Share on Facebook

Main News Page

ਦੂਸਰੇ ਪੱਥਰ ਵੀ ਮਾਰਨ ਤਾਂ ਦੁੱਖ ਨਹੀਂ ਹੁੰਦਾ, ਪਰ ਆਪਣੇ ਫੁੱਲ ਮਾਰਨ ਤਾ ਦੁੱਖ ਹੁੰਦਾ ਹੈ: ਪ੍ਰੋ. ਸਰਬਜੀਤ ਸਿੰਘ ਧੂੰਦਾ

* ਖੁਹ ਵਿੱਚ ਡਿੱਗੇ ਪ੍ਰਿੰਸ ਨਾਮ ਦੇ ਬੱਚੇ ਨੂੰ ਬਚਾਉਣ ਵਾਲੇ ਫੌਜੀਓ, ਸੋਚੋ! ਵੇਖੋ ਆਪਣੇ ਹੀ ਸਾਥੀਆਂ ਦਾ ਕਿਰਦਾਰ ਤੁਹਾਡੀ ਗੋਲੀ ਨਾਲ ਮਰੀ ਮਾਂ ਦੀ ਛਾਤੀ ਤੋਂ ਬੱਚੇ ਨੂੰ ਚੁੱਕ ਕੇ ਕੰਧ ਨਾਲ ਮਾਰਨ ਵਾਲਾ ਵੀ ਤੁਹਾਡੇ ’ਚੋਂ ਹੀ ਹੈ

* ਜਿਹੜਾ ਬਹੁਤਾ ਪੱਕਾ ਹੋਵੇ, ਜਿਹੜਾ ਜਿਆਦਾ ਕੀਮਤੀ ਹੀਰਾ ਹੋਵੇ ਉਸ ਦੀ ਕੀਮਤ ਵੀ ਬਹੁਤੀ ਪੈਂਦੀ ਹੈ ਇਸੇ ਕਾਰਣ ਦੁਨੀਆਂ ਵਿੱਚ ਸਭ ਤੋਂ ਵੱਧ ਕੀਮਤ ਛੋਟੇ ਸਾਹਿਬਜ਼ਾਦਿਆਂ ਦੀ ਪਈ ਜਿਨ੍ਹਾਂ ਦੇ ਸਸਕਾਰ ਲਈ ਵੀ ਭਾਈ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਮੀਨ ਖਰੀਦੀ

ਬਠਿੰਡਾ, 4 ਜੂਨ (ਕਿਰਪਾਲ ਸਿੰਘ): ਦੂਸਰੇ ਪੱਥਰ ਵੀ ਮਾਰਨ ਤਾਂ ਦੁੱਖ ਨਹੀਂ ਹੁੰਦਾ ਪਰ ਆਪਣੇ ਫੁੱਲ ਵੀ ਮਾਰਨ ਤਾਂ ਦੁੱਖ ਹੁੰਦਾ ਹੈ ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਸਿੱਖ ਇਤਿਹਾਸ ਦੇ ਪੱਤਰੇ ਫਰੋਲਦਿਆਂ ਇਸ ਨੂੰ ਅੱਜ ਦੇ ਇਤਿਹਾਸ ਨਾਲ ਜੋੜ ਕੇ ਕਿਹਾ ਕਿ ਦੁੱਖ ਹੰਦਾ ਹੈ, ਜਿਸ ਕੌਮ ਦੀ ਇੱਜਤ ਆਬਰੂ ਅਤੇ ਦੇਸ਼ ਦੀ ਅਜਾਦੀ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ ਪਰ ਅੱਜ ਉਹ ਹੀ ਸਿੱਖਾਂ ’ਤੇ ਅਕਹਿ ਜੁਲਮ ਕਰਕੇ ਦੁਸ਼ਮਣਾਂ ਨੂੰ ਵੀ ਮਾਤ ਪਾ ਰਹੇ ਹਨ। ਪ੍ਰੋ: ਧੂੰਦਾ ਨੇ ਕਿਹਾ ਥੋੜ੍ਹਾ ਹੀ ਸਮਾਂ ਪਿੱਛੇ ਦੀ ਗੱਲ ਹੈ, ਇੱਕ ਪਿੰ੍ਰਸ ਨਾਮ ਦਾ ਬੱਚਾ ਖੇਡ੍ਹਦਾ ਹੋਇਆ ਖੂਹ ਦੇ ਇੱਕ ਬੋਰ ਵਿੱਚ ਡਿੱਗ ਪਿਆ, ਭਾਰਤੀ ਫੌਜ ਨੇ ਦੋ ਦਿਨ ਦੀ ਭਾਰੀ ਜਦੋ ਜਹਿਦ ਮਗਰੋਂ ਉਸ ਨੂੰ ਜਿਉਂਦਾ ਕੱਢ ਲਿਆ। ਉਨ੍ਹਾਂ ਕਿਹਾ ਇੱਕ ਮਸੂਮ ਬੱਚੇ ਦੀ ਜਾਨ ਬਚਾਉਣੀ ਬਹੁਤ ਚੰਗੀ ਗੱਲ ਹੈ, ਇਸ ਲਈ ਸਾਰੇ ਦੇਸ਼ ਨੇ ਫੌਜੀਆਂ ਦੇ ਹੌਸਲੇ ਅਤੇ ਕੀਤੀ ਮਿਹਨਤ ਦੀਆਂ ਸਿਫਤਾਂ ਕੀਤੀਆਂ।

ਉਨ੍ਹਾਂ ਬੜੇ ਹੀ ਭਾਵੁਕ ਸ਼ਬਦਾਂ ਵਿੱਚ ਕਿਹਾ, ਬਹੁਤੇ ਚਿਰ ਦੀ ਗੱਲ ਨਹੀਂ ਸਿਰਫ 27 ਸਾਲ ਪਹਿਲਾਂ 1984 ’ਚ ਆਪਣੇ ਹੀ ਦੇਸ ਦੀ ਪ੍ਰਧਾਨ ਮੰਤਰੀ ਦੇ ਹੁਕਮ ਨਾਲ ਆਪਣੇ ਹੀ ਦੇਸ਼ ਦੀਆਂ ਫੌਜਾਂ ਨੇ ਸਾਡੇ ਉਸ ਧਾਰਮਿਕ ਸਥਾਨ ’ਤੇ ਤੋਪਾਂ ਨਾਲ ਹਮਲਾ ਕੀਤਾ ਜਿਸ ਸਥਨ ’ਤੇ ਬੈਠ ਕੇ ਕਿਸੇ ਵੇਲੇ ਇਸ ਦੇਸ਼ ਦੀ ਇੱਜਤ ਆਬਰੂ ਨੂੰ ਬਚਾਉਣ ਲਈ ਗੁਰਮਤੇ ਕੀਤੇ ਜਾਂਦੇ ਸਨ। ਖੂਹ ਵਿੱਚ ਡਿੱਗੇ ਪਿੰ੍ਰਸ ਨਾਮ ਦੇ ਬੱਚੇ ਨੂੰ ਬਚਾ ਕੇ ਸ਼ਾਬਾਸ਼ ਖੱਟਣ ਵਾਲੇ ਫੌਜੀਓ, ਸੋਚੋ! ਜਰਾ ਵੇਖੋ ਆਪਣੇ ਹੀ ਸਾਥੀਆਂ ਦਾ ਕਿਰਦਾਰ! 4, 5, 6 ਜੂਨ ਨੂੰ ਕੀਤੇ ਹਮਲੇ ਦੌਰਾਣ ਤੁਹਾਡੀ ਗੋਲੀ ਨਾਲ ਮਰੀ ਇੱਕ ਮਾਂ ਦੀ ਛਾਤੀ ਤੋਂ ਬੱਚੇ ਨੂੰ ਚੁੱਕ ਕੇ ਕੰਧ ਨਾਲ ਮਾਰਨ ਵਾਲਾ ਵੀ ਤੁਹਾਡੇ ’ਚੋਂ ਹੀ ਹੈ।

ਪ੍ਰੋ: ਧੂੰਦਾ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਉਪ੍ਰੰਤ ਉਸ ਦੇ ਸਰੀਰ ਨੂੰ ਸਿੱਖਾਂ ਹਵਾਲੇ ਇਸ ਕਰਕੇ ਨਹੀਂ ਸੀ ਕੀਤਾ ਗਿਆ, ਕਿ ਤੱਤੀ ਤਵੀ ’ਤੇ ਬਿਠਾ ਕੇ ਭੁੰਨਿਆ ਤੇ ਦੇਗ’ਚ ਉਬਾਲਿਆ ਹੋਇਆ ਸਰੀਰ ਜੇ ਇਨ੍ਹਾਂ ਵੇਖ ਲਿਆ ਤਾਂ ਇਨ੍ਹਾਂ ਦੇ ਜ਼ਜ਼ਬਾਤ ਇਤਨੇ ਭੜਕ ਜਾਣਗੇ ਕਿ ਕਾਬੂ ਵਿੱਚ ਨਹੀਂ ਆਉਣੇ। ਇਸੇ ਲਈ ਉਨ੍ਹਾਂ ਦੇ ਸਰੀਰ ਨੂੰ ਰਾਵੀ ਦਰਿਆ ਦੀ ਭੇਟ ਕਰ ਦਿੱਤਾ ਗਿਆ ਸੀ। 84 ਵਿੱਚ ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਦਿਨ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਦਿਨ ਹੀ ਚੁਣਿਆ ਗਿਆ। ਇੱਥੇ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕੀਤੇ ਸਿੰਘਾਂ ਦੀਆਂ ਲਾਸ਼ਾ ਨੂੰ ਵੀ ਵਾਰਸਾਂ ਦੇ ਹਵਾਲੇ ਨਹੀਂ ਕੀਤਾ ਗਿਆ। ਉਸ ਪਿਛੋਂ ਚੱਲੀ ਜ਼ੁਲਮ ਦੀ ਹਨੇਰੀ ਦੌਰਾਨ ਕਿਤਨੇ ਹੀ ਸਿੱਖ ਨੌਜਵਾਨ ਘਰਾਂ ਵਿੱਚੋਂ ਚੁੱਕ ਕੇ ਉਨ੍ਹਾਂ ’ਤੇ ਅਣਮਨੁਖੀ ਤਸੀਹੇ ਢਾਹੁਣ ਪਿੱਛੋਂ ਉਨ੍ਹਾਂ ਨੂੰ ਝੂਠੇ ਪਲਿਸ ਮੁਕਾਬਲਿਆਂ ਵਿੱਚ ਮਾਰ ਕੇ ਸ਼ਹੀਦ ਕਰ ਦਿੱਤੇ ਗਏ ਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਨ੍ਹਾਂ ਦੇ ਚੋਰੀਓਂ ਹੀ ਸਸਕਾਰ ਕਰ ਦਿੱਤੇ ਗਏ। ਮਨੁੱਖੀ ਹੱਕਾਂ ਦੇ ਰਾਖੇ ਮਹਾਨ ਯੋਧੇ ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਲਾਸ਼ਾਂ ਦੀ ਪਛਾਣ ਕਰਕੇ ਦੱਸ ਦਿੱਤਾ ਕਿ ਇਹ ਕਿਸ ਦਾ ਪੁੱਤਰ ਹੈ, ਕਿਥੋਂ ਚੁਕਿਆ ਗਿਆ, ਕਿਥੇ ਸ਼ਹੀਦ ਕੀਤਾ ਗਿਆ ਇਸ ਦੇ ਸਸਕਾਰ ਲਈ ਕਿਥੋਂ ਲਕੜਾਂ ਲਈਆਂ ਗਈਆਂ ਤੇ ਕਿੱਥੇ ਸਸਕਾਰ ਕੀਤਾ ਗਿਆ। ਇਸ ਹਿੰਮਤ ਦੀ ਕੀਮਤ ਬੇਸ਼ੱਕ ਉਸ ਨੂੰ 25001ਵੀਂ ਲਾਸ਼ ਬਣ ਕੇ ਚੁਕਾਉਣੀ ਪਈ ਪਰ ਉਹ ਯੋਧਾ ਪੁੱਤਰਾਂ ਦੀ ਭਾਲ ਵਿਚ ਵਿਲਕਦੀਆਂ ਮਾਤਾਵਾਂ ਨੂੰ ਦੱਸ ਗਿਆ ਕਿ ਮਾਤਾਓ! ਹੁਣ ਸ਼ਹੀਦੀ ਗੁਰਪੁਰਬ ’ਤੇ ਗਏ ਪੁੱਤਰਾਂ ਦੀ ਭਾਲ ਛੱਡ ਦਿਓ, ਸਬਰ ਕਰ ਲਓ ਤੇ ਉਨ੍ਹਾਂ ਦੇ ਭੋਗ ਪਾ ਲਓ।

ਪ੍ਰੋ: ਧੂੰਦਾ ਨੇ ਕਿਹਾ ਜਿਸ ਇੱਟ ਨੇ, ਜਿਸ ਭਾਂਡੇ ਨੇ ਬਹੁਤਾ ਸੇਕ ਝੱਲਿਆ ਹੋਵੇ ਉਹ ਬਹੁਤਾ ਪੱਕਾ ਹੁੰਦਾ ਹੈ, ਇਸੇ ਤਰ੍ਹਾਂ ਸਿੱਖਾਂ ਨੇ ਵੀ ਬਥੇਰਾ ਸੇਕ ਝੱਲਿਆ ਹੈ, ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਤਵੀ ’ਤੇ ਬੈਠ ਕੇ ਸੇਕ ਝੱਲਿਆ, ਭਾਈ ਦਿਆਲਾ ਜੀ ਨੇ ਦੇਗ ਵਿੱਚ ਉਬਾਲੇ ਖਾ ਕੇ ਸੇਕ ਝੱਲਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾਈ ਗਈ ਫਿਰ ਸੇਕ ਝੱਲਿਆ, 1762 ਵਿੱਚ ਵੱਡੇ ਘਲੂਘਾਰੇ ਦੌਰਾਨ ਕਾਹਨੂੰਵਾਲ ਦੇ ਜੰਗਲਾਂ ਨੂੰ ਹੀ ਅੱਗ ਲਾ ਕੇ ਉਸ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ, ਫਿਰ 1984 ਵਿੱਚ ਬਥੇਰਾ ਸੇਕ ਝੱਲਿਆ, ਇਸ ਲਈ ਸਿੱਖ ਬਹੁਤ ਪੱਕ ਚੁੱਕੇ ਹਨ, ਇਹ ਤੁਹਾਡੇ ਮਾਰੇ ਮੁੱਕਣੇ ਨਹੀਂ।

1745 ਵਿੱਚ ਪਹਿਲਾ ਛੋਟਾ ਘਲੂਘਾਰਾ ਵਰਤਿਆ 1762 ਵਿੱਚ ਦੂਸਰਾ ਵੱਡਾ ਘਲੂਘਾਰਾ ਵਰਤਿਆ, 1984 ’ਚ ਤੀਜਾ ਤੇ ਚੌਥਾ ਘਲੂਘਾਰੇ ਵਰਤੇ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਦੂਸਰੇ ਪੱਥਰ ਵੀ ਮਾਰਨ ਤਾਂ ਦੁੱਖ ਨਹੀਂ ਹੁੰਦਾ ਪਰ ਆਪਣੇ ਫੁੱਲ ਵੀ ਮਾਰਨ ਤਾਂ ਦੁੱਖ ਹੁੰਦਾ ਹੈ ਪਰ ਇੱਥੇ ਤਾਂ ਆਪਣਿਆਂ ਨੇ ਦੁਸ਼ਮਣ ਵੀ ਮਾਤ ਪਾ ਦਿੱਤੇ ਹਨ। ਕੱਟੜ ਜਨੂੰਨੀ ਹਿੰਦੂਆਂ ਦੀ ਸਿੱਖ ਗੁਰੂਆਂ ਤੇ ਸਿੱਖਾਂ ਨਾਲ ਕੀਤੀ ਦੁਸ਼ਮਣੀ ਦਾ ਇਤਿਹਾਸ ਦੱਸਦਿਆਂ ਪ੍ਰੋ: ਧੂੰਦਾ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਬੇਸ਼ੱਕ ਜਹਾਂਗੀਰ ਦੇ ਹੁਕਮ ਨਾਲ ਹੋਈ ਪਰ ਉਨ੍ਹਾਂ ਦੀ ਸ਼ਹੀਦੀ ਲਈ ਜਹਾਂਗੀਰ ਨਾਲੋਂ ਵੱਧ ਜਿੰਮੇਵਾਰੀ ਨਕਸ਼ਬੰਦੀਆਂ ਤੇ ਚੰਦੂ ਦੀ ਸੀ ਇਸੇ ਲਈ ਜਹਾਂਗੀਰ ਨੂੰ ਤਾਂ ਬਾਅਦ ਵਿੱਚ ਜਦੋਂ ਇਸ ਗੱਲ ਦੀ ਸਮਝ ਆਈ ਉਨ੍ਹਾਂ ਨਾਲ ਗੁਰੂ ਸਾਹਿਬ ਇਕੱਠੇ ਵੀ ਫਿਰਦੇ ਰਹੇ ਹਨ ਪਰ ਚੰਦੂ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ ਗਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਵਜ਼ੀਰ ਖਾਂ ਤਾਂ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਵਲੋਂ ਹਾਅ ਦਾ ਮਾਰਿਆ ਨਾਹਰਾ ਸੁਣਨ ਪਿਛੋਂ ਸ਼ਾਇਦ ਪਿਘਲ ਜਾਂਦਾ ਪਰ ਉਸ ਨੂੰ ਸੁੱਚਾ ਨੰਦ ਨੇ ਇਹ ਕਹਿ ਕੇ ਮੁੜ ਤਿਆਰ ਕੀਤਾ ਕਿ ਇਹ ਸੱਪ ਦੇ ਬੱਚੇ ਹਨ, ਇਹ ਛੋਟੇ ਹੋਣ ਜਾਂ ਵੱਡੇ ਇਨ੍ਹਾਂ ਨੇ ਡੰਗ ਹੀ ਮਾਰਣਾ ਹੈ। ਪ੍ਰੋ. ਧੂੰਦਾ ਨੇ ਕਿਹਾ ਕਿ ਜਿਹੜਾ ਬਹੁਤਾ ਪੱਕਾ ਹੋਵੇ, ਜਿਹੜਾ ਜਿਆਦਾ ਕੀਮਤੀ ਹੀਰਾ ਹੋਵੇ, ਉਸ ਦੀ ਕੀਮਤ ਵੀ ਬਹੁਤੀ ਪੈਂਦੀ ਹੈ ਇਸੇ ਕਾਰਣ ਦੁਨੀਆਂ ਵਿੱਚ ਸਭ ਤੋਂ ਵੱਧ ਕੀਮਤ ਛੋਟੇ ਸਾਹਿਬਜ਼ਾਦਿਆਂ ਦੀ ਪਈ ਜਿਨ੍ਹਾਂ ਦੇ ਸਸਕਾਰ ਲਈ ਵੀ ਭਾਈ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਮੀਨ ਖਰੀਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top