Share on Facebook

Main News Page

ਜੇ ਪ੍ਰੋ. ਭੁੱਲਰ ਨੂੰ ਫਾਂਸੀ ਦੇ ਦਿੱਤੀ ਗਈ, ਤਾਂ ਸਿੱਖਾਂ ਲਈ ਇਹ ਦੇਸ਼ ਬੇਗਾਨਾ ਹੋ ਜਾਵੇਗਾ: ਭਾਈ ਪੰਥਪ੍ਰੀਤ ਸਿੰਘ

* ਸਿਆਸੀ ਬਿਆਨਬਾਜ਼ੀ ਤੋਂ ਕੋਹਾਂ ਦੂਰ ਰਹਿਣ ਵਾਲੇ ਭਾਈ ਪੰਥਪ੍ਰੀਤ ਸਿੰਘ ਵਲੋਂ ਆਪਣੇ ਨਿਜੀ ਪ੍ਰੋਗਰਾਮ ਅਤੇ ਮਾਤਾ ਜੀ ਦੇ ਭੋਗ ਸਮਾਗਮ ’ਤੇ ਅਜਿਹੇ ਵੀਚਾਰ ਪ੍ਰਗਟ ਕਰਨੇ ਸਿੱਧ ਕਰਦਾ ਹੈ ਕਿ ਆਮ ਸਿੱਖ ਵੀ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੇ ਜਾਣ ਨੂੰ ਸਮੁਚੀ ਸਿੱਖ ਕੌਮ ਨਾਲ ਭਾਰੀ ਅਨਿਆਂ ਸਮਝ ਰਹੇ ਹਨ
* ਹਰ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਆਪਣੇ ਜੀਵਤ ਮਾਤਾ ਪਿਤਾ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਪਰ ਮਰੇ ਪਿਛੋਂ ਭੋਗ ਸਮੇਂ ਉਸ ਲਈ ਮੰਜੇ ਬਿਸਤਰੇ, ਦੇਣੇ ਤੇ ਉਸ ਨਮਿਤ ਸ਼ਰਾਧ ਕਰਨੇ ਨਿਰੋਲ ਮਨਮਤ ਹੈ
* ਸਾਰੇ ਹੀ ਬੁਲਾਰਿਆਂ ਨੇ ਅਜਿਹੇ ਮੌਕਿਆਂ ’ਤੇ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼੍ਰਧਾਂਜਜਲੀਆਂ ਦੇ ਨਾਮ ’ਤੇ ਬੋਲੇ ਜਾ ਰਹੇ ਝੂਠ ਦੀ ਉਦਾਹਰਣਾਂ ਦੇ ਕੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ

 

ਬਠਿੰਡਾ, 1 ਜੂਨ (ਕਿਰਪਾਲ ਸਿੰਘ): ਜੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪ੍ਰੋ: ਦਵਿੰਦਰ ਸਿੰਘ ਭੁੱਲਰ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਲਈ ਇਹ ਦੇਸ਼ ਬਿਗਾਨਾ ਹੋ ਜਾਵੇਗਾ। ਇਹ ਸ਼ਬਦ ਬਠਿੰਡਾ ਜਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਭਾਈ ਬਖਤੌਰ ਵਿਖੇ ਆਪਣੀ ਮਾਤਾ ਜੀ ਦੇ ਭੋਗ ਤੇ ਅੰਤਿਮ ਅਰਦਾਸ ਦੇ ਸਬੰਧ ਵਿੱਚ ਕੀਤੇ ਗਏ ਗੁਰਮਤਿ ਸਮਾਗਮ ਵਿੱਚ ਜੁੜੀ ਸੰਗਤ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਮਤਿ ਦੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਭਾਈ ਬਖਤੌਰ ਵਾਲਿਆਂ ਨੇ ਅੱਜ ਕਹੇ।

ਉਨ੍ਹਾਂ ਕਿਹਾ ਸੀ.ਬੀ.ਆਈ ਵਲੋਂ ਇਹ ਕੇਸ ਅਦਾਲਤ ਵਿੱਚ ਪੇਸ਼ ਕਰਨ ਸਮੇ 133 ਗਵਾਹਾਂ ਦੀ ਸੂਚੀ ਨੱਥੀ ਕੀਤੀ ਗਈ ਸੀ ਜਿਸ ਵਿੱਚੋਂ ਇਕ ਵੀ ਗਵਾਹ ਨੇ ਪ੍ਰੋ: ਭੁੱਲਰ ਵਿਰੁੱਧ ਗਵਾਹੀ ਨਹੀਂ ਦਿੱਤੀ ਇਸ ਦੇ ਬਾਵਯੂਦ ਉਸ ਨੂੰ ਉਸ ਵਲੋਂ ਪੁਲਿਸ ਕੋਲ ਦਿੱਤੇ ਇਕਬਾਲੀਆ ਬਿਆਨ (ਜਿਸ ਨੂੰ ਕਿਸੇ ਮੈਜਿਸਟ੍ਰੇਟ ਕੋਲੋਂ ਤਸਦੀਕ ਨਹੀਂ ਕਰਵਾਇਆ ਗਿਆ), ਦੇ ਅਧਾਰ ’ਤੇ ਹੀ ਫਾਂਸੀ ਦਿੱਤੀ ਜਾ ਰਹੀ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਨੂੰਨ ਮੁਤਾਬਿਕ ਪੁਲਿਸ ਕੋਲ ਦਿੱਤਾ ਗਿਆ ਕੋਈ ਵੀ ਇਕਬਾਲੀਆ ਬਿਆਨ ਮੰਨਣਯੋਗ ਨਹੀਂ ਹੁੰਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਪੁਲਿਸ ਭਾਰੀ ਤਸ਼ੱਦਦ ਕਰਕੇ ਕਿਸੇ ਤੋਂ, ਕੋਈ ਵੀ ਇਕਬਾਲੀਆ ਬਿਆਨ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਜਿਸ ਕੇਸ ਵਿੱਚ ਥੋਹੜੇ ਜਿੰਨੇ ਸ਼ੱਕ ਦੀ ਵੀ ਗੁੰਜਾਇਸ਼ ਹੋਵੇ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਪਰ ਪ੍ਰੋ: ਭੁੱਲਰ ਦੇ ਕੇਸ ਵਿੱਚ ਤਾਂ ਸੁਪ੍ਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਵਿੱਚੋਂ ਇੱਕ ਮਾਨਯੋਗ ਜੱਜ ਸ਼੍ਰੀ ਬੀ ਐੱਮ ਸ਼ਾਹ ਵਲੋਂ ਉਸ ਨੂੰ ਨਿਰਦੋਸ਼ ਘੋਸ਼ਿਤ ਕਰ ਦਿੱਤਾ ਸੀ, ਇਸ ਲਈ ਉਸ ਨੂੰ ਫਾਂਸੀ ਦੇਣੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਫਾਂਸੀ ਦੇਣੀ ਹੈ, ਤਾਂ ਉਨ੍ਹਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 1984 ’ਚ 4 ਦਿਨ ਤੱਕ ਮੌਤ ਦਾ ਨੰਗਾ ਤਾਂਡਵ ਨਾਚ ਨੱਚਿਆ, ਜਿਸ ਦੌਰਾਨ ਜਿਉਂਦੇ ਸਿੱਖਾਂ ਨੂੰ ਸ਼ਰੇ ਬਜ਼ਾਰ ਗਲਾਂ ਵਿੱਚ ਟਾਇਰ ਪਾ ਕੇ ਅਤੇ ਪੈਟਰੋਲ ਛਿੜਕ ਕੇ ਸਾੜਿਆ ਗਿਆ ਸੀ। ਕਿਸ਼ੋਰ ਨਾਮੀ ਇੱਕ ਇੱਕ ਨਿਰਦਈ ਵਿਅਕਤੀ ਵਲੋਂ ਤ੍ਰਿਲੋਕਪੁਰੀ (ਨਵੀਂ ਦਿੱਲੀ) ਦੀ ਸੜਕ ’ਤੇ 30 ਸਿੱਖਾਂ ਨੂੰ ਜ਼ਾਲਮਾਨਾ ਢੰਗ ਨਾਲ ਛੁਰੇ ਨਾਲ ਟੁਕੜੇ ਟੁਕੜੇ ਕਰਕੇ ਕਤਲ ਕਰ ਦਿੱਤਾ ਗਿਆ ਸੀ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਫਾਂਸੀ ਦਿੱਤੀ ਜਾਵੇ ਜਿਸ ਦੀ ਅਗਵਾਈ ’ਚ 2002 ’ਚ ਸਿੱਖਾਂ ਵਾਂਗ ਹੀ ਮੁਸਲਮਾਨ ਭਰਾਵਾਂ ’ਤੇ ਕਹਿਰ ਵਰਤਾਏ ਗਏ। ਸਮਝੌਤਾ ਐਕਸਪ੍ਰੈੱਸ ਗੱਡੀ ਅਤੇ ਅਜਮੇਰ ਸ਼ਰੀਫ਼ ਵਿਖੇ ਹੋਏ ਬੰਬ ਧਮਾਕਿਆਂ (ਜਿਨ੍ਹਾਂ ਵਿੱਚ ਸੈਂਕੜੇ ਨਿਰਦੋਸ਼ ਵਿਅਕਤੀ ਮਾਰੇ ਗਏ ਸਨ) ਵਿੱਚ ਸ਼ਾਮਲ ਸਾਧਵੀ ਪ੍ਰਿਤਿਗਆ ਠਾਕੁਰ, ਕਰਨਲ ਪ੍ਰੋਹਤ ਤੇ ਇਨ੍ਹਾਂ ਧਮਾਕਿਆਂ ਵਿੱਚ ਆਪਣੀ ਸ਼ਮੂਲੀਅਤ ਦਾ ਇਕਬਾਲੀਆ ਬਿਆਨ ਦੇਣ ਵਾਲੇ ਅਸੀਮਾਨੰਦ ਨੂੰ ਫਾਂਸੀ ਦਿੱਤੀ ਜਾਵੇ। ਇੱਕ ਈਸਾਈ ਮਿਸ਼ਨਰੀ ਨੂੰ ਉਸ ਦੇ ਬੱਚਿਆਂ ਸਮੇਤ ਜਿਉਂਦੇ ਸਾੜਨ ਵਾਲੇ ਦਾਰੇ ਨੂੰ ਫਾਂਸੀ ਦਿੱਤੀ ਜਾਵੇ।

ਜੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਪ੍ਰੋ: ਭੁੱਲਰ ਨੂੰ ਉਸੇ ਤਰ੍ਹਾਂ ਫਾਂਸੀ ਦੇ ਦਿੱਤੀ ਗਈ ਜਿਵੇਂ ਕਿ ਪਹਿਲਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਭਾਈ ਕਿਹਰ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ, ਤਾਂ ਇਹ ਕਾਰਵਾਈ ਸਾਬਤ ਕਰੇਗੀ ਕਿ ਇਹ ਦੇਸ਼ ਸਿੱਖਾਂ ਦਾ ਆਪਣਾ ਨਹੀਂ ਤੇ ਉਹ ਬਹੁਗਿਣਤੀ ਹਿੰਦੂਆਂ ਦੀ ਰਹਿਮ ਦਿਲੀ ’ਤੇ ਇਸ ਬਿਗਾਨੇ ਦੇਸ਼ ਵਿੱਚ ਰਹਿ ਰਹੇ ਹਨ। ਇੱਕ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਭਾਈ ਪੰਥਪ੍ਰੀਤ ਸਿੰਘ ਜਿਹੜੇ ਕਿ ਅੱਜ ਤੱਕ ਹਮੇਸ਼ਾਂ ਹੀ ਸਿਆਸੀ ਬਿਆਨਬਾਜ਼ੀ ਤੋਂ ਕੋਹਾਂ ਦੂਰ ਰਹਿੰਦੇ ਰਹੇ ਹਨ ਵਲੋਂ ਆਪਣੇ ਨਿਜੀ ਪ੍ਰੋਗਰਾਮ ਅਤੇ ਆਪਣੀ ਮਾਤਾ ਜੀ ਦੇ ਭੋਗ ਸਮਾਗਮ ’ਤੇ ਅਜਿਹੇ ਵੀਚਾਰ ਪ੍ਰਗਟ ਕਰਨੇ ਸਿੱਧ ਕਰਦਾ ਹੈ ਕਿ ਆਮ ਸਿੱਖ ਵੀ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੇ ਜਾਣ ਨੂੰ ਸਮੁਚੀ ਸਿੱਖ ਕੌਮ ਨਾਲ ਭਾਰੀ ਅਨਿਆਂ ਸਮਝ ਰਹੇ ਹਨ ਤੇ ਉਨ੍ਹਾਂ ਵਿੱਚ ਰੋਹ ਹੈ।

ਇਸ ਤੋਂ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਮ੍ਰਿਤਕ ਪ੍ਰਾਣੀ ਦੇ ਅੰਤਿਮ ਸੰਸਕਾਰ ਸਬੰਧੀ ਗੁਰਮਤਿ ਵੀਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਸਤਰ ਕਪੜੇ ਅਤੇ ਭੋਜਨ ਆਦਿ ਜੀਵਤ ਮਨੁਖ ਦੀਆਂ ਲੋੜਾਂ ਹਨ, ਇਹ ਮਨੁਖ ਦੀ ਆਤਮਾ ਦੀਆਂ ਲੋੜਾਂ ਨਹੀਂ ਹਨ, ਇਸ ਲਈ ਹਰ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਆਪਣੇ ਜੀਵਤ ਮਾਤਾ ਪਿਤਾ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਪਰ ਮਰੇ ਪਿਛੋਂ ਭੋਗ ਸਮੇਂ ਉਸ ਲਈ ਮੰਜੇ ਬਿਸਤਰੇ, ਦੇਣੇ ਤੇ ਉਸ ਨਮਿਤ ਸ਼ਰਾਧ ਕਰਨੇ ਨਿਰੋਲ ਮਨਮਤ ਹੈ। ਪਰ ਦੁਖ ਦੀ ਗੱਲ ਹੈ ਕਿ ਸਾਡੇ ਗ੍ਰੰਥੀ ਭਾਈ ਵੀ ਗੁਰੂ ਅੱਗੇ ਖੜ੍ਹ ਕੇ ਅਰਦਾਸ ਕਰਦੇ ਹਨ, ਕਿ ਆਪ ਜੀ ਦੀ ਹਜੂਰੀ ਵਿੱਚ ਮੰਜਾ ਬਿਸਤਰਾ, ਕਪੜੇ ਤੇ ਹੋਰ ਸਮਾਨ ਹਾਜ਼ਰ ਹਨ, ਇਸ ਦਾ ਫ਼ਲ ਵਿਛੜੀ ਹੋਈ ਆਤਮਾ ਨੂੰ ਮਿਲੇ। ਉਨ੍ਹਾਂ ਕਿਹਾ ਗੁਰਦੁਆਰੇ ਕੋਈ ਡਾਕਖਾਨੇ ਨਹੀਂ ਜਿਥੇ ਅਜਿਹੀਆਂ ਚੀਜਾਂ ਦੇ ਪਾਰਸਲ ਮ੍ਰਿਤਕ ਪ੍ਰਾਣੀ ਨੂੰ ਭੇਜੇ ਜਾ ਸਕਦੇ ਹੋਣ। ਉਨ੍ਹਾਂ ਕਿਹਾ ਕਿ ਜੇ ਕਿਸੇ ਚੀਜ ਦੀ ਗੁਰਦੁਆਰਾ ਸਾਹਿਬ ਵਿੱਚ ਲੋੜ ਹੈ ਤਾਂ ਉਸ ਲਈ ਸੰਗਤਾਂ ਨੂੰ ਵਖਰੇ ਤੌਰ ’ਤੇ ਅਪੀਲ ਕੀਤੀ ਜਾ ਸਕਦੀ ਹੈ ਜਿਸ ਨੂੰ ਸੰਗਤ ਆਪਣੀ ਖੁਸ਼ੀ ਨਾਲ ਵਧ ਚੜ੍ਹ ਕੇ ਪੂਰੀਆਂ ਕਰਦੀ ਵੀ ਹੈ ਪਰ ਇਹ ਵਹਿਮ ਪੈਦਾ ਕਰਨਾ ਕਿ ਇਹ ਮ੍ਰਿਤਕ ਪ੍ਰਾਣੀ ਦੀ ਅੱਗੇ ਦੀ ਲੋੜ ਹੈ, ਨਿਰੋਲ ਮਨਮਤਿ ਹੈ ਜਿਸ ਨੂੰ ਫੋਰੀ ਤੌਰ ’ਤੇ ਬੰਦ ਕਰਨਾ ਚਾਹੀਦਾ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਾਣੀ ਦੀਆਂ ਹੱਡੀਆਂ ਨੂੰ ਫੁੱਲ ਕਹਿ ਕੇ ਵਿਸ਼ੇਸ਼ ਤੌਰ ’ਤੇ ਕੀਰਤਪੁਰ ਜਾਂ ਹਰੀ ਕੇ ਪੱਤਣ ਜਾ ਕੇ ਪਾਉਣੇ ਵੀ ਮਨਮਿਤ ਹੈ ਪਰ ਇਹ ਮਨਮਤਿ ਫੇੈਲਾਉਣ ਲਈ ਸਾਡੇ ਰਾਜਨੀਤਕ ਲੀਡਰ ਅਤੇ ਸੰਤ ਬਾਬੇ ਮੁੱਖ ਤੌਰ ’ਤੇ ਜਿੰਮੇਵਾਰ ਹਨ। ਉਨ੍ਹਾਂ ਕਿਹਾ ਸਿੱਖ ਰਹਿਤ ਮਰਿਆਦਾ ਵਿੱਚ ਸਾਫ ਤੌਰ ’ਤੇ ਲਿਖਿਆ ਹੈ ਕਿ ਭਸਮ ਸਮੇਤ ਸਾਰੀਆਂ ਹੱਡੀਆਂ ਚੁੱਕ ਕੇ ਨੇੜੇ ਵਗਦੇ ਪਾਣੀ ਵਿੱਚ ਜਲਪ੍ਰਵਾਹ ਕਰ ਦਿੱਤੀਆਂ ਜਾਣ, ਜੇ ਨੇੜੇ ਵਗਦਾ ਪਾਣੀ ਨਾ ਹੋਵੇ ਤਾਂ ਉਥੇ ਹੀ ਟੋਆ ਪੁੱਟ ਕੇ ਦੱਬ ਦਿੱਤਾ ਜਾਵੇ। ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਹੋਰ ਬੁਲਾਰੇ, ਕਥਾਵਾਚਕ ਅਤੇ ਕੀਰਤਨੀਏ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਰਣਜੀਤ ਸਿੰਘ, ਮਾਲਵਾ ਜ਼ੋਨ ਧਰਮ ਪ੍ਰਚਾਰ ਕੇਂਦਰ ਦੇ ਇੰਨਚਾਰਜ਼ ਭਾਈ ਭਰਪੂਰ ਸਿੰਘ, ਸ਼ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਅਤੇ ਸਟੇਜ਼ ਦੀ ਸੇਵਾ ਨਿਭਾ ਰਹੇ ਭਾਈ ਗੁਰਨੇਕ ਸਿੰਘ ਆਦਿ ਸਾਰਿਆਂ ਨੇ ਹੀ ਸਿੱਖ ਰਹਿਤ ਮਰਿਆਦਾ ਪੜ੍ਹਨ ਅਤੇ ਇਸ ਨੂੰ ਮੰਨਣ ’ਤੇ ਜੋਰ ਦਿੱਤਾ। ਸਾਰੇ ਹੀ ਬੁਲਾਰਿਆਂ ਨੇ ਅਜਿਹੇ ਮੌਕਿਆਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼੍ਰਧਾਂਜਜਲੀਆਂ ਦੇ ਨਾਮ ’ਤੇ ਬੋਲੇ ਜਾ ਰਹੇ ਝੂਠ ਦੀ ਉਦਾਹਰਣਾਂ ਦੇ ਕੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਭਾਈ ਹਰਪ੍ਰੀਤ ਸਿੰਘ ਨੇ ਕਿਹਾ ਆਮ ਤੌਰ ’ਤੇ ਸ਼੍ਰਧਾਂਜਲੀ ਨੂੰ ਮ੍ਰਿਤਕ ਪ੍ਰਾਣੀ ਲਈ ਸ਼ਰਧਾ ਦੇ ਫੁੱਲ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਹੀ ਗਲਤ ਹੈ ਕਿਉਂਕਿ ਸਿੱਖ ਦੀ ਸ਼ਰਧਾ ਕੇਵਲ ਤੇ ਕੇਵਲ ਗੁਰੂ ਗੰ੍ਰਥ ਸਾਹਿਬ’ਤੇ ਹੀ ਹੋ ਸਕਦੀ ਹੈ ਹੋਰ ਕਿਸੇ ’ਤੇ ਨਹੀਂ।

ਖਰਾਬ ਮੌਸਮ ਦੇ ਬਾਵਯੂਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਦੂਰ ਦੁਰਾਡੇ ਸਥਾਨਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਅੰਤਿਮ ਅਰਦਾਸ ਤੇ ਗੁਰਮਤਿ ਸਮਾਗਮ ਵਿੱਚ ਭਾਗ ਲਿਆ। ਅੱਜ ਦਾ ਸਮਾਗਮ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਲਾਗੂ ਕਰਨ ਲਈ ਇੱਕ ਵਰਕਸ਼ਾਪ ਦੇ ਤੌਰ ’ਤੇ ਸਾਹਮਣੇ ਆਇਆ ਜਿਸ ਨੇ ਸੰਗਤਾਂ ਨੂੰ ਲੋਕ ਲਾਜ ਪਾਸੇ ਰੱਖ ਕੇ ਗੁਰਮਤਿ ਗ੍ਰਹਿਣ ਕਰਨ ਦਾ ਰਾਹ ਵਿਖਾਇਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top