Share on Facebook

Main News Page

ਸਿੱਖ ਕਦੇ ਨਹੀਂ ਭੁੱਲ ਸਕਦੇ ਗਲਾਂ ਵਿਚ ਪਾਏ ਸੜਦੇ ਟਾਇਰ, ਸ਼ਰੇਆਮ ਧੀਆਂ ਭੈਣਾਂ ਦੀ ਬੇਇਜਤੀ ਤੇ ਦਿਨ ਦਿਹਾੜੇ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ: ਸੁਖਦੇਵ ਸਿੰਘ ਭੌਰ

ਅਨੰਦਪੁਰ ਸਾਹਿਬ, (1 ਜੁਲਾਈ, ਸੁਰਿੰਦਰ ਸਿੰਘ ਸੋਨੀ):-ਸਿੱਖਾਂ ਨੇ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ,ਅਹਿਮਦ ਸ਼ਾਹ ਅਬਦਾਲੀ,ਮੱਸੇ ਰੰਘੜ੍ਹ,ਆਦਿ ਦੇ ਜੁਲਮਾਂ ਨੂੰ ਨਹੀਂ ਭੁਲਾਇਆ ਤਾਂ ਹੁਣੇ ਜਿਹੇ ਵਾਪਰੇ 1984 ਦੇ ਘਿਨਾਉਣੇ ਕਤਲੇਆਮ ਨੂੰ ਕਿਵੇ ਭੁੱਲ ਸਕਦੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ ਨੇ ਕੀਤਾ।

ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 84 ਵਿਚ ਜਾਗਤ ਜੋਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੈਕੜੇ ਸਰੂਪਾਂ ਸਮੇਤ ਗੁਰੁ ਘਰਾਂ ਨੂੰ ਅੱਗ ਲਾਕੇ ਸਾੜ ਦਿਤਾ ਗਿਆ, ਸਿੱਖਾਂ ਦੇ ਗਲਾਂ ਵਿਚ ਸੜਦੇ ਟਾਇਰ ਪਾਏ ਗਏ, ਸ਼ਰੇਆਮ ਧੀਆਂ ਭੈਣਾਂ ਦੀ ਬੇਇਜਤੀ ਕੀਤੀ ਗਈ, ਸਿੱਖਾਂ ਦੇ ਘਰ ਘਾਟ ਲੁੱਟ ਲਏ ਗਏ,ਬੱਚੇ, ਬੁੱਢੇ, ਜਵਾਨ ਤੇ ਬੀਬੀਆਂ ਨੂੰ ਵਹਿਸ਼ਾਆਨਾ ਢੰਗ ਨਾਲ ਕਤਲ ਕੀਤਾ ਗਿਆ, ਇਹ ਕਾਰਾ ਕਰਨ ਵਾਲੇ ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਇ ਗ੍ਰਹਿ ਮੰਤਰੀ ਕਹਿ ਰਹੇ ਹਨ ਕਿ ਸਿੱਖ ਸਭ ਕੁੱਝ ਭੁੱਲ ਜਾਣ,ਇਸ ਤੋ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦਾ ਫਰਜ ਬਣਦਾ ਸੀ ਕਿ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕਾਰਵਾਈ ਕਰਦੇ, ਪਰ ਅਫਸੋਸ ਉਨ੍ਹਾਂ ਜੁਲਮ ਕਰੋ ਤੇ ਭੁੱਲ ਜਾਉ ਦੀ ਨੀਤੀ ਤੇ ਚੱਲ ਕੇ ਆਪਣੇ ਅਹੁਦੇ ਦਾ ਅਪਮਾਨ ਕੀਤਾ ਹੈ।

ਭੌਰ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਇਸ ਬਿਆਨ ਨਾਲ ਕਾਂਗਰਸ ਦੀ ਅੰਦਰਲੀ ਨੀਤੀ ਵੀ ਸਾਹਮਣੇ ਆਈ ਹੈ, ਕਿਉਕਿ ਪਹਿਲਾਂ ਘੱਟ ਗਿਣਤੀ ਕਮੀਸ਼ਨ ਦੇ ਮੈਂਬਰ ਹੰਸਪਾਲ ਨੇ 84 ਦੇ ਇਕ ਮੁੱਖ ਗਵਾਹ ਨੂੰ ਮੁਕਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਤੇ ਹੁਣ ਗ੍ਰਹਿ ਮੰਤਰੀ ਦੇ ਇਸ ਬਿਆਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਦੇ ਰਾਜ ਵਿਚ ਘੱਟ ਗਿਣਤੀਆਂ ਨੂੰ ਇਨਸਾਫ ਨਹੀਂਂ ਮਿਲਣਾ। ਉਨ੍ਹਾਂ ਕਿਹਾ ਸਿੱਖ ਤਾਂ ਰੋਜਾਨਾ ਅਰਦਾਸ ਵਿਚ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਨ ਜੋ ਸਦੀਆਂ ਪਹਿਲਾਂ ਸਮੇ ਦੀ ਹਕੂਮਤ ਵਲੋ ਸ਼ਹੀਦ ਕਰ ਦਿਤੇ ਗਏ ਸਨ, ਤੇ ਹੁਣੇ ਜਿਹੇ ਸ਼ਹੀਦ ਕੀਤੇ ਸਿੱਖਾਂ ਨੂੰ ਭੁਲਣਾ ਅਸੰਭਵ ਹੀ ਨਹੀਂ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਹੁਦੇ ਦੀ ਅਹਮੀਅਤ ਨੂੰ ਸਮਝਦੇ ਹੋਏ ਦੋਸ਼ੀਆਂ ਨੂੰ ਸਖਤ ਤੋ ਸਖਤ ਸਜਾ ਦੁਆੳਣ ਲਈ ਯਤਨ ਕਰਨ ਨਾ ਕਿ ਅਜਿਹੇ ਮੰਦਭਾਗੇ ਤੇ ਗੈਰ ਜਿੰਮੇਵਾਰਾਨਾ ਬਿਆਨ ਦੇ ਕੇ ਸਿੱਖਾਂ ਦੇ ਜਖਮਾਂ ਤੇ ਨਮਕ ਛਿੜਕਣ ਦੀ ਕੋਸ਼ਿਸ਼ ਕਰਨ।ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ,ਮਾਸਟਰ ਜਗੀਰ ਸਿੰਘ,ਬਲਬੀਰ ਸਿੰਘ ਕੁਰਾਲਾ,ਵੀ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top