਕੇ ਕਰਨਾ ਹੈ ਤਾ ਕਿ ਪੜ੍ਹ ਸੁਣ ਕੇ ਗੁਰਬਾਣੀ ਦੇ ਅਰਥ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਏ ਜਾ ਸਕਣ, ਭਾਵ ਗੁਰੂ ਦੇ ਗੁਲਾਮ ਬਣ ਸਕੀਏ। ਉਨ੍ਹਾਂ ਕਿਹਾ ਕਿ ਜਿਹੜਾ ਵੀ ਮਨੁਖ ਸ਼ਬਦ ਗੁਰੂ ਦਾ ਗੁਲਾਮ ਬਣ ਗਿਆ ਉਹ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਗੁਲਾਮ ਬਣਦਾ ਹੈ ਤੇ ਨਾ ਹੀ ਉਸ ਨੂੰ ਕਿਸੇ ਦੇਹਧਾਰੀ ਗੁਰੂ ਦੀ ਗੁਲਾਮੀ ਕਰਨ ਦੀ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਖੌਤੀ ਸੰਤ ਬਾਬੇ ਗਿਣਤੀ ਮਿਣਤੀ ਦੇ ਪਾਠਾਂ ਵਿੱਚ ਪਾ ਕੇ ਕਹਿੰਦੇ ਹਨ ਕਿ ਗੁਰਬਾਣੀ ਅਗਾਧ ਬੋਧ ਹੈ, ਇਸ ਦੇ ਅਰਥ ਸਮਝਣੇ ਮਨੁੱਖ ਦੇ ਵੱਸ ਨਹੀਂ, ਇਸ ਲਈ ਇੰਨੇ ਪਾਠ ਕਰੋ ਤਾਂ ਇਸ ਦਾ ਇਹ ਫ਼ਲ ਮਿਲੇਗਾ, ਇਸ ਤਰ੍ਹਾਂ ਕਰਕੇ ਉਹ ਸ਼ਬਦ ਗੁਰੂ ਨਾਲ ਤੋੜਨ ਦਾ ਕੰਮ ਕਰ ਰਹੇ ਹਨ ਜਿੰਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top