Share on Facebook

Main News Page

ਹਰ ਧਮਾਕੇ ਲਈ ਸਿਰਫ ਘਟ ਗਿਣਤੀਆਂ ਨੂੰ ਹੀ ਦੋਸ਼ੀ ਹੀ ਨਾ ਸਮਝਿਆ ਜਾਵੇ

* ਬਹੁਗਿਣਤੀ ਨਾਲ ਸਬੰਧਤ ਅਤਿਵਾਦੀਆਂ ਦੇ ਧਮਾਕਿਆਂ ਵਿੱਚ ਸ਼ਾਮਲ ਹੋਣ ਦੀਆਂ ਜਿਆਦਾ ਸੰਭਾਵਨਾਵਾਂ ਹਨ

* ਜਿਸ ਸ਼ਿਵ ਸੈਨਾ ਅਤੇ ਭਾਜਪਾ ਵਲੋਂ ਰਾਹੁਲ ਗਾਂਧੀ ਦੇ ਬਿਆਨ ’ਤੇ ਹੋ ਹੱਲਾ ਮਚਾਇਆ ਜਾ ਰਿਹਾ ਹੈ ਉਹ ਵੀ ਰਾਸ਼ਟਰ ਨੂੰ ਇਹ ਜਵਾਬ ਦੇਵੇ ਕਿ ਸਿੱਖਾਂ ਮੁਸਲਮਾਨਾਂ ਅਤੇ ਈਸਾਈਆਂ ਵਿਰੁਧ ਕੀਤੀਆਂ ਗਈਆਂ ਅਤਿ ਨਿੰਦਣਯੋਗ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਮਾਮਲੇ ਵਿੱਚ ਉਨ੍ਹਾਂ ਆਪਣੇ ਮੂੰਹ ਕਿਉਂ ਸਿਊਂਤੇ ਹਨ

* ਅੱਜ ਰਾਹੁਲ ਗਾਂਧੀ ਦੇ ਬਿਆਨ ਨੂੰ ਸ਼ਰਮਨਾਕ ਦੱਸਣ ਵਾਲੇ ਕਿਸੇ ਦੀ ਜ਼ਮੀਰ ਉਸ ਸਮੇਂ ਨਾ ਜਾਗੀ: ਭਾਈ ਸਿਰਸਾ

ਬਠਿੰਡਾ, 16 ਜੁਲਾਈ (ਕਿਰਪਾਲ ਸਿੰਘ): ਇਸ ਦੇਸ਼ ਵਿੱਚ ਜਦੋਂ ਵੀ ਕੋਈ ਅਤਿਵਾਦੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਪੜਤਾਲ ਪਹਿਲਾਂ ਤੋਂ ਹੀ ਘੱਟ ਗਿਣਤੀ ਕੌਮਾਂ ਨਾਲ ਸਬੰਧਤ ਨੌਜਵਾਨਾਂ ਨੂੰ ਦੋਸ਼ੀ ਸਮਝ ਕੇ ਕੀਤੀ ਜਾਂਦੀ ਹੈ ਜਦੋਂ ਕਿ ਬਹੁਗਿਣਤੀ ਨਾਲ ਸਬੰਧਤ ਅਤਿਵਾਦੀਆਂ ਦੇ ਧਮਾਕਿਆਂ ਵਿੱਚ ਸ਼ਾਮਲ ਹੋਣ ਦੀਆਂ ਜਿਆਦਾ ਸੰਭਾਵਨਾਵਾਂ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਹੋਏ ਬੰਬ ਧਮਾਕਿਆਂ ਦੀ ਪੜਤਾਲ ਦੌਰਾਨ ਸ਼ੱਕ ਦੀ ਸੂਈ ਮੁਸਲਮਾਨਾਂ ਵੱਲ ਘੁੰਮਾਉਣ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਇਸ ਸਮੇਂ ਮੁੱਖ ਵਿਰੋਧੀ ਪਾਰਟੀ ਭਾਜਪਾ, ਮੁੱਦਾ ਹੀਣ ਹੋਈ ਪਈ ਹੈ ਤੇ ਆਉਂਦੀਆਂ ਚੋਣਾਂ ਜਿੱਤਣ ਲਈ ਉਸ ਨੂੰ ਕਿਸੇ ਐਸੇ ਮੁੱਦੇ ਦੀ ਲੋੜ ਸੀ ਜਿਸ ਨਾਲ ਉਹ ਕਾਂਗਰਸ ਸਰਕਾਰ ਨੂੰ ਸ਼ਹਿਰੀਆਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਨਖਿੱਧ ਸਾਬਤ ਕਰਕੇ ਇਸ ਨੂੰ ਠਿੱਬੀ ਲਾਉਣ ਲਈ ਆਮ ਸ਼ਹਿਰੀਆਂ ਦੀ ਹਮਦਰਦੀ ਹਾਸਲ ਕਰ ਸਕੇ। ਇਸ ਲਈ ਇਸ ਗੱਲ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਕਿ ਭਾਜਪਾ ਦੀ ਸਰਪ੍ਰਸਤੀ ਹੇਠ ਮੁੰਮਈ ਬੰਬ ਧਮਾਕੇ ਹਿੰਦੂ ਅਤਿਵਾਦੀ ਜਥੇਬੰਦੀਆਂ ਨੇ ਕੀਤੇ ਹੋਣ।

ਭਾਈ ਸਿਰਸਾ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਆਪਣੇ ਰਾਜਸੀ ਹਿਤਾਂ ਦੀ ਪੂਰਤੀ ਲਈ ਆਮ ਸ਼ਹਿਰੀਆਂ ਦੀ ਜਾਨ ਮਾਲ ਨੂੰ ਖ਼ਤਰੇ ਵਿੱਚ ਪਾਉਣ ਤੋਂ ਕਦੀ ਵੀ ਸੰਕੋਚ ਨਹੀਂ ਕਰਦੀਆਂ। 1984 ਈਸਵੀ ’ਚ ਦਿੱਲੀ ਤੇ ਹੋਰਨਾ ਸ਼ਹਿਰਾਂ ਵਿੱਚ ਕਾਂਗਰਸ ਵਲੋਂ ਸਿੱਖਾਂ ਦੀ ਨਸਲਕੁਸ਼ੀ, 2000 ਵਿੱਚ ਭਾਜਪਾ ਸਰਕਾਰ ਦੌਰਾਨ ਜੰਮੂ ਕਸ਼ਮੀਰ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਸੁਰੱਖਿਆ ਦਸਤਿਆਂ ਰਾਹੀਂ 35 ਸਿੱਖਾਂ ਦਾ ਬੇਰਿਹਮੀ ਨਾਲ ਕਤਲ, 2002 ’ਚ ਗੁਜਰਾਤ ਵਿੱਚ 2000 ਤੋਂ ਵੱਧ ਮੁਸਲਮਾਨਾਂ ਦਾ ਕਤਲੇਆਮ, 2006 ’ਚ ਮਾਲੇਗਾਉਂ ਬੰਬ ਧਮਾਕੇ, 2007’ਚ ਸਮਝੌਤਾ ਐਕਸਪ੍ਰੈੱਸ ਅਤੇ ਅਜਮੇਰ ਸ਼ਰੀਫ ਵਿੱਚ ਕੀਤੇ ਗਏ ਬੰਬ ਧਮਾਕੇ ਅਤੇ 2008 ’ਚ ਕਰਨਾਟਕਾ ਅਤੇ ਉੜੀਸਾ ਵਿੱਚ ਈਸਾਈਆ ਵਿਰੁੱਧ ਕੀਤੇ ਗਏ ਦੰਗੇ ਇਸ ਦੀਆਂ ਮੁੱਖ ਉਦਾਹਰਣਾ ਹਨ। ਭਾਈ ਸਿਰਸਾ ਨੇ ਕਿਹਾ ਇਨ੍ਹਾਂ ਘਟਨਾਵਾਂ ਦੌਰਾਨ ਹਿੰਦੂ ਅਤਿਵਾਦੀਆਂ ਨੇ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦਾ ਜਾਨੀ ਮਾਲੀ ਨੁਕਸਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਬੇਆਬਰੂ ਵੀ ਕੀਤਾ ਅਤੇ ਬਦਨਾਮ ਵੀ। ਉਕਤ ਸਾਰੇ ਹੀ ਕੇਸਾਂ ਵਿੱਚ ਸਰਕਾਰ ਨੇ ਮਜ਼ਲੂਮਾਂ ਦੀ ਸੁਰੱਖਿਆ ਕਰਨ ਦੀ ਥਾਂ ਹਮਲਾਵਰਾਂ ਨੂੰ ਟਰਾਂਸਪੋਰਟ ਅਤੇ ਹੋਰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਰਪ੍ਰਸਤੀ ਵੀ ਕੀਤੀ ਤੇ ਅੱਜ ਤੱਕ ਦੋਸ਼ੀਆਂ ਨੂੰ ਸਜਾ ਤੋਂ ਬਚਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਇਸੇ ਕਾਰਣ ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਕੋਈ ਸਜਾ ਨਹੀਂ ਮਿਲੀ।

ਭਾਈ ਸਿਰਸਾ ਨੇ ਕਿਹਾ ਕਿ ਬਿਨਾਂ ਸ਼ੱਕ ਸਰਕਾਰ ਆਪਣੇ ਸ਼ਹਿਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਾਬੰਦ ਹੈ ਤੇ ਇਸ ਵਲੋਂ ਵਿਖਾਈ ਜਾ ਰਹੀ ਢਿੱਲ ਮੱਠ ਲਈ ਇਸ ਦੀ ਸਖ਼ਤ ਨਿਖੇਧੀ ਕਰਨੀ ਬਣਦੀ ਹੈ। ਪਰ ਜਿਸ ਸ਼ਿਵ ਸੈਨਾ ਅਤੇ ਭਾਜਪਾ ਵਲੋਂ ਰਾਹੁਲ ਗਾਂਧੀ ਦੇ ਬਿਆਨ ’ਤੇ ਹੋ ਹੱਲਾ ਮਚਾਇਆ ਜਾ ਰਿਹਾ ਹੈ ਉਹ ਵੀ ਰਾਸ਼ਟਰ ਨੂੰ ਇਹ ਜਵਾਬ ਦੇਵੇ ਕਿ ਉਕਤ ਅਤਿ ਨਿੰਦਣਯੋਗ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਮਾਮਲੇ ਵਿੱਚ ਉਨ੍ਹਾਂ ਆਪਣੇ ਮੂੰਹ ਕਿਉਂ ਸਿਊਂਤੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਤਾਂ ਸਿਰਫ ਇੰਨਾ ਹੀ ਕਿਹਾ ਹੈ ਕਿ ਸਰਕਾਰ 100% ਅਤਿਵਾਦੀ ਘਟਨਾਵਾਂ ਨਹੀਂ ਸਿਰਫ 99% ਹੀ ਰੋਕ ਸਕਦੀ ਹੈ ਪਰ ਇਸ ਦੇ ਪਿਤਾ ਰਾਜੀਵ ਗਾਂਧੀ ਨੇ ਤਾਂ 84’ ਚ ਸਿੱਖਾਂ ਦੇ ਦਿਨ ਦਿਹਾੜੇ ਹੋ ਰਹੇ ਕਤਲੇਆਮ ਨੂੰ ‘ਜਬ ਬੜਾ ਪੇਡ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੀ ਹੈ’ ਕਹਿ ਕੇ ਜਾਇਜ਼ ਠਹਿਰਾਉਣ ਦੀ ਅਤਿ ਘਿਨਾਉਣੀ ਹਰਕਤ ਕਰਕੇ ਭਾੜੇ ਦੇ ਟੱਟੂਆਂ ਦੇ ਹੌਸਲੇ ਬੁਲੰਦ ਕੀਤੇ ਸਨ। ਭਾਈ ਸਿਰਸਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਬੇਸ਼ੱਕ ਦੁਖਦਾਇਕ ਹੈ ਪਰ ਅਸਲੀਅਤ ਦੇ ਕਾਫੀ ਨੇੜੇ ਹੈ ਕਿਉਂਕਿ ਕੋਈ ਵੀ ਸਰਕਾਰ 100% ਅਪਰਾਧ ਰੋਕ ਨਹੀਂ ਸਕਦੀ। ਭਾਜਪਾ ਅਤੇ ਇਸ ਦੀ ਭਾਈਵਾਲੀ ਵਾਲੀ ਸਰਕਾਰ ਵਾਲੇ ਸੂਬਿਆਂ ਵਿੱਚ ਅੱਜ ਵੀ ਭਿਆਨਕ ਕਿਸਮ ਦੇ ਅਪਰਾਧ ਹੋ ਰਹੇ ਹਨ। ਪਰ ਰਾਜੀਵ ਗਾਂਧੀ ਦਾ ਬਿਆਨ ਤਾਂ ਅਤਿ ਸ਼ਰਮਨਾਕ ਸੀ ਜਿਸ ਦੀ ਸਰਕਾਰ ਦੌਰਾਨ ਸ਼ਹਿਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਥਾਂ ਭਾੜੇ ਦੇ ਕਾਤਲਾਂ ਨੂੰ ਸਰਕਾਰੀ ਸਰਪ੍ਰਸਤੀ ਦਿਤੀ ਤੇ ਉਨ੍ਹਾਂ ਵਲੋਂ ਕੀਤੀ ਗਈ ਗੁੰਡਾਗਰਦੀ ਨੂੰ ਜਾਇਜ਼ ਠਹਿਰਾਉਣ ਵਾਲੇ ਬਿਆਨ ਦੇ ਕੇ ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇ। ਇਹੋ ਸ਼ਰਮਨਾਕ ਕਾਰਾ ਨਰਿੰਦਰ ਮੋਦੀ ਨੇ 2002 ’ਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਹੋਏ ਕਤਲੇਆਮ ਨੂੰ ਜਾਇਜ਼ ਠਹਿਰਾ ਕੇ ਕੀਤਾ ਸੀ। ਪਰ ਅੱਜ ਰਾਹੁਲ ਗਾਂਧੀ ਦੇ ਬਿਆਨ ਨੂੰ ਸ਼ਰਮਨਾਕ ਦੱਸਣ ਵਾਲੇ ਕਿਸੇ ਦੀ ਜ਼ਮੀਰ ਉਸ ਸਮੇਂ ਨਾ ਜਾਗੀ।

ਭਾਈ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਜੇ ਪ੍ਰਿਗਿਆ ਸਾਧਵੀ, ਕਰਨਲ ਪ੍ਰੋਹਿਤ ਅਤੇ ਅਸੀਮਾ ਨੰਦ ਆਦਿ ਦੇ ਸਾਥੀਆਂ ਨੂੰ ਜੇ ਪੁੱਛਗਿੱਛ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਅਸਲ ਦੋਸ਼ੀਆਂ ਤੱਕ ਪਹੁੰਚ ਬਹੁਤ ਜ਼ਲਦੀ ਹੋ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top