Share on Facebook

Main News Page

ਪੰਥਕ ਨਾਨਕਸ਼ਾਹੀ ਕੈਲੰਡਰ 2003 ਨੂੰ ਮੰਨਣ ਦਾ ਔਕਲੈਂਡ (ਨਿਊਜ਼ੀਲੈਂਡ) ਦੀ ਸੰਗਤ ਨੇ ਪ੍ਰਣ ਕੀਤਾ

ਸਿੱਖ ਕੌਮ ਦੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ 2003 ਵਾਲਾ ਨੂੰ ਹੀ ਮੰਨਣ ਲਈ ਸੰਗਤ ਨੇ ਉਤਸ਼ਾਹ ਪ੍ਰਗਟ ਕੀਤਾ। ਸ੍ਰ: ਪਾਲ ਸਿੰਘ ਪੁਰੇਵਾਲ ਵਿਸ਼ੇਸ਼ ਤੌਰ ਤੇ ਨਿਊਜ਼ੀਲੈਂਡ ਦੇ ਪ੍ਰਚਾਰ ਦੌਰੇ ਤੇ ਆਏ ਹੋਏ ਹਨ। ਇਥੇ ਉਹਨਾਂ ਵੱਖ ਵੱਖ ਗੁਰਦੁਆਰਿਆਂ ਦੇ ਰੱਖੇ ਪ੍ਰੋਗਰਾਮਾਂ ਵਿੱਚ ਸੰਗਤ ਨੂੰ ਨਾਨਕਸ਼ਾਹੀ ਕੈਲੰਡਰ 2003 ਦੀ ਲੋੜ, ਮਹੱਤਤਾ ਅਤੇ ਇਸ ਸੰਬੰਧੀ ਪਾਏ ਗਏ ਭਰਮ ਭੁਲੇਖਿਆਂ ਦੇ ਸੰਬੰਧ ਵਿੱਚ ਵੀਚਾਰਾਂ ਕੀਤੀਆਂ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਔਕਲੈਂਡ ਵਿਖੇ ਵੀਰਵਾਰ 7 ਜੁਲਾਈ 2011 ਨੂੰ ਸ਼ਾਮ ਦੇ 7.00 ਵਜੇ ਤੋਂ 9.00 ਵਜੇ ਤੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸੰਗਤ ਨੇ ਵਧ ਚੜ ਕੇ ਹਾਜ਼ਰੀ ਭਰੀ।


ਭਾਈ ਸੁਖਵਿੰਦਰ ਸਿੰਘ ਦਦੇਹਰ

ਜਿਸ ਵਿੱਚ ਪਹਿਲਾਂ ਗੁਰਬਾਣੀ ਪਾਠ ਅਤੇ ਕੀਰਤਨ ਭਾਈ ਕੰਵਲਜੀਤ ਸਿੰਘ ਦੇ ਰਾਗੀ ਜਥੇ ਨੇ ਕੀਤਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ। ਜਿਸ ਵਿੱਚ ਉਹਨਾਂ ਕਿਹਾ ਕਿ ਸਿੱਖ ਪੰਥ ਅੱਜ ਸਿਧਾਤਾਂ ਦੀ ਪਹਿਰੇਦਾਰੀ ਛੱਡ ਕੇ ਰਸਮਾਂ ਦਾ ਪੂਜਾਰੀ ਹੋ ਗਿਆ ਹੈ। ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਲਗਾਤਾਰ ਖੋਰਾ ਲਾਇਆ ਜਾ ਰਿਹਾ ਹੈ। ਪੰਥ ਨੂੰ ਖੋਰਾ ਲਾਉਣ ਵਿੱਚ ਬ੍ਰਾਹਮਣੀ ਸੋਚ ਭਾਵੇਂ ਸ਼ੁਰੂ ਤੋਂ ਹੀ ਸਰਗਰਮ ਸੀ, ਪਰ ਅੱਜ ਦੇ ਡੇਰੇਦਾਰਾਂ ਨੇ ਇਸ ਨੂੰ ਖੂਬ ਬਲ ਦਿਤਾ ਹੈ। ਗੰਦੀ ਸਿਆਸਤ ਅਤੇ ਡੇਰੇਦਾਰਾਂ ਦੇ ਝਾੜੂ ਬਰਦਾਰ ਬਣੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵੀ ਨਾਲ ਰਲੇ ਹੋਏ ਹਨ। ਭਾਈ ਸੁਖਵਿੰਦਰ ਸਿੰਘ ਨੇ ਗੁਰਬਾਣੀ ਅਧਾਰਿਤ ਇਹਨਾਂ ਡੇਰੇਦਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਸਾਧ ਲਾਣਾ…………..

1. ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਲਾ ਕੇ ਬਰਾਬਰ ਤੇ ਆਪਣੇ ਪੈਰਾਂ ਤੇ ਮੱਥੇ ਟਿਕਵਾਂਉਦੇ ਹਨ
2. ਵੱਡੇ ਮਰੇ ਸਾਧ ਦਾ ਸਸਕਾਰ ਗੁਰਦੁਵਾਰੇ ਦੇ ਵਿੱਚ ਹੀ ਕਰਕੇ ਨਿਸ਼ਾਨ ਜਾਂ ਥੜਾ ਬਣਾ ਕੇ ਮੜੀ ਪੂਜਾ ਕਰਵਾਉਂਦੇ ਹਨ
3. ਗੁਰਬਾਣੀ ਤੋਂ ਉਲਟ ਦਿਨ ਵਾਰ ਮੱਸਿਆ ਸੰਗਰਾਂਦ ਪੂਰਨਮਾਸ਼ੀ ਆਦਿਕ ਦੇ ਭਰਮ ਇਹ ਕਰਦੇ ਤੇ ਵੰਡਦੇ ਹਨ
4. ਸਿੱਖ ਰਹਿਤ ਮਰਿਯਾਦਾ ਮੰਨਣ ਤੋਂ ਇਹ ਇਨਕਾਰੀ ਹੋਏ ਹਨ, ਬ੍ਰਾਹਮਣੀ ਮਰਿਯਾਦਾ ਦੇ ਹਾਮੀ ਹਨ
5. ਬਚਿਤਰ ਨਾਟਕ (ਦਸਮ ਗ੍ਰੰਥ) ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਇਹ ਕਰੀ ਜਾਂਦੇ ਹਨ
6. ਲਵ ਕੁਸ਼ ਦੀ ਔਲਾਦ ਸਿਖਾਂ ਨੂੰ ਇਹ ਬਣਾਈ ਜਾਂਦੇ ਹਨ
7. ਬ੍ਰਾਹਮਣੀ ਰੰਗਤ ਵਿੱਚ ਰੰਗਿਆ ਇਤਿਹਾਸ ਇਹ ਪ੍ਰਚਾਰਦੇ ਹਨ
8. ਸਿੱਖੀ ਦੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਮੰਨਣ ਤੋਂ ਇਹ ਇਨਕਾਰੀ ਹੋਏ ਹਨ

ਬ੍ਰਾਹਮਣਵਾਦ ਨੇ ਹੁਣ ਤੱਕ ਸਿੱਖੀ ਨੂੰ ਹਿੰਦੂ ਧਰਮ ਤੋਂ ਨਿਆਰਾ ਨਹੀਂ ਮੰਨਿਆਂ। ਸਿੱਖੀ ਨੂੰ ਬ੍ਰਾਹਮਣਵਾਦ ਵਿੱਚ ਹੀ ਮਿਲਗੋਭਾ ਕਰਨ ਲਈ ਤਰਲੋਮਛੀ ਹੋ ਰਹੇ ਹਨ। ਗੁਰੂ ਸਾਹਿਬ ਜੀ ਨੂੰ ਦੇਵੀ ਦੇਵਤਿਆਂ ਦੇ ਅਵਤਾਰ ਮੰਨਣਾ ਤੇ ਪੂਜਾਰੀ ਦੱਸਣਾ ਇਹ ਇਹਨਾਂ ਦਾ ਨਿਤ ਦਾ ਕਰਮ ਹੈ। ਗੁਰਸਿੱਖਾਂ ਦੀਆਂ ਸ਼ਹੀਦੀਆਂ ਦੇ ਇਤਿਹਾਸ ਨੂੰ ਬ੍ਰਾਹਮਣਵਾਦ ਦੀ ਪੁੱਠ ਦੇਣੀ ਹਿੰਦੂ ਸੰਸਕ੍ਰਿਤੀ ਦਾ ਪਰਮ ਧਰਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਰੀ ਤੇ ਪਵਿਤਰ ਹੋਂਦ ਬ੍ਰਾਹਮਣਵਾਦ ਨੂੰ ਚੁੱਭਦੀ ਹੈ ਉਹ ਵੀ ਦਾਅ ਤੇ ਲਾ ਦਿਤੀ ਦਸਮ ਗ੍ਰੰਥ ਬਰਾਬਰ ਤੇ ਲਿਆ ਕੇ। ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚੱਲਣ ਵਾਲੇ ਹਰ ਗੁਰਸਿੱਖ ਨੇ ਸਿੱਖੀ ਦੇ ਵਿਹੜੇ ਵਿੱਚੋਂ ਬ੍ਰਾਹਮਣ ਨੂੰ ਬੁਰੀ ਤਰਾਂ ਬਾਹਰ ਕੱਢ ਸੁਟਿਆ। ਪਰ ਬ੍ਰਾਹਮਣ ਪਿਛਾ ਛੱਡਣ ਵਾਲਾ ਕਿਥੇ ? ਨਵੇਂ ਨਵੇਂ ਭੇਖ ਬਣਾ ਕੇ ਸਿੱਖੀ ਦੇ ਵਿਹੜੇ ਵਿੱਚ ਵੜਦਾ ਗਿਆ ਤੇ ਆਪਣੀ ਥਾਂ ਪੱਕੀ ਕਰਦਾ ਗਿਆ ।ਜਿਨਾਂ ਸਿਖਾਂ ਨੇ ਬ੍ਰਾਹਮਣ ਦੇ ਮੱਥੇ ਲਗਣਾ ਵੀ ਮਾੜਾ ਸਮਝਿਆ ਸੀ ਉਹੀ ਸਿਖ ਨਵੇਂ ਭੇਖ ਵਿੱਚ ਆਏ ਬ੍ਰਾਹਮਣ ਨੂੰ ਆਪ ਮੱਥੇ ਟੇਕਣ ਲਗ ਪਏ। ਬ੍ਰਾਹਮਣਵਾਦ ਦੇ ਅਵਾਰਾ ਕੀਤੇ ਠੱਪੇ ਲਾ ਕੇ ਮਾਨਤਾ ਪ੍ਰਾਪਤ ਸਾਨ੍ਹ ਸਰਸੇ ਵਾਲਾ, ਨੂਰਮਹਿਲੀਆ, ਭਨਿਆਰਾ, ਬਿਆਸੀਆ, ਨਿਰੰਕਰੀਆ, ਨਾਮਧਾਰੀਆ, ਸਿੱਖੀ ਦੀ ਵਾੜ ਟੱਪ ਕੇ ਸਿਰਫ ਉਜਾੜਨ ਹੀ ਆਏ ਹਨ ਹੋਰ ਕੋਈ ਮਨਸ਼ਾ ਨਹੀਂ।ਆਰ ਐਸ ਐਸ ਨੇ ਸਿੱਖੀ ਦੇ ਨਿਆਰੇਪਨ ਨੂੰ ਪ੍ਰਵਾਨ ਨਹੀਂ ਕੀਤਾ।ਗੁਰਦਵਾਰਿਆਂ ਦੀ ਗੁਰਮਤਿ ਅਨੁਸਾਰੀ ਦਿਖ ਬਣਾਈ ਰੱਖਣ ਲਈ ਬਣੀ ਸਿੱਖ ਰਹਿਤ ਮਰਿਯਾਦਾ ਆਰ ਐਸ ਐਸ ਨੂੰ ਨਹੀਂ ਪ੍ਰਵਾਨ, ਨਾਨਕਸ਼ਾਹੀ ਕੈਲੰਡਰ ਨਹੀਂ ਪ੍ਰਵਾਨ,ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਵਾਨ ਹੈ।

ਹੁਣ ਧਿਆਨ ਨਾਲ ਦੇਖੋ ਸਿਖ ਰਹਿਤ ਮਰਿਯਾਦਾ ਜਥੇਦਾਰਾਂ, ਸਾਧਾਂ ਸੰਤਾਂ ਨੂੰ ਵੀ ਨਹੀਂ ਪ੍ਰਵਾਨ, ਨਾਨਕਸ਼ਾਹੀ ਕੈਲੰਡਰ ਵੀ ਨਹੀਂ ਪ੍ਰਵਾਨ,ਤੇ ਦਸਮ ਗ੍ਰੰਥ ਨੂੰ ਹਰ ਗੁਰਦਵਾਰੇ ਵਿੱਚ ਪ੍ਰਕਾਸ਼ ਕਰਨ ਲਈ ਇਹ ਸਾਧ ਸੰਤ ਤੇ ਜਥੇਦਾਰ ਵੀ ਕਾਹਲੇ ਹਨ। ਜਿਹੜੀ ਗੱਲ ਨਾਲ ਆਰ ਐਸ ਐਸ ਭਾਵ ਬ੍ਰਾਹਮਣਵਾਦ ਖੁਸ਼ ਹੈ, ਉਹੀ ਗੱਲ ਜਥੇਦਾਰ ਤੇ ਸਾਧ ਸੰਤ ਕਰਦੇ ਤੇ ਖੁਸ਼ ਹੁੰਦੇ ਹਨ। ਆਰ ਐਸ ਐਸ ਜਿਹੜੀਆਂ ਗੱਲਾਂ ਨਾਲ ਸਿੱਖੀ ਨੂੰ ਗੁਲਾਮ ਕਰ ਰਹੀ ਹੈ, ਉਹੀ ਕਾਲੀਆਂ ਕਰਤੂਤਾਂ ਸਾਡੇ ਸਿਖੀ ਵਿਹੜੇ ਦੇ ਅਵਾਰਾ ਸਾਨ੍ਹ ਕਰਦੇ ਹਨ। ਬਲਾਤਕਾਰੀ, ਬੇਈਮਾਨ, ਠੱਗ, ਚੋਰ, ਵਿਹਲੜ, ਪਾਖੰਡੀ, ਕਰਮਕਾਂਡੀ, ਅਗਿਆਨੀ, ਜਥੇਦਾਰਾਂ ਅਤੇ ਸਾਧਾਂ ਨੂੰ ਨੱਥ ਪਾ ਕੇ ਗਿੱਟੇ ਸੇਕ ਕੇ ਪਿੰਡੋਂ ਬਾਹਰ ਕਰ ਦੇਣ ਦਾ ਸਮਾਂ ਆ ਗਿਆ ਹੈ। ਸੋ ਇਸ ਵਿਸ਼ੇ ਤੇ ਖੁਲ ਕੇ ਕਥਾ ਵੀਚਾਰਾਂ ਗੁਰੂ ਕੀ ਸੰਗਤ ਨਾਲ ਸਾਂਝੀਆਂ ਕੀਤੀਆਂ ਗਈਆਂ। ਰੋਜਾਨਾਂ ਦੀ ਤਰਾਂ ਸੰਗਤ ਨੇ ਇਕਾਗਰ ਚਿਤ ਹੋ ਵੀਚਾਰ ਨੂੰ ਸੁਣਿਆ।

ਇਸ ਉਪਰੰਤ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰ: ਪਾਲ ਸਿੰਘ ਜੀ ਪੁਰੇਵਾਲ ਹੋਰਾਂ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ ਵਿੱਚ ਵੀਚਾਰਾਂ ਕੀਤੀਆਂ। ਭਰੇ ਇਕੱਠ ਵਿੱਚ ਉਹਨਾਂ ਨਾਨਕਸ਼ਾਹੀ ਕੈਲੰਡਰ ਦੀ ਲੋੜ ਤੇ ਬੋਲਦਿਆਂ ਕਿਹਾ ਕਿ ਅੱਜ ਤੁਸੀਂ ਦੇਖੋ ਸਿੱਖ ਪੰਥ ਵੇਖਦਾ ਰਹਿੰਦਾ ਹੈ, ਕਿ ਕਦੋਂ ਪੰਡਿਤ ਯੰਤਰੀਆਂ ਤਿਆਰ ਕਰਨ ਤੇ ਅਸੀਂ ਆਪਣੇ ਗੁਰਪੁਰਬ ਦਿਹਾੜੇ ਸੰਗਤ ਨੂੰ ਦੱਸੀਏ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਨੇ ਇਹ ਦੂਜਿਆਂ ਨੇ ਨਿਰਭਰ ਰਹਿਣ ਵਾਲੀ ਗੱਲ ਖਤਮ ਹੀ ਕਰ ਦਿਤੀ, ਕਿਉਂਕਿ ਗੁਰਪੁਰਬ ਦਿਹਾੜੇ ਇਕ ਤਰੀਖ ਦੇ ਪੱਕੇ ਕਰ ਦਿਤੇ ਗਏ। ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਦੋਹਾਂ ਬਰਾਮਾਹਾ ਅਤੇ ਰੁਤੀ ਥਿਤੀ ਬਾਣੀਆਂ ਮੁਤਾਬਕ ਜੋ ਕੁਦਰਤੀ ਰੁੱਤਾਂ ਹਨ ਉਹ ਸਹਿਜ ਸਹਿਜ ਬਿਕਰਮੀ ਕੈਲੰਡਰ ਮੁਤਾਬਕ ਬਦਲ ਰਹੀਆਂ ਹਨ। ਪਰ ਨਾਨਕਸ਼ਾਹੀ ਕੈਲੰਡਰ ਨੇ ਇਹ ਵਿਗਾੜ ਵੀ ਦੂਰ ਕਰ ਦਿਤਾ ਰੁਤਾਂ ਥਿਤਾਂ ਗੁਰਬਾਣੀ ਅਨੁਸਾਰ ਹੀ ਰਹਿਣਗੀਆਂ। ਪੜਿਆ ਜਾਵੇ “ਅਸਾੜ ਤਪੰਦਾ ਤਿਸ ਲਗੈ” ਤੇ ਠੰਡ ਪੈ ਰਹੀ ਹੋਵੇ ਬਿਕਰਮੀ ਕੈਲੰਡਰ ਨੂੰ ਮੰਨਣ ਨਾਲ ਇਹ ਹੋ ਜਾਣਾ ਹੈ, ਪਰ ਨਾਨਕਸ਼ਾਹੀ ਕੈਲੰਡਰ ਇਸ ਤਰ੍ਹਾਂ ਰੁਤਾਂ ਨਹੀਂ ਬਦਲਣ ਦੇਵੇਗਾ। ਉਹਨਾਂ ਨੇ ਕੰਪਿਊਟਰ ਰਾਹੀਂ ਸੰਗਤ ਨੂੰ ਉਹ ਸਾਰਾ ਕੁਝ ਸਕਰੀਨ ਤੇ ਵੀ ਦਿਖਾਇਆ ਕਿ ਕਿਵੇਂ ਨਾਨਕਸ਼ਹੀ ਕੈਲੰਡਰ ਕੰਮ ਕਰਦਾ ਹੈ, ਤੇ ਪੁਰਾਣੇ ਬਿਕਰਮੀ ਕੈਲੰਡਰ ਤੇ ਵੀ ਝਾਤ ਪਵਾਈ ਕਿ ਕਿਵੇਂ ਸਹਿਜ ਸਹਿਜ ਦਿਨਾਂ ਵਾਰਾਂ ਦਾ ਫਰਕ ਪੈਂਦਾ ਗਿਆ ਤੇ 1699 ਦੀ ਵੈਸਾਖੀ ਕਿਵੇਂ 30 ਮਾਰਚ ਤੋਂ 12 ਅਪ੍ਰੈਲ 13 ਅਤੇ ਕਦੀ 14 ਤੇ ਆ ਗਈ। ਵਿਸਥਾਰ ਪੂਰਵਕ ਇਹ ਸਾਰੀ ਜਾਣਕਾਰੀ ਦਿਤੀ ਗਈ।

1999 ਤੋਂ ਲੈ ਕੇ 2003 ਤੱਕ ਕਈ ਮੀਟਗਾਂ ਅਕਾਲ ਤਖਤ ਤੇ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈਆਂ। ਪੈ ਰਹੇ ਅੜਿਕੇ ਦਲੀਲ ਪੂਰਵਕ ਦੂਰ ਕੀਤੇ ਗਏ। ਸਾਧਾਂ ਦੇ ਬੇਥਵੇ ਸਵਾਲਾਂ ਦਾ ਜਵਾਬ ਬਾ ਦਲੀਲ ਵਾਰ ਵਾਰ ਦਿਤਾ ਗਿਆ। ਨਿਰੁਤਰ ਹੋ ਜਾਣ ਵਾਲੇ ਸਾਧ ਵਾਰ ਵਾਰ ਮੁੱਕਰ ਜਾਂਦੇ ਰਹੇ। ਇਹ ਸਾਰੀਆਂ ਗੱਲਾਂ ਉਹਨਾਂ ਨੇ ਸੰਗਤ ਨਾਲ ਸਾਂਝੀਆਂ ਕੀਤੀਆਂ। 2010 ਵਿੱਚ ਸੋਧਾਂ ਦੇ ਨਾਂ ਤੇ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਲਈ ਉਹਨਾਂ ਰਾਇ ਵਿਚਾਰੇ ਜਾਣ ਤੋਂ ਬਿਨਾਂ ਹੀ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਾਧ ਹਰਨਾਮ ਸਿੰਘ ਧੂੰਮੇ ਨੇ ਸਿਆਸਤ ਤੋਂ ਪ੍ਰੇਰਤ ਹੋ ਕੇ ਕਿਵੇਂ ਕੌਮ ਨਾਲ ਧ੍ਰੋਹ ਕੀਤਾ, ਇਹ ਸਾਰਾ ਕੁਝ ਵੀ ਉਹਨਾਂ ਨੇ ਭਰੇ ਦੀਵਾਨ ਵਿੱਚ ਸਾਂਝਾ ਕੀਤਾ।

ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤ ਦੇ ਕੁਝ ਸਵਾਲਾਂ ਦੇ ਜਵਾਬ ਵੀ ਉਹਨਾਂ ਨੇ ਦਿਤੇ। ਖਾਸ ਕਰਕੇ ਨੌਜਵਾਨਾਂ ਨੇ ਬੜੇ ਧਿਆਨ ਨਾਲ ਇਸ ਸਾਰੇ ਕੁਝ ਨੂੰ ਸੁਣਿਆਂ ਤੇ ਕਈ ਸਵਾਲ ਜਾਂ ਸ੍ਰ: ਪਾਲ ਸਿੰਘ ਜੀ ਦੀ ਕਿੰਨੇ ਚਿਰ ਦੀ ਇਹ ਮਿਹਨਤ ਹੈ, ਬਾਰੇ ਸਵਾਲ ਕੀਤੇ। ਸਭ ਸੰਗਤ ਵਿੱਚ ਇਸ ਗੱਲ ਤੇ ਹੈਰਾਨੀ ਸੀ, ਕਿ ਜੇ ਕਾਰਨ ਵੀ ਕੋਈ ਨਹੀਂ ਅਗੋਂ ਸਵਾਲ ਜਵਾਬ ਕਰਨ ਵਾਲਾ ਵੀ ਸਿਆਣਾ ਵਿਦਵਾਨ ਨਹੀਂ ਬਿਨਾਂ ਸਿਰ ਪੈਰ ਦੇ ਗੱਲਾਂ ਬਣਾ ਕੇ ਇਸ ਇਤਿਹਾਸਿਕ ਦਸਤਾਵੇਜ ਨੂੰ ਵਿਗਾੜਿਆ ਕਿਉਂ ਗਿਆ। ਸੋ ਅਖੀਰ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਇਸ ਗੱਲ ਤੇ ਸਾਰੇ ਦ੍ਰਿੜ ਸਨ, ਕਿ ਅਸੀਂ ਤਾਂ ਪਹਿਲਾਂ ਦੀ ਤਰ੍ਹਾਂ ਹੀ ਪੰਥਕ ਨਾਨਕਸ਼ਾਹੀ ਨਾਲ ਹੀ ਖੜੇ ਹਾਂ ਧੁਮੱਕੜ ਕੈਲੰਡਰ ਰੱਦ ਕਰਦੇ ਹਾਂ। ਇਸ ਮੌਕੇ ਜਥੇਦਾਰ ਅਕਾਲ ਤਖਤ ਨੂੰ ਲਿਖੇ ਪੱਤਰ ਅਧਾਰਿਤ ਛੋਟਾ ਕਿਤਾਬਚਾ ਵੀ ਸੰਗਤ ਦੇ ਹੱਥ ਦਿਤਾ ਗਿਆ, ਤਾਂ ਕਿ ਸੰਗਤ ਹੋਰ ਵੀ ਸਚਾਈ ਤੋਂ ਜਾਣੂ ਹੋ ਸਕੇ।

ਇਸ ਮੌਕੇ ਸ਼ਹਿਰ ਪਤਵੰਤੀਆਂ ਸੰਗਤਾਂ ਬਹੁ ਗਿਣਤੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਭਾਈ ਕੇਵਲ ਸਿੰਘ ,ਹਰਨੇਕ ਸਿੰਘ, ਬਲਜਿੰਦਰ ਸਿੰਘ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ਅਤੇ ਸਟੇਜ ਦੀ ਸੇਵਾ ਨਿਭਾ ਰਹੇ ਸਨ ਗੁਰਿੰਦਰ ਸਿੰਘ ਸ਼ਾਦੀਪੁਰ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top