Share on Facebook

Main News Page

ਪ੍ਰਕਾਸ਼ ਸਿੰਘ ਬਾਦਲ ਵਲੋਂ ਗੁਰਦੁਆਰਾ ਚੋਣਾਂ ਨੂੰ ਪੰਜਾਬ ਤੇ ਪੰਜਾਬੀਆਂ ਦੇ ਧਰਮ ਨਾਲ ਜੁੜਿਆ ਕਰਾਰ: ਮਨਜੀਤ ਸਿੰਘ ਕਲਕੱਤਾ

ਅੰਮ੍ਰਿਤਸਰ 2 ਮਈ : ਪ੍ਰਕਾਸ਼ ਸਿੰਘ ਬਾਦਲ ਵਲੋਂ ਗੁਰਦੁਆਰਾ ਚੋਣਾਂ ਨੂੰ ਪੰਜਾਬ ਤੇ ਪੰਜਾਬੀਆਂ ਦੇ ਧਰਮ ਨਾਲ ਜੁੜਿਆ ਕਰਾਰ ਦੇਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ਵਵਿਆਪੀ ਹੋਂਦ ਅਤੇ ਸਿੱਖ ਕੌਮ ਦੀ ਅਜਾਦ ਹਸਤੀ ਨੂੰ ਖਤਮ ਕਰਨ ਦੀ ਸਾਜਿਸ਼ ਹੈ, ਜਿਸਦਾ ਮੁਕਾਬਲਾ ਕਰਨ ਲਈ ਹਰ ਪੰਥ ਦਰਦੀ ਨੂੰ ਅੱਗੇ ਆਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਜਦੋਂ ਸਿੱਖਾਂ ਦੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਅਨਗਿਣਤ ਕਰੁਬਾਨੀਆਂ ਉਪਰੰਤ ਸਿੱਖ ਗੁਰਦੁਆਰਾ ਐਕਟ 1925 ਹੋਂਦ ਵਿਚ ਆਇਆ ਸੀ ਉਸ ਵੇਲੇ ਪੰਜਾਬ ਵਿਚ ਬਹੁ ਗਿਣਤੀ ਵਸੋਂ ਮੁਸਲਮਾਨਾ ਦੀ ਸੀ, ਮੁਸਲਮਾਨ ਨਾ ਤਾਂ ਗੁਰਦੁਆਰੇ ਜਾਂਦੇ ਸਨ ਤੇ, ਨਾ ਹੀ ਉਨ੍ਹਾਂ ਦੀ ਸਿੱਖ ਧਰਮ ਵਿਚ ਆਸਥਾ ਸੀ । ਸ੍ਰ ਕਲਕੱਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਧੀਨ ਗੁਰਧਾਮਾਂ ਦੇ ਪ੍ਰਬੰਧ ਲਈ ਫਿਰ ਭੀ ਅੰਮ੍ਰਿਤਧਾਰੀ ਸਿੱਖਾਂ ਦੀ ਚੋਣ ਕੀਤੇ ਜਾਣ ਦਾ ਵਿਧਾਨ ਨਿਸ਼ਚਤ ਕੀਤਾ ਗਿਆ ।

ਸ੍ਰ ਕਲਕੱਤਾ ਨੇ ਕਿਹਾ ਕਿ ਇਹ ਤਾਂ ਮੁਖ ਮੰਤਰੀ ਵੀ ਜਾਣਦੇ ਹਨ ਕਿ ਦੇਸ਼ ਵੰਡ ਸਮੇਂ ਤੇ ਬਾਅਦ ਵਿਚ ਜੋ ਇਕਰਾਰ ਨਹਿਰੂ, ਗਾਂਧੀ ਨੇ ਕੀਤੇ ਉਹ ਪੰਜਾਬੀਆਂ ਨਾਲ ਨਹੀ ਸਿੱਖਾਂ ਨਾਲ ਕੀਤੇ ਸਨ, ਲੇਕਿਨ ਬੀਤੇ ਕੁਝ ਸਾਲਾਂ ਤੋਂ ਸ੍ਰ ਬਾਦਲ ਦੀ ਪਾਰਟੀ ਖੁਦ ਸੱਤਾ ਸੁਖ ਖਾਤਿਰ ਅਤੇ ਆਰ ਐਸ ਐਸ ਦੀ ਸ਼ਹਿ ਤੇ ਪੰਥਕ ਲਬਾਦਾ ਤਿਆਗ ਸਿੱਖ ਮਸਲਿਆਂ ਨੂੰ ਪੰਜਾਬ ਮਸਲੇ ਵਜੋਂ ਪੇਸ਼ ਕਰ ਰਹੀ ਹੈ ਜੋ ਕਿ ਸਿੱਖ ਕੌਮ ਲਈ ਘਾਤਕ ਹੈ। ਸ੍ਰ ਕਲਕੱਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੱਖ ਵੱਖ ਪੰਥਕ ਧਿਰਾਂ ਸਾਬਤ ਸੂਰਤ ਸਿੱਖਾਂ ਦੀਆਂ ਵੋਟਾਂ ਬਣਾਏ ਜਾਣਾ ਯਕੀਨੀ ਬਨਾਉਣ ਦੀ ਗਲ ਕਰ ਰਹੀਆਂ ਹਨ ,ਬਾਦਲ ਚੁਪ ਰਹੇ ਕਿਉਂਕਿ ਉਸਦੀ ਪਾਰਟੀ ਗੈਰ ਸਿੱਖਾਂ ਦੀਆਂ ਬਣਾਈਆਂ ਜਾਅਲੀ ਵੋਟਾਂ ਆਪਣੇ ਹੱਕ ਵਿਚ ਭੁਗਤਾਣ ਦੇ ਰੌਂਅ ਵਿਚ ਹੈ ।

ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਦਾਇਰਾ ਵਧਾਣ ਲਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਬੰਧਕੀ ਕਮੇਟੀ ਤਖਤ ਸ੍ਰੀ ਹਜੂਰ ਸਾਹਿਬ, ਪਟਨਾ ਸਾਹਿਬ, ਨਾਨਕਮਤਾ, ਗੁ:ਬੜਾ ਸਿੱਖ ਸੰਗਤ ਕਲਕੱਤਾ ਵਿਚ ਇਸਦੇ ਮੈਂਬਰ ਨਾਮਜਦ ਕੀਤੇ ਜਾਦੇ ਹਨ । ਕਮੇਟੀ ਖੁਦ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਕਮੇਟੀ ਹੋਣ ਦੇ ਦਾਅਵੇ ਕਰਦੀ ਹੈ, ਲੇਕਿਨ ਸ੍ਰ ਬਾਦਲ ਇਸਨੂੰ ਪੰਜਾਬ ਤੀਕ ਹੀ ਸੀਮਤ ਰੱਖਣਾ ਚਾਹੁੰਦੇ ਹਨ।ਉਨ੍ਹਾ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਚੋਣਾਂ ਨਾਲ ਕੇਵਲ ਪੰਜਾਬ ਤੇ ਪੰਜਾਬੀਆਂ ਦਾ ਧਰਮ ਜੁੜਿਆ ਹੈ, ਤਾਂ ਇਸ ਵਿਚ ਹਿਮਾਚਲ, ਹਰਿਆਣਾ, ਚੰਡੀਗੜ ਦੇ ਮੈਂਬਰ ਕੀ ਕਰ ਰਹੇ ਹਨ ? ਉਨ੍ਹਾ ਕਿਹਾ ਕਿ ਸ੍ਰ ਬਾਦਲ ਸਿੱਖ ਕੌਮ ਦਾ ਪੰਥਕ ਸਰੂਪ ਵੀ ਇਸ ਪਾਸੋਂਖੋਹਣ ਲਈ ਸਾਜਿਸ਼ਾਂ ਕਰ ਰਹੇ ਹਨ ,ਜਿਨ੍ਹਾਂ ਨੂੰ ਰੋਕਣ ਲਈ ਹਰ ਪੰਥ ਦਰਦੀ ਨੂੰ ਅੱਗੇ ਆਉਣਾ ਪਵੇਗਾ ।

ਜਾਰੀ ਕਰਤਾ: ਨਰਿੰਦਰ ਪਾਲ ਸਿੰਘ :98553 13236


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top