Share on Facebook

Main News Page

ਕੀ ਜਾਗਰੂਕ ਪੰਥ ਦੀ ਏਕਤਾ ਅਸੰਭਵ ਹੈ? ਨਿਰਾਸ਼ਾ ਦੀ ਥਾਂ ਸਵੈ-ਪੜਚੋਲ ਦੀ ਲੋੜ

ਜਾਗਰੂਕ ਪੰਥ ਨਾਲ ਜੁੜੀ ਹਰ ਧਿਰ, ਸੰਸਥਾ, ਸ਼ਖਸੀਅਤ ਇਹ ਚਾਹੁੰਦੀ ਰਹੀ ਹੈ ਕਿ ਜਾਗਰੂਕ ਪੰਥ ਵਿਚ ਏਕਾ ਹੋਣਾ ਚਾਹੀਦਾ ਹੈ ਤਾਂ ਕਿ ਪੁਨਰਜਾਗਰਨ ਲਹਿਰ ਨੂੰ ਸਾਂਝੇ ਅਤੇ ਸ਼ਕਤੀਸ਼ਾਲੀ ਰੂਪ ਵਿਚ ਚਲਾਇਆ ਜਾਵੇ। ‘ਤੱਤ ਗੁਰਮਤਿ ਪਰਿਵਾਰ’ ਵੀ ਸ਼ੁਰੂ ਤੋਂ ਹੀ ਇਸ ਏਕਤਾ ਲਈ ਹੌਕਾ ਦੇਣ ਦੇ ਨਾਲ-ਨਾਲ ਏਕਤਾ ਯਤਨਾਂ ਦੀ ਸੰਭਾਵੀ ਰੂਪ-ਰੇਖਾ ਵੀ ਪੇਸ਼ ਕਰਦਾ ਰਿਹਾ ਹੈ। ਪਿੱਛਲੇ ਹਫਤੇ ਲਿਖੇ ਆਪਣੇ ਸੰਪਾਦਕੀ ‘ਸੁਨਿਹਰੇ ਅੱਖਰਾਂ ਵਾਲੇ ਸਰੂਪਾਂ ਦਾ ਵਿਵਾਦ’ ਦੇ ਅੰਤ ਵਿਚ ਵੀ ‘ਪਰਿਵਾਰ’ ਨੇ ਜਾਗਰੂਕ ਪੰਥ ਨੂੰ ਏਕਤਾ ਲਈ ਇਕ ਵਾਰ ਫੇਰ ਹਲੂਣਾ ਦੇਣ ਦਾ ਯਤਨ ਕੀਤਾ ਸੀ।

‘ਪਰਿਵਾਰ’ ਦੇ ਇਸ ਯਤਨਾਂ ਪ੍ਰਤੀ ਗੈਰ-ਸੰਜੀਦਗੀ ਵਿਖਾਉਂਦੇ ਹੋਏ ਅਣਗੌਲਿਆਂ ਕਰ ਦਿੱਤਾ ਲਗਦਾ ਹੈ। ਸਿਰਫ ਪੰਥਦਰਦੀ ਵਿਦਵਾਨ ਅਮਰਜੀਤ ਸਿੰਘ ਜੀ ਚੰਦੀ ਨੇ ਇਸ ਦੇ ਪ੍ਰਤੀਕਰਮ ਵਿਚ ਆਪਣੇ ਵਿਚਾਰ ਲਿਖੇ। ਉਨ੍ਹਾਂ ਵਲੋਂ ਪ੍ਰਤੀਕਰਮ ਦੇਣ ਲਈ ਤਹਿ ਦਿਲੋਂ ਧੰਨਵਾਦੀ ਹਾਂ। ਚੰਦੀ ਜੀ ਵਲੋਂ ਦਿੱਤੇ ਪ੍ਰਤੀਕਰਮ ਵਿਚ ਨਿਰਾਸ਼ਤਾ ਤਾਂ ਹੈ ਪਰ ਕੁਝ ਕੀਮਤੀ ਸੇਧਾਂ ਵੀ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਜਾਗਰੂਕ ਪੰਥ ਵਿਚ ਏਕਤਾ ਜੇ ਅਸੰਭਵ ਨਹੀਂ ਤਾਂ ਅਤਿ ਮੁਸ਼ਕਿਲ ਜ਼ਰੂਰ ਹੈ। ਉਨ੍ਹਾਂ ਨੇ ਏਕਤਾ ਵਿਚ ਵੱਡੀ ਰੁਕਾਵਟ ਹਉਮੈ ਅਤੇ ਚੌਧਰ ਦੀ ਭੁੱਖ ਨੂੰ ਦਸਿਆ ਹੈ। ਇਹ ਵਿਚਾਰ ਵੀ ਦਿੱਤਾ ਹੈ ਕਿ ਏਕੇ ਦੀ ਐਸੀ ਕੋਸ਼ਿਸ਼ ਆਪਸੀ ਵਖੇਰਵੇਂ ਹੋਰ ਵਧਾਉਣ ਦਾ ਕਾਰਨ ਬਣ ਸਕਦੀ ਹੈ।

ਅਸੀਂ ਸਮਝ ਸਕਦੇ ਹਾਂ ਕਿ ਚੰਦੀ ਜੀ ਦੀ ਇਸ ਨਿਰਾਸ਼ਤਾ ਦਾ ਕਾਰਨ ਇਸ ਪੱਖੋਂ ਹੋ ਚੁੱਕੀ ਬੇ-ਨਤੀਜਾ ਕੋਸ਼ਿਸ਼ਾਂ ਦਾ ਅਨੁਭਵ ਹੈ। ਪਰ ਇਕ ‘ਗੁਰੂ’ ਨੂੰ ਸਮਰਪਿਤ ਸਿੱਖਾਂ ਵਿਚ ਏਕਾ ਹੋਣਾ ਵੀ ਜ਼ਰੂਰੀ ਹੈ। ਨਿਰਾਸ਼ ਹੋ ਕੇ ਕੋਸ਼ਿਸ਼ ਛੱਡ ਦੇਣ ਦਾ ਰਾਹ ਤਾਂ ਗੁਰਮਤਿ ਨਹੀਂ ਸਿਖਾਉਂਦੀ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਏਕਤਾ ਦੇ ਐਸੇ ਮਜ਼ਬੂਤ ਆਧਾਰ ਪੈਦਾ ਕੀਤੇ ਜਾਣ, ਜੋ ਸਫਲਤਾ ਦੇ ਪੱਕੇ ਜ਼ਾਮਨ ਹੋਣ। ਇਸ ਲਈ ਅਤਿ ਜ਼ਰੂਰੀ ਹੈ ਕਿ ਪਿੱਛਲੀਆਂ ਕੋਸ਼ਿਸ਼ਾਂ ਦੀ ਨਿਰਪੱਖ, ਸੁਹਿਰਦ ਅਤੇ ਸੰਜੀਦਾ ਪੜਚੋਲ ਕਰਕੇ ਉਨ੍ਹਾਂ ਕਮਜ਼ੋਰੀਆਂ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ ਕਾਰਨ ਸਫਲਤਾ ਹੱਥ ਨਹੀਂ ਲਗੀ। ਅਗਲੇ ਹਿੱਸੇ ਵਿਚ ਅਸੀਂ ਇਸ ਵਿਸ਼ੇ ’ਤੇ ਨਿਰਪੱਖ ਪੜਚੋਲ ਕਰਨ ਦਾ ਯਤਨ ਕਰਾਂਗੇ।

ਪੜਚੋਲ : ਜਾਗਰੂਕ ਪੰਥ ਵਿਚ ਏਕਤਾ ਹੋਣਾ ਆਸਾਨ ਇਸ ਲਈ ਹੈ ਕਿ ਉਹ ਸਾਰੇ ਹੀ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਸੁਚੇਤ ਅਤੇ ਪੰਥਦਰਦੀ ਹਨ। ਇਸ ਵੱਡੀ ਸਮਾਨਤਾ ਕਾਰਨ ਏਕਤਾ ਹੋਣਾ ਕੋਈ ਔਖੀ ਗੱਲ ਨਹੀਂ ਹੈ। ਇਹ ਗੱਲ ਸਹੀ ਹੈ ਕਿ ਏਕਤਾ ਦੇ ਰਾਹ ਵਿਚ ਵੱਡੀ ਰੁਕਾਵਟ ਜਾਗਰੂਕ ਧਿਰਾਂ, ਸ਼ਖਸੀਅਤਾਂ ਵਿਚਲੀ ਹਉਮੈ ਹੈ। ਪਰ ਇਸ ਹਉਮੈ ਨੂੰ ਪਾਸੇ ਰੱਖਣਾ ਕੋਈ ਵੱਡੀ ਗੱਲ ਨਹੀਂ। ਕੋਈ ਵਿਰਲਾ ਹੀ ਜਾਗਰੂਕ ਸਿੱਖ ਹੋਵੇਗਾ, ਜੋ ਸਹੀ ਤਰੀਕੇ ਗੱਲ ਪੇਸ਼ ਕੀਤੇ ਜਾਣ ’ਤੇ ਏਕੇ ਨਾਲੋਂ ਹਉਮੈ ਨੂੰ ਜ਼ਿਆਦਾ ਮਾਨਤਾ ਦੇਵੇਗਾ। ਜੇ ਕੋਈ ਐਸਾ ਸਾਹਮਣੇ ਆ ਜਾਂਦਾ ਹੈ ਤਾਂ ਆਪੇ ਪਛਾਣਿਆ ਜਾਵੇਗਾ। ਫੇਰ ਉਸ ਨੂੰ ਪਾਸੇ ਰੱਖ ਕੇ ਏਕਤਾ ਕੀਤੀ ਜਾ ਸਕਦੀ ਹੈ, ਕਿਉੁਂਕਿ ਐਸਾ ਵਿਅਕਤੀ, ਧਿਰ ਜਾਗਰੂਕ ਕਹਿਲਾਉਣ ਲਾਇਕ ਹੀ ਨਹੀਂ। ਉਸ ਦਾ ਇਸ ਲਹਿਰ ਨੂੰ ਫਾਇਦਾ ਨਹੀਂ ਨੁਕਸਾਨ ਹੀ ਹੈ। ਭਾਵ ਹਉਮੈ ’ਤੇ ਕਾਬੂ ਪਾਉਣਾ ਕੋਈ ਮੁਸ਼ਕਿਲ ਨਹੀਂ ਹੈ।

ਜੇ ਹੁਣ ਤੱਕ ਹੋਈਆਂ ਏਕਾ ਕੋਸ਼ਿਸ਼ਾਂ ’ਤੇ ਪੜਚੋਲਵੀਂ ਨਜ਼ਰ ਮਾਰੀ ਜਾਵੇ ਤਾਂ ਹੇਠ ਲਿਖੀਆਂ ਕੁਝ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਹਨ:

  1. ਨਿਰਪੱਖਤਾ ਦੀ ਥਾਂ ਧੜੇਬੰਦੀ ਦਾ ਬੋਲਬਾਲਾ
  2. ਸਿਧਾਂਤ ਦੀ ਥਾਂ ਸ਼ਖਸੀਅਤ ਨੂੰ ਮਹੱਤਵ
  3. ਕਿਸੇ ਸਪਸ਼ਟ ਰੂਪ ਰੇਖਾ (ਏਜੰਡੇ) ਅਤੇ ਤਿਆਰੀ ਦੀ ਘਾਟ
  4. ਜਵਾਬਦੇਹੀ ਦੀ ਘਾਟ
  1. ਨਿਰਪੱਖਤਾ ਦੀ ਥਾਂ ਧੜੇਬੰਦੀ ਦਾ ਬੋਲਬਾਲਾ: ਇਨ੍ਹਾਂ ਉਪਰਾਲਿਆਂ ਵਿਚ ਸ਼ਾਮਿਲ ਹਰ ਨਿਰਪੱਖ ਸ਼ਖਸ (ਚੰਦੀ ਜੀ ਵੀ ਉਨ੍ਹਾਂ ਵਿਚੋਂ ਇਕ ਹਨ) ਜਾਣਦਾ ਹੈ, ਕਿ ਜ਼ਿਆਦਾਤਰ ਕੋਸ਼ਿਸ਼ਾਂ ਨਿਰਪੱਖ ਹੋਣ ਦੀ ਥਾਂ ਇਕ ਧੜੇ ਵਿਸ਼ੇਸ਼ ਦੇ ਪ੍ਰਭਾਵ ਹੇਠ ਹੀ ਹੋਈਆਂ। ਐਸੀਆਂ ਕੋਸ਼ਿਸ਼ਾਂ ਵਿਚ ਉਸ ਧੜੇ ਦੀਆਂ ਮਾਨਤਾਵਾਂ ਨੂੰ ਹੀ ਥੋਪਣ ਦਾ ਯਤਨ ਕੀਤਾ ਗਿਆ। ਨਤੀਜਤਨ ਨਾਕਾਮਯਾਬੀ ਦੇ ਨਾਲ ਆਪਸੀ ਕੁੜੱਤਨ ਵਧਾਉਣ ਦੇ ਕਾਰਨ ਵੀ ਬਣੇ।
  2. ਸਿਧਾਂਤ ਦੀ ਥਾਂ ਸ਼ਖਸੀਅਤ ਨੂੰ ਵੱਧ ਮਹੱਤਵ: ਜਾਗਰੂਕ ਪੰਥ ਦੀ ਅਸਲ ਤਾਕਤ ਇਸ ਦਾ ‘ਸਿਧਾਂਤਕ’ ਤੌਰ ’ਤੇ ਇਕ ਹੋਣਾ ਹੈ। ਇਸ ਲਈ ਏਕਤਾ ਦੀ ਕੋਈ ਕੋਸ਼ਿਸ਼ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇ ਉਸ ਦਾ ਆਧਾਰ ਨਿਰੋਲ ਸਿਧਾਂਤ ਹੋਵੇ। ਜਾਗਰੂਕ ਪੰਥ ਦਾ ਸਿਧਾਂਤ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹੀ ਹਨ। ਪਿਛਲੀਆਂ ਲਗਭਗ ਸਾਰੀਆਂ ਕੋਸ਼ਿਸ਼ਾਂ ਵਿਚ ਸਿਧਾਂਤ ਦੀ ਥਾਂ ਸ਼ਖਸੀਅਤਾਂ ਨਾਲ ਜੁੜ ਕੇ ਹੋਈਆਂ। ਨਤੀਜਤਨ ਉਹ ਕੁਝ ਧਿਰਾਂ ਨੂੰ ਤਾਂ ਖੁਸ਼ ਕਰ ਗਈਆਂ ਪਰ ਪੂਰੇ ਜਾਗਰੂਕ ਪੰਥ ਨੂੰ ਰਾਸ ਨਾ ਆਉਣ ਕਾਰਨ ਨਾਕਾਮਯਾਬ ਹੋ ਗਈਆਂ। ਐਸੇ ਯਤਨਾਂ ਵਿਚ ‘ਪਰਿਵਾਰ’ ਵਲੋਂ ਸਿਧਾਂਤ ਨਾਲ ਜੁੜੇ ਰਹਿਣ ਦੇ ਹੋਕੇ ਤੋਂ ਨਰਾਜ਼ ਕੁਝ ਵੀਰਾਂ ਨੇ ‘ਪਰਿਵਾਰ’ ਨੂੰ ਔਕਾਤ ਚੇਤੇ ਕਰਵਾਉਂਦੇ ਹੋਏ ਸਿਧਾਂਤ ਨਾਲ ਜੁੜਨ ਤੋਂ ਪਹਿਲਾਂ ਏਕਾ ਕਰਨ ਦੀ ਗੱਲ ਕਹੀ। ਸ਼ਖਸੀਅਤ ਨਾਲ ਜੁੜੀਆਂ ਐਸੀਆਂ ਕੋਸ਼ਿਸ਼ਾਂ ‘ਬੰਦੇ ਜੋੜੋ ਸਿਧਾਂਤ ਛੋੜੋ’ ਦਾ ਰਾਗ ਅਲਾਪਦੀਆਂ ਗੁੰਮਨਾਮ ਹੋ ਗਈਆਂ।
  3. ਸਪਸ਼ਟ ਰੂਪ ਰੇਖਾ ਏਜੰਡੇ ਦੀ ਘਾਟ : ਅੱਜ ਤੱਕ ਦੀਆਂ ਜ਼ਿਆਦਾਤਰ ਕੋਸ਼ਿਸ਼ਾਂ ਵਿਚ ਕਿਸੇ ਸਪਸ਼ਟ ਰੂਪ ਰੇਖਾ ਅਤੇ ਏਜੰਡੇ ਦੀ ਘਾਟ ਰਹੀ। ਏਕਤਾ ਯਤਨਾਂ ਦਾ ਅਗਰ ਕੋਈ ਏਜੰਡਾ ਸੀ ਵੀ ਤਾਂ ਉਹ ਆਪਾ ਵਿਰੋਧੀ ਅਤੇ ਅਸਪਸ਼ਟ ਸੀ। ਉਸ ਦਾ ਕਾਰਨ ਸੀ ਕਿ ਉਸ ਏਜੰਡੇ ਨੂੰ ਬਣਾਉਣ ਵੇਲੇ ਸੇਧ ਨਿਰੋਲ ‘ਸ਼ਬਦ ਗੁਰੂ ਗੰ੍ਰਥ ਸਾਹਿਬ ਜੀ’ ਤੋਂ ਲੈਣ ਦੀ ਥਾਂ ਗਲਤ ਪ੍ਰਚਲਿਤ ਪੰਥਕ ਮਾਨਤਾਵਾਂ ਅਤੇ ਕਿਸੇ ਪ੍ਰਭਾਵੀ ਸ਼ਖਸੀਅਤ ਦੇ ਸਟੈਂਡ ਤੋਂ ਵੀ ਲਈ ਗਈ। ਐਸੇ ਉਪਰਾਲੇ ਸਿਰਫ ਇਕ ਦੋ ਮੀਟਿੰਗਾਂ ਨਾਲ ਹੀ ਨੇਪਰੇ ਨਹੀਂ ਚੜ ਜਾਂਦੇ, ਇਸ ਲਈ ਇਕ ਲੜੀਵਾਰ ਤਿਆਰੀ ਚਾਹੀਦੀ ਹੈ। ਸਹੀ ਤਿਆਰੀ ਦੀ ਘਾਟ ਵੀ ਅਸਫਲ ਰਹਿਣ ਦਾ ਕਾਰਨ ਬਣੀ। ਲੋੜ ਹੈ, ਗੁਰਮਤਿ ਦੀ ਸੇਧ ਵਿਚ ਪਹਿਲਾਂ ਏਜੰਡਾ ਤਿਆਰ ਕਰਕੇ, ਉਸ ਨੂੰ ਅਪਨਾਉਣ ਦਾ ਦਮ ਭਰਨ ਵਾਲਾ ਲੀਡਰ ਚੁਣਿਆ ਜਾਵੇ। ਪਹਿਲਾਂ ਲੀਡਰ ਚੁਣ ਕੇ, ਉਸ ਦੀ ਮਰਜ਼ੀ ਨਾਲ ਏਜੰਡਾ ਤਿਆਰ ਕਰਨ ਦੀ ਨੀਤੀ ਵੀ ਅਸਫਲਤਾ ਦਾ ਕਾਰਨ ਹੈ। ਸਾਂਝਾ ਸਿਧਾਂਤਕ ਏਜੰਡਾ ਲਾਗੂ ਕਰਨ ਲਈ ਲੀਡਰ ਚੁਣਿਆ ਜਾਵੇ, ਨਾ ਕਿ ਆਗੂ ਦੀ ਮਰਜ਼ੀ ਦਾ ਏਜੰਡਾ ਅਪਨਾਇਆ ਜਾਵੇ।
  4. ਜਵਾਬਦੇਹੀ ਦੀ ਘਾਟ : ਜਾਗਰੂਕ ਧਿਰ ਦਾ ਇਕ ਵੱਡਾ ਗੁਣ ਜਵਵਾਬਦੇਹੀ ਹੈ। ਇਕ ਸੁਚੇਤ ਮਨੁੱਖ ਜਵਾਬਦੇਹੀ ਨੂੰ ਆਪਣਾ ਫਰਜ਼ ਮੰਨਦਾ ਹੈ, ਜਦੋਂ ਕਿ ਸੰਪਰਦਾਈ ਧਿਰਾਂ ਸ਼ਰਧਾ ਦੇ ਨਾਂ ਹੇਠ ਜਵਾਬਦੇਹੀ ਤੋਂ ਮੁਨਕਰ ਹੁੰਦੀਆਂ ਹਨ। ਇਸ ਲਈ ਜਾਗਰੂਕ ਪੰਥ ਦਾ ਏਕਤਾ ਯਤਨ ਤਾਂ ਹੀ ਕਾਮਯਾਬ ਹੋ ਸਕਦਾ ਹੈ, ਜੇ ਉਸ ਵਿਚ ਜਵਾਬਦੇਹੀ ਦਾ ਪੱਲਾ ਘੁਟ ਕੇ ਫੜਿਆ ਜਾਵੇ। ਅੰਨ੍ਹੀ ਸ਼ਰਧਾ ਦੇ ਲੋਕਾਂ ਵਿਚ ਤਾਂ ਜਵਾਬਦੇਹੀ ਦੀ ਘਾਟ ਵਿਚ ਏਕਤਾ ਹੋ ਸਕਦੀ ਹੈ ਪਰ ਸੁਚੇਤ ਧਿਰਾਂ ਵਿਚ ਐਸਾ ਹੋਣਾ ਸੰਭਵ ਨਹੀਂ। ਸੱਚਾਈ ਇਹ ਹੈ ਕਿ ਹੁਣ ਤੱਕ ਹੋਏ ਯਤਨਾਂ ਵਿਚ ਜਵਾਬਦੇਹੀ ਦੀ ਮੁਕੰਮਲ ਘਾਟ ਰਹੀ ਹੈ। ਹੁਣ ਤੱਕ ‘ਸਤਿਬਚਨ ਕਹਿ ਕੇ’ ਹਰ ਗੱਲ ਨੂੰ ਮੰਨ ਲੈਣ ’ਤੇ ਹੀ ਜ਼ੋਰ ਦਿੱਤਾ ਗਿਆ, ਜਿਸ ਕਾਰਨ ਕਈਂ ਵਾਰ ਮੀਟਿੰਗ ਵਿਚ ਗੱਲ ‘ਤੂੰ-ਤੂੰ ਮੈਂ-ਮੈਂ’ ਤੱਕ ਪਹੁੰਚ ਗਈ ਅਤੇ ਨਾਕਾਮਯਾਬੀ ਦਾ ਕਾਰਨ ਬਣੀ।

ਨਤੀਜਾ : ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਹਉਮੈ ਦੇ ਨਾਲ-ਨਾਲ ਕੁਝ ਵੱਡੀਆਂ ਕਮਜ਼ੋਰੀਆਂ ਕਾਰਨ ਹੁਣ ਤੱਕ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਪਰ ਕੋਸ਼ਿਸ਼ ਕਰਦੇ ਰਹਿਣਾ ਜ਼ਰੂਰੀ ਹੈ। ਇਸੇ ਲਈ ਅਸੀਂ ਪਿੱਛਲੇ ਸੰਪਾਦਕੀ ਵਿਚ ਹੋਕਾ ਦਿੱਤਾ ਸੀ। ਨਿਰਾਸ਼ ਹੋ ਕੇ ਢੇਰੀ ਢਾਹ ਲੈਣ ਨਾਲ ਤਾਂ ਕੁਝ ਵੀ ਹਾਸਿਲ ਨਹੀਂ ਹੋਣਾ।

ਸਾਧਨਾਂ ਅਤੇ ਸਮੇਂ ਦੀ ਘਾਟ ਕਾਰਨ ਅਸੀਂ ਹਮੇਸ਼ਾਂ ਚਾਹਿਆ ਹੈ ਕਿ ਇਨ੍ਹਾਂ ਏਕਾ ਯਤਨਾਂ ਦੀ ਜਿੰਮੇਵਾਰੀ ਕੋਈ ਹੋਰ ਧਿਰ ਲਵੇ। ਇਸ ਨਾਲ ਚੌਧਰ ਚਮਕਾਉਣ ਦੇ ਇਲਜ਼ਾਮ ਤੋਂ ਵੀ ਬਚੇ ਰਹੀਦਾ ਹੈ। ਪਰ ਆਪਣੀਆਂ ਪਿਛਲੀਆਂ ਅਪੀਲਾਂ ਦੇ ਪ੍ਰਤੀਕਰਮ ਤੋਂ ਅਸੀਂ ਇਹੀ ਨਤੀਜਾ ਕੱਢਿਆ ਹੈ ਕਿ ਕੋਈ ਹੋਰ ਨਿਰਪੱਖ ਧਿਰ ਇਸ ਲਈ ਅੱਗੇ ਨਹੀਂ ਆਉਣਾ ਚਾਹੁੰਦੀ।

‘ਨਾਨਕ ਫਲਸਫੇ’ ਨੂੰ ਇਸ ਦੇ ਖਰੇ ਅਤੇ ਸਹੀ ਰੂਪ ਵਿਚ ਸਾਹਮਣੇ ਲਿਆ ਕੇ ਅਪਣਾਉਂਦੇ ਹੋਏ ਕੁਲ ਲੋਕਾਈ ਤੱਕ ਪਹੁੰਚਾਉਣ ਦੇ ਆਪਣੇ ਮਿਸ਼ਨ ਅਤੇ ਫਰਜ਼ ਨੂੰ ਚੇਤੇ ਰੱਖਦੇ ਹੋਏੇ ਅਸੀਂ ਇਕ ਵਾਰ ਫੇਰ, ਪੂਰੀ ਸੁਹਿਰਦਤਾ, ਨਿਪੱਖਕਤਾ, ਦ੍ਰਿੜਤਾ ਅਤੇ ਈਮਾਨਦਾਰੀ ਨਾਲ ਸਾਰੀਆਂ ਜਾਗਰੂਕ ਧਿਰਾਂ ਸਾਹਮਣੇ ਏਕਤਾ ਯਤਨਾਂ ਦੀ ਸ਼ੁਰੂਆਤ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈਣ ਦਾ ਪ੍ਰਸਤਾਵ ਰੱਖਦੇ ਹਾਂ। ਅਸੀਂ ਵਿਸ਼ਵਾਸ ਦੁਵਾਉਂਦੇ ਹਾਂ ਕਿ ਸਾਡੇ ਇਸ ਯਤਨ ਵਿਚ ਨਿਰਪੱਖਤਾ ਹਮੇਸ਼ਾਂ ਰਹੇਗੀ। ਏਕਤਾ ਦਾ ਆਧਾਰ ਨਿਰੋਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੇਧ ਹੋਵੇਗੀ। ਅਸੀਂ ਇਸ ਏਕਤਾ ਯਤਨ ਵਿਚ ਸਿਰਫ ਸਾਰਿਆਂ ਨੂੰ, ਇਕ ਸਹੀ ਰੂਪ ਰੇਖਾ ਹੇਠ ਇਕ ਮੰਚ ’ਤੇ ਲਿਆਉਣ ਦਾ ਯਤਨ ਕਰਾਂਗੇ। ਅਸੀਂ ਜਵਾਬਦੇਹੀ ਨੂੰ ਆਪਣਾ ਫਰਜ਼ ਮੰਨ ਕੇ ਅੱਗੇ ਵਧਾਂਗੇ। ਇਹ ਏਕਤਾ ਯਤਨ ਸਿਰਫ ਇਕ ਮੀਟਿੰਗ ਵਿਚ ਨਹੀਂ ਬਲਕਿ ਬਹੁਤ ਸੁਚੱਜੀ ਤਿਆਰੀ ਨਾਲ ਪੜਾਅਵਾਰ ਸਿਰੇ ਚੜਾਏ ਜਾਣਗੇ।

ਸਮੁੱਚੀ ਮਨੁੱਖਤਾ ਦਾ ਦਰਦ ਲੈ ਕੇ ਜਾਗਰੂਕ ਪੰਥ ਦੇ ਚਰਨਾਂ ਵਿਚ ‘ਪਰਿਵਾਰ’ ਦਾ ਏਕਤਾ ਲਈ ਬੇਨਤੀ ਰੂਪ ਪ੍ਰਸਤਾਵ ਹਾਜ਼ਿਰ ਹੈ। ਇਸ ਯਤਨ ਦੀ ਕਾਮਯਾਬੀ ਲਈ ਸਾਰੀਆਂ ਜਾਗਰੂਕ ਧਿਰਾਂ ਦੇ ਪੂਰਨ ਸਹਿਯੋਗ ਦੀ ਲੋੜ ਅਤੇ ਆਸ ਹੈ।। ਇਸ ਪਵਿੱਤਰ ਯਤਨ ਦੀ ਸ਼ੁਰੂਆਤ ਲਈ ਹਰ ਜਾਗਰੂਕ ਧਿਰ, ਸੰਸਥਾ, ਸ਼ਖਸੀਅਤ ਨੂੰ ਨਿਮਾਣੀ ਪਹਿਲ ਦਾ ਲਿਖਤੀ ਪ੍ਰਤੀਕਰਮ (ਕਿਸੇ ਤਰ੍ਹਾਂ ਦਾ ਵੀ ਹੋਵੇ) ਦੇਣਾ ਬਣਦਾ ਹੈ। ਜਾਗਰੂਕ ਪੰਥ ਦਾ ਹਿੱਸਾ ਮੰਨੀ ਜਾਂਦੀ ਹਰ ਧਿਰ, ਹਰ ਸ਼ਖਸ ਤੇ ਹਰ ਸੰਸਥਾ ਇਸ ਪਹਿਲ ਬਾਰੇ ਆਪਣੇ ਲਿਖਤੀ ਵਿਚਾਰ ਜ਼ਰੂਰ ਦੇਵੇ ਤਾਂ ਕਿ ਯਤਨਾਂ ਨੂੰ ਅੱਗੇ ਵਧਾਇਆ ਜਾ ਸਕੇ। 20 ਦਿਨ ਵਿਚ ਆਏ ਪ੍ਰਤੀਕਰਮਾਂ ਦੀ ਪੜਚੋਲ ਉਪਰੰਤ ‘ਪਰਿਵਾਰ’ ਵਲੋਂ ਇਸ ਏਕਤਾ ਜਤਨ ਦੇ ਅਗਲੇ ਪੜਾਅ ਦੀ ਜਾਣਕਾਰੀ ਜਾਗਰੂਕ ਪੰਥ ਦੇ ਵਿਚਾਰ ਲਈ ਪੇਸ਼ ਕੀਤੀ ਜਾਵੇਗੀ। ਆਪਣੇ ਆਪ ਨੂੰ ਜਾਗਰੂਕ ਪੰਥ ਦਾ ਹਿੱਸਾ ਮੰਨਣ ਵਾਲੀ ਜੋ ਵੀ ਧਿਰ, ਸ਼ਖਸੀਅਤ ਜਾਂ ਸੰਸਥਾ ਇਸ ਪਹਿਲ ਦਾ ਲਿਖਤੀ ਪ੍ਰਤੀਕਰਮ ਨਹੀਂ ਦਿੰਦੀ, ਸਮਝਿਆ ਜਾਵੇਗਾ ਉਹ ਏਕਤਾ ਦੀ ਚਾਹਵਾਨ ਨਹੀਂ ਹੈ।

ਸਾਰਿਆਂ ਦੇ ਹੁੰਗਾਰੇ ਦੇ ਇੰਤਜ਼ਾਰ ਵਿਚ

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top