![]() |
Share on Facebook | |
|
ਵਿਦੇਸ਼ਾਂ ਵਿੱਚੋਂ ਕਾਲਾ ਧਨ
ਵਾਪਿਸ ਲਿਆਉਣ ਦੀ ਮੰਗ ਕਰਨ ਵਾਲੇ ਪਹਿਲਾਂ ਡੇਰਿਆਂ ਵਿੱਚ ਜਮਾਂ ਧਨ ਤਾਂ ਕਢਵਾ ਲੈਣ:
ਗਿਆਨੀ ਜਗਤਾਰ ਸਿੰਘ ਜਾਚਕ ਇਹ ਸ਼ਬਦ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਤੇ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕੇਰਲਾ ਦੇ ਇੱਕ ਮੰਦਿਰ ਵਿਚੋਂ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਕਲੇ ਖ਼ਜਾਨੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਪਾਸੇ ਅਰਬਾਂ ਖਰਬਾਂ ਰੁਪਏ ਦੇ ਖ਼ਜਾਨੇ ਧਾਰਮਕ ਅਸਥਾਨਾਂ ਵਿੱਚ ਦੱਬੇ ਪਏ ਹਨ ਪਰ ਦੂਸਰੇ ਪਾਸੇ ਉਸੇ ਹੀ ਧਰਮ ਨੂੰ ਮੰਨਣ ਵਾਲੇ ਕਰੋੜਾਂ ਗਰੀਬ ਲੋਕ ਰੋਟੀ ਵਲੋਂ ਭੁੱਖੇ ਮਰ ਰਹੇ ਹਨ। ਜੇ ਕਰ ਅਖੌਤੀ ਧਾਰਮਿਕ ਰਹਿਬਰ ਇਸ ਖ਼ਜਾਨੇ ਨੂੰ ਗਰੀਬਾਂ ਦੀ ਭਲਾਈ ਲਈ ਨਹੀਂ ਵਰਤਦੇ ਤਾਂ ਸਰਕਾਰ ਨੂੰ ਹੱਕ ਹੈ ਕਿ ਉਹ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗਰੀਬਾਂ ਦੀ ਭਲਾਈ ਲਈ ਖਰਚ ਕਰੇ। ਇਸ ਲਈ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਿਸ ਲਿਆਉਣ ਦੀ ਮੰਗ ਕਰਨ ਵਾਲੇ ਡੇਰੇਦਾਰ ਪਹਿਲਾਂ ਡੇਰਿਆਂ ਤੇ ਮੰਦਰਾਂ ਵਿੱਚ ਜਮ੍ਹਾਂ ਕੀਤਾ ਬੇਸ਼ੁਮਾਰ ਧਨ ਤਾਂ ਕਢਵਾ ਲੈਣ। ਅੱਜ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਇਸ ਸਬੰਧ ਵਿੱਚ ਉਨ੍ਹਾਂ ਕਿਹਾ, ਸਿਰਫ ਗੁਰੂ ਨਾਨਕ ਸਾਹਿਬ ਹੀ ਜਨਮ ਤੋਂ ਗੁਰੂ ਹਨ ਬਾਕੀ ਗੁਰੂਆਂ ਦਾ ਸਾਡੇ ਨਾਲ ਸਿਰਫ ਉਸ ਸਮੇਂ ਤੋਂ ਹੀ ਸਬੰਧ ਹੈ ਜਦੋਂ ਉਹ ਗੁਰਗੱਦੀ ’ਤੇ ਬੈਠੇ। ਇਸ ਲਈ ਚੰਗੀ ਗੱਲ ਹੈ ਜੇ ਅਸੀਂ ਗੁਰੂ ਸਾਹਿਬਾਨ ਦੇ ਜਨਮ ਦਿਨ ਮਨਾਉਣ ਦੀ ਬਜ਼ਾਏ ਉਨ੍ਹਾਂ ਦੇ ਗੁਰਗੱਦੀ ਦਿਵਸ ਮਨਾਈਏ ਕਿਉਂਕਿ ਜਨਮ ਦਿਨ ਮਨਾਉਣ ਨਾਲ ਅਸੀਂ ਵਿਅਕਤੀ ਦੀ ਦੇਹ ਨਾਲ ਜੁੜਦੇ ਹਾਂ ਜਦੋਂ ਕਿ ਗੁਰਗੱਦੀ ਦਿਵਸ ਮਨਾਉਣ ਨਾਲ ਗੁਰ ਸ਼ਬਦ ਨਾਲ, ਕਿਉਂਕਿ ਇਸ ਦਿਨ ਪਹਿਲੇ ਗੁਰੂ ਸਾਹਿਬ ਆਪਣੇ ਉਤਰਾਧਿਕਾਰੀ ਨੂੰ ਗੁਰਸ਼ਬਦ ਦੇ ਕੇ ਹੀ ਗੁਰੂ ਥਾਪਦੇ ਸਨ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ: ‘ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥5॥’ (ਅੰਗ 923 ਰਾਮਕਲੀ ਸਦੁ)। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਨਾਲ ਜੋੜ ਕੇ ਸੁਣਾਈ ਜਾ ਰਹੀ ਸਾਖੀ ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦਾ ਮੁੱਢ ਗੁਰਬਿਲਾਸ ਪਾਤਸ਼ਾਹੀ 6 ਤੋਂ ਬੱਝਾ ਹੈ ਜਿਸ ਨੂੰ ਗੁਰਮਤਿ ਵਿਰੋਧੀ ਜਾਣ ਕੇ ਸਿੰਘ ਸਭਾ ਦੇ ਮੋਢੀਆਂ ਨੇ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਉਪ੍ਰੰਤ ਇਸ ਦੀ ਛਪਾਈ ਅਤੇ ਗੁਰਦੁਆਰਿਆਂ ਵਿੱਚ ਕਥਾ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ ਪਰ ਅਫਸੋਸ ਕਿ ਉਸ ਲਹਿਰ ਦੀ ਸਫਲਤਾ ’ਚੋਂ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਨੇ ਹੀ ਇਸ ਦੀ ਮੁੜ ਛਪਵਾਈ ਕਰਵਾ ਦਿੱਤੀ, ਜਿਸ ਵਿੱਚ ਇਸ ਕੌਮ ਦੇ ਬਣੇ ਜਥੇਦਾਰ ਹੀ ਕਾਮਨਾ ਕਰ ਰਹੇ ਹਨ, ਕਿ ਜੇ ਗੁਰਦੁਆਰਿਆਂ ਵਿੱਚ ਇਸ ਦੀ ਮੁੜ ਕਥਾ ਸ਼ੁਰੂ ਹੋ ਜਾਵੇ ਤਾ ਉਨ੍ਹਾਂ ਦੀ ਕੀਤੀ ਮਿਹਨਤ ਸਫਲ ਹੋ ਜਾਵੇਗੀ। ਇਸ ਵਿੱਚ ਦਰਜ਼ ਸਾਖੀ ਅਨੁਸਾਰ ਬਾਬਾ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋ ਗੁਰੂ ਘਰ ਦੀ ਸ਼ੋਭਾ ਵੇਖ ਕੇ ਆਪਣੇ ਪਤੀ ਨੂੰ ਕਹਿੰਦੀ ਹੈ ਜੇ ਗੱਦੀ ਤੁਹਾਨੂੰ ਮਿਲ ਜਾਂਦੀ ਤਾਂ ਅਸੀਂ ਵੀ ਇਹ ਸੁੱਖ ਸਹੂਲਤਾਂ ਮਾਣਦੇ ਹੁੰਦੇ। ਬਾਬਾ ਪ੍ਰਿਥੀ ਚੰਦ ਨੇ ਆਪਣੀ ਪਤਨੀ ਨੂੰ ਸਮਝਾਇਆ ਕਿ ਫਿਕਰ ਨਾ ਕਰੇ ਗੁਰੂ ਅਰਜਨ ਦੇ ਤਾ ਕੋਈ ਪੁੱਤਰ ਹੀ ਨਹੀਂ ਹੈ, ਇਸ ਲਈ ਇਹ ਸਭ ਕੁਝ ਸਾਡੇ ਪਾਸ ਹੀ ਆ ਜਾਣਾ ਹੈ। ਉਨ੍ਹਾਂ ਦੀ ਇਹ ਗੱਲਬਾਤ ਮਾਤਾ ਗੰਗਾ ਜੀ ਨੇ ਸੁਣੀ ਤਾਂ ਉਹ ਬੜੀ ਦੁਖੀ ਹੋਈ ਤੇ ਆਪਣੇ ਪਤੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੀ ਜੇ ਤੁਸੀਂ ਮੈਨੂੰ ਵੀ ਇੱਕ ਪੁੱਤਰ ਦੀ ਦਾਤ ਬਖ਼ਸ ਦਿੰਦੇ ਤਾਂ ਮੈਨੂੰ ਸ਼ਰੀਕਾਂ ਦੀਆਂ ਇਹ ਗੱਲਾਂ ਤਾਂ ਨਾ ਸੁਣਨੀਆਂ ਪੈਂਦੀਆਂ। ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜ ਦਿੱਤਾ ਕਿ ਇਹ ਦਾਤ ਉਹ ਹੀ ਬਖ਼ਸ਼ ਸਕਦੇ ਹਨ। ਮਾਤਾ ਗੰਗਾ ਜੀ ਬੜੀ ਸ਼ਾਨੋ ਸ਼ੌਕਤ ਨਾਲ ਰੱਥ ’ਤੇ ਚੜ੍ਹ ਕੇ ਗਈ ਤਾਂ ਬਾਬਾ ਜੀ ਨੇ ਉਨ੍ਹਾਂ ਨੂੰ ਸਰਾਪ ਦੇ ਦਿੱਤਾ ਕਿ ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ ਹਨ?
‘ਆਸਾ ਮਹਲਾ 5 ॥ ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥1॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ ਮਹਾ ਅਨੰਦੁ ਥੀਆ ॥ ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥2॥ ਵਧੀ ਵੇਲਿ ਬਹੁ ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ ਬਹਾਲੀ ॥ ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ ਲਾਇਆ ॥3॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥ ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥4॥7॥101॥’ ਗਿਆਨੀ ਜਾਚਕ ਜੀ ਨੇ ਕਿਹਾ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਜੋੜਿਆ ਹੈ ਜਿਸ ਦੇ ਅਰਥ ਹਨ: ਹੇ ਭਾਈ! ਗੁਰੂ ਨਾਨਕ ਪਰਮਾਤਮਾ ਦਾ ਭਗਤ ਜੰਮਿਆ, ਪਰਮਾਤਮਾ ਦਾ ਪੁੱਤਰ ਜੰਮਿਆ, ਉਸ ਦੀ ਬਰਕਤਿ ਨਾਲ ਉਸ ਦੀ ਸ਼ਰਨ ਆਉਣ ਵਾਲੇ ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ ਸੇਵਾ-ਭਗਤੀ ਦਾ ਲੇਖ ਉੱਘੜ ਰਿਹਾ ਹੈ ।ਰਹਾਉ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ । (ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿਚ (ਬੱਚਾ) ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ) ।1। (ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ (ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ; (ਤਿਵੇਂ ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ ।2। (ਹੇ ਭਾਈ! ਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ਸਤਿਗੁਰੂ ਉਹਨਾਂ ਨੂੰ ਮਨ-ਇੱਛਤ ਫਲ ਦੇਂਦਾ ਹੈ, ਗੁਰੂ ਉਹਨਾਂ ਗੁਰਸਿੱਖਾਂ ਵਿਚ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ, ਇਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ ਹਨ ।3। (ਹੇ ਭਾਈ!) ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ (ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਜਿਸ ਨੂੰ ਨਾਮਿ ਦੀ) ਦਾਤਿ ਦੇਂਦਾ ਹੈ ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿਚ ਹੀ ਬੋਲਦਾ ਹੈ (ਉਹ ਆਪਣੇ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ) ।4।7।101। ਗਿਆਨੀ ਜਾਚਕ ਨੇ ਕਿਹਾ ਸਾਖੀ ਅਨੁਸਾਰ ਮਾਤਾ ਗੰਗਾ ਜੀ 21 ਅੱਸੂ ਨੂੰ ਬਾਬਾ ਬੁੱਢਾ ਜੀ ਤੋਂ ਅਸ਼ੀਰਵਾਦ ਲੈਣ ਲਈ ਗਈ। ਇਸ ਦਿਨ ਹੁਣ ਵੀ ਬੀੜ ਬਾਬਾ ਬੁੱਢਾ ਜੀ ਵਿਖੇ ਮੇਲਾ ਲਗਦਾ ਹੈ। (ਗੁਰੂ) ਹਰਿਗੋਬਿੰਦ ਸਾਹਿਬ ਜੀ ਦਾ ਜਨਮ ਇਸ ਤੋਂ ਪੂਰੇ 9 ਮਹੀਨੇ 21 ਹਾੜ ਨੂੰ ਹੋਇਆ। ਹੁਣ ਜੇ ਇਸ ਸਾਖੀ ਦਾ ਸਬੰਧ ਇਸ ਸ਼ਬਦ ਨਾਲ ਮੰਨ ਲਈਏ ਫਿਰ ਜਾਂ ਤਾਂ ਉਹ ਸਾਖੀ ਗਲਤ ਹੈ ਜਾਂ ਇਹ ਸ਼ਬਦ ਗਲਤ ਹੈ, ਕਿਉਂਕਿ ਇਸ ਸ਼ਬਦ ਅਨੁਸਾਰ ਬਾਲਕ ਦਾ ਜਨਮ 10 ਮਹੀਨੇ ਪਿੱਛੋਂ ਹੋਇਆ ਹੈ। ਗਿਆਨੀ ਜਾਚਕ ਜੀ ਨੇ ਕਿਹਾ ਕਿ ਉਂਝ ਵੀ ਇਹ ਸਾਖੀ ਗੁਰਮਤਿ ਦੀ ਪੂਰੀ ਤਰ੍ਹਾਂ ਖੰਡਨਾ ਕਰਦੀ ਹੈ ਕਿਉਂਕਿ ਜੇ ਗੁਰੂ ਸਾਹਿਬ ਜੀ ਦੇ ਰਿਹਾਇਸ਼ ਦੇ ਪੁਰਾਣੇ ਘਰ (ਹੁਣ ਤਾਂ ਕਾਰ ਸੇਵਾ ਦੇ ਨਾਮ ’ਤੇ ਉਹ ਸਭ ਨਸ਼ਟ ਹੀ ਕਰ ਦਿੱਤੇ ਗਏ ਹਨ) ਵੇਖੀਏ ਤਾਂ ਪਤਾ ਚਲਦਾ ਹੈ ਕਿ ਉਨ੍ਹਾਂ ਦਾ ਜੀਵਨ ਸ਼ਾਹੀ ਨਹੀਂ ਬੜੇ ਹੀ ਸਾਦਾ ਸੀ। ਦੂਸਰੀ ਗੱਲ ਕੀ ਪੁੱਤਰ ਦੇ ਜਨਮ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੇ ਘਰ ਸੋਗ ਪਿਆ ਸੀ? ਗੁਰੂ ਦੀ ਸਿਖਿਆ ਤਾਂ ਹੈ ‘ਸਾਚੀ ਭਗਤਿ ਸਦਾ ਸੁਖੁ ਹੋਇ ॥2॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥’ (ਪੰਨਾ 664) ਕੀ ਗੂਰੂ ਘਰ ਵਿੱਚ ਕਿਸੇ ਨੂੰ ਵੈਰੀ ਜਾਂ ਦੁਸਮਨ ਸਮਝਿਆ ਜਾਂਦਾ ਸੀ? ਗੁਰੂ ਦੀ ਸਿਖਿਆ ਤਾਂ ਇਹ ਦਸਦੀ ਹੈ ‘ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥’ (ਪੰਨਾ 594) ਗੁਰੂ ਦੀ ਸਿਖਿਆ ਤਾਂ ਵਰ ਸਰਾਪ ਨੂੰ ਰੱਦ ਕਰਦੀ ਹੈ ਕਿ ਪ੍ਰਮਾਤਮਾ ਦਾ ਬਣਾਇਆ ਕੋਈ ਮਨੁੱਖ ਕੋਈ ਦਾਤ ਦੇਣ ਦੇ ਸਮਰੱਥ ਨਹੀਂ ਹੈ: ‘ਸਿਰੀਰਾਗੁ ਮਹਲਾ 1 ਘਰੁ 4 ॥ ਕੀਤਾ ਕਹਾ ਕਰੇ ਮਨਿ ਮਾਨੁ ॥ ਦੇਵਣਹਾਰੇ ਕੈ ਹਥਿ ਦਾਨੁ ॥ ਭਾਵੈ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿਐ ਕਿਆ ਹੋਇ ॥1॥ (ਪੰਨਾ 25) ਪਰ ਇਸ ਸਾਖੀ ਵਿੱਚ ਬਾਬਾ ਬੁੱਢਾ ਜੀ ਨੂੰ ਗੁਰੂ ਘਰ ਨੂੰ ਕਦੀ ਨਰਾਜ਼ ਹੋ ਕੇ ਸਰਾਪ ਦਿੰਦਾ ਅਤੇ ਖੁਸ਼ ਹੋ ਕੇ ਵਰ ਦਿੰਦਾ ਵਿਖਾਇਆ ਗਿਆ ਹੈ ਜੋ ਕਿ ਗੁਰਮਤਿ ਦੇ ਬਿਲਕੁਲ ਵਿਰੋਧੀ ਕਰਮ ਹੈ। ਕੀ ਗੁਰੂ ਘਰ ਦੀ ਪੀੜ੍ਹੀ ਪੱਤਰ ਦੇ ਜਨਮ ਨਾਲ ਚਲਦੀ ਹੈ? ਗੁਰਬਾਣੀ ਅਨੁਸਾਰ ਤਾ ਗੁਰੂ ਦੀ ਪੀੜ੍ਹੀ ਗੁਰ ਸਬਦ ਨਾਲ ਹੀ ਚਲਦੀ ਹੈ: ‘ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥’ (ਪੰਨਾ 307)। ਉਨ੍ਹਾਂ ਕਿਹਾ ਕਿ ਜੇ ਪੁੱਤਰ ਦੇ ਜਨਮ ਨਾਲ ਹੀ ਗੁਰੂ ਦੀ ਪੀੜ੍ਹੀ ਚਲਦੀ ਹੁੰਦੀ ਤਾਂ ਦੂਜੀ, ਤੀਜੀ ਤੇ ਚੌਥੀ ਪੀੜ੍ਹੀ ਗੁਰੂ ਅੰਗਦ, ਗੁਰੂ ਆਮਰਦਾਸ ਅਤੇ ਗੁਰੂ ਰਾਮਦਾਸ ਨਹੀਂ ਬਲਕਿ ਸ਼੍ਰੀ ਚੰਦ ਤੇ ਉਨ੍ਹਾਂ ਦੀ ਔਲਾਦ ਦੀ ਚੱਲੀ ਹੁੰਦੀ। ਗਿਆਨੀ ਜਾਚਕ ਜੀ ਨੇ ਕਿਹਾ ਕਿ ਅਸਲ ਵਿੱਚ ਇਹ ਸਾਖੀ ਗੁਰਮਤਿ ਦੀ ਪੂਰੀ ਉਲੰਘਣਾ ਕਰਦੀ ਹੈ, ਤੇ ਸੰਤ ਪ੍ਰਥਾ ਨੂੰ ਜਨਮ ਦੇਣ ਵਾਲੀ ਹੈ ਕਿਉਂਕਿ ਇਸ ਵਿੱਚ ਸਾਖੀ ਦਰਸਾਇਆ ਗਿਆ ਹੈ, ਕਿ ਸੰਤ ਮਹਾਂਪੁਰਸ਼ ਪੁੱਤਰਾਂ ਦਾਤ ਦੇ ਸਕਦੇ ਹਨ, ਤੇ ਇਸ ’ਤੇ ਗੁਰ ਅਰਜਨ ਸਾਹਿਬ ਜੀ ਦੀ ਮੋਹਰ ਵੀ ਲਵਾ ਦਿੱਤੀ ਹੈ, ਕਿ ਉਨ੍ਹਾਂ ਖ਼ੁਦ ਹੀ ਆਪਣੇ ਮਹਲ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਪੁੱਤਰ ਦੀ ਪ੍ਰਾਪਤੀ ਲਈ ਵਰ ਲੈਣ ਵਾਸਤੇ ਭੇਜਿਆ ਤੇ ਸੰਤਾਂ ਕੋਲ ਜਾਣ ਦੀ ਮਰਿਆਦਾ ਸਮਝਾਈ ਹੈ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|