Share on Facebook

Main News Page

ਜਦੋਂ ਤੱਕ ਕੁਰਸੀ ਦੇ ਵਪਾਰੀਆਂ ਅਤੇ ਦਲਾਲਾਂ ਅੱਗੇ ਸਿੱਖ ਦਾ ਸਿਰ ਝੁਕਦਾ ਰਹੇਗਾ, ਸਿੱਖ ਇਸੇ ਤਰਾਂ ਜ਼ਲੀਲ ਹੁੰਦਾ ਰਹੇਗਾ: ਪ੍ਰੋ. ਦਰਸ਼ਨ ਸਿੰਘ ਖਾਲਸਾ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖਾਂ ਦੀ ਮਰ ਚੁੱਕੀ ਜ਼ਮੀਰ ਬਾਰੇ ਗੱਲਬਾਤ ਕਰਦੇ ਹੋਏ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਅੱਜ ਬਰੈਂਪਟਨ, ਟੋਰਾਂਟੋ, ਕੈਨੇਡਾ ਵਿਖੇ ਕਿਹਾ ਕਿ ਸਿੱਖਾਂ ਦੇ ਸਾਹਮਣੇ ਇਹ ਕਲਜੁਗੀ ਚੰਡਾਲ ਚੌਕੜੀ, ਸਿੱਖੀ ਦੀ ਜਿੰਦ ਜਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੀ ਨਹੀਂ ਕਰ ਰਹੀ, ਬਲਕਿ ਗੁਰੂ ਦੀ ਹੋਂਦ ਨੂੰ ਹੀ ਮਿਟਾ ਦੇਣ ਦੇ ਇਰਾਦੇ ਨਾਲ, ਦਿਨ ਰਾਤ ਹਮਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵਰਤ ਰਹੇ ਕਲਜੁਗ ਦੇ ਸਮੇਂ ਦਾ ਬਿਆਨ ਗੁਰੂ ਅੰਗਦ ਸਾਹਿਬ ਗੁਰਬਾਣੀ ਵਿੱਚ ਇਓਂ ਕਰਦੇ ਹਨ।

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥

ਭਾਈ ਗੁਰਦਾਸ ਜੀ ਦੇ ਬਚਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ “ਮਨਮੁਖ ਹੋਇ ਬੰਦੇ ਦਾ ਬੰਦਾ” ਰੋਟੀ ਲਈ ਆਪਣੇ ਆਕਾਵਾਂ {ਮਾਲਕਾਂ} ਦੇ ਦਰ ਦੀ ਗੁਲਾਮੀ ਕਰਨ ਵਾਲਿਆਂ ਮੰਗਤਿਆਂ {ਫਕੀਰਾਂ} ਨੂੰ ਲੋਕ ਤਖਤਾਂ ਦੇ ਪਾਤਸ਼ਾਹ ਮੰਨਦੇ ਅਤੇ ਕਹਿ ਰਹਿ ਹਨ। ਐਸੇ ਅਧਰਮੀ ਅਤੇ ਵਿਭਚਾਰੀ ਮੁਰਖ ਲੋਕ, ਜਿਨ੍ਹਾਂ ਨੂੰ ਧਰਮ ਅਤੇ ਧਰਮੀ ਗੁਣਾਂ ਦੇ ਅੱਖਰੀ ਅਰਥਾਂ ਦਾ ਭੀ ਪਤਾ ਨਹੀਂ, ਉਨ੍ਹਾਂ ਨੂੰ ਲੋਕ ਗਿਆਨੀ ਆਖਦੇ ਅਤੇ ਲਿਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ

ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥

ਜਿਨ੍ਹਾਂ ਮੂਰਖ ਲੋਕਾਂ ਦੀਆਂ ਗਿਆਨ, ਇਨਸਾਫ ਦੀਆਂ ਅੱਖਾਂ ਕੋਈ ਨਹੀਂ, ਭਲੇ ਬੁਰੇ ਦੀ ਪਛਾਣ ਨਹੀਂ ਕਰ ਸਕਦੇ। ਐਸੇ ਗਿਆਨ ਵਿਹੂਣੇ ਅੰਧਲੇ ਲੋਕਾਂ ਨੂੰ ਕਲਜੁਗ ਵਿੱਚ ਪਾਰਖੂ ਬਣਾਕੇ ਇਨਸਾਫ ਦੀ ਕੁਰਸੀ ‘ਤੇ ਬਿਠਾ ਦਿਤਾ ਗਿਆ ਹੈ, ਅਤੇ ਮੁਰਖ ਲੋਕ ਉਨ੍ਹਾਂ ਕੋਲੋਂ ਇਨਸਾਫ ਦੇ ਫੈਸਲੇ ਕਰਨ ਦੀ ਆਸ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਕਲਜੁਗ ਦੇ ਐਸੇ ਵਰਤਾਓ ਕਾਰਨ ਸਿੱਖ ਦਾ ਧਾਰਮਕ ਜੀਵਨ ਬਰਬਾਦ ਹੋ ਰਿਹਾ ਹੈ।

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥

ਇਲਤੀ {ਸ਼ਰਾਰਤੀ ਮਕਾਰ} ਝੂਠ ਫਰੇਬ ਨਾਲ ਕੌਮ ਦਾ ਬੇੜਾ ਗ਼ਰਕ ਕਰਣ ਵਾਲੇ ਨੂੰ ਲੋਕ ਪ੍ਰਧਾਨ {ਚੌਧਰੀ} ਕਹਿੰਦੇ ਹਨ। ਉਹ ਕੂੜ {ਝੂਠ} ਦੇ ਸਹਾਰੇ ਹਰ ਥਾਵੇਂ ਪਹੁੰਚ ਬਣਾਉਂਦਾ ਹੈ।

ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥1॥

ਗੁਰੂ ਨਾਨਕ ਬਚਨ ਕਰਦੇ ਹਨ, ਗੁਰੂ ਨਾਲ ਜੁੜਿਆ ਹੋਇਆ ਗੁਰਮੁਖ ਸਿੱਖ ਕਲਜੁਗ ਵਿੱਚ ਵਰਤ ਰਹੇ ਇਸ ਕੂੜ ਦੇ ਅੰਧੇਰੇ ਨੂੰ ਪਛਾਣ ਕੇ ਸੁਚੇਤ ਹੋ ਜਾਂਦਾ ਹੈ।

ਪਰ, ਬਦਕਿਸਮਤੀ ਹੈ ਕੇ ਐਸਾ ਭੀ ਨਹੀਂ ਹੋ ਰਿਹਾ। ਸਿੱਖਾਂ ਦੇ ਸਾਹਮਣੇ ਇਹ ਕਲਜੁਗੀ ਚੰਡਾਲ ਚੌਕੜੀ, ਸਿੱਖੀ ਦੀ ਜਿੰਦ ਜਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੀ ਨਹੀਂ ਕਰ ਰਹੀ, ਬਲਕਿ ਗੁਰੂ ਦੀ ਹੋਂਦ ਨੂੰ ਹੀ ਮਿਟਾ ਦੇਣ ਦੇ ਇਰਾਦੇ ਨਾਲ, ਦਿਨ ਰਾਤ ਹਮਲੇ ਕਰ ਰਹੀ ਹੈ। ਦੂਜੇ ਗ੍ਰੰਥਾਂ ਦਾ ਬਰਾਬਰ ਪ੍ਰਕਾਸ਼ ਅਤੇ ਭਾਨੂੰ ਮੂਰਤੀ, ਭਨਿਆਰੇ ਵਾਲੇ ਸਾਧ ਰਾਹੀਂ ਕਈ ਤਰਾਂ ਦੇ ਨਵੇ ਗ੍ਰੰਥਾਂ ਦੀ ਪਦਾਇਸ਼, ਧਰਮੇ ਨਿਹੰਗ ਵਰਗੇ ਮਨਹੂਸ ਲੋਕਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਚੈਲੰਜ ਕਰਾਇਆ ਗਿਆ, ਹੁਣ ਫਿਰ ਸੁਨਿਹਰੀ ਅੱਖਰਾਂ ਵਾਲੀਆਂ ਬੀੜਾਂ ਦੇ ਨਾਮ ਹੇਠ ਗੁਰੂ ਅਤੇ ਸਿੱਖੀ ਨਾਲ ਵੱਡਾ ਧ੍ਰੋਹ ਕੀਤਾ ਗਿਆ ਹੈ।

ਉਨ੍ਹਾਂ ਕਿਹਾ, ਪਰ ਵੱਡੇ ਦੁਖ ਵਾਲੀ ਗੱਲ ਹੈ ਕਿ ਜਦੋਂ ਦੇਖਦਾ ਹਾਂ, ਇਹ ਸਭ ਕੁੱਛ ਅੱਖੀਂ ਵੇਖ ਕੇ ਭੀ ਮਰ ਚੁਕੀ ਜ਼ਮੀਰ ਵਾਲੇ ਲੋਕ ਗੁਰੂ, ਸਿੱਖੀ, ਅਤੇ ਸ਼ਰਮ ਨੂੰ ਤਿਲਾਂਜਲੀ ਦੇਕੇ, ਜੱਥੇਦਾਰਾਂ ਅਤੇ ਪ੍ਰਧਾਨਾਂ ਦੇ ਮੱਕਾਰ ਸਾਹਮਣੇ ਵੱਡੀਆਂ ਪਦਵੀਆਂ ਦਾ ਭਰਮ ਪਾਲਦੇ ਹੋਏ, ਹੱਥ ਜੋੜ ਕੇ ਖ੍ਹੜੇ ਹਨ, ਚੰਗੀਆਂ ਚੰਗੀਆਂ ਸੰਸਥਾਵਾਂ ਤੇ ਕਾਬਜ਼ ਬੈਠੇ ਲੋਕ ਕੇਵਲ ਦਲਾਲਾਂ ਵਾਂਗ ਗੁਰੂ ਕੇ ਮਾਨ ਸਨਮਾਨ, ਸਿੱਖੀ ਸਿਧਾਂਤ ਦੇ ਸੌਦੇ ਅਤੇ ਦਲਾਲੀ ਹੀ ਕਰ ਰਹੇ ਹਨ। ਯਕੀਨ ਕਰੋ ਸਿੰਘੋ, ਜਦੋਂ ਤੱਕ ਇਨ੍ਹਾਂ ਕੁਰਸੀ ਦੇ ਵਪਾਰੀਆਂ ਅਤੇ ਦਲਾਲਾਂ ਅੱਗੇ ਸਿੱਖ ਦਾ ਸਿਰ ਝੁਕਦਾ ਰਹੇਗਾ, ਸਿੱਖ ਇਸੇ ਤਰਾਂ ਜ਼ਲੀਲ ਹੁੰਦਾ ਰਹੇਗਾ।

ਸਿੱਖ ਸੰਗਤਾਂ ਨੂੰ ਹਲੂਣਾ ਦਿੰਦੇ ਹੋਏ ਕਿਹਾ ਕਿ, ਯਾਦ ਰੱਖੋ

ਯੇ ਇਨਸਾਨ ਬੇਚ ਦੇਤੇ ਹੈਂ ਇਮਾਨ ਬੇਚ ਦੇਤੇ ਹੈਂ, ਜ਼ਰੂਰਤ ਪੜੇ ਤੋ ਯੇ ਭਗਵਾਨ ਬੇਚ ਦੇਤੇ ਹੈਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top