Share on Facebook

Main News Page

ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ ਮਨਮੱਤ ਨਹੀਂ ਹੈ

ਗੁਰੂ ਨਾਨਕ ਸਾਹਿਬ ਨੇ ਪੁਜਾਰੀ ਸ਼੍ਰੇਣੀ ਦਾ ਮੁੱਢ ਤੋਂ ਵਿਰੋਧ ਕੀਤਾ ਅਤੇ ਰੱਬ ਦੇ ਨਾਮ ਤੇ ਅੰਨੀ ਸ਼ਰਧਾ ਦਾ ਪ੍ਰਚਾਰ ਕਰਨ ਵਾਲੀ ਇਸ ਸ਼੍ਰੇਣੀ ਦੇ ਕਰਮਕਾਂਢਾਂ ਨੂੰ ਭੰਡਿਆ ਅਤੇ ਨਾਕਾਰਿਆ । ਪਰ ਅੱਜ ਉਹੀ ਪੁਜਾਰੀ ਸ਼੍ਰੇਣੀ ਸਿੱਖਾਂ ਵਾਲਾ ਭੇਖ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਤੇ ਸਿਧਾਂਤਾਂ ਦੀ ਬਲੀ ਦੇਣ ਲਈ ਇੱਕ ਦਮ ਤਿਆਰ ਬਰ ਤਿਆਰ ਬੈਠੀ ਹੈ, ਪਰ ਜੇ ਕਿਧਰੇ ਸਿੱਖ ਕੌਮ ਉੱਪਰ ਕੋਈ ਬਿਪਤਾ ਦਾ ਸਮਾਂ ਆ ਜਾਵੇ ਜਾਂ ਫਿਰ ਕਿਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡ ਰਹੀ ਹੋਵੇ ਤਾਂ ਇਹ ਸ਼੍ਰੇਣੀ ਜੋ ਆਪਣੇ ਆਪ ਨੂੰ ਸਰਵਉੱਚ ਵੀ ਮੰਨਦੀ ਹੈ, ਪਰ ਉਸ ਵਿਰੁੱਧ ਕੋਈ ਵੀ ਫੈਂਸਲਾਂ ਲੈਣ ਦੇ ਅਸਮੱਰਥ ਦਿਖਾਈ ਦਿੰਦੀ ਹੈ ਅਤੇ ਝੂਠਾ ਇੰਤਜ਼ਾਰ ਕਰਦੀ ਹੈ ਕਿ ਕਦ ਕੋਈ ਲਿਖਤੀ ਸ਼ਿਕਾਇਤ ਕਰੇ ਤਾਂ ‘ਜਲਦੀ ਹੀ ਇਸ ਮਾਮਲੇ ‘ਚ ਕਾਰਵਾਈ ਕਰਾਂਗੇ” ਕਹਿ ਕੇ ਚਿੰਤਾ ਮੁਕਤ ਹੋ ਜਾਵੇ ਅਤੇ ਜਿਹੜੀ ਕਸਰ ਵਿਰੋਧੀ ਧਿਰ ਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡਾਉਣ ਵਿੱਚ ਰਹਿਣ ਦਿੱਤੀ ਹੋਵੇ, ਉਸਨੂੰ ਪੂਰਾ ਕਰਨ ਵਿੱਚ ਜੁੱਟ ਜਾਂਦੀ ਹੈ।

ਭਾਵੇਂ ਕਿ ਗਿਆਨਹੀਣ ਵਿਅਕਤੀ ਅੱਜ ਵੀ ਇਹਨਾਂ ਨੂੰ ‘ਸਿੰਘ ਸਾਹਿਬ, ਜਥੇਦਾਰ’ ਆਦਿਕ ਅਲਫਾਜ਼ਾਂ ਨਾਲ ਸੰਬੋਧਿਨ ਹੁੰਦੇ ਹਨ, ਪਰ ਉਹ ਜਾਂ ਤਾਂ ਝੂਠੀ ਖੁਸ਼ਾਮਦੀ ਕਰਦੇ ਹਨ ਜਾਂ ਫਿਰ ਅਨਜਾਨਤਾ ਵੱਸ ਇਹ ਸੱਭ ਕਰ ਰਹੇ ਹਨ । ਪਰ ਗੁਰੂ ਨਾਨਕ ਦੇ ਘਰ ਤੋਂ ਨਾਕਾਰੀ ਹੋਈ ਸਿੱਖੀ ਭੇਸ ਵਿੱਚ ਵਿਚਰ ਰਹੀ ਇਹ ਪੁਜਾਰੀ ਸ਼੍ਰੇਣੀ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਬੇਕਦਰੀ ਕਰਦੀ ਹੈ ਇਸ ਬਾਰੇ ਜਾਗਰੂਕ ਧਿਰਾਂ ਅਤੇ ਸਿੱਖ ਚਿੰਤਕਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ, ਪਰ ਸੰਖੇਪ ਵਿੱਚ ਦਸੱ ਦੇਵਾਂ ਤਾਂ ਇਹ ਸ਼੍ਰੇਣੀ ਬਾਬੇ ਨਾਨਾਕ ਦੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦੀ ਹੈ, ਇਹ ਬ੍ਰਹਾਮਣੀ ਵਾਦੀ ਤਿਥੀ ਵਾਰਾਂ ਨੂੰ ਮਾਨਤਾ ਦਿੰਦਿਆਂ ਮੱਸਿਆ, ਸੰਗਰਾਂਦਾਂ ਵਿੱਚ ਵਿਸ਼ਵਾਸ਼ ਕਰਦੀ ਹੈ, ਇਹ ਕੌਮ ਨੂੰ ਗੁੰਮਰਾਹ ਕਰਕੇ ਆਪਣੇ ਹਾਕਮਾਂ ਦੇ ਹੁਕਮਾਂ ਨੂੰ ਹੀ ਅਕਾਲ ਪੁਰਖ ਦਾ ਹੁਕਮ ਮੰਨਦੀ ਹੈ, ਇਹ ਲੱਚਰ ਗ੍ਰੰਥਾਂ ਨੂੰ ਸ਼ਬਦ ਗੁਰੂ ਦੇ ਬਰਾਬਰ ਪ੍ਰਕਾਸ਼ ਕਰਨ ਲਈ ਨਿੱਤ ਛੋਟੇ ਅਤੇ ਵੱਡੇ ਪੱਧਰ ਤੇ ਲੁਕਵੇਂ ਜਾਂ ਸਿੱਧੇ ਰੂਪ ਵਿੱਚ ਉਪਰਾਲੇ ਕਰਦੀ ਰਹਿੰਦੀ ਹੈ, ਇਹ ਗਲਤ ਅਤੇ ਗੁਰੂ ਸਾਹਿਬ ਦੇ ਵਿਰੁੱਧ ਸਿੱਖ ਇਤਿਹਾਸ ਛਾਪਣ ਵਾਲੀ ਸ੍ਰੋਮਣੀ ਕਮੇਟੀ ਦੀ ਤਾਬਿਆਦਾਰੀ ਕਰਦੀ ਹੈ ਪਰ ਇਸ ਦੇ ਉਲੱਟ ਉਸਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ ਨੂੰ ਪੰਥ ਵਿੱਚੋਂ ਛੇਕ ਦਿੰਦੀ ਹੈ, ਇਹ ਅਕਾਲ ਤਖ਼ਤ ਸਾਹਿਬ ਨਾਲੋਂ ਆਪਣੇ ਨਿੱਜੀ ਦਖ਼ਤਰ / ਸਕੱਤਰ ਨੂੰ ਮਹਾਨ ਸਮਝਦੀ ਹੈ, ਕਰਦੀ ਤਾਂ ਹੋਰ ਵੀ ਬੜਾ ਕੁੱਝ ਹੈ ਅਤੇ ਸਾਰੇ ਦਾ ਸਾਰਾ ਹੀ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ, ਪਰ ਇਹ ਸੰਖੇਪ ਜ਼ਿਕਰ ਹੀ ਕੀਤਾ ਗਿਆ ਹੈ।

ਹੁਣ ਇਸ ਨੇ ਛੋਟੇ ਛੋਟੇ ਰੂਪ ਵਿੱਚ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦਾ ਮਾਸਟਰ ਪਲਾਨ ਬਣਾਇਆ ਹੈ, ਕਿ ਪਹਿਲਾਂ ਸਿੱਖਾਂ ਵਿੱਚ ਮੂਰਤੀ ਪੂਜਾ, ਪੱਥਰ ਪੂਜਾ ਪ੍ਰਚੱਲਿਤ ਕਰਵਾਈ ਜਾਵੇ ਤਾਂ ਕਿ ਹਿੰਦੂ ਧਰਮ ਵਾਂਗ ਇਹ ਵੀ ਪੱਥਰ ਪੂਜ ਧਰਮ ਬਣ ਜਾਵੇ ਆਪ ਤਾਂ ਇਸ ਸ਼੍ਰੇਣੀ ਦਾ ਸਬੰਧ ਅਤੇ ਇਸ ਦੇ ਪੂਰਵਜ਼ ਪੱਥਰ ਸ਼੍ਰੇਣੀ ਨਾਲ ਹੀ ਹੈ । ਖਾਲਸਾ ਨਿਊਜ਼ ਵੈੱਬ ਸਾਈਟ ਅਨੁਸਾਰ ਜੋ ਨਵਾਂ ਮਸਲਾ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਕਿ ਕਿਸੇ ਅਮਨਦੀਪ ਸਿੰਘ ਗੁਰਸਿੱਖ ਵਿਅਕਤੀ ਵੱਲੋਂ ਪੁਛਿਆ ਗਿਆ ਹੈ ਕਿ, “ਕੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਗੁਰਮਤਿ ਹੈ, ਜਾਂ ਇਹ ਕੋਈ ਮਨਮੱਤ ਤਾਂ ਨਹੀਂ?

ਇਸਦਾ ਸਿੱਧਾ ਜਿਹਾ ਜਵਾਬ ਹੈ ਕਿ, ‘ਨਿਸ਼ਾਨ ਸਾਹਿਬ ਗੁਰਦੁਆਰੇ ਦੀ ਪਹਿਚਾਣ ਦਾ ਚਿੰਨ੍ਹ ਹੈ, ਇਹ ਖਾਲਸੇ ਦੇ ਰਾਜ ਦਾ ਪ੍ਰਤੀਕ ਹੈ ਜਦ ਸ. ਬਘੇਲ ਸਿੰਘ ਵਰਗੇ ਸੂਰਮਿਆਂ ਨੇ ਇਸ ਨੂੰ ਦਿੱਲੀ ਤਖ਼ਤ ਤੇ ਝੂਲਾਇਆ ਸੀ । ਪਰ ਨਹੀਂ ਸਾਡੇ ਗ੍ਰੰਥੀ ਜਾਂ ਹੈੱਡ ਗ੍ਰੰਥੀ ਸਿੰਘਾਂ ਨੂੰ ਪਤਾ ਈ ਨਹੀਂ ਕਿ ਸਿੱਖਾਂ ਦਾ ਗੁਰੂ ਕੇਵਲ ਤੇ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਿੱਖ ਦਾ ਸਤਿਕਾਰ ਹਿੱਤ ਸੀਸ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਇਹ ਤਾਂ ਕਹਿੰਦੇ ਹਨ ਟੇਕੀ ਜਾਉ ਮੱਥੇ ਨਿਸ਼ਾਨ ਸਾਹਿਬ ਨੂੰ ਤੇ ਪੂਜੀ ਜਾਵੋ ਸ਼ਸਤਰਾਂ ਨੂੰ, ਪੱਥਰਾਂ ਨੂੰ ।

ਇਸ ਵਿੱਚ ਕੋਈ ਅਤਕਥਨੀ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਜਾਂ ਪੂਜਣਾ ਮੂਰਤੀ ਪੂਜਾ ਦਾ ਹੀ ਬਦਲਵਾਂ ਰੂਪ ਹੋਵੇਗਾ। ਅਤੇ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਹੈੱਡ ਗ੍ਰੰਥੀ ਜਿਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਪਣੀ ਜਿੰਦਗੀ ਵਿੱਚ ਕੀਤਾ ਹੋਵੇਗਾ ਦਾ ਜੁਆਬ ਇਹ ਆਇਆ ਜਿਸ ਵਿੱਚ ਲਿਖਿਆ ਹੈ ਕਿ "ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਨੂੰ ਆਪਣਾ ਪੀਰ ਮੰਨਿਆ ਹੈ………. ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ ਮਨਮੱਤ ਨਹੀਂ, ਵਾਰ ਵਾਰ ਪ੍ਰਕਰਮਾ ਕਰੋ ਅਤੇ ਨਮਸਕਾਰ ਕਰੋ।" (ਪੜ੍ਹੋ ਅਕਾਲ ਤਖਤ ਦੇ ਹੈਡ ਪੁਜਾਰੀ ਗੁਰਮੁੱਖ (ਮਨਮੁੱਖ) ਸਿੰਘ ਦਾ ਨਿਸ਼ਾਨ ਸਾਹਿਬ ਪ੍ਰਤੀ ਜਵਾਬ)

ਖੈਰ! ਜੋ ਵੀ ਹੈ, ਅੱਜ ਦੀ ਤਾਰੀਖ ਵਿੱਚ ਪੁਜਾਰੀਆਂ ਤੋਂ ਆਸ ਵੀ ਕੀਤੀ ਜਾ ਸਕਦੀ ਹੈ, ਕਰਨ ਦਿਉ ਉਹਨਾਂ ਨੂੰ ਆਪਣਾ ਕੰਮ ਤੇ ਆਪਾਂ ਕਰੀਏ ਆਪਣਾ ਕੰਮ। ਕਿਉਂਕਿ ਅੰਤ ਹਾਰ ਝੂਠ ਅਤੇ ਫਰੇਬ ਦੀ ਹੀ ਹੋਣੀ ਹੈ। ਇਸ ਲਈ ਆਉ ਸਾਰੇ ਰਲ ਮਿਲ ਕੇ ਪੰਥ ਬਚਾਈਏ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲੇ ਦੇ ਇੱਕ ਨਾਅਰੇ ਨੂੰ ਪੱਲੇ ਬੰਨ੍ਹ ਲਈਏ,

“ਕਰਨਾ ਸਿੱਖੀ ਦਾ ਪ੍ਰਚਾਰ, ਸਾਰੀ ਦੁਨੀਆ ਵਿਚਕਾਰ”

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top