Share on Facebook

Main News Page

ਬਾਬਾ ਰਾਮਦੇਵ ਵੱਲੋਂ ਆਪਣੀ ਫ਼ੌਜ ਭਰਤੀ ਕਰਨ ਦਾ ਐਲਾਨ, ਧਿਆਨ ਮੰਗਦੈ

ਆਖ਼ਰ ਬਾਬਾ ਰਾਮਦੇਵ ਨੇ ਉਹ ਐਲਾਨ ਕਰ ਹੀ ਦਿੱਤੈ ਜਿਸ ਦਾ ਖਦਸ਼ਾ ਸਾਨੂੰ ਬਹੁਤ ਸਮਾਂ ਪਹਿਲਾਂ ਤੋਂ ਹੀ ਸੀ। ਹਰਿਦੁਆਰ 'ਚ ਬਾਬਾ ਰਾਮਦੇਵ ਨੇ ਐਸਾ ਐਲਾਨ ਕੀਤਾ ਹੈ ਜਿਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦੈ ਅਤੇ ਜਿਸ ਦੇ ਸੰਦਰਭ ਵਿਚ ਬਾਬੇ ਦੀਆਂ ਗਤੀਵਿਧੀਆਂ ਨੂੰ ਅੰਧ-ਸ਼ਰਧਾ ਦੀ ਐਨਕ ਲਾਹ ਕੇ ਵਾਚਨ ਤੇ ਸਮਝਣ ਦੀ ਲੋੜ ਹੈ। ਖ਼ਬਰਾਂ ਦੇ ਮੁਤਾਬਿਕ 'ਬਾਬਾ' ਰਾਮਦੇਵ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਦਮਨ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਮਾਕੂਲ ਜਵਾਬ ਦੇਣਗੇ। ਸਰਕਾਰ ਨਾਲ 'ਟੱਕਰ' ਲੈਣ ਲਈ ਬਾਬੇ ਨੇ ਹੁਣ ਆਪਣੀ ਫ਼ੌਜ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫ਼ੌਜ ਵਿਚ 11 ਹਜ਼ਾਰ ਸੈਨਿਕ ਹੋਣਗੇ ਅਤੇ ਇਸ ਦੀ ਭਰਤੀ ਦੇਸ਼ ਦੇ ਸਭ ਜ਼ਿਲ੍ਹਿਆਂ ਤੋਂ ਕੀਤੀ ਜਾਵੇਗੀ। ਰਾਮਦੇਵ ਮੁਤਾਬਿਕ ਜੇ ਲੋੜ ਪਈ ਤਾਂ ਇਹ ਨਫਰੀ 11 ਲੱਖ ਵੀ ਹੋ ਸਕਦੀ ਹੈ। ਬਾਬੇ ਦਾ ਸੁਨੇਹਾ ਹੈ ਕਿ ਇਨ੍ਹਾਂ ਫ਼ੌਜੀਆਂ ਨੂੰ ਸ਼ਾਸ਼ਤਰ ਤੇ ਸ਼ਸ਼ਤਰ ਦੀ ਸਿੱਖਿਆ ਦਿੱਤੀ ਜਾਵੇਗੀ। ਨਿਰਪੱਖ ਦ੍ਰਿਸ਼ਟੀਕੋਣ ਤੋਂ ਵੇਖਿਆਂ ਬਾਬਾ ਰਾਮਦੇਵ ਦਾ ਇਹ ਕਦਮ ਬੇਹੱਦ ਖਤਰਨਾਕ ਹੈ। ਬੇਸ਼ੱਕ ਇਸ ਨੂੰ 'ਸਟੇਟ' ਵਿਰੁੱਧ ਬਗਾਵਤ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ ਭਵਿੱਖ ਵਿਚ ਬਾਬੇ ਦੇ ਸੇਵਕ ਪਸੀਨੇ ਦੇ ਨਾਲ ਨਾਲ ਖ਼ੂਨ ਵੀ ਵਹਾ ਸਕਦੇ ਹਨ। ਸਵਾਲ ਹੈ ਕਿ ਕੀ ਕਿਸੇ ਨੂੰ ਏਨੀ ਖੁੱਲ੍ਹ ਦਿੱਤੀ ਜਾ ਸਕਦੀ ਹੈ ਕਿ ਉਹ ਆਪਣੀ ਫੌਜ ਭਰਤੀ ਕਰਕੇ ਦੇਸ਼ ਦੀ ਸੈਨਾ ਨਾਲ ਟੱਕਰ ਲੈਣ ਦਾ ਐਲਾਨ-ਇ-ਬਗਾਵਤ ਕਰੇ।

ਪਿਛਲੇ ਦਿਨਾਂ ਦੇ ਘਟਨਾਕ੍ਰਮ ਵਿਚੋਂ ਬਾਬਾ ਰਾਮਦੇਵ ਦੀ ਸਖ਼ਸੀਅਤ ਦੇ ਅਸਲ ਦਰਸ਼ਨ ਹੋ ਜਾਂਦੇ ਹਨ (ਅਤੇ ਉਹ ਹਰ ਕਿਸੇ ਨੂੰ ਕਰਨੇ ਚਾਹੀਦੇ ਹਨ)। ਭ੍ਰਿਸ਼ਟਾਚਾਰ ਅਤੇ ਵਿਦੇਸ਼ੀ ਬੈਂਕਾਂ ਵਿਚ ਪਏ ਕਾਲੇ ਧਨ ਨੂੰ ਦੇਸ਼ ਵਾਪਸ ਲਿਆਉਣ ਦੇ ਮੁੱਦੇ 'ਤੇ ਬਾਬਾ ਰਾਮਦੇਵ ਦਿੱਲੀ ਦੇ ਰਾਮਲ੍ਹੀਲਾ ਮੈਦਾਨ ਵਿਚ ਭੁੱਖ ਹੜਤਾਲ ਦਾ ਐਲਾਨ ਕਰਦੇ ਹਨ। ਉਸ ਤੋਂ ਪਹਿਲਾਂ ਸਰਕਾਰ ਦੇ ਪ੍ਰਭਾਵਸ਼ਾਲੀ ਬਾਬੇ ਨੂੰ ਮਨਾਉਣ ਲਈ ਡੰਡੌਤ ਕਰਦੇ ਹਨ। ਦੋਹਾਂ ਧਿਰਾਂ ਵਿਚ ਬਾਬੇ ਦੀਆਂ ਕਈ ਮੰਗਾਂ 'ਤੇ ਸਹਿਮਤੀ ਬਣ ਜਾਂਦੀ ਹੈ। ਬਾਬਾ ਤੇ ਉਸ ਦਾ ਸਹਿਯੋਗੀ ਬਾਲ ਕ੍ਰਿਸ਼ਨ ਸਰਕਾਰ ਨੂੰ ਲਿਖਕੇ ਦੇ ਦਿੰਦੇ ਹਨ ਕਿ ਉਹ 4 ਜੂਨ ਨੂੰ ਭੁੱਖ ਹੜਤਾਲ ਖ਼ਤਮ ਕਰ ਦੇਣਗੇ। ਪਰ ਅਜਿਹਾ ਨਹੀਂ ਕਰਦੇ। ਸਰਕਾਰ ਦਾ ਇੱਕ ਮੰਤਰੀ ਕਪਿਲ ਸਿੱਬਲ ਬਾਬੇ ਵੱਲੋਂ ਲਿਖੀ ਚਿੱਠੀ ਮੀਡੀਏ ਸਾਹਮਣੇ ਨਸ਼ਰ ਕਰ ਦਿੰਦਾ ਹੈ। ਜਿਸ 'ਤੇ ਬਾਬਾ ਬਿਫਰ ਜਾਂਦਾ ਹੈ। ਸਰਕਾਰ 'ਤੇ ਵਾਅਦਾ ਖਿਲਾਫੀ ਦਾ ਦੋਸ਼ ਆਇਦ ਕਰਦਾ ਹੈ। ਵਾਅਦਾ ਕੀ ਸੀ? ਚਿੱਠੀ ਗੁਪਤ ਰੱਖਣ ਦਾ! ਮੰਨਿਆ ਕਿ ਸਰਕਾਰ ਨੇ ਇਹ ਚਿੱਠੀ ਨਸ਼ਰ ਕਰਕੇ ਲੋਕਾਂ ਵਿਚ ਬਾਬਾ ਰਾਮਦੇਵ ਦੀ ਇਮੇਜ਼ ਖਰਾਬ ਕਰਨ, ਉਨ੍ਹਾਂ ਪ੍ਰਤੀ ਵਿਸ਼ਵਾਸ ਘਟਾਉਣ ਦੀ ਚਾਲ ਚੱਲੀ।

ਪਰ ਸਵਾਲ 'ਬਾਬਾ ਜੀ' ਦੀ ਕਾਰਜਸ਼ੈਲੀ 'ਤੇ ਵੀ ਉੱਠਦਾ ਹੈ। ਜੇਕਰ ਉਹਨਾਂ ਨੇ ਸਰਕਾਰ ਨਾਲ ਕੋਈ ਲਿਖਤੀ 'ਸੌਦਾ' ਜਾਂ ਵਾਅਦਾ ਕੀਤਾ ਸੀ ਤਾਂ ਉਨ੍ਹਾਂ ਲੱਖਾਂ ਲੋਕਾਂ ਨੂੰ ਉਹਦੇ ਬਾਰੇ ਤੁਰੰਤ ਸਾਫ ਸਾਫ ਦੱਸਿਆ ਜਾਣਾ ਚਾਹੀਦਾ ਸੀ ਜਿਹੜੇ ਬਾਬਾ ਰਾਮਦੇਵ 'ਤੇ ਅੰਨ੍ਹਾਂ ਵਿਸ਼ਵਾਸ ਕਰਕੇ ਦੇਸ਼ ਭਰ ਵਿਚੋਂ ਦਿੱਲੀ ਪੁੱਜੇ ਸਨ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਉਨ੍ਹਾਂ ਦੀ ਆਵਾਜ਼ ਨਾਲ ਆਵਾਜ਼ ਮਿਲਾ ਰਹੇ ਸਨ, ਉਨ੍ਹਾਂ ਦਾ ਸਮਰਥਨ ਕਰ ਰਹੇ ਸਨ। ਪਰ ਨਹੀਂ-ਬਾਬੇ ਨੇ ਇੰਜ ਨਹੀਂ ਕੀਤਾ। ਸਗੋਂ ਚਿੱਠੀ ਨਸ਼ਰ ਹੋਣ 'ਤੇ ਅੱਗ ਬਗੂਲਾ ਹੋ ਉੱਠਿਆ। ਗੁੱਸੇ 'ਤੇ ਬਾਬੇ ਦਾ ਕਾਬੂ ਨਹੀਂ ਰਿਹਾ। ਕਦੇ ਦੇਸ਼ ਵਿਚ ਚੋਣਾਂ ਲੜ ਕੇ ਚੰਗੀ ਤੇ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੇ ਦਾਅਵੇ ਕਰਨ ਵਾਲਾ ਬਾਬਾ ਰਾਮ ਦੇਵ ਕਦੇ ਚੋਣ ਨਾਲ ਲੜਨ ਦੀ ਗੱਲ ਵੀ ਆਖ ਬੈਠਦਾ ਹੈ। ਉਸੇ ਰਾਤ ਜਦੋਂ ਦਿੱਲੀ ਪੁਲਿਸ ਰਾਮਦੇਵ ਸਮਰਥਕਾਂ ਵਿਰੁੱਧ ਕਾਰਵਾਈ ਕਰਦੀ ਹੈ ਤੇ ਦਮਨਕਾਰੀ ਢੰਗ ਨਾਲ ਉਨ੍ਹਾਂ ਨੂੰ ਖਦੇੜ ਰਹੀ ਹੈ। ਉਸ ਵੇਲੇ ਦੇ ਦ੍ਰਿਸ਼ ਤੁਸੀਂ ਸਭ ਨੇ ਟੀ.ਵੀ ਚੈਨਲਾਂ 'ਤੇ ਦੇਖੇ ਹੋਣਗੇ। ਮੰਚ 'ਤੇ ਖੜ੍ਹਾ ਬਾਬਾ ਰਾਮ ਦੇਵ ਦੇ ਚਿਹਰੇ ਤੋਂ ਹਵਾਈਆਂ ਉਡ ਰਹੀਆਂ ਸਨ। ਉਹ ਬੁਰੀ ਤਰ੍ਹਾਂ ਘਬਰਾਏ ਹੋਏ ਸਨ। ਕਿੰਨਾ ਚੰਗਾ ਹੁੰਦਾ ਜੇਕਰ ਬਾਬਾ ਜੀ ਮੰਚ 'ਤੇ ਹੀ ਖੜ੍ਹਾ ਰਹਿੰਦੇ ਤੇ ਦਿੱਲੀ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਹੂਲਾ ਫੱਕਦੀ। ਪਰ ਬਾਬਾ ਜੀ ਮੰਚ ਤੋਂ ਲੋਕਾਂ ਦੀ ਭੀੜ ਵਿਚ ਕੁੱਦ ਪੈਂਦੇ ਹਨ।

ਮੀਡੀਆ ਦੀਆਂ ਖ਼ਬਰਾਂ ਦਸਦੀਆਂ ਹਨ ਕਿ ਮਗਰੋਂ ਉਹ ਔਰਤਾਂ ਦੇ ਕੱਪੜੇ ਪਾ ਕੇ ਉਥੋਂ ਬਚਕੇ ਨਿੱਕਲਦੇ ਹਨ। ਦੋ ਗੱਲਾਂ ਸਪਸ਼ਟ ਹਨ ਕਿ ਬਾਬਾ ਰਾਮਦੇਵ ਵਿਚ ਇਰਾਦੇ ਦੀ ਦ੍ਰਿੜਤਾ ਤੇ ਦਲੇਰੀ ਦੀ ਘਾਟ ਹੈ। ਉਹਦੇ ਬਾਅਦ ਪੁਲਿਸ ਰਾਮਦੇਵ ਨੂੰ ਹਰਿਦੁਆਰ ਉਨ੍ਹਾਂ ਦੇ ਆਸ਼ਰਮ ਪਹੁੰਚਾ ਦਿੰਦੀ ਹੈ। ਦਿੱਲੀ ਪੁਲਿਸ ਦੀ ਕਾਰਵਾਈ ਬਿਨਾਸ਼ੱਕ ਨਿੰਦਣਯੋਗ ਹੈ। ਇਹ ਸਵਾਲ ਆਪਣੀ ਜਗ੍ਹਾ ਸਹੀ ਹੈ ਕਿ ਆਖ਼ਰ ਐਸੀ ਕਿਹੜੀ ਆਫਤ ਆ ਚੱਲੀ ਸੀ ਕਿ ਪੁਲਿਸ ਨੂੰ ਰਾਤ ਦੇ ਹਨੇਰ ਵਿਚ ਨਿਹੱਥੇ, ਸੁੱਤੇ ਲੋਕਾਂ 'ਤੇ ਜ਼ਬਰ ਕਰਨਾ ਪਿਆ। ਪਰ ਸੱਚ ਇਹ ਵੀ ਹੈ ਬਾਬਾ ਰਾਮਦੇਵ ਨੇ ਇਸ ਸਭ ਕਾਸੇ ਲਈ ਜ਼ਮੀਨ ਖੁਦ ਹੀ ਮੁਹੱਈਆ ਕਰਵਾਈ। ਖ਼ਬਰਾਂ ਦਸਦੀਆਂ ਹਨ ਕਿ ਬਾਬਾ ਰਾਮਦੇਵ ਨੇ ਰਾਮਲੀਲ੍ਹਾ ਮੈਦਾਨ ਯੋਗ ਕੈਂਪ ਲਈ ਬੁੱਕ ਕੀਤਾ ਸੀ। ਸਿਰਫ ਪੰਜ ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਲਈ ਗਈ ਸੀ। ਇਸ ਤਰ੍ਹਾਂ ਕੋਈ ਕੈਂਪ ਲਾ ਕੇ, ਉਸ ਦੀ ਆੜ ਵਿਚ ਭੁੱਖ ਹੜਤਾਲ ਕਰਨ ਦੀ ਭਲਾ ਕੀ ਲੋੜ ਸੀ? ਚੰਗਾ ਹੁੰਦਾ ਬਾਬਾ ਆਕੇ ਭੁੱਖ ਹੜਤਾਲ ਸ਼ੁਰੂ ਕਰਦਾ ਤੇ ਲੋਕ ਆਕੇ ਉਨ੍ਹਾਂ ਨਾਲ ਸ਼ਾਮਲ ਹੋ ਜਾਂਦੇ। ਅਸਲ ਵਿਚ ਬਾਬਾ ਰਾਮਦੇਵ ਭ੍ਰਿਸ਼ਟਾਚਾਰ ਵਾਲੇ ਮੁੱਦੇ 'ਤੇ ਸਿਵਲ ਸੁਸਾਇਟੀ ਦੇ ਅੰਦੋਲਨ ਨਾਲੋਂ ਵੱਡਾ ਅੰਦੋਲਨ ਕਰਕੇ ਅੰਨਾ ਹਜ਼ਾਰੇ ਐਂਡ ਪਾਰਟੀ ਨੂੰ ਛੁਟਿਆਉਣਾ ਚਾਹੁੰਦੇ ਸਨ। ਅੱਜ ਬਾਬਾ ਰਾਮਦੇਵ ਦੀ ਜੋ ਹਾਲਤ ਹੈ ਉਸ ਲਈ ਹੋਸ਼ੀ ਮੁਕਾਬਲੇਬਾਜ਼ੀ ਦੀ ਲਲਕ ਵੀ ਜਿੰਮੇਂਵਾਰ ਹੈ। ਬਾਬਾ ਰਾਮਦੇਵ ਨੇ ਸਰਕਾਰ ਸਾਹਮਣੇ ਜਿਹੜੀਆਂ ਮੰਗਾਂ ਰੱਖੀਆਂ ਹਨ, ਉਨ੍ਹਾਂ ਵਿਚੋਂ ਵੀ ਕੁੱਝ ਅਸਲੋਂ ਬਚਕਾਨਾ ਹਨ। ਮਸਲਨ 500 ਤੇ 1000 ਰੁਪਏ ਦੇ ਵੱਡੇ ਨੋਟ ਬੰਦ ਕਰਨ ਦੀ ਮੰਗ। ਇਹ ਸਮਝ ਨਹੀਂ ਆ ਰਿਹਾ ਕਿ ਵੱਡੇ ਨੋਟ ਕਿਵੇਂ ਭ੍ਰਿਸ਼ਟਾਚਾਰ ਦਾ ਕਾਰਨ ਹਨ, ਉਸ ਨੂੰ ਵਧਾਉਂਦੇ ਹਨ? ਇਹ ਦਲੀਲ ਵੀ ਸੰਘੋਂ ਨਹੀਂ ਉੱਤਰਦੀ ਕਿ ਛੋਟੇ ਨੋਟ ਹੋਣ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਵੇਗੀ। ਸਗੋਂ ਸੱਚ ਇਹ ਹੈ ਕਿ ਅਜਿਹਾ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ। ਲੁੱਟ-ਖੋਹ ਦੀਆਂ ਵਾਰਦਾਤਾਂ ਵਧ ਜਾਣਗੀਆਂ।

ਇਥੇ ਇਹ ਵੀ ਸਮਝ ਲੈਣਾ ਚਾਹੀਦੈ ਕਿ ਭ੍ਰਿਸ਼ਟਾਚਾਰ ਸਿਰਫ ਪੈਸੇ ਲੈਣਾ ਹੀ ਨਹੀਂ ਹੈ। ਸਗੋਂ ਆਪਣੀ ਤਾਕਤ ਦੇ ਅਹੁਦੇ ਦੇ ਬਲ ਬੂਤੇ ਕਿਸੇ ਤਰ੍ਹਾਂ ਦਾ ਅਯੋਗ ਲਾਭ ਲੈਣਾ ਭ੍ਰਿਸ਼ਟਾਚਾਰ ਹੈ। ਮੀਡੀਆ ਵਿਚ ਬਾਬੇ ਦੇ ਯੋਗ ਪੀਠ ਨੂੰ ਮਿਲੀ ਸੈਂਕੜੇ ਹੈਕਟੇਅਰ ਜ਼ਮੀਨ ਦੀਆਂ ਖ਼ਬਰਾਂ ਲਰਜ਼ ਰਹੀਆਂ ਹਨ। ਜਿਹੜੀ ਬਾਬੇ ਹੁਰਾਂ ਪੂਰੇ ਮੁੱਲ ਨਹੀਂ ਖ਼ਰੀਦੀ। ਜ਼ਮੀਨ ਹਾਸਿਲ ਕਰਨ ਦੀ ਇਸ ਪ੍ਰਕਿਰਿਆ ਨੂੰ ਭਲਾ ਕੀ ਆਖੋਗੇ? ਕੁੱਲ ਮਿਲਾ ਕੇ ਆਖਿਆ ਏਹੀ ਜਾ ਸਕਦਾ ਹੈ ਕਿ ਬਾਬਾ ਰਾਮਦੇਵ ਨੂੰ ਹੀ ਹਰ ਮੁਸ਼ਕਿਲ ਦਾ ਹੱਲ ਸਮਝ ਰਹੇ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ ਵਿਚੋਂ ਉੱਭਰਕੇ ਅਸਲੀਅਤ ਦੇਖਣੀ ਚਾਹੀਦੀ ਹੈ। ਭ੍ਰਿਸ਼ਟਚਾਰ ਵਿਰੁਧ ਮੁਹਿੰਮ ਸ਼ਾਲਾਘਾਯੋਗ ਹੈ, ਉਹਦੇ ਪਿੱਛੇ ਸਿਰਫ ਬਚਕਾਨਾ ਜਿੱਦ ਨਹੀਂ, ਸਗੋਂ ਵਿਸ਼ਾਲ ਤੇ ਮਜ਼ਬੂਤ ਵਿਚਾਰ ਚਾਹੀਦੈ। ਸੁਚੱਜੀ ਨੀਤੀ ਚਾਹੀਦੀ ਹੈ। ਪਰ ਬਾਬਾ ਰਾਮਦੇਵ ਦਾ ਜਿਹੋ ਜਿਹੀ ਕਾਰਜਸ਼ੈਲੀ ਤੇ ਕਮਜ਼ੋਰ ਵਿਅਕਤੀਤਵ ਸਾਹਮਣੇ ਆਇਆ ਹੈ, ਉਸ ਤੋਂ ਇਹੀ ਨਤੀਜਾ ਨਿੱਲਦੈ ਕਿ ਰਾਮਦੇਵ ਦੇ ਪਿੱਛੇ ਅੱਖਾਂ ਬੰਦ ਕਰਕੇ ਤੁਰਨ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਹਜ਼ਾਰ ਵਾਰ ਸੋਚਣਾ ਚਾਹੀਦੈ।

ਹਰਮੇਲ ਪਰੀਤ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top