Share on Facebook

Main News Page

ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਗੁਰੂ ਦੀ ਮੱਤ ਤੋਂ ਦੂਰ ਰਹਿੰਦੇ ਹਾਂ: ਗਿਆਨੀ ਸ਼ਿਵਤੇਗ ਸਿੰਘ

* ਇੱਕ ਗੁਰਦੁਆਰਾ ਸਾਹਿਬ ’ਚ ਦੇਗ਼ ਤਿਆਰ ਹੋਣ ਵਿੱਚ ਕੁਝ ਦੇਰੀ ਹੋ ਗਈ ਤੇ ਪਾਠ 705 ਅੰਗ ਤੋਂ ਕੁਝ ਅੱਗੇ ਚਲਾ ਗਿਆ ਤਾਂ ਇਸ ਦੋਸ਼ ਬਦਲੇ ਗ੍ਰੰਥੀ ਸਿੰਘ ਦੀ ਛੁੱਟੀ ਕਰ ਦਿੱਤੀ ਕਿ ਉਸ ਨੇ ਮੱਧ ਦੀ ਅਰਦਾਸ ਕਿਉਂ ਨਹੀਂ ਕੀਤੀ
* ਜਿਨ੍ਹਾਂ ਧਿਆਨ ਇਸੇ ਸਲੋਕ ’ਤੇ ਮੱਧ ਦੀ ਅਰਦਾਸ ਕਰਨ ਦਾ ਰੱਖਿਆ ਜਾਂਦਾ ਹੈ ਉਤਨਾ ਗੁਰਬਾਣੀ ਨੂੰ ਸੁਣਨ ਸਮਝਣ ਤੇ ਉਸ ਤੇ ਅਮਲ ਕਰਨ ਵੱਲ ਨਹੀਂ ਦਿੱਤਾ ਜਾਂਦਾ
* ਇਹ ਕਦੀ ਨਹੀਂ ਸੋਚਦੇ ਕਿ ਸਦੀਆਂ ਤੋਂ ਨਹੀਂ ਬਲਕਿ ਹਜਾਰਾਂ ਸਾਲਾਂ ਤੋਂ ਲੋਕ ਚੜ੍ਹਦੇ ਵੱਲ ਮੂੰਹ ਕਰਕੇ ਪਿਤਰਾਂ ਨੂੰ ਪਾਣੀ ਦੇ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਦਾ ਖੰਡਨ ਕਿਉਂ ਕੀਤਾ?

ਬਠਿੰਡਾ, 11 ਜੁਲਾਈ (ਕਿਰਪਾਲ ਸਿੰਘ): ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਗੁਰੂ ਦੀ ਮੱਤ ਤੋਂ ਦੂਰ ਰਹਿੰਦੇ ਹਾਂ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਅਖੰਡਪਾਠ ਦੇ ਆਰੰਭ ਅਤੇ ਭੋਗ ਸਮੇਂ ਅਰਦਾਸ ਕਰਨ ਦਾ ਵਿਧਾਨ ਹੈ ਪਰ ਕਿਧਰੇ ਵੀ ਮੱਧ ਦੀ ਅਰਦਾਸ ਦਾ ਜ਼ਿਕਰ ਨਹੀਂ ਹੈ। ਰਹਿਤ ਮਰਿਆਦਾ ਵਿੱਚ ਇਹ ਵੀ ਦਰਜ਼ ਹੈ ਕਿ ਅਖੰਡਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਨਾਲ ਨਾਲ ਜਾਂ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਕੁਝ ਸਿਆਣੇ ਸਿੱਖਾਂ ਨੇ ਸੋਚਿਆ ਕਿ ਅਖੰਡਪਾਠ ਦਾ ਭੋਗ ਤੀਜੇ ਦਿਨ ਪੈਣਾ ਹੁੰਦਾ ਹੈ ਇਸ ਲਈ ਪਹਿਲੇ ਦਿਨ ਦੀ ਬਣਾਈ ਕੜਾਹ ਪ੍ਰਸ਼ਾਦ ਦੀ ਦੇਗ ਤਿੰਨ ਦਿਨ ਰੱਖਣ ਨਾਲ ਬਾਸੀ ਹੋ ਕੇ ਖਰਾਬ ਹੋ ਜਾਵੇਗੀ ਇਸ ਲਈ ਦੂਸਰੇ ਦਿਨ ਵੀ ਦੇਗ ਤਿਆਰ ਕਰਕੇ ਉਸ ਦੀ ਪ੍ਰਵਾਨਗੀ ਲਈ ਅਰਦਾਸ ਕਰ ਲਈ ਜਾਵੇ ਤਾ ਕਿ ਜਿਹੜੀ ਵੀ ਸੰਗਤ ਗੁਰੂ ਦੀ ਹਜੂਰੀ ਵਿੱਚ ਆਉਂਦੀ ਰਹੇ ਉਸ ਨੂੰ ਦੇਗ ਵਰਤਾਈ ਜਾ ਸਕੇ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਹ ਇੱਕ ਜਰੂਰਤ ਸੀ ਪਰ ਇਸ ਨੂੰ ਰਹਿਤ ਮਰਿਆਦਾ ਦਾ ਇਸ ਕਦਰ ਜਰੂਰੀ ਅੰਗ ਬਣਾ ਦਿੱਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 705 ’ਤੇ ਦਰਜ਼ ਜੈਤਸਰੀ ਵਾਰ ਦਾ ਪਹਿਲਾ ਸਲੋਕ ‘ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥1॥’ ’ਤੇ ਮੱਧ ਦੀ ਅਰਦਾਸ ਕਰਨ ਨੂੰ ਇੱਕ ਅਣਲਿਖਤੀ ਵਿਧਾਨ ਬਣਾ ਦਿੱਤਾ ਗਿਆ ਅਤੇ ਜੇ ਕਿਸੇ ਕਾਰਣ ਅਰਦਾਸ ਇਸ ਤੋਂ ਥੋਹੜੀ ਅੱਗੇ ਪਿੱਛੇ ਹੋ ਗਈ ਤਾਂ ਉਸ ਨੂੰ ਬਹੁਤ ਵੱਡੀ ਅਵੱਗਿਆ ਸਮਝਿਆ ਜਾ ਰਿਹਾ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇੱਕ ਗੁਰਦੁਆਰਾ ਸਾਹਿਬ ’ਚ ਦੇਗ਼ ਤਿਆਰ ਹੋਣ ਵਿੱਚ ਕੁਝ ਦੇਰੀ ਹੋ ਗਈ ਤੇ ਪਾਠ 705 ਅੰਗ ਤੋਂ ਕੁਝ ਅੱਗੇ ਚਲਾ ਗਿਆ ਤਾਂ ਇਸ ਦੋਸ਼ ਬਦਲੇ ਗ੍ਰੰਥੀ ਸਿੰਘ ਦੀ ਛੁੱਟੀ ਕਰ ਦਿੱਤੀ ਕਿ ਉਸ ਨੇ ਮੱਧ ਦੀ ਅਰਦਾਸ ਕਿਉਂ ਨਹੀਂ ਕੀਤੀ? ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ 1429/30 ਪੰਨੇ ਹਨ, ਇਸ ਲਈ ਜੇ ਮੱਧ ਦੀ ਅਰਦਾਸ ਜਰੂਰੀ ਵੀ ਹੈ ਤਾਂ ਇਸ ਦਾ ਮੱਧ 715 ਪੰਨੇ ’ਤੇ ਬਣਦਾ ਹੈ। ਪਰ ਜੇ ਇਹ ਕਹੀਏ ਕਿ 705 ਪੰਨੇ ’ਤੇ ‘ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥1॥’ ਲਿਖਿਆ ਹੋਇਆ ਹੈ ਤਾਂ ਪਹਿਲਾਂ ਇਸ ਦੇ ਅਰਥ ਤਾਂ ਸਮਝ ਲਈਏ ਕਿ ਇਨ੍ਹਾਂ ਪੰਕਤੀਆਂ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ?

ਗੁਰੂ ਸਾਹਿਬ ਜੀ ਤਾਂ ਇਸ ਸਲੋਕ ਵਿੱਚ ਸਮਝਾ ਰਹੇ ਹਨ ਕਿ ਸੰਤ ਜਨ ਉਸ ਸਰਬ-ਵਿਆਪਕ ਪਰਮੇਸ਼ਰ ਨੂੰ ਸਿਮਰਦੇ ਹਨ ਜੋ ਸਭ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਅਤੇ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਮੱਧ ਵਿੱਚ (ਭਾਵ ਹੁਣ ਵੀ) ਸਰਬ ਵਿਆਪਕ ਹੈ ਤੇ ਅਖੀਰ ਵਿੱਚ ਵੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਇਸ ਸਲੋਕ ਦੇ ਅਰਥ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਸਲੋਕ ਵਾਲੇ ਹੀ ਬਣਦੇ ਹਨ ਤੇ ਕਿਧਰੇ ਵੀ ਇਸ ਥਾਂ ’ਤੇ ਪਾਠ ਆਉਣ ’ਤੇ ਮੱਧ ਦੀ ਅਰਦਾਸ ਕਰਨ ਦਾ ਕੋਈ ਸੰਕੇਤ ਨਹੀਂ ਹੈ। ਦੂਸਰੀ ਗੱਲ ਹੈ ਕਿ ਪੰਨਾ ਨੰ: 547 ’ਤੇ ‘ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥’ ਅਤੇ 1017 ’ਤੇ ‘ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥5॥’ ਵਿਚ ਵੀ ‘ਮਧਿ’ ਸ਼ਬਦ ਆ ਗਿਆ ਤਾਂ ਫਿਰ ਕੀ ਇਸ ਸਥਾਨ ’ਤੇ ਵੀ ਮੱਧ ਦੀ ਅਰਦਾਸ ਕੀਤੀ ਜਾਵੇ।

ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਦੀ ਵੀਚਾਰ ਕਰਨ ਪਿੱਛੋਂ ਜੇ ਕਿਸੇ ਤੋਂ ਪੁੱਛੀਏ ਕਿ ਇਸੇ ਸ਼ਬਦ ’ਤੇ ਹੀ ਮੱਧ ਦੀ ਅਰਦਾਸ ਕਰਨੀ ਕਿਉਂ ਜਰੂਰੀ ਹੈ ਤਾਂ ਕਿਸੇ ਪਾਸ ਕੋਈ ਜਵਾਬ ਨਹੀਂ ਪਰ ਫਿਰ ਵੀ ਜਿਨ੍ਹਾਂ ਧਿਆਨ ਇਸੇ ਸਲੋਕ ’ਤੇ ਮੱਧ ਦੀ ਅਰਦਾਸ ਕਰਨ ਦਾ ਰੱਖਿਆ ਜਾਂਦਾ ਹੈ ਉਤਨਾ ਗੁਰਬਾਣੀ ਨੂੰ ਸੁਣਨ ਸਮਝਣ ਤੇ ਉਸ ਤੇ ਅਮਲ ਕਰਨ ਵੱਲ ਨਹੀਂ ਦਿੱਤਾ ਜਾਂਦਾ ਅਤੇ ਕਹਿੰਦੇ ਹਨ ਕਿ ਵੇਖੋ ਜੀ ਸਦੀਆਂ ਤੋਂ ਮੱਧ ਦੀ ਅਰਦਾਸ ਕੀਤੀ ਜਾ ਰਹੀ ਤਾਂ ਇਹ ਹੁਣ ਇਸ ਨੂੰ ਬੰਦ ਕਿਉਂ ਕਰਵਾ ਰਹੇ ਹਨ? ਇਸ ਤਰ੍ਹਾਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਵੀ ਗੁਰੂ ਦੀ ਮੱਤ ਗ੍ਰਹਿਣ ਕਰਨ ਤੋਂ ਦੂਰ ਰਹਿੰਦੇ ਹਾਂ ਤੇ ਕਦੀ ਵੀ ਨਹੀਂ ਸੋਚਦੇ ਕਿ ਸਦੀਆਂ ਤੋਂ ਨਹੀਂ ਬਲਕਿ ਹਜਾਰਾਂ ਸਾਲਾਂ ਤੋਂ ਲੋਕ ਚੜ੍ਹਦੇ ਵੱਲ ਮੂੰਹ ਕਰਕੇ ਪਿਤਰਾਂ ਨੂੰ ਪਾਣੀ ਦੇ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਦਾ ਖੰਡਨ ਕਿਉਂ ਕੀਤਾ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top