Share on Facebook

Main News Page

ਝੂਠ ਸਿਰਫ ਪੁਜਾਰੀ ਹੀ ਨਹੀਂ ਬੋਲਦੇ, ਵਿਗਿਆਨੀ ਤੇ ਰਾਜਨੀਤਕ ਲੋਗ ਵੀ ਬੋਲਦੇ ਹਨ: ਭਾਈ ਪੰਥਪ੍ਰੀਤ ਸਿੰਘ

* ਨਾਨਕਸ਼ਾਹੀ ਕੈਲੰਡਰ ਦਾ ਕਤਲ ਹੈ, ਤੇ ਇਸ ਦਾ ਕਤਲ ਕਰਨ ਵਾਲਿਆਂ ਦਾ ਇਤਿਹਾਸ ਵਿੱਚ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ

ਬਠਿੰਡਾ, 1 ਮਈ (ਕਿਰਪਾਲ ਸਿੰਘ): ਝੂਠ ਸਿਰਫ ਪੁਜਾਰੀ ਹੀ ਨਹੀਂ ਬੋਲਦੇ ਵਿਗਿਆਨੀ ਤੇ ਰਾਜਨੀਤਕ ਲੋਗ ਵੀ ਬੋਲਦੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਆਸਾ ਰਾਗ ਵਿੱਚ ਪੰਨਾ ਨੰ: 486 ’ਤੇ ਦਰਜ਼ ਭਗਤ ਨਾਮਦੇਵ ਜੀ ਦੇ ਸ਼ਬਦ ’ਪਾਰਬ੍ਰਹਮੁ ਜਿ ਚੀਨ੍‍ਸੀ, ਆਸਾ ਤੇ ਨ ਭਾਵਸੀ ॥ ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥1॥’ ਦੀ ਕਥਾ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਕਹੇ। ਉਨ੍ਹਾਂ ਕਿਹਾ ਸ਼ਬਦ ਦੇ ਇਸ ਪਹਿਲੇ ਪਦੇ ਵਿੱਚ ਭਗਤ ਜੀ ਦੱਸ ਰਹੇ ਹਨ ਕਿ ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ। ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ।1।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਹੜੇ ਲੋਕਾਂ ਨੇ ਪ੍ਰਮਾਤਮਾ ਨਾਲ ਜਾਣ ਪਛਾਣ ਨਹੀਂ ਪਾਈ, ਉਸ ਦਾ ਸਿਮਰਨ ਨਹੀਂ ਕੀਤਾ, ਪਰ ਵਿਖਾਵੇ ਮਾਤਰ ਭਗਤੀ ਕਰਦੇ ਹਨ, ਉਨ੍ਹਾਂ ਦਾ ਮਨ ਕਦੀ ਵੀ ਦੁਨਿਆਵੀ ਆਸਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ, ਸਗੋਂ ਇਛਾਵਾਂ ਦਿਨੋਂ ਦਿਨ ਵਧਦੀਆਂ ਹੀ ਰਹਿੰਦੀਆਂ ਹਨ, ਤੇ ਇਹ ਦੁਨਿਆਵੀ ਇਛਾਵਾਂ ਪੂਰੀਆਂ ਕਰਨ ਲਈ ਉਹ ਝੂਠ ਤੇ ਪਖੰਡ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਕਿਹਾ ਇਹ ਨਹੀਂ ਕਿ ਝੂਠ ਸਿਰਫ ਪੁਜਾਰੀ ਹੀ ਬੋਲਦੇ ਹਨੇ ਸਗੋਂ ਪ੍ਰਮਾਤਮਾਂ ਨੂੰ ਭੁੱਲ ਬੈਠੇ ਤੇ ਮਾਇਆ ਜਾਲ ਵਿੱਚ ਫਸ ਕੇ ਹੋਰ ਪੜ੍ਹੇ ਲਿਖੇ ਇਥੋਂ ਤੱਕ ਕਿ ਵਿਗਿਆਨੀ ਵੀ ਵੱਡੇ ਵੱਡੇ ਝੂਠ ਬੋਲਦੇ ਹਨ।

ਅੱਖਾਂ ਦੇ ਮਾਹਰ ਡਾ: ਦਲਜੀਤ ਸਿੰਘ ਦੀ ਪੁਸਤਕ ਦਾ ਹਵਾਲਾ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਇਹ ਭੇਦ ਖੋਲ੍ਹਿਆ, ਕਿ ਇੱਕ ਮੈਡੀਕਲ ਵਿਗਿਆਨੀ ਨੇ ਇਹ ਝੂਠ ਬੋਲ ਕੇ ਅਤੇ ਵੱਡੇ ਪੱਧਰ ’ਤੇ ਪ੍ਰਚਾਰ ਕਰ ਕੇ ਲੋਕਾਂ ਵਿੱਚ ਇਹ ਭਰਮ ਤੇ ਡਰ ਪੈਦਾ ਕਰ ਦਿੱਤਾ, ਕਿ ਏਡਜ਼ ਦੀ ਬੀਮਾਰੀ ਐੱਚ.ਆਈ.ਵੀ ਵਾਇਰਸ ਰਾਹੀਂ ਫੈਲਦੀ ਹੈ। ਉਸ ਪੁਸਤਕ ਵਿੱਚ ਲਿਖਿਆ ਹੈ, ਅਸਲ ਵਿੱਚ ਜਿਸ ਵਿਅਕਤੀ ਦੇ ਖੁੂਨ ਦਾ ਟੈਸਟ ਰਜ਼ੱਲਟ ਐੱਚ.ਆਈ.ਵੀ ਪੋਜੀਟਿਵ ਆ ਜਾਵੇ ਉਸ ਨੂੰ ਏਡਜ਼ ਦੀ ਬੀਮਾਰੀ ਨਹੀਂ ਹੈ, ਸਗੋਂ ਉਸ ਦਾ ਮਤਲਬ ਹੈ ਕਿ ਉਸ ਦੇ ਸਰੀਰ ਵਿੱਚ ਇਸ ਬੀਮਾਰੀ ਨਾਲ ਲੜਨ ਦੀ ਸਮਰੱਥਾ ਹੈ। ਪੋਜ਼ੀਟਿਵ ਰਜ਼ੱਲਟ ਆਉਣ ਪਿਛੋਂ ਜਿਹੜੀਆਂ ਦੁਆਈਆਂ ਏਡਜ਼ ਦੀ ਬੀਮਾਰੀ ਦੀ ਰੋਕਥਾਮ ਲਈ ਦਿੱਤੀਆਂ ਜਾਂਦੀਆਂ ਹਨ, ਉਹ ਸਗੋਂ ਉਸ ਸਰੀਰ ਵਿੱਚ ਇਸ ਬੀਮਾਰੀ ਨਾਲ ਲੜਨ ਦੀ ਸਮਰਥਾ ਖਤਮ ਕਰ ਦਿੰਦੀਆਂ ਹਨ। ਲੋਕਾਂ ਦੇ ਇਸ ਡਰ ਨੂੰ ਦੂਰ ਕਰਨ ਲਈ ਇੱਕ ਹੋਰ ਵਿਗਿਆਨੀ ਜਿਸਦਾ ਅਸਲੀ ਨਾਮ ਭਾਈ ਸਾਹਿਬ ਮੌਕੇ ਤੇ ਯਾਦ ਨਾ ਕਰ ਸਕੇ, ਨੇ ਐੱਚ.ਆਈ.ਵੀ ਵਾਇਰਸ ਦਾ ਟੀਕਾ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਲਾ ਕੇ ਵਿਖਾਇਆ ਕਿ ਇਸ ਨਾਲ ਏਡਜ਼ ਨਹੀਂ ਹੋਈ।

ਉਸ ਵਿਗਿਆਨੀ ਅਨੁਸਾਰ ਏਡਜ਼ ਦੀ ਬੀਮਾਰੀ ਦਾ ਸਭ ਤੋਂ ਵੱਡਾ ਕਾਰਣ ਨਸ਼ੇ ਹਨ, ਕਿਉਂਕਿ ਨਸ਼ੇ ਸਰੀਰ ਵਿੱਚੋਂ ਬੀਮਾਰੀ ਨਾਲ ਲੜਨ ਦੀ ਸਮਰੱਥਾ ਖਤਮ ਕਰ ਦਿੰਦੇ ਹਨ। ਦੂਸਰਾ ਕਾਰਣ ਸਮਲਿੰਗਤਾ ਅਤੇ ਨਜ਼ਾਇਜ਼ ਸਬੰਧ ਵੀ ਹੋ ਸਕਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਝੂਠ ਰਾਹੀਂ ਇਹ ਭਰਮ ਪੈਦਾ ਕਰਨ ਦਾ ਮੁਖ ਕਾਰਣ ਇਹ ਸੀ ਕਿ ਐੱਚਆਈਵੀ ਟੈਸਟ ਅਤੇ ਦੁਆਈਆਂ ਵਿੱਚੋਂ ਕਮਿਸ਼ਨ ਦੇ ਤੌਰ ’ਤੇ ਵੱਡਾ ਹਿੱਸਾ ਉਸ ਵਿਗਿਆਨੀ ਨੂੰ ਜਾਂਦਾ ਸੀ। ਇਸੇ ਤਰ੍ਹਾਂ ਪਿਛੇ ਜਿਹੇ ਸਵਾਈਨ ਫਲੂ ਦੇ ਖਤਰੇ ਨੂੰ ਵੱਡੇ ਪੱਧਰ ’ਤੇ ਵਧਾ ਚੜ੍ਹਾ ਕੇ ਪ੍ਰਚਾਰਿਆ ਗਿਆ, ਕਿ ਲੱਖਾਂ ਲੋਕ ਇਸ ਬੀਮਾਰੀ ਨਾਲ ਮਰ ਜਾਣਗੇ ਅਤੇ ਦੁਆਈਆਂ ਦੀ ਇਤਨੀ ਘਾਟ ਹੋ ਜਾਵੇਗੀ ਕਿ ਇਹ ਮਿਲਣੀਆਂ ਹੀ ਨਹੀਂ, ਇਸ ਲਈ ਇਨ੍ਹਾਂ ਦੁਆਈਆਂ ਦਾ ਵੱਡੇ ਪੱਧਰ ’ਤੇ ਸਟਾਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰਚਾਰ ਪਿੱਛੇ ਵੀ ਦੁਆਈਆਂ ਵੇਚ ਕੇ ਪੈਸੇ ਕਮਾਉਣ ਦੀ ਹੀ ਦੁਰਭਾਵਨਾ ਸੀ।

ਰਾਜਨੀਤਕ ਆਗੂਆਂ ਦੇ ਝੂਠ ਦੀ ਗੱਲ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਉਦਾਹਰਣ ਦਿੱਤੀ ਕਿ ਜਿਹੜੇ ਨਾਸਤਕਾਂ ਦੇ ਆਪਣੇ ਪੱਲੇ ਕੱਖ ਨਹੀਂ ਸੀ, ਉਨ੍ਹਾਂ ਅਜੇਹਾ ਜਾਲ ਬੁਣ ਕੇ ਭਗਤ ਸਿੰਘ ਨੂੰ ਨਾਸਤਕ ਦੱਸ ਕੇ ਉਸ ਤੇ ਆਪਣੀ ਮੋਹਰ ਲਾ ਲਈ। ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਤੇ ਸਿਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਇਸ ਝੂਠ ਦਾ ਪਰਦਾ ਫ਼ਾਸ਼ ਕਰਦੀਆਂ ਹਨ। ਜੇਲ੍ਹ ਚਿੱਠੀਆਂ ਅਤੇ ਸਾਚੀ ਸਾਖੀ ਪੁਸਤਕ ਲਿਖਣ ਪਿਛੋਂ ਭਾਈ ਰਣਧੀਰ ਸਿੰਘ ਤੇ ਸਿਰਦਾਰ ਕਪੂਰ ਸਿੰਘ ਲੰਬਾ ਸਮਾ ਜਿਉਂਦੇ ਰਹੇ ਸਨ। ਉਨ੍ਹਾਂ ਦੀਆਂ ਲਿਖਤਾਂ ਨੂੰ ਉਸ ਸਮੇਂ ਤੱਕ ਕਿਸੇ ਨੇ ਵੀ ਚੁਣੌਤੀ ਨਹੀਂ ਦਿੱਤੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਨ੍ਹਾਂ ਵਲੋਂ ਇਹ ਲਿਖੇ ਜਾਣਾ ਬਿਲਕੁਲ ਸੱਚ ਹੈ, ਕਿ ਜੇਲ੍ਹ ਵਿੱਚ ਭਾਈ ਰਣਧੀਰ ਸਿੰਘ ਨਾਲ ਸੰਪਰਕ ਵਿੱਚ ਆਉਣ ਪਿਛੋਂ ਭਗਤ ਸਿੰਘ ਨਾਸਤਕ ਤੋਂ ਆਸਤਕ ਬਣ ਗਿਆ ਸੀ, ਅਤੇ ਉਸ ਨੇ ਕੇਸ ਰੱਖ ਲਏ ਸਨ ਤੇ ਸਿੱਖ ਧਰਮ ਧਾਰਨ ਕਰ ਲਿਆ ਸੀ। ਇਸ ਦੀ ਗਵਾਹੀ ਇੱਕ ਜੇਲ੍ਹ ਹੋਲਦਾਰ ਨੇ ਵੀ ਦਿੱਤੀ ਹੈ, ਕਿ ਫਾਂਸੀ ਦੇਣ ਸਮੇਂ ਭਗਤ ਸਿੰਘ ਦੇ 6-6 ਇੰਚ ਲੰਬੇ ਕੇਸ ਸਨ। ਉਸ ਸਮੇ ਦੇ ਸਰਕਾਰੀ ਰੀਕਾਰਡ ਵਿੱਚ ਇਹ ਦਰਜ਼ ਹੈ, ਕਿ ਭਗਤ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਉਸ ਦਾ ਸੰਸਕਾਰ ਸਿੱਖ ਮਰਿਆਦਾ ਅਨੁਸਾਰ ਕੀਤਾ ਗਿਆ ਸੀ। ਸੋ ਇਹ ਦੋ ਸਰਕਾਰੀ ਗਵਾਹੀਆਂ ਅਨੁਸਾਰ ਵੀ ਭਗਤ ਸਿੰਘ ਅਖੀਰਲੇ ਸਮੇ ’ਤੇ ਸਿੱਖ ਬਣ ਗਿਆ ਸੀ, ਪਰ ਜਿਨ੍ਹਾਂ ਨੇ ਉਸ ਦੁਆਲੇ ਝੂਠ ਦਾ ਤਾਣਾ ਬਾਣਾ ਤਣਿਆ ਸੀ ਉਹ ਇਸ ਸੱਚ ਨੂੰ ਅੱਜ ਤੱਕ ਮੰਨਣ ਲਈ ਤਿਆਰ ਨਹੀਂ।

ਦੂਸਰਾ ਸੱਚ ਇਹ ਹੈ ਕਿ ਮਸਜ਼ਿਦਾਂ ਵਿੱਚ ਬੰਬ ਧਮਾਕੇ ਹਿੰਦੂ ਕੱਟੜਵਾਦੀਆਂ ਨੇ ਕੀਤੇ, ਮਰਨ ਵਾਲੇ ਮੁਸਲਮਾਨ ਸਨ। ਪਰ ਝੂਠ ਇਹ ਫੈਲਾਇਆ ਜਾ ਰਿਹਾ ਸੀ, ਕਿ ਇਹ ਧਮਾਕੇ ਮੁਸਲਿਮ ਅਤਿਵਾਦੀਆਂ ਨੇ ਕੀਤੇ ਤੇ ਇਸ ਝੂਠੇ ਦੋਸ਼ ਦੇ ਆਸਰੇ ਫੜੇ ਵੀ ਮੁਸਲਮਾਨ ਹੀ ਜਾਂਦੇ ਰਹੇ। ਇਹ ਈਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਦੀ ਹੀ ਹਿੰਮਤ ਸੀ, ਜਿਸ ਨੇ ਇਸ ਝੂਠ ਤੋਂ ਪਰਦਾ ਉਠਾਇਆ। ਸ਼੍ਰੀ ਕਰਕਰੇ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਦੇਣੀ ਪਈ। ਇਸ ਦਾ ਕੁਝ ਕੁਝ ਸੱਚ ਸਾਬਕਾ ਕੇਂਦਰੀ ਮੰਤਰੀ ਏ ਆਰ ਅੰਤੁਲੇ ਨੇ ਬੋਲਣ ਦੀ ਕੋਸ਼ਿਸ਼ ਕੀਤੀ, ਪਰ ਰਾਜਨੀਤਕ ਦਬਾਅ ਕਾਰਣ ਉਸ ਨੂ ਫਿਰ ਚੁੱਪ ਰਹਿਣ ਲਈ ਮਜ਼ਬੂਰ ਕਰ ਦਿੱਤਾ। ਕੁਝ ਸੱਚ ਦਿਗਵਿਜੇ ਸਿੰਘ ਨੇ ਵੀ ਬੋਲਿਆ। ਇਕ ਸੇਵਾ ਮੁਕਤ ਆਈ.ਜੀ.ਪੀ ਨੇ ਪੁਸਤਕ ਲਿਖੀ ’ਹੂ ਕਿਲਡ ਮਿਸਟਰ ਕਰਕਰੇ’ ਕਰਕਰੇ ਨੂੰ ਕਿਸ ਨੇ ਮਾਰਿਆ। ਪਰ ਪੂਰਾ ਸੱਚ ਹਾਲੀ ਬਾਹਰ ਆਉਣਾ ਹੈ ਤੇ ਇਸ ਸੱਚ ਨੂੰ ਬਾਹਰ ਆਉਣ ਤੋਂ ਰਾਜਨੀਤਕ ਦਬਾਅ ਨਾਲ ਰੋਕਿਆ ਜਾ ਰਿਹਾ ਹੈ।

ਤੀਸਰੀ ਉਦਾਹਰਣ ਉਨ੍ਹਾਂ ਚਿੱਠੀ ਸਿੰਘਪੁਰਾ ਵਿੱਚ 36 ਸਿੱਖਾਂ ਦੇ ਕਤਲ ਕੀਤੇ ਜਾਣ ਅਤੇ ਪਿਛੋਂ ਉਨ੍ਹਾਂ ਕਤਲਾਂ ਦੇ ਦੋਸ਼ ਅਧੀਨ 5 ਮੁਸਲਮਾਨਾਂ ਨੂੰ ਅਤਿਵਾਦੀ ਦੱਸ ਕੇ ਮਾਰ ਦੇਣ ਦੀ ਹੈ। ਇਸ ਝੂਠ ਤੋਂ ਪਰਦਾ ਵੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਇੱਕ ਪੁਸਤਕ ਵਿੱਚ ਕਰ ਦਿੱਤਾ ਹੈ, ਕਿ ਉਨ੍ਹਾਂ ਦੇ ਭਾਰਤ ਦੇ ਦੌਰੇ ਦੌਰਾਨ ਏਜੰਸੀਆਂ ਨੇ 36 ਸਿੱਖਾਂ ਦਾ ਕਤਲ ਕੀਤਾ ਅਤੇ ਲਿਖਿਆ ਕਿ ਜੇ ਉਹ ਜੰਮੂ ਕਸ਼ਮੀਰ ਦੇ ਦੌਰੇ ’ਤੇ ਜਾਣ ਦਾ ਐਲਾਨ ਨਾ ਕਰਦੇ ਤਾਂ ਇਨ੍ਹਾਂ ਸਿੱਖਾਂ ਦਾ ਕਤਲ ਨਾ ਹੁੰਦਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤਕ ਦਬਾਅ ਕਾਰਣ ਇਸ ਦਾ ਪੂਰਾ ਸੱਚ ਵੀ ਬਾਹਰ ਆਉਣ ਤੋਂ ਰੁਕਿਆ ਹੈ, ਕਿ ਉਹ ਏਜੰਸੀਆਂ ਤੇ ਅਸਲ ਦੋਸ਼ੀ ਵਿਅਕਤੀ ਕਿਹੜੇ ਹਨ? ਪਿਛਲੇ ਸਾਲ ਗੁਰਦੁਆਰਾ ਰਕਾਬ ਗੰਜ਼ ਦਿੱਲੀ ਦੀ ਸਟੇਜ਼ ’ਤੇ ਥੋਹੜਾ ਸੱਚ ਫਰੂਕ ਅਬਦੁੱਲਾ ਨੇ ਵੀ ਬੋਲਿਆ, ਕਿ ਸਿੱਖਾਂ ਦੇ ਕਾਤਲਾਂ ਦੀ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੰਨਾਂ ਸੁਣਦਿਆਂ ਸਾਰ ਕੁਝ ਸਿੱਖਾਂ ਨੇ ਜੈਕਾਰੇ ਵੀ ਛੱਡੇ, ਹਾਲਾਂਕਿ ਜੈਕਾਰੇ ਛੱਡਣ ਦੀ ਕੋਈ ਤੁਕ ਹੀ ਨਹੀਂ ਬਣਦੀ ਕਿਉਂਕਿ ਜੈਕਾਰੇ ਸਿਰਫ ਉਸ ਸਮੇਂ ਹੀ ਛੱਡੇ ਜਾਣੇ ਚਾਹੀਦੇ ਸਨ ਜਿਸ ਸਮੇ ਕਾਤਲਾਂ ਦੀ ਪਛਾਣ ਹੋ ਜਾਂਦੀ ਤੇ ਉਨ੍ਹਾਂ ਨੂੰ ਸਜਾ ਮਿਲ ਜਾਂਦੀ।

ਸਿੱਖਾਂ ਨੂੰ ਉਸ ਸਮੇਂ ਪੁੱਛਣਾ ਇਹ ਚਾਹੀਦਾ ਸੀ ਕਿ ਫਰੂਕ ਅਬਦੁੱਲਾ ਜੀ! ਤੁਸੀਂ ਇਸ ਸਮੇਂ ਕੇਂਦਰ ਵਿੱਚ ਮੰਤਰੀ ਹੋ, ਤੁਹਾਡਾ ਪੁੱਤਰ ਉਮਰ ਅਬਦੁੱਲਾ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਹੈ। ਜੇ ਤੁਸੀਂ ਮੰਨਦੇ ਹੋ ਕਿ ਕਾਤਲਾਂ ਦੀ ਪਛਾਣ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਕਰਨੀ ਚਾਹੀਦੀ ਹੈ। ਜੇ ਹੁਣ ਵੀ ਤੁਸੀਂ ਪਛਾਣ ਨਹੀਂ ਕਰ ਸਕਦੇ ਤਾਂ ਹੋਰ ਕਦੋਂ ਕਰੋਗੇ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਹੋਰ ਬਹੁਤੇਰੇ ਝੂਠ ਬੋਲੇ ਜਾਂਦੇ ਹਨ ਜਿਨ੍ਹਾਂ ਦੇ ਸੱਚ ਨੂੰ ਰਾਜਨੀਤਕ ਦਬਾਅ ਕਾਰਣ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਇਸ ਦੁਨੀਆਂ ਵਿੱਚ ਵਾਪਰ ਰਹੇ ਸੱਚ ਝੂਠ ਦਾ ਨਿਤਾਰਾ ਨਹੀਂ ਕਰ ਸਕਦਾ, ਉਹ ਪ੍ਰਮਾਤਮਾ ਦੇ ਪਰਮ ਸੱਚ ਤੱਕ ਪਹੁੰਚਣ ਦਾ ਦਾਅਵਾ ਕਿਵੇਂ ਕਰ ਸਕਦਾ ਹੈ? ਸੱਚ ਬੋਲਣਾ ਆਸਾਨ ਨਹੀਂ, ਹਰ ਵਿਅਕਤੀ ਸੱਚ ਬੋਲਣ ਦੀ ਜੁੱਰਤ ਨਹੀਂ ਕਰ ਸਕਦਾ। ਇਹ ਗੁਰੂ ਨਾਨਕ ਹੀ ਸਨ ਜੋ ਸੱਚ ਦਾ ਹੋਕਾ ਦੇ ਸਕਦੇ ਸਨ, ਤੇ ਉਨ੍ਹਾਂ ਪਹਿਲਾ ਸੱਚ ਸ਼ਮਸ਼ਾਨ ਭੂਮੀ ਵਿੱਚੋਂ ਬੋਲਿਆ, ਜਿਹੜਾ ਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਸੱਚ ਬੋਲਣ ਵਾਲਾ ਮੌਤ ਕਬੂਲ ਕਰਕੇ ਹੀ ਸੱਚ ਬੋਲ ਸਕਦਾ ਹੈ। ਇਸ ਸੱਚ ’ਤੇ ਪਹਿਰਾ ਦੇਣ ਕਾਰਣ ਹੀ 6ਵੇਂ ਤੇ ਨੌਵੇਂ ਗੁਰੂ ਨੂ ਸ਼ਹੀਦੀਆਂ ਦੇਣੀਆਂ ਪਈਆਂ ਦਸਵੇਂ ਗੁਰੂ ਨੇ ਸਰਬੰਸ ਵਾਰਿਆ ਤੇ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੇ ਇੱਕ ਹੋਰ ਝੂਠ ਬੋਲ ਰਹੇ ਹਨ ਕਿ ਇਸ ਵਿੱਚ ਸੋਧਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਇਹ ਸੋਧਾਂ ਨਹੀਂ ਬਲਕਿ ਵਿਗਾੜ ਹੈ ਕਿਉਂਕਿ ਕਿ ਇਸ ਦੀਆਂ ਸੰਗਰਾਂਦਾ ਤਾਂ ਬਿਕਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਤੇ ਕੁਝ ਗੁਰਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਕਰ ਦਿੱਤੇ ਤੇ ਬਾਕੀ ਦੇ ਨਾਨਕਸ਼ਾਹੀ ਕੈਲੰਡਰ ਵਿੱਚ ਨਿਸਚਿਤ ਕੀਤੀਆਂ ਤਰੀਖਾਂ ਅਨੁਸਾਰ ਜਿਹੜੇ ਕਿ ਸੰਗਰਾਂਦਾਂ ਬਦਲਣ ਸਦਕਾ ਸਾਰੇ ਹੀ ਅੱਗੇ ਪਿੱਛੇ ਹੋ ਗਏ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ ਸੁਦੀ 7 ਤਾਂ ਰੱਖ ਲਿਆ, ਪਰ ਪੋਹ ਸੁਦੀ 7 ਕਦੋਂ ਆਵੇਗੀ ਇਹ ਪੰਡਿਤਾਂ ਵਲੋਂ ਤਿਆਰ ਕੀਤੀ ਯੰਤਰੀ ਤੋਂ ਪਤਾ ਲੱਗੇਗਾ। ਇਸ ਦਾ ਮਤਲਬ ਇਹ ਹੋਇਆ ਕਿ ਜੇ ਕਦੀ ਪੰਡਿਤ ਆਪਣੀ ਯੰਤਰੀ ਨਾ ਬਣਾਉਣ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਸਕੇਗਾ ਕਿ ਗੁਰਪੁਰਬ ਕਿਸ ਦਿਨ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੇ ਮਹਾਤਮਾ ਗਾਂਧੀ ਦਾ ਜਨਮ ਦਿਨ ਹਰ ਸਾਲ 2 ਅਕਤੂਬਰ, ਅਜਾਦੀ ਦਿਨ ਹਰ ਸਾਲ 15 ਅਗੱਸਤ ਨੂੰ ਮਨਾਈ ਜਾਂਦੀ ਹੈ, ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਜੇ ਮਨਾਉਂਦੇ ਹਾਂ ਤਾਂ ਉਹ ਵੀ ਹਰ ਸਾਲ ਇੱਕ ਹੀ ਨਿਸਚਿਤ ਤਰੀਖ ਨੂੰ ਮਨਾਏ ਜਾਂਦੇ ਹਨ, ਤਾਂ ਗੁਰਪੁਰਬ ਹਰ ਸਾਲ 365 ਦਿਨਾਂ ਪਿੱਛੋਂ ਇੱਕ ਨਿਸਚਤ ਤਰੀਖ ਨੂੰ ਕਿਉਂ ਨਹੀਂ ਮਨਾ ਸਕਦੇ? ਇਸ ਸਾਲ ਗੁਰਪੁਰਬ 11 ਜਨਵਰੀ ਨੂੰ ਮਨਾਇਆ ਹੈ ਇਸੇ ਸਾਲ 31 ਦਸੰਬਰ ਨੂੰ ਫਿਰ ਮਨਾਇਆ ਜਾਵੇਗਾ ਤੇ 2012 ਵਿੱਚ ਇਹ ਬਿਲਕੁਲ ਨਾਹੀਂ ਆਵੇਗਾ। ਇਸ ਲਈ ਇਹ ਸੋਧਾਂ ਨਹੀਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੈ ਤੇ ਇਸ ਦਾ ਕਤਲ ਕਰਨ ਵਾਲਿਆਂ ਦਾ ਇਤਿਹਾਸ ਵਿੱਚ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਉਨ੍ਹਾਂ ਕਿਹਾ ਜਿਹੜੇ ਅਕਾਲ ਤਖ਼ਤ ਦਾ ਨਾਮ ਲੈ ਕੇ ਕਹਿੰਦੇ ਹਨ, ਇਸ ਨੂੰ ਮੰਨਣਾ ਚਾਹੀਦਾ ਹੈ ਉਹ ਖ਼ੁਦ ਦੱਸਣ ਕਿ 2003 ਤੋਂ ਲੈ ਕੇ 2010 ਤੱਕ ਅਕਾਲ ਤਖ਼ਤ ਤੋਂ ਜਾਰੀ ਹੋਇਆ ਕੈਲੰਡਰ ਉਨ੍ਹਾਂ ਕਿਉਂ ਨਹੀਂ ਮੰਨਿਆ। ਅਕਾਲ ਤਖ਼ਤ ਦੀ ਮਰਿਆਦਾ ਹੁਣ ਤੱਕ ਕਿਉਂ ਨਹੀਂ ਮੰਨ ਰਹੇ? ਐਸੇ ਝੂਠ ਬੋਲਣ ਵਾਲਿਆਂ ਨੂੰ ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ, ’ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ॥ ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥1॥ ਰਹਾਉ ॥’ ਵਿੱਚ ਕਿਹਾ ਗਿਆ ਹੈ:- ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ। ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ ।1।ਰਹਾਉ।

’ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ ॥ ਸੰਤਹ ਕੈ ਪਰਸਾਦਿ, ਨਾਮਾ ਹਰਿ ਭੇਟੁਲਾ ॥2॥5॥’ ਮੈਨੂੰ ਨਾਮੇ ਨੂੰ (ਭਾਵੇਂ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ; ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ ।2।5।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸੁਆਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਵਲ ਜਾਈਏ ਤਾਂ ਇਹ ਘਾੜਤ ਆਖਦੀ ਹੈ ਕਿ ਪਿਉ ਕਿਤੇ ਕੰਮ ਗਿਆ, ਪਿਛੋਂ ਨਾਮਦੇਵ ਨੇ ਠਾਕੁਰਾਂ ਨੂੰ ਦੁੱਧ ਪਿਲਾ ਲਿਆ, ਤਾਂ ਇਸ ਤਰ੍ਹਾਂ ਨਾਮਦੇਵ ਨੂੰ ਰੱਬ ਮਿਲ ਪਿਆ। ਪਰ ਨਾਮਦੇਵ ਜੀ ਆਪ ਇਹ ਆਖਦੇ ਹਨ ਕਿ ਮੈਨੂੰ ਨਾਮੇ ਨੂੰ “ਸੰਤਹ ਕੈ ਪਰਸਾਦਿ ਹਰਿ ਭੇਟੁਲਾ”, ਕਿਉਂਕਿ ਮੈਨੂੰ “ਗੁਰ ਉਪਦੇਸੁ ਭੈਲਾ”। ਸਾਡੇ ਸ਼ਹਿਨਸ਼ਾਹ ਗੁਰੂ ਰਾਮਦਾਸ ਜੀ ਭੀ ਹਾਮੀ ਭਰਦੇ ਹਨ ਕਿ “ਹਰਿ ਜਪਤਿਆ ਉਤਮ ਪਦਵੀ ਪਾਇ” । ਕੌਣ ਕੌਣ? “ਰਵਿਦਾਸ ਚਮਾਰ ਉਸਤਤਿ ਕਰੈ, ਹਰਿ ਕੀਰਤਿ ਨਿਮਖ ਇਕ ਗਾਇ” ਅਤੇ “ਨਾਮਦੇਇ ਪ੍ਰਤਿ ਲਗੀ ਹਰਿ ਸੇਤੀ” {ਸੂਹੀ ਮਹਲਾ 4} ਉਨ੍ਹਾਂ ਕਿਹਾ ਕੀ ਇਹ ਸਭ ਕੁਝ ਨਿਰਾ ਪੜ੍ਹਨ ਲਈ ਹੀ ਹੈ? ਕੀ ਇਸ ਉੱਤੇ ਅਸਾਂ ਇਤਬਾਰ ਨਹੀਂ ਕਰਨਾ? ਸੰਭਲ ਕੇ ਵਿਚਾਰੋ ਕਿ ਜਿਸ ਦੇ ਸਦੀਆਂ ਦੇ ਬਣੇ ਧਾਰਮਿਕ ਰਸੂਖ਼ ਅਤੇ ਮੁਫ਼ਤ ਦੀ ਰੋਟੀ ਦੇ ਵਸੀਲੇ ਉੱਤੇ ਨਾਮਦੇਵ ਕਬੀਰ, ਰਵਿਦਾਸ ਵਰਗੇ ਸੂਰਮੇ ਮਰਦਾਂ ਨੇ ਕਰਾਰੀ ਚੋਟ ਮਾਰੀ, ਉਸ ਨੇ ਇਹ ਚੋਟ ਲੰਮੇ ਪੈ ਕੇ ਹੀ ਨਹੀਂ ਸਹਾਰਨੀ ਸੀ, ਉਸ ਨੇ ਭੀ ਆਪਣਾ ਵਾਰ ਕਰਨਾ ਹੀ ਸੀ ਤੇ ਆਪਣਾ ਰਸੂਖ਼ ਮੁੜ ਬਨਾਣਾ ਸੀ। ਤਾਹੀਏਂ ਇਹ ਸਾਰੇ ਭਗਤ ਠਾਕੁਰਾਂ ਦੇ ਪੁਜਾਰੀ ਤੇ ਬ੍ਰਾਹਮਣ ਦੇਵਤਿਆਂ ਦੇ ਚੇਲੇ ਬਣਾ ਦਿੱਤੇ ਗਏ। ਪਰ ਅਸੀਂ ਇਨ੍ਹਾਂ ਘੜੀਆਂ ਹੋਈਆਂ ਸਾਖੀਆਂ ’ਤੇ ਵਿਸ਼ਵਾਸ਼ ਨਹੀਂ ਕਰਨਾ ਬਲਕਿ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਸੰਵਾਰਨਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top