Share on Facebook

Main News Page

ਮਿੱਟੀ ਤੋਂ ਘੋੜੇ, ਘੋੜੇ ਤੋਂ ਘੜੇ ਤਕ

ਸਦੀਆਂ ਪੁਰਾਣੇ ਇਤਹਾਸ ਤੇ ਨਜ਼ਰ ਮਾਰਿਆਂ ਪਤਾ ਚਲੱਦਾ ਹੈ ਕਿ ਮਨੁੱਖ ਨੂੰ ਹਮੇਸ਼ਾਂ ਹੀ ਅੰਬ ਦੀ ਗਿਟਕ ਦੀ ਤਰ੍ਹਾਂ ਚੂਪਿਆ ਹੀ ਗਿਆ ਹੈ, ਤੇ ਮਨੁੱਖਾ ਜੀਵ ਅੱਜ ਵੀ ਚੂਪਿਆ ਹੀ ਜਾ ਰਿਹਾ ਹੈ ਭਾਵੇਂ ਕੋਈ ਮੰਨੇ ਜਾਂ ਨਾ। ਜੀਜਸ ਕਰਾਇਸਟ ਨੇ ਮਨੁੱਖੀ ਹੱਕਾਂ ਦੀ ਬੁਲੰਦੀ ਦੀ ਗੱਲ ਕੀਤੀ ਤਾਂ ਜ਼ਮਾਨੇ ਦੀ ਸਰਕਾਰ ਨੇ ਉਸਦੀ ਜ਼ਬਾਨ ਬੰਦ ਕਰ ਦਿੱਤੀ। ਇਸ ਘਟਨਾ ਤੋਂ ਬਹੁਤ ਚਿਰ ਪਹਿਲਾਂ ਸੌਕਰਾਤ ਨੇ ਵੀ ਇਹੋ ਗੱਲ ਕੀਤੀ ਸੀ ਤਾਂ ਉਸਨੂੰ ਵੀ ਜ਼ਿੰਦਗੀ ਤੋਂ ਹੱਥ ਧੋਣੇ ਪਏ। ਇਹੋ ਗੱਲ ਜਦੋਂ ਸਿੱਖ ਗੁਰੂ ਸਹਿਬਾਨ ਨੇ ਕੀਤੀ ਤਾਂ ਉਨ੍ਹਾਂ ਨੂੰ ਵੀ ਤੱਤੀ ਤਵੀ ਤੇ ਬੈਠ ਕੇ ਸੜਨਾ ਪਿਆ, ਜਾਂ ਜ਼ਹਿਰ ਪਿਆਲਾ ਪਿਆ ਦਿੱਤਾ ਗਿਆ ਜਾਂ ਖੰਜਰ ਮਰਵਾ ਦਿੱਤਾ ਗਿਆ ਜਾਂ ਅੱਖਾਂ ਕੱਢ ਜੰਬੂਰਾਂ ਨਾਲ ਮਾਸ ਨੋਚ ਨੋਚ ਕੇ ਸਿੱਖ ਮਾਰ ਦਿੱਤੇ ਗਏ ਜਾਂ ਸਿੱਖਾਂ ਦੀਆਂ ਪੁਠੀਆਂ ਖੱਲਾਂ ਉਤਾਰ ਦਿੱਤੀਆਂ ਗਈਆਂ ਜਾਂ ਫਿਰ ਚਰਖੜੀਆਂ ਤੇ ਚਾੜ੍ਹ ਦਿੱਤੇ ਗਏ ਜਾਂ ਖੋਪਰ ਉਤਾਰ ਦਿੱਤੇ ਗਏ ਪਰ ਜ਼ਮਾਨੇ ਦੀ ਸਰਕਾਰ ਦੇ ਮੂਹਰੇ ਝੁਕਿਆ ਕੋਈ ਇਕ ਵੀ ਨਹੀਂ। ਇਹ ਸਾਰਾ ਕੁੱਝ ਉਸੇ ਮੁਲਕ ਵਿਚ ਵਾਪਰਿਆ ਜਿਸ ਮੁਲਕ ਵਿਚ ਮਨੁੱਖ ਨੂੰ ਆਪਣੀ ਕਮਰ ਸਿੱਧੀ ਕਰਕੇ ਤੁਰਨ ਦੀ ਅਜ਼ਾਦੀ ਨਹੀਂ ਸੀ।
ਸਮੇਂ ਨੇ ਕਰਵਟ ਬਦਲੀ। ਗੁਰੂ ਸਹਿਬਾਨ ਨੇ ਆਪਣੀ ਵੀਚਾਰਧਾਰਾ ਨਾਲ ਮਨੁੱਖਾ ਸੋਚ ਨੂੰ ਬਦਲ ਕੇ ਰੱਖ ਦਿੱਤਾ। ਓਹੀ ਮਨੁੱਖ, ਜਿਹੜਾ ਕਦੇ ਆਪਣੀ ਕਮਰ ਸਿੱਧੀ ਕਰਕੇ ਤੁਰਨ ਦਾ ਹੱਕਦਾਰ ਨਹੀ ਸੀ ਸਮਝਿਆ ਜਾਂਦਾ, ਓਹੀ ਮਨੁੱਖ ਅੱਜ ਆਪਣੀ ਕਮਰ ਤਾਂ ਸਿੱਧੀ ਕਰਕੇ ਤੁਰਦਾ ਹੀ ਤੁਰਦਾ ਹੈ ਨਾਲ ਨਾਲ ਆਪਣੇ ਹੱਥ ਵਿਚ ਬਰਛਾ ਜਾਂ ਤਲਵਾਰ ਵੀ ਆਪਣੇ ਹੱਕਾਂ ਦੀ ਰਾਖੀ ਲਈ ਰੱਖਣ ਲੱਗ ਪਿਆ ਹੈ। ਇਨ੍ਹਾਂ ਲੋਕਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਚਾਰ ਯੁੱਧਾਂ ਵਿਚ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਭੰਗਾਣੀ ਦੇ ਯੁੱਧ ਵਿਚ ਇਨ੍ਹਾਂ ਹੀ ਨਾਈਆਂ, ਝਿਉਰਾਂ, ਛੀਂਬਿਆਂ ਅਤੇ ਕਮੀਣ-ਜਾਤ ਸਮਝੇ ਜਾਂਦੇ ਲੋਕਾਂ ਦੇ ਹੜ ਨੇ, ਜਿਹੜੇ ਹਿੰਦੂ ਰਾਜੇ ਆਪਣੇ ਆਪ ਨੂੰ ਪੁਸ਼ਤੋ-ਪੁਸ਼ਤੀ ਤੇਗ ਦੇ ਧਨੀ ਅਤੇ ਜਰਵਾਣੇ ਸਮਝਦੇ ਸਨ, ਨੂੰ ਭਾਜੜਾਂ ਪਾਈਆਂ।

ਆਖਰ ਬੰਦਾ ਸਿੰਘ ਬਹਾਦਰ ਦਾ ਵੇਲਾ ਆਇਆ। ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਮਾਸੂਮ ਬੱਚਿਆਂ ਦੇ ਕਤਲ ਦੀਆਂ ਖਬਰਾਂ ਨੇ ਆਮ ਜਨਤਾ ਵਿਚ ਰੋਹ ਭਰਿਆ ਹੋਇਆ ਸੀ। ਜੇ ਲੋੜ ਸੀ ਤਾਂ ਸਿਰਫ ਇਕ ਲੀਡਰ ਦੀ। ਬੰਦਾ ਸਿੰਘ ਦੇ ਇਕ ਫੁਰਮਾਣ ਜਾਰੀ ਕਰਨ ਤੇ ਲੋਕ ਵਹੀਰਾਂ ਘੱਤ ਸਰਹਿੰਦ ਵੱਲ ਚੱਲ ਪਏ। ਨਾ ਕੋਈ ਵਧੀਆ ਸ਼ੱਸ਼ਤਰ ਹੈ ਤੇ ਨਾ ਹੀ ਕੋਈ ਵਧੀਆ ਕਿਸਮ ਦੀ ਸਿਖਲਾਈ। ਸਰਹਿੰਦ ਦੇ ਆਲੇ ਦੁਆਲੇ ਨੂੰ ਸੋਧਣ ਤੋਂ ਬਾਅਦ ਚੱਪੜ-ਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ, ਵਜ਼ੀਦ ਖਾਨ ਨਾਲ ਆਹਮਣੇ-ਸਾਹਮਣੇ ਟੱਕਰ ਹੋਈ, ਬਾਜ ਸਿੰਘ ਨੇ ਵਜ਼ੀਦ ਖਾਨ ਦਾ ਸਿਰ ਤਲਵਾਰ ਦੇ ਇਕੋ ਝਟਕੇ ਨਾਲ ਵੱਢ ਦਿੱਤਾ। ਉਸ ਦੀ ਲਾਸ਼ ਨੂੰ ਸਰਹਿੰਦ ਦੀਆਂ ਗਲੀਆਂ ਵਿਚ ਰੋਲਿਆ ਗਿਆ। ਕੰਮੀ ਲੋਕਾਂ ਨੂੰ ਜਿਤੇ ਹੋਏ ਇਲਾਕਿਆਂ ਦੇ ਥਾਨੇਦਾਰ ਤੇ ਸੂਬੇਦਾਰ ਥਾਪ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੂੰ ਇਹ ਪਤਾ ਹੈ ਕਿ ਸਾਡੇ ਕੋਲ ਇਤਨੀ ਤਾਕਤ ਨਹੀਂ ਕਿ ਅਸੀਂ ਦਿੱਲੀ ਦਰਬਾਰ ਨਾਲ ਮੁਕਾਬਲਾ ਕਰ ਪਾਵਾਂਗੇ। ਇਸ ਗੱਲ ਦੇ ਬਾਵਜੂਦ ਵੀ ਜਦੋਂ ਕਿਸੇ ਕੌਮ ਨੇ ਹੋਂਦ ਵਿਚ ਆਉਣਾ ਹੈ ਤਾਂ ਇਨ੍ਹਾਂ ਮੁਸ਼ਕਲਾਂ ਵਿਚੋਂ ਦੀ ਲੰਘਣਾ ਤਾਂ ਪਵੇਗਾ ਹੀ।

ਬਹਾਦਰ ਸ਼ਾਹ ਨੇ ਦੱਖਣ ਤੋਂ ਰਾਜਸਥਾਨ ਵੱਲ ਦੀ ਹੁੰਦੇ ਹੋਏ ਪੰਜਾਬ ਨੂੰ ਮੋੜਾ ਖਾਦਾ। ਮੁਗਲੀਆ ਸਾਰਕਾਰ ਨੇ ਆਪਣੀ ਲੱਖ-ਸਵਾ ਲੱਖ ਕੁੱਲ ਫੌਜ ਵਿਚੋਂ 80 ਹਜਾਰ ਫੌਜ ਬੰਦਾ ਸਿੰਘ ਬਹਾਦਰ ਤੇ ਉਸ ਦੇ ਵਫਾਦਾਰਾਂ ਨੂੰ ਖਤਮ ਕਰਨ ਤੇ ਲਾ ਦਿੱਤੀ। ਫਿਰ ਵੀ ਕਮੀਨੀਆਂ ਜਾਤਾਂ ਵਿਚੋਂ ਸਜੇ ਸਿੰਘਾਂ ਸਰਦਾਰਾਂ ਨੇ ਤਕਰੀਬਨ ਅੱਠ ਸਾਲਾਂ ਤਕ ਮੁਗਲੀਆ ਸਰਕਾਰ ਨੂੰ ਵਖਤ ਪਾਈ ਰੱਖਿਆ। ਆਖਰ ਨੂੰ ਭੁੱਖ ਦੇ ਨਿਰਬਲ ਅਤੇ ਬਿਮਾਰੀਆਂ ਦੇ ਨਿਢਾਲ ਕੀਤੇ ਹੋਏ ਦੋ ਢਾਈ ਸੌ ਸਿੱਖਾਂ ਨੂੰ ਕੱਥੂ-ਨੰਗਲ ਦੀ ਗੜੀ ਵਿਚੋਂ ਫੜ ਲਿਆ ਗਿਆ। ਇਨ੍ਹਾਂ ਦੀ ਗਿਣਤੀ ਨੂੰ ਚੋਖਾ ਕਰਨ ਲਈ ਦਿੱਲੀ ਤਕ ਜਾਂਦਿਆਂ ਜਾਂਦਿਆਂ ਰਸਤੇ ਵਿਚੋਂ ਕੋਈ 500 ਦੇ ਕਰੀਬ ਨਿਹੱਥੇ ਤੇ ਬੇਦੋਸ਼ੇ ਲੋਕਾਂ ਨੂੰ ਫੜ ਕੇ ਨਾਲ ਰਲਾ ਲਿਆ ਗਿਆ। ਵੇਖੋ ਕਮਾਲ! ਸਹਿਬੇ ਕਮਾਲ ਦੇ ਸਾਜੇ ਇਕ ਵੀ ਸਿੱਖ ਨੇ, ਸਾਹਮਣੇ ਖੜੀ ਤਸੀਹਿਆਂ ਭਰੀ ਮੌਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਵੀ, ਇਸ ਮੁਲੀਆ ਸਰਕਾਰ ਦੇ ਸਾਹਮਣੇ ਗੋਡੇ ਨਹੀਂ ਟੇਕੇ।

ਜਕਰੀਆਂ ਖਾਨ ਤੋਂ ਬਾਅਦ ਜ਼ਾਲਮ ਮੀਰ ਮੰਨੂੰ ਦਾ ਵੇਲਾ ਆਇਆ। ਰਾਤ ਨੂੰ ਗੁਰਬਾਣੀ ਦਾ ਪਾਠ ਕਰਦੀਆਂ ਸਿੱਖ ਬੀਬੀਆਂ ਨੂੰ ਪਕੜ ਲਿਆ ਗਿਆ। ਖੰਨੀ ਖੰਨੀ ਟੁੱਕ ਤੇ ਇਕ ਇਕ ਪਿਆਲਾ ਪਾਣੀ ਦਾ ਪੀਣ ਨੂੰ ਪਰ ਪੀਸਣ ਨੂੰ ਸਵਾ ਮਣ ਕੱਚਾ ਪੀਸਣ। ਇਹ ਜ਼ਾਲਮ, ਜਿਹੜੀਆਂ ਔਰਤਾਂ ਤੋਂ ਇਤਨਾ ਪੀਸਣ ਪੀਸਿਆ ਨਹੀਂ ਜਾਂਦਾ ਸੀ, ਉਨ੍ਹਾਂ ਦੀਆਂ ਛਾਤੀਆਂ ਤੇ ਸਵਾ ਮਣ ਕੱਚੇ ਦਾ ਪੱਥਰ ਰੱਖ ਦਿੰਦਾ ਸੀ। ਇਤਨਾ ਕਸ਼ਟ ਕਰਨ ਦੇ ਬਾਵਜੂਦ ਵੀ ਇਨ੍ਹਾਂ ਸਿੱਖ ਬੀਬੀਆਂ ਨੇ ਹਾਰ ਨਹੀਂ ਮੰਨੀ। ਕੋਈ ਇਕ ਵੀ ਬੀਬੀ ਇਸਦੀ ਬੇਗਮ ਬਣਨ ਨੂੰ ਤਿਆਰ ਨਹੀਂ ਹੋਈ।

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥1॥ {ਪੰਨਾ 14}

ਜੇਕਰ ਉਹ ਹਾਰ ਮੰਨ ਜਾਂਦੀਆਂ ਤਾਂ ਮਹਿਲੀਂ ਵਾਸਾ ਅਵੱਸ਼ ਸੀ। ਮੋਤੀਆਂ ਨਾਲ ਜੜੇ ਮਹਿਲ ਨਜਰੀਂ ਆ ਰਹੇ ਹਨ। ਪਲੰਘ ਸੌਣ ਨੂੰ ਦਿਸ ਰਹੇ ਹਨ। ਕਸਤੂਰ, ਕੁੰਗੂ ਤੇ ਚੰਦਨ ਦੀ ਸੁਗੰਧੀ ਨਜਰੀਂ ਪੈ ਰਹੀ ਹੈ। ਪਰ ਗੁਰੂ ਪਿਆਰਿਓ! ਇੱਥੇ ਇਸ਼ਕ ਹਕੀਕੀ ਦੀ ਗੱਲ ਹੈ। ਗੁਰੂ ਦੇ ਪਿਆਰ ਵਿਚ ਭਿਜੀਆਂ ਹੋਈਆਂ ਔਰਤਾਂ ਵੀ ਮੌਤ ਨੂੰ ਕਲੋਲਾਂ ਕਰ ਰਹੀਆਂ ਹਨ। ਆਪਣੇ ਕੋਮਲ ਜਿਹੇ ਬੱਚੇ ਦੇ ਟੁਕੜੇ ਕਰਵਾ ਕੇ ਆਪਣੇ ਗਲ ਵਿਚ ਹਾਰ ਪੁਆਉਣਾ ਤਾਂ ਸਵੀਕਾਰ ਕਰਦੀਆਂ ਹਨ ਪਰ ਮੀਰ ਮੰਨੂੰ ਦੀ ਗੁਲਾਮੀ ਜਾਂ ਬੇਗਮ ਬਣਨਾ ਸਵੀਕਾਰ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਨੂੰ ਰੰਗ ਗੁਰੂ ਦਾ ਚੜ੍ਹਿਆ ਹੋਇਆ ਹੈ।

ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥9॥ ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥ ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥10॥2॥ {ਪੰਨਾ 235}

ਹੁਣ ਸਰਦਾਰੀਆਂ ਦੇ ਚਮਕਣ ਦਾ ਵੇਲਾ ਆਇਆ। ਜਿਹੜੇ ਕਵੀ ਤੇ ਲਿਖਾਰੀ ਲੋਕ ਸਰਦਾਰਾਂ ਨੂੰ ਸੱਗ (ਕੁੱਤੇ) ਕਰਕੇ ਲਿਖਦੇ ਸਨ ਹੁਣ ਉਹ ਇਨ੍ਹਾਂ ਕੋਲ ਆ ਕੇ ਨੌਕਰੀਆਂ ਕਰਨ ਲੱਗ ਪਏ ਤੇ ਇਨ੍ਹਾਂ ਹੀ ਲੋਕਾਂ ਦੀਆਂ ਲਿਖਤਾਂ ਵਿਚ ਸੱਗ ਕਹੇ ਜਾਣ ਵਾਲੇ ਲੋਕ ਸਰਦਾਰ ਬਣ ਗਏ। ਅਸਲ ਵਿਚ ਇਹ ਸੀ ਕਰਤੇ ਦੀ ਉਸਤੱਤ ਦਾ ਪ੍ਰਤੱਖ ਸਬੂਤ, ਇਹ ਸੀ ਬਾਣੀ ਦੀ ਕਰਾਮਾਤ, ਇਹ ਸੀ ਗੁਰੂ ਉਪਦੇਸ਼ ਦਾ ਕਮਾਲ। ਮਿਸਲਾਂ ਵੇਲੇ ਤਕ ਖਾਲਸਾ ਜਿਉਂ ਦਾ ਤਿਉਂ ਰਿਹਾ।

ਸੋ ਡਰੈ ਜਿ ਪਾਪ ਕਮਾਵਦਾ, ਧਰਮੀ ਵਿਗਸੇਤੁ ॥ ਤੂੰ ਸਚਾ ਆਪਿ ਨਿਆਉ ਸਚੁ, ਤਾ ਡਰੀਐ ਕੇਤੁ ॥ ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥5॥ {ਪੰਨਾ 84}

ਜਿਉਂ ਜਿਉਂ ਖਾਲਸਾ ਰਾਜ ਸਥਾਪਤ ਹੋਇਆ ਨਾਲ ਨਾਲ ਰਾਜਭਾਗ ਦੀਆਂ ਨਿਆਮਤਾਂ ਤੇ ਅਲਾਹਮਤਾਂ ਵੀ ਮਿਲਦੀਆ ਗਈਆਂ। ਸਰਦਾਰ ਸ਼ਰਾਬ ਵਿਚ ਮਸਤ ਹੋ ਗਏ। ਡੋਗਰੇ ਸਿੱਖ ਰਾਜ ਨੂੰ ਖਤਮ ਕਰਨ ਵਿਚ ਖੁੱਭ ਗਏ। ਸਰਦਾਰ ਸਰਦਾਰਾਂ ਨੂੰ ਮਾਰਨ ਵਿਚ ਜੁੱਟ ਗਏ ਡੋਗਰੇ ਖਾਲਸਾ ਰਾਜ ਨੂੰ ਖਤਮ ਕਰਨ ਦੀਆਂ ਗੋਂਦਾ ਗੁੰਦਣ ਵਿਚ ਮਘਨ ਹੋ ਗਏ। 330 ਸਾਲਾਂ ਦੀ ਗੁਰੂ ਸਹਿਬਾਨ ਤੇ ਸਿੱਖਾਂ ਦੀ ਮਿਹਨਤ ਨਾਲ ਕਾਇਮ ਕੀਤਾ ਰਾਜਭਾਗ 50 ਸਾਲਾਂ ਦੀ ਸਰਦਾਰੀ ਤੋਂ ਬਾਅਦ, ਦੂਰਅੰਦੇਸ਼ੀ ਤੋਂ ਸੱਖਣੇ ਰਾਜੇ ਰਣਜੀਤ ਸਿੰਘ ਦੇ ਪੁੱਤਰ ਮੋਹ ਤੇ ਪ੍ਰੀਵਾਰਕ ਰਾਜ ਨੂੰ, ਜਿਸ ਨੂੰ ਬੋਲਣ ਵਿਚ ਤਾਂ ਖਾਲਸਾ ਰਾਜ ਹੀ ਕਿਹਾ ਜਾਂਦਾ ਸੀ, ਖਤਮ ਕਰ ਦਿੱਤਾ ਗਿਆ ਗਿਆ।

ਖਾਲਸਾ ਰਾਜ ਤੋਂ ਬਾਅਦ ਸਿੱਖ ਫਿਰ ਯਤੀਮ ਹੋ ਗਿਆ। ਗੋਰੇ ਨੂੰ ਪਤਾ ਸੀ ਕਿ ਜੇ ਕਰ ਮੈਂ ਭਾਰਤ ਤੇ ਲੰਮਾ ਸਮਾ ਰਾਜਭਾਜ ਕਾਇਮ ਰੱਖਣਾ ਚਾਹੁੰਦਾ ਹਾ ਤਾਂ ਮੈਨੂੰ ਸੱਭ ਤੋਂ ਪਹਿਲਾ ਸਿੱਖਾਂ ਵਿਚੋਂ ਸਿੱਖੀ ਖਤਮ ਕਰਨੀ ਪਵੇਗੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਸਨੇ ਪੰਜਾਬ ਵਿਚ ਸੰਤ ਪੈਦਾ ਕੀਤੇ। ਅਤਰ ਸਿੰਘ ਨਾਮ ਦੇ ਪੰਜ ਵਿਆਕਤੀ ਫੋਜ ਵਿੱਚ ਸਿਖਲਾਈ ਦੇ ਕੇ ਮਸਤੂਆਣੇ, ਰੇਰੂ ਸਾਹਿਬ, ਅਤਲੇ, ਘੁਣਸਾਂ ਅਤੇ ਜਲਾਲਾਬਾਦ ਪੱਛਮੀ ਵਿਚ ਲਾ ਦਿੱਤੇ। ਇੱਥੇ ਹੀ ਬਸ ਨਹੀਂ ਪਾਤਸ਼ਾਹ ਪੂਰਨ ਸਿੰਘ ਜੇਠੂਵਾਲ ਵਾਲਾ, ਜਵਾਲਾ ਸਿੰਘ ਹਰਖੋਵਾਲ, ਕਰਮ ਸਿੰਘ ਹੋਤੀ ਮਰਦਾਨ, ਜੈਮਲ ਸਿੰਘ ਬਿਆਸਾ ਵਾਲਾ, ਵੀਰ ਸਿੰਘ ਨੌਰੰਗਾਬਾਦੀ, ਹਰਨਾਮ ਸਿੰਘ ਰਾਮਪੁਰ ਖੇੜਾ ਅਤੇ ਕਰਤਾਰ ਸਿੰਘ ਕਲਾਸ ਵਾਲਾ, “ਖੜਗਕੇਤ ਪ੍ਰਕਾਸ਼” ਇਹ ਸਾਰੇ ਫੋਜੀ ਸਨ, ਇਨ੍ਹਾਂ ਨੇ ਵੀ ਇਹੀ ਕੰਮ ਕੀਤਾ। ਇਨ੍ਹਾਂ ਨੇ ਸਾਡੇ ਹੱਥਾਂ ਵਿਚੋਂ ਹਥਿਆਰ ਛੱਡਵਾ ਦਿੱਤੇ, ਸਵੈ ਰੱਖਿਆ ਵਾਲਾ ਸਾਡਾ ਸੁਭਾਓ ਖਤਮ ਕਰ ਦਿੱਤਾ, ਸਾਡੀ ਵਰਦੀ ਦਾ ਰੰਗ ਸੁਰਮਈ ਦੀ ਥਾਂ ਚਿੱਟਾ ਕਰ ਦਿੱਤਾ ਤੇ ਅਸੀਂ ਕਿਰਤ ਤੋਂ ਵਾਂਝੇ ਹੋ ਗਏ। ਮੁਕਦੀ ਗੱਲ ਕਿ ਅਸੀਂ ਨਿਪੁੰਸਕ ਕਰ ਦਿੱਤੇ ਗਏ।

ਅੱਜ ਪੰਜਾਬ ਦਾ ਸਰਦਾਰ ਨਸ਼ਿਆਂ ਵਿਚ ਗਰਕ ਇਨ੍ਹਾਂ ਸਾਧਾਂ ਦੀ ਬਦੌਲਤ ਹੈ, ਅੱਜ ਪੰਜਾਬ ਦਾ ਜੱਟ ਕਰਜਈ ਇਨ੍ਹਾਂ ਸਾਧਾਂ ਦੀ ਬਦੌਲਤ ਹੈ ਤੇ ਜੇ ਅੱਜ ਪੰਜਾਬ ਦੀ ਜਵਾਨੀ ਨਿਪੁੰਸਕ ਹੈ ਤਾਂ ਉਹ ਵੀ ਇਨ੍ਹਾਂ ਸਾਧਾਂ ਕਰਕੇ ਤੇ ਜੇ ਅੱਜ ਪੰਜਾਬਣਾਂ ਪੰਜਾਬ ਵਿਚੋਂ ਭੱਜ ਕੇ ਹੋਰ ਸੂਬਿਆਂ ਦੇ ਲੜਕਿਆਂ ਨਾਲ ਵਿਆਹ ਕਰਵਾ ਰਹੀਆਂ ਹਨ ਤਾਂ ਉਹ ਵੀ ਇਨ੍ਹਾਂ ਸਾਧਾਂ ਕਰਕੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਰ ਇਹ ਸਾਧ ਚੰਗੇ ਹਨ ਤਾਂ ਇਨ੍ਹਾਂ ਦੀ ਸਿਖਿਆ ਨਾਲ ਗੁੜਿਆ ਪੰਜਾਬੀ ਕਿਉਂ ਕੂੜੇ ਦੀ ਢੇਰੀ ਹੋ ਗਿਆ ਹੈ? ਪੰਜਾਬੀਆਂ ਵਿਚੋਂ ਭਰਾਤਰੀ ਭਾਵ ਕਿਉਂ ਖਤਮ ਹੋ ਗਿਆ ਹੈ? ਪੰਜਾਬੀ ਆਪਣੀ ਇਜਤ ਕਿਉਂ ਮਿੱਟੀ ਵਿਚ ਰੋਲ ਰਿਹਾ ਹੈ? ਆਪਣੀ ਔਲਾਦ ਨੂੰ ਸਾਂਭਣ ਵਿਚ ਕਿਉਂ ਅਸਫਲ ਹੈ? ਇਸ ਖਿਤੇ ਦੇ ਮਨੁੱਖ ਨੂੰ ਹੀ ਨਹੀਂ ਬਲਕਿ ਪੂਰੇ ਏਸ਼ੀਆ ਦੇ ਮਨੁੱਖ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪੈਦਲ ਚੱਲ ਕੇ, ਆਪਣਾ ਉਪਦੇਸ਼ ਦੇ ਕੇ ਸਮਝਾਇਆ ਸੀ ਕਿ ‘ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥1॥ {ਪੰਨਾ 156}’ ਬੰਦਿਆ ਉੱਠ ਮਿੱਟੀ ਨਾਲ ਮਿੱਟੀ ਨਾ ਹੋ, ਆਪਣੇ ਹੱਕਾਂ ਦੀ ਰਾਖੀ ਲਈ ਲੜਾਈ ਤੈਨੂੰ ਆਪ ਲੜਨੀ ਪੈਣੀ ਹੈ, ਤਲਵਾਰ ਤੈਨੂੰ ਆਪ ਚੁੱਕਣੀ ਪੈਣੀ ਹੈ, ਘੋੜੇ ਦੀ ਕਾਠੀ ਤੇ ਤੈਨੂੰ ਬੈਠਣਾ ਪੈਣਾ ਹੈ, ਨਸ਼ੇ ਤੈਨੂੰ ਆਪ ਛੱਡਣੇ ਪੈਣੇ ਹਨ। ਪਰ ਇਨ੍ਹਾਂ ਸਾਧਾਂ ਤੇ ਉਪਦੇਸ਼ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਭੁਲਾ ਕੇ ਅੱਜ ਫਿਰ ਓਹੀ ਬੰਦਾ ਨਸ਼ੇ ਦੇ ਘਵੇ ਵਿਚ ਡੁੱਬ ਚੁਕਿਆ ਹੈ।

ਗੁਰਚਰਣ ਸਿੰਘ ਜਿਊਣਵਾਲਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top