ਪੰਥਕ
ਖਬਰ-ਤਰਾਸ਼ੀ
(1)
ਖਬਰ:- ਅਕਾਲ ਤਖਤ ਨੂੰ ਅਖੌਤੀ ਕਹਿਣ ਵਾਲੇ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ-
ਗਿਆਨੀ ਗੁਰਬਚਨ ਸਿੰਘ
ਟਿੱਪਣੀ:- ਮੁੱਖ ਪੁਜਾਰੀ ਜੀ! ਐਵੇਂ
ਫੋਕੀਆਂ ਬੜ੍ਹਕਾਂ ਕਿਉਂ ਮਾਰਨ ਡਹੇ ਜੇ? ਸਾਰਿਆਂ ਨੂੰ ਪਤਾ ਹੈ ਕਿ ਇਨ੍ਹਾਂ ਤਿਲਾਂ ਵਿਚ ਹੁਣ ਤੇਲ
ਨਹੀਂ ਹੈ। ਅਕਾਲ ਤਖਤ ਨੂੰ ‘ਅਖੌਤੀ’ ਕਹਿਣ ਵਾਲੇ ਦੀ ਗੱਲ ਦਾ ਤਾਂ ਤੁਹਾਨੂੰ ਡਾਢਾ ਗੁੱਸਾ ਲਗਾ ਜੇ,
ਜਿਨ੍ਹਾਂ ਨੇ ਰਲ ਮਲ ਕੇ ਅਕਾਲ ਤਖਤ ਨੂੰ ‘ਅਖੌਤੀ’ ਬਣਾ ਦਿਤਾ ਹੈ, ਉਨ੍ਹਾਂ ਬਾਰੇ ਵੀ ਕਦੀ ਸੋਚਣ ਦੀ
ਜ਼ਹਿਮਤ ਕਰ ਲਿਆ ਕਰੋ ਜੀ।
(2) ਖਬਰ:- ਸਿੱਖ ਕਤਲੇਆਮ ਪੀੜਤਾਂ ਲਈ ਵਸਾਈ
ਕਾਲੋਨੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ
ਟਿੱਪਣੀ:- ਭਾਈ ਮੱਖਣ ਸਿੰਘ ਜੀ ਤੁਸੀਂ ਨਾ ਜਾਣੇ ਕੀ ਸੋਚ ਕੇ
ਇਹ ਗਲਤੀ ਕਰ ਦਿਤੀ ਹੈ। ਇਸ ਕਮੇਟੀ ਹੇਠ ਅੱਗੇ ਜਿਹੜੇ ਕੌਮੀ ਅਦਾਰੇ ਹਨ, ਇਸ ਨੇ ਉਨ੍ਹਾਂ ਦਾ ਨਾਸ
ਮਾਰ ਕੇ ਰੱਖਿਆ ਹੋਇਆ ਹੈ, ਤੁਸੀ ਉਨ੍ਹਾਂ ਨੂੰ ਇਕ ਹੋਰ ਫੜਾ ਦਿਤਾ।
(3) ਖਬਰ:- ਸਿੱਖ ਪੰਥ ਦੇ ਸਹਿਯੋਗ ਬਿਨਾ ਰਾਮ
ਮੰਦਿਰ ਪੂਰਾ ਨਹੀਂ ਹੋਣਾ: ਸਿੰਘਲ ਜੀ
ਟਿੱਪਣੀ:- ਸਿੰਘਲ ਜੀ! ਮੱਕਰੇ ਹੋ ਕੇ ਦੇਈ ਚਲੋ ਬਿਆਨ। ਸਾਡੇ
ਅਖੌਤੀ ਲੀਡਰ ਤਾਂ ਪਹਿਲਾਂ ਹੀ ਤੁਹਾਡੇ ਕੋਲ ਗਿਰਵੀ ਹਨ। ਉਹ ਤਾਂ ਇਸ ਗਲਤ ਕੰਮ ਲਈ ਤੁਹਾਨੂੰ
ਸਹਿਯੋਗ ਦੇਣਗੇ ਹੀ। ਪਰ ਕੋਈ ਵੀ ਸੱਚਾ ਸਿੱਖ ਇਸ ਵਿਚ ਆਪ ਦਾ ਸਹਿਯੋਗ ਨਹੀਂ ਕਰੇਗਾ, ਕਿਉਂਕਿ ਸੱਚਾ
ਸਿੱਖ ਮਜ਼ਲੂਮ ਦਾ ਸਾਥ ਦਿੰਦਾ ਹੈ, ਜ਼ਾਲਮ ਦਾ ਨਹੀਂ।
(4) ਖਬਰ:- ਪੰਜਾਬ ਸਰਕਾਰ ਦਾ ਡੇਰਾ ਸਿਰਸਾ ਨਾਲ
ਸਮਝੌਤਾ ਜਗ ਜਾਹਿਰ ਹੋਇਆ
ਟਿੱਪਣੀ:- ਇਹ ਤਾਂ ਬਹੁਤ ਪਹਿਲਾਂ ਤੋਂ ਹੀ ਜਗਜਾਹਿਰ ਹੈ ਕਿ
ਪੰਜਾਬ ਦੇ ਸਿਆਸਤਦਾਨ ਵੋਟਾਂ ਖਾਤਿਰ ਇਨ੍ਹਾਂ ਮਨੁੱਖਤਾ ਵਿਰੋਧੀ ਡੇਰੇਦਾਰਾਂ ਦੇ ਝੋਲੀ-ਝੁੱਕ ਬਣੇ
ਹੋਏ ਹਨ। ਅਕਾਲੀ ਦਲ ਬਾਦਲ ਤਾਂ ਇਸ ਸਕੀਮ ਵਿਚ ਵਧੇਰੇ ਸਰਗਰਮ ਹੈ। ਬਾਦਲ ਪਰਿਵਾਰ ਨੇ ਤਾਂ ਅਪਣੇ
ਸਾਰੇ ਮੈਂਬਰ ਵੱਖ-ਵੱਖ ਡੇਰਿਆਂ ਨਾਲ ਜੋੜੇ ਹੋਏ ਹਨ, ਤਾਂ ਕਿ ਵੱਧ ਤੋਂ ਵੱਧ ਦਾ ਸਹਿਯੋਗ ਲਿਆ ਜਾ
ਸਕੇ। ਬੀਬੀ ਬਾਦਲ ਆਸ਼ੁਤੋਸ਼ ਦੀ ਚੇਲੀ ਬਣੀ ਫਿਰਦੀ ਹੈ। ਬਾਕੀ ਮੈਂਬਰਾਂ ਨੇ ਵੀ ਇਸੇ ਤਰ੍ਹਾਂ
ਵੱਖ-ਵੱਖ ਡੇਰਿਆਂ ਨਾਲ ਸਹਿਯੋਗ ਦੀ ਕਮਾਨ ਸੰਭਾਲੀ ਹੋਈ ਹੈ।
(5) ਖਬਰ:- ਡੇਰਾ ਪ੍ਰੇਮੀ ਕਰ ਸਕਦੇ ਹਨ ਸਮੂਹਿਕ
ਆਤਮ ਹੱਤਿਆ
ਟਿੱਪਣੀ:- ਅੰਨ੍ਹੀ ਸ਼ਰਧਾ ਦੇ ਗੁਲਾਮ ਲੋਕਾਂ ਕੋਲੋਂ ਕਿਸੇ ਚੰਗੇ
ਦੀ ਵੈਸੇ ਵੀ ਆਸ ਨਹੀਂ ਕੀਤੀ ਜਾ ਸਕਦੀ। ਜਦ ਰੋਸ ਮੁਜ਼ਾਹਿਰਆਂ, ਹੁਲੜਬਾਜ਼ੀ, ਸਰਕਾਰੀ ਸੰਪਤੀ ਰਾਹੀਂ
‘ਡੇਰਾਮੁੱਖੀ’ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਖੁੱਲਣਾ ਬੰਦ ਨਹੀਂ ਹੋਇਆ ਤਾਂ ਡੇਰਾ ਪ੍ਰੇਮੀਆਂ
ਨੇ ਸਮੂਹਿਕ ਆਤਮ ਹੱਤਿਆ ਰਾਹ ਅਪਣਾ ਲਿਆ ਲਗਦਾ ਹੈ। ਐਸੇ ਲੋਕਾਂ ਦੀ ਅਕਲ ’ਤੇ ਤਰਸ ਹੀ ਕੀਤਾ ਜਾ
ਸਕਦਾ ਹੈ। ਭਾਰਤ ਵਿਚ ਤਾਂ ਪੁਰਾਣੇ ਸਮੇਂ ਤੋਂ ਹੀ ਅੰਧਵਿਸ਼ਵਾਸਾਂ ਦੇ ਪ੍ਰਭਾਵ ਹੇਠ ਐਸਾ ਵਰਤਾਰਾ
ਹੁੰਦਾ ਰਿਹਾ ਹੈ। ਕੋਈ ਬੱਚਿਆਂ ਦੀਆਂ ਬਲੀਆਂ ਚੜਾਉਂਦਾ ਰਿਹਾ, ਕੋਈ ਬੀਬੀਆਂ ਨੂੰ ਸਤੀ ਹੋਣ ਲਈ
ਮਜ਼ਬੁਰ ਕਰਦਾ ਰਿਹਾ ਅਤੇ ਕੋਈ ਸਵਰਗ ਦੀ ਲਾਲਚ ਵਿਚ ਪੁਜਾਰੀਆਂ ਦੇ ਢਹੇ ਚੜ੍ਹਕੇ ਆਰੇ ਨਾਲ ਸਰੀਰ
ਚਿਰਵਾ ਕੇ ਖੁਦਕੁਸ਼ੀ ਕਰਨ ਨੂੰ ਹੀ ਧਰਮ ਮੰਨਦਾ ਰਿਹਾ। ਜਦੋਂ ਤੱਕ ਲੋਕ ਸੁਚੇਤ ਨਹੀਂ ਹੁੰਦੇ, ਇਨ੍ਹਾਂ
ਠੱਗਾਂ ਨੇ ਲੋਕਾਈ ਦਾ ਸ਼ੋਸ਼ਣ ਕਰੀ ਜਾਣਾ ਹੈ।
(6) ਖਬਰ:- ਗੁਰਦੁਆਰਾ ਰਕਾਬ ਗੰਜ ਦਾ ਨਵੀਨੀਕਰਨ
ਵਾਲਾ ਪ੍ਰੋਜੈਕਟ ਸਮੇਂ ’ਤੇ ਪੂਰਾ ਹੋਵੇਗਾ : ਸਰਨਾ
ਟਿੱਪਣੀ:- ਸਰਨਾ ਜੀ! ਤੂਸੀ ਵੀ ਠਾਨ ਹੀ ਲਈ ਹੈ ਕਿ ਕੌਮੀ ਪੈਸੇ
ਦੀ ਬਰਬਾਦੀ ਦੇ ਪ੍ਰੋਜੈਕਟਾਂ ਨੂੰ ਸਿਰੇ ਚਾੜ ਕੇ ਹੀ ਰਹਿਣਾ ਹੈ। ਸੋਨੇ ਦੀ ਪਾਲਕੀ ਦੇ ਪ੍ਰੋਜੈਕਟ
’ਤੇ ਤਾਂ ਕੌਮੀ ਪੈਸਾ ਰੋੜ੍ਹਿਆ ਹੀ, ਨਾਲੇ ਭ੍ਰਿਸ਼ਟਾਚਾਰ ਦੀ ਕਾਲਖ ਵੀ ਲਵਾ ਲਈ। ਹੁਣ ਇਹ ਨਵਾਂ
‘ਬਰਬਾਦੀ ਪ੍ਰੋਜੈਕਟ’ ਲੈ ਕੇ ਸਾਹਮਣੇ ਆਏ ਹੋ। ਜੇ ਕੌਮ ਦੇ ਪ੍ਰਬੰਧਕ ਐਸੇ ਹੋਣ, ਉਸ ਦਾ ਚੰਗਾ ਹੋਣ
ਦੀ ਆਸ ਕਿਵੇਂ ਲਾਈ ਜਾ ਸਕਦੀ ਹੈ?
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ |