Share on Facebook

Main News Page

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ 40 ਸ਼ੱਕੀ ਵਿਅਕਤੀ ਕਾਬੂ

ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਬੀਤੀ ਰਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 40 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਾਰੇ 40 ਵਿਅਕਤੀਆਂ ਨੂੰ ਅਗਲੇਰੀ ਕਾਰਵਾਈ ਲਈ ਪੁਲੀਸ ਹਵਾਲੇ ਕਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚੋਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਸਬੰਧੀ ਵਿੱਢੀ ਮੁਹਿੰਮ ਵਿੱਢੀ ਤਹਿਤ ਕੁਝ ਦਿਨ ਪਹਿਲਾਂ 100 ਤੋਂ ਵਧੇਰੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲੀਸ ਹਵਾਲੇ ਕਰ ਦਿੱਤਾ ਸੀ। ਇਨ੍ਹਾਂ ਵਿੱਚ ਹੋਰਨਾਂ ਸੂਬਿਆਂ ਤੋਂ ਆਏ ਹੋਏ ਵਿਅਕਤੀ ਵੀ ਸ਼ਾਮਲ ਸਨ। ਬੀਤੀ ਰਾਤ ਸ਼੍ਰੋਮਣੀ ਕਮੇਟੀ ਨੇ ਮੁੜ ਅਜਿਹੇ 40 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੰਪਲੈਕਸ ਵਿੱਚੋਂ ਅਪਰਾਧਿਕ ਬਿਰਤੀ ਵਾਲੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ।

ਇਸੇ ਤਹਿਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਬੀਤੇ ਦਿਨ ਜੇਬ ਕਤਰੇ ਨੂੰ ਕਾਬੂ ਕੀਤਾ ਗਿਆ ਸੀ। ਇਹ ਪਰਕਰਮਾ ਵਿੱਚ ਸਥਾਪਤ ਛਬੀਲ ਨੇੜੇ ਇੱਕ ਸ਼ਰਧਾਲੂ ਦੀ ਜੇਬ ਵਿੱਚੋਂ ਮੋਬਾਈਲ ਫੋਨ ਚੋਰੀ ਕਰਨ ਦਾ ਯਤਨ ਕਰ ਰਿਹਾ ਸੀ। ਇਸ ਕੋਲੋਂ ਕੀਤੀ ਪੁੱਛ ਪੜਤਾਲ ਤੋਂ ਬਾਅਦ ਕੈਂਪਲੈਕਸ ਵਿੱਚੋਂ ਵੱਖ-ਵੱਖ ਥਾਵਾਂ ਤੋਂ ਲਗਭਗ 40 ਸ਼ੱਕੀ ਵਿਅਕਤੀ ਕਾਬੂ ਕੀਤੇ ਗਏ।

ਕਮਲਜੀਤ ਸਿੰਘ ਆਪਣੀ ਲਾਪਤਾ ਹੋਈ ਧੀ ਦੀ ਤਸਵੀਰ ਦਿਖਾਉਂਦਾ ਹੋਇਆ (ਫੋਟੋ: ਵਿਸ਼ਾਲ ਕੁਮਾਰ)

ਇਹ ਸਾਰੇ ਜੇਬ ਕਤਰੇ, ਚੋਰ ਤੇ ਨਸ਼ੇੜੀ ਹਨ, ਜੋ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਗ਼ੈਰਕਾਨੂੰਨੀ ਗਤੀਵਿਧੀਆਂ ਵਿੱਚ ਸਰਗਰਮ ਹਨ। ਇਨ੍ਹਾਂ ਵਿੱਚ 15-16 ਸਾਲ ਦੇ ਦੋ ਨਾਬਾਲਗ ਮੁੰਡਿਆਂ ਸਮੇਤ 45 ਸਾਲ ਤੱਕ ਦੇ ਵਿਅਕਤੀ ਸ਼ਾਮਲ ਹਨ। ਇਨ੍ਹਾਂ ਵਿੱਚ ਤਿੰਨ ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵੱਲੋਂ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਜਾ ਚੁੱਕਾ ਹੈ। ਇਹ ਵਿਅਕਤੀ ਹੁਣ ਮੁੜ ਇੱਥੇ ਸਰਗਰਮ ਹੋ ਗਏ ਹਨ।

ਸ਼੍ਰੋਮਣੀ ਕਮੇਟੀ ਦੇ ਸੀ.ਸੀ.ਟੀ.ਵੀ. ਕੈਮਰੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਾਬੂ ਕੀਤੇ ਗਏ ਇਹ ਸਾਰੇ 40 ਵਿਅਕਤੀਆਂ ਦੀਆਂ ਫੋਟੋਆਂ ਅਤੇ ਵੇਰਵੇ ਰਿਕਾਰਡ ਵਿੱਚ ਰੱਖ ਲਏ ਗਏ ਹਨ। ਇਸੇ ਤਰ੍ਹਾਂ ਹੋਰ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਤੇ ਵੇਰਵੇ ਵੀ ਰੱਖ ਲਏ ਗਏ ਹਨ ਤਾਂ ਜੋ ਮੁੜ ਕਾਬੂ ਆਉਣ ‘ਤੇ ਅਜਿਹੇ ਵਿਅਕਤੀਆਂ ਬਾਰੇ ਤੁਰੰਤ ਪਤਾ ਲੱਗ ਸਕੇ।

ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਇੰਜਨੀਅਰ ਵਿਭਾਗ ਵੱਲੋਂ ਇੱਥੇ ਅਜਿਹੇ ਸਾਫਟਵੇਅਰ ਪ੍ਰੋਗਰਾਮ ਨੂੰ ਤਿਆਰ ਕਰਨ ਜਾਂ ਭਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਿਸੇ ਸ਼ੱਕੀ ਵਿਅਕਤੀ ਦੇ ਦੂਜੀ ਵਾਰ ਸੀ.ਸੀ.ਟੀ.ਵੀ. ਕੈਮਰੇ ਵਿੱਚ ਨਜ਼ਰ ਆਉਣ ‘ਤੇ ਇਹ ਤੁਰੰਤ ਅਧਿਕਾਰੀਆਂ ਨੂੰ ਚੌਕਸ ਕਰ ਦੇਵੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੀ ਇਹ ਮੁਹਿੰਮ ਕੁਝ ਦਿਨ ਪਹਿਲਾਂ ਉਸ ਵੇਲੇ ਆਰੰਭੀ ਗਈ ਸੀ ਜਦੋਂ 26 ਜੂਨ ਨੂੰ ਢਾਈ ਸਾਲ ਦੀ ਬੱਚੀ ਹਰਸਿਮਰਤ ਕੌਰ ਪਰਿਕਰਮਾ ਵਿਚੋਂ ਲਾਪਤਾ ਹੋ ਗਈ ਸੀ। ਇਹ ਬੱਚੀ ਆਪਣੇ ਪਿਤਾ ਕਮਲਜੀਤ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਆਈ ਹੋਈ ਸੀ। ਇਸ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top