Share on Facebook

Main News Page

ਸੁਆਰਥ ਅਧੀਨ ਕੀਤਾ ਧਰਮ, ਧੰਧਾ ਬਣ ਕੇ ਰਹਿ ਜਾਂਦਾ ਹੈ: ਗਿਆਨੀ ਸ਼ਿਵਤੇਗ ਸਿੰਘ

* ਕਥਾ ਕੀਰਤਨ ਕਰਦੇ ਸਮੇਂ ਪ੍ਰਚਾਰਕਾਂ ਦੀ ਸੁਰਤੀ ਵਿੱਚ ਇਹ ਧਿਆਨ ਨਹੀਂ ਜਾਣਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਭੇਟਾ ਵਜੋਂ ਕਿਤਨੀ ਕੁ ਮਾਇਆ ਦਿੱਤੀ ਜਾ ਰਹੀ ਹੈ
* ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਧਾਰਮਕ ਚੋਲ਼ਿਆਂ ਵਾਲੇ ਨੱਚ ਨੱਚ ਕੇ ਕਿ ਕੀਰਤਨ ਦਰਬਾਰ ਨੂੰ ਆਰਕੈਸਟਰਾ ਦਾ ਰੂਪ ਦੇ ਰਹੇ ਹਨ ਅਤੇ ਪ੍ਰਸਿੱਧ ਰਾਗੀ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ ਉਸ ਸਟੇਜ ’ਤੇ ਖੜ੍ਹੇ ਵਿਖਾਈ ਦੇ ਰਹੇ ਹਨ
* 11 ਹਜਾਰ ਕ੍ਰੋੜ ਰੁਪਏ ਦੀ ਜਾਇਦਾਦ ਹਲ਼ ਵਾਹ ਕੇ ਤਾਂ ਬਣਦੀ ਨਹੀਂ, ਇਹ ਵੀ ਉਸੇ ਢੰਗ ਨਾਲ ਬਣਾਈ ਗਈ ਹੈ, ਜਿਸ ਤਰ੍ਹਾਂ ਉਨ੍ਹਾਂ ਭ੍ਰਿਸ਼ਟ ਲੋਕਾਂ ਨੇ ਬਣਾਈ ਹੈ ਤੇ ਜਿਨ੍ਹਾਂ ਵਿਰੁੱਧ ਉਸ ਸਵਾਮੀ ਨੇ ਮਰਨ ਵਰਤ ਰੱਖਿਆ ਸੀ

ਬਠਿੰਡਾ, 11 ਜੁਲਾਈ (ਕਿਰਪਾਲ ਸਿੰਘ): ਜਦੋਂ ਕੋਈ ਰਾਗੀ ਜਾਂ ਪ੍ਰਚਾਰਕ ਸ਼ਬਦ ਤਾਂ ਗੁਰਬਾਣੀ ਦੇ ਪੜ੍ਹਦਾ ਹੈ ਪਰ ਉਸ ਦੇ ਚਿੱਤ ਵਿੱਚ ਗੁਰੂ ਜਾਂ ਅਕਾਲ ਪੁਰਖ਼ ਹੋਣ ਦੀ ਬਜਾਏ ਸੁਆਰਥ ਹੋਵੇ ਤਾਂ ਉਸ ਦਾ ਧਰਮ, ਧੰਧੇ ਵਿੱਚ ਬਦਲ ਜਾਂਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਉਨ੍ਹਾਂ ਨੂੰ ਉਸ ਸਮੇਂ ਬੜੀ ਹੈਰਾਨੀ ਤੇ ਦੁੱਖ ਹੋਇਆ ਜਦੋਂ ਇੰਟਰਨੈੱਟ ’ਤੇ ਪਈ ਇੱਕ ਵੀਡੀਓ ਸੀਡੀ ਵਿੱਚ, ਇੱਕ ਰਾਗੀ ਜੋ ਆਪਣੇ ਆਪ ਨੂੰ ਭਾਈ ਮਰਦਾਨੇ ਦੀ 17ਵੀਂ ਪੀੜ੍ਹੀ ਵਿੱਚੋਂ ਦੱਸ ਰਿਹਾ ਸੀ, ਉਹ ਸ਼ਬਦ ਤਾਂ ਗੁਰਬਾਣੀ ਦੇ ਪੜ੍ਹ ਰਿਹਾ ਸੀ, ਪਰ ਉਨ੍ਹਾਂ ਸ਼ਬਦਾਂ ਰਾਹੀਂ ਉਸਤਤ ਝੂਠੇ ਸੌਦੇ ਵਾਲੇ ਸਾਧ ਵੱਲ ਇਸ਼ਾਰੇ ਕਰਕੇ, ਉਸ ਦੀ ਕਰ ਰਿਹਾ ਸੀ। ਝੂਠੇ ਸੌਦੇ ਵਾਲੇ ਸਾਧ ਦੀ ਮਹਿਮਾਂ ਗਾਉਣ ਪਿੱਛੇ ਮਨੋਰਥ ਸਿਰਫ ਇਹ ਹੀ ਹੋਵੇਗਾ ਕਿ ਉਹ ਉਸ ਨੂੰ ਚੰਗੀ ਮਾਇਆ ਭੇਟ ਕਰੇਗਾ ਜਾਂ ਚੰਗੇ ਐਸ਼ ਇਸ਼ਰਤ ਦੇ ਸਾਧਨ ਮੁਹੱਈਆ ਕਰਵਾਏਗਾ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਚੰਗਾ ਹੁੰਦਾ ਜੇ ਭਾਈ ਮਰਦਾਨੇ ਦੀ ਪੀੜ੍ਹੀ ’ਚੋਂ ਹੋਣ ਦਾ ਦਾਅਵਾ ਕਰਨ ਵਾਲਾ ਉਹ ਰਾਗੀ, ਭਾਈ ਮਰਦਾਨੇ ਦਾ ਜੀਵਨ ਇਤਿਹਾਸ ਹੀ ਪੜ੍ਹ ਲੈਂਦਾ। ਗੁਰੂ ਨਾਨਕ ਸਾਹਿਬ ਜੀ ਨੇ ਜਿਸ ਸਮੇਂ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਉਣ ਦਾ ਫੈਸਲਾ ਕੀਤਾ ਤਾਂ ਬੀਬੀ ਨਾਨਕੀ ਤੋਂ ਕੁਝ ਮਾਇਆ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ ਤੇ ਭਾਈ ਫਰੰਦੇ ਕੋਲ ਰਬਾਬ ਬਣਾਉਣ ਲਈ ਭੇਜਿਆ ਤਾ ਕਿ ਉਸ ਨਾਲ ਕੀਰਤਨ ਕਰਕੇ ਪ੍ਰਭੂ ਦਾ ਜਸ ਤੇ ਪ੍ਰਚਾਰ ਕੀਤਾ ਜਾ ਸਕੇ। ਜਦੋਂ ਭਾਈ ਮਰਦਾਨੇ ਨੇ ਭਾਈ ਫਰੰਦੇ ਨੂੰ ਰਬਾਬ ਦੀ ਕੀਮਤ ਬਾਰੇ ਪੁੱਛਿਆ ਤਾਂ ਭਾਈ ਫਰੰਦਾ, ਜੋ ਉਸ ਸਮੇਂ ਤੱਕ ਗੁਰੂ ਨਾਨਕ ਸਾਹਿਬ ਸਬੰਧੀ ਕਾਫੀ ਕੁਝ ਸੁਣ ਚੁੱਕਿਆ ਸੀ, ਕਹਿਣ ਲੱਗਾ ਜੇ ਇਸ ਰਬਾਬ ਨਾਲ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਕਰਨਾ ਹੈ ਤਾਂ ਇਸ ਦੀ ਕੀਮਤ ਨਹੀਂ ਦੱਸੀ ਜਾ ਸਕਦੀ। ਇਸ ਦੀ ਕੀਮਤ ਸਿਰਫ ਇਹ ਹੋਵੇਗੀ ਕਿ ਇਸ ਨੂੰ ਪ੍ਰਭੂ ਦੀ ਕੀਰਤੀ ਲਈ ਹੀ ਵਰਤਿਆ ਜਾਵੇ ਤੇ ਇਹ ਕਿਸੇ ਰਾਜੇ ਦੇ ਦਰਬਾਰ ਵਿੱਚ ਜਾਂ ਕਿਸੇ ਹੋਰ ਪ੍ਰਭਾਵਸ਼ਾਲੀ ਵਿਅਕਤੀ ਦੀ ਸ਼ੋਭਾ ਗਾਉਣ ਲਈ ਨਾ ਵਰਤੀ ਜਾਏ। ਭਾਈ ਮਰਦਾਨਾ ਦਾ ਜੀਵਨ ਦਸਦਾ ਹੈ ਕਿ ਉਨ੍ਹਾਂ ਕਦੀ ਵੀ ਪ੍ਰਭੂ ਦੀ ਕੀਰਤੀ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਦੀ ਕੀਰਤੀ ਕਰਨ ਲਈ, ਨਾ ਹੀ ਆਪਣੀ ਰਬਾਬ ਵਰਤੀ ਹੈ ਤੇ ਨਾ ਹੀ ਕਿਸੇ ਵਿਅਕਤੀ ਦੇ ਸੋਹਲੇ ਗਾਏ ਹਨ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਰਾਗ ਵਿਦਿਆ ਤੇ ਕਥਾ ਕੀਰਤਨ ਦੀ ਦਾਤ ਪ੍ਰਭੂ ਨੇ ਦਿੱਤੀ ਹੈ ਇਸ ਲਈ ਪ੍ਰਭੂ ਦੀ ਬਖ਼ਸ਼ੀ ਇਸ ਦਾਤ ਤੇ ਕਲਾ ਰਾਹੀਂ ਕੀਰਤੀ ਵੀ ਸਿਰਫ ਪ੍ਰਭੂ ਦੀ ਹੀ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਵਿਅਕਤੀ ਦੀ।

ਉਨ੍ਹਾਂ ਕਿਹਾ ਜਿਹੜਾ ਪ੍ਰਚਾਰਕ ਕੀਰਤਨ ਜਾਂ ਕਥਾ ਕਰਨ ਸਮੇਂ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਦਾ ਕੇਂਦਰ ਬਣਾਉਣ ਦੀ ਥਾਂ ਸੁਰਤੀ ਵਿੱਚ ਆਪਣੇ ਸੁਆਰਥ ਨੂੰ ਲੈ ਕੇ ਆਵੇਗਾ, ਕਿ ਇਹ ਸ਼ਬਦ ਕਹਿਣ ਨਾਲ ਜਾਂ ਇਸ ਦੇ ਅਰਥ ਕਰਨ ਨਾਲ ਉਸ ਦਾ ਸੁਆਰਥ ਪੂਰਾ ਹੁੰਦਾ ਹੈ ਜਾਂ ਨਹੀਂ, ਉਸ ਨੂੰ ਮਾਇਆ ਵੱਧ ਮਿਲਦੀ ਹੈ ਜਾਂ ਘੱਟ, ਤਾਂ ਇਸ ਸੋਚ ਦੇ ਧਰਨੀ ਨੂੰ ਗੁਰੂ ਘਰ ਦਾ ਕੀਰਤਨੀਆ ਜਾਂ ਪ੍ਰਚਾਰਕ ਨਹੀਂ ਬਲਕਿ ਪੇਸ਼ਾਵਾਰ ਹੀ ਕਿਹਾ ਜਾ ਸਕਦਾ ਹੈ ਅਤੇ ਅਜੇਹੇ ਪੇਸ਼ਾਵਾਰ ਪ੍ਰਚਾਰਕ ਵਲੋਂ ਕੀਤੇ ਗਏ ਧਰਮ ਦੇ ਕਰਮ ਵੀ ਧਰਮ ਨਹੀਂ ਬਲਕਿ ਧੰਧਾ ਬਣ ਕੇ ਰਹਿ ਜਾਂਦਾ ਹੈ ਤੇ ਉਨ੍ਹਾਂ ਬਾਰੇ ਗੁਰਬਾਣੀ ਵਿੱਚ ਕਿਹਾ ਗਿਆ ਹੈ: ‘ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥ ਜਨ ਨਾਨਕ, ਕੀਤਾ ਨਾਮੁ ਧਰ, ਹੋਰੁ ਛੋਡਿਆ ਧੰਧਾ ॥4॥1॥103॥’ (ਪੰਨਾ 396) ਭਾਵ ਦੁੱਖਾਂ ਦੀ ਨਿਵਿਰਤੀ ਵਾਸਤੇ ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈ ਸਕਦੀ। ਪਰ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ, ਉਨ੍ਹਾਂ ਨੇ (ਸੁੱਖਾਂ ਦੀ ਖ਼ਾਤਰ) ਹੋਰ ਦੌੜ-ਭੱਜ ਛੱਡ ਦਿੱਤੀ ਹੈ ।4।1।103। ਧਰਮ ਨੂੰ ਧੰਧਾ ਬਣਾਉਣ ਵਾਲਿਆਂ ਦੀ ਹਾਲਤ ਇਹ ਹੁੰਦੀ ਹੈ ‘ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥’ (ਪੰਨਾ 1248) ਭਾਵ ਉਸ ਦਾ ਸਾਰਾ ਜੀਵਨ ਮਾਇਆ ਦੇ ਧੰਧੇ ਕਰਦਿਆਂ ਹੀ ਗੁਜ਼ਰ ਜਾਂਦਾ ਹੈ ਤੇ ਉਹ ਆਪਣੇ ਮਨ ਵਿਚ ਦੁੱਖ ਸਹਿੰਦਾ ਹੈ। ਪਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੁੰਦਾ ਹੈ ਉਸ ਨੂੰ ਕਿਸੇ ਵਿਅਕਤੀ ਦੀ ਸਿਫ਼ਤ ਕਰਦੇ ਸਮੇਂ ਇਹ ਚੇਤਾ ਆ ਜਾਂਦਾ ਹੈ ‘ਮਾਣਸ ਦਾਤਿ ਨ ਹੋਵਈ ਤੂ ਦਾਤਾ ਸਾਰਾ ॥7॥’ (ਪੰਨਾ 1009) ਹੇ ਪ੍ਰਭੂ! ਕਿਸੇ ਮਨੁੱਖ ਦੇ ਹੱਥ ਵਿੱਚ ਦਾਤਾਂ ਦੇਣ ਦੀ ਕੋਈ ਤਾਕਤ ਨਹੀਂ ਹੈ, ਤੂੰ ਵੱਡਾ ਦਾਤਾ ਹੈਂ (ਸਭ ਦਾਤਾਂ ਦੇਂਦਾ ਹੈਂ)।7। ਇਸ ਲਈ ਪ੍ਰਚਾਰਕਾਂ ਤੇ ਕੀਰਤਨੀਆਂ ਨੂੰ ਭਾਈ ਫ਼ਰੰਦੇ ਵਲੋਂ ਭਾਈ ਮਰਦਾਨਾ ਨੂੰ ਕਹੇ ਹੋਏ ਸ਼ਬਦ ਹਮੇਸ਼ਾਂ ਚੇਤੇ ਰੱਖ ਕੇ, ਆਪਣੇ ਪ੍ਰਚਾਰ ਜਾਂ ਕੀਰਤਨ ਦੀ ਕਦੀ ਵੀ ਕੀਮਤ ਤਹਿ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਥਾ ਕੀਰਤਨ ਕਰਦੇ ਸਮੇਂ ਉਨ੍ਹਾਂ ਦੀ ਸੁਰਤੀ ਵਿੱਚ ਇਹ ਧਿਆਨ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਭੇਟਾ ਵਜੋਂ ਕਿਤਨੀ ਕੁ ਮਾਇਆ ਦਿੱਤੀ ਜਾ ਰਹੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕਰਦਿਆਂ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇੰਟਰਨੈੱਟ ’ਤੇ ਉਨ੍ਹਾਂ ਇੱਕ ਹੋਰ ਥਾਂ ਕੀਰਤਨ ਦਰਬਾਰ ਦੀ ਵੀਡੀਓ ਵੇਖੀ, ਜਿੱਥੇ ਧਰਮ ਨੂੰ ਧੰਧਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਧਾਰਨਾ ਲਾਈਆਂ ਜਾ ਰਹੀਆਂ ਸਨ ਤੇ ਧਾਰਨਾ ਦੀਆਂ ਧੁਨੀਆਂ ’ਤੇ ਧਾਰਮਿਕ ਚੋਲ਼ਿਆਂ ਵਾਲੇ ਖੜ੍ਹੇ ਹੋ ਕੇ ਇਸ ਤਰ੍ਹਾਂ ਨੱਚ ਰਹੇ ਸਨ ਜਿਵੇਂ ਅਰਕੈਸਟਰਾ ਜਾਂ ਵਿਆਹ ਵਿੱਚ ਨੱਚ ਰਹੇ ਹੋਣ।

ਦੁੱਖ ਇਸ ਗੱਲ ਦਾ ਸੀ ਕਿ ਉਸ ਸਟੇਜ਼ ’ਤੇ ਇੱਕ ਪੰਥ ਪ੍ਰਵਾਨਤ ਰਾਗੀ ਵੀ ਖੜ੍ਹਾ ਦਿੱਸ ਰਿਹਾ ਸੀ, ਤੇ ਉਸ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਵੱਲ ਧਿਆਨ ਦਿਵਾ ਕਿ ਕਿਸੇ ਨੂੰ ਸਮਝਾਉਣ ਦਾ ਯਤਨ ਨਹੀਂ ਕੀਤਾ। ਉਨ੍ਹਾਂ ਤੀਜੀ ਉਦਾਹਰਣ ਦਿੱਤੀ ਜਿਸ ਵਿੱਚ ਇੱਕ ਧਾਰਮਿਕ ਲਿਬਾਸ ਪਹਿਨੇ ਸਵਾਮੀ ਜੀ ਨੇ ਮਰਨ ਵਰਤ ਰੱਖ ਕੇ ਮੰਗ ਕੀਤੀ ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇ ਤੇ ਭ੍ਰਿਸ਼ਟਾਚਾਰ ਰਾਹੀਂ ਕਮਾਇਆ ਤੇ ਵਿਦੇਸ਼ਾਂ ਦੀਆਂ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਕਾਲਾ ਧਨ ਵਾਪਸ ਮੰਗਵਾਇਆ ਜਾਵੇ। ਇਹ ਮੰਗ ਤਾਂ ਬੜੀ ਚੰਗੀ ਸੀ ਪਰ ਕੁਝ ਦਿਨਾਂ ਬਾਅਦ ਹੀ ਪਤਾ ਲੱਗਾ ਕਿ ਉਸ ਸਵਾਮੀ ਦੀ 11000 ਕਰੋੜ ਰੁਪਏ ਦੀ ਜਾਇਦਾਦ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ 11 ਹਜਾਰ ਕ੍ਰੋੜ ਰੁਪਏ ਦੀ ਜਾਇਦਾਦ ਹਲ਼ ਵਾਹ ਕੇ ਤਾਂ ਬਣਦੀ ਨਹੀਂ, ਇਹ ਵੀ ਉਸੇ ਢੰਗ ਨਾਲ ਬਣਾਈ ਗਈ ਹੈ, ਜਿਸ ਤਰ੍ਹਾਂ ਉਨ੍ਹਾਂ ਭ੍ਰਿਸ਼ਟ ਲੋਕਾਂ ਨੇ ਬਣਾਈ ਹੈ ਤੇ ਜਿਨ੍ਹਾਂ ਵਿਰੁੱਧ ਉਸ ਸਵਾਮੀ ਨੇ ਮਰਨ ਵਰਤ ਰੱਖਿਆ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਨ੍ਹਾਂ ਲੋਕਾਂ ਨੇ ਧਾਰਮਿਕ ਲਿਬਾਸ ਹੀ ਪਹਿਨਿਆ ਹੋਇਆ ਹੈ, ਜੋ ਉਹ ਕੰਮ ਕਰ ਰਹੇ ਹਨ ਉਸ ਤੋਂ ਵੀ ਇਹੀ ਜਾਪਦਾ ਹੈ ਕਿ ਇਹ ਬੜਾ ਚੰਗਾ ਧਰਮ ਦਾ ਕੰਮ ਕਰ ਰਹੇ ਹਨ, ਪਰ ਕਿਉਂਕਿ ਇਹ ਕੰਮ ਕਰਦਿਆਂ ਉਨ੍ਹਾਂ ਦੀ ਸੁਰਤੀ ਵਿੱਚ ਆਪਣਾ ਸੁਅਰਥ ਹੈ, ਉਨ੍ਹਾਂ ਦੀ ਸੁਰਤੀ ਵਿੱਚ ਪ੍ਰਭੂ ਨਹੀਂ ਬਲਕਿ ਇੱਕ ਵਿਅਕਤੀ ਟਿਕਿਆ ਹੋਣ ਕਰਕੇ ਉਹ ਉਸਤਤ ਵੀ ਪ੍ਰਭੂ ਦੀ ਨਹੀਂ ਬਲਕਿ ਉਸ ਵਿਅਕਤੀ ਦੀ ਕਰ ਰਹੇ ਹਨ ਇਸ ਲਈ ਉਨ੍ਹਾਂ ਵਲੋਂ ਕੀਤੇ ਸਾਰੇ ਧਰਮ ਦੇ ਕਰਮ ਵੀ ਧੰਧਾ ਹੀ ਹੋ ਨਿਬੜਦੇ ਹਨ।

ਬੇਸ਼ੱਕ ਗਿਆਨੀ ਸ਼ਿਵਤੇਗ ਸਿੰਘ ਨੇ ਆਪਣੇ ਵਖਿਆਣ ਵਿੱਚ ਕਿਸੇ ਰਾਗੀ ਦਾ ਨਾਮ ਨਹੀਂ ਲਿਆ ਪਰ ਯੂ ਟਿਊਬ ਦੇ ਲਿੰਕ

ਡੇਰਾ ਸੱਚਾ ਸੌਦਾ ਸਤਸੰਗ 3 ਜੁਲਾਈ 2011 ਪਾਰਟ 2/2

ਦਿਨ ਰਾਤੀ ਅਰਾਧਹੁ ਪਿਆਰੇ - ਛਮਿੰਦਰਪਾਲ ਇੰਸਾਂ

 

 

ਡੇਰਾ ਸੱਚਾ ਸੌਦਾ 4 ਜੁਲਾਈ 2011 ਈਵਨਿੰਗ ਮਜਲਿਸ

ਡੇਰਾ ਸੱਚਾ ਸੌਦਾ…ਸਤਿਗੁਰੂ ਨੇ ਫੜੀ ਮੇਰੀ ਬਾਂਹ, ਨੀ ਸਹੀਓ ਮੈਂ ਸੁਹਾਗਣ ਹੋ ਗਈ

 

 

ਵੇਖਣ ਤੋਂ ਪਤਾ ਲਗਦਾ ਹੈ ਕਿ ਭਾਈ ਮਰਦਾਨਾ ਦੀ 17ਵੀਂ ਪੀੜ੍ਹੀ ਵਿੱਚੋਂ ਹੋਣ ਦਾ ਦਾਅਵਾ ਕਰਨ ਵਾਲਾ ਉਹ ਰਾਗੀ ਜਿਸ ਵੱਲ ਗਿਆਨੀ ਸ਼ਿਵਤੇਗ ਸਿੰਘ ਨੇ ‘ਸਤਿਗੁਰ ਸਾਹਿਬ ਛਡ ਕੈ, ਮਨਮੁਖ ਹੋਇ ਬੰਦੇ ਦਾ ਬੰਦਾ॥’ ਕਹਿ ਕੇ ਇਸ਼ਾਰਾ ਕੀਤਾ ਹੈ ਉਹ ਪਟਿਆਲੇ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਨਾਮ ਛਮਿੰਦਰਾਪਾਲ ਸਿੰਘ ਹੈ। ਇਹ ਮਨਮੁੱਖ ਹੋ ਕੇ ਸੌਦੇ ਸਾਧ ਦੀਆਂ ਮਜਲਿਸਾਂ ਵਿਚ ਗੁਰਬਾਣੀ ਦਾ ਅਨਾਦਰ ਕਰਦਾ ਹੋਇਆ ਕਹਿ ਰਿਹਾ ਹੈ, ਕਿ ਭਾਈ ਮਰਦਾਨਾ ਨੇ ਗੁਰੂ ਨਾਨਕ ਦੇ ਦਰਬਾਰ ਵਿੱਚ ਕੀਰਤਨ ਕਰਕੇ ਆਪਣਾ ਜੀਵਨ ਸਫਲਾ ਕੀਤਾ ਤੇ ਉਨ੍ਹਾਂ ਦੀ 17ਵੀਂ ਪੀੜ੍ਹੀ ’ਚੋਂ ਉਹ ਹੁਣ ਇਸ ਪ੍ਰਤੱਖ ਗੁਰੂ ਦੇ ਦਰਬਾਰ ’ਚ ਕੀਰਤਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ। ਇਹ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸਰੂਪ ਹੈ।

ਉਨ੍ਹਾਂ ਦਾ ਦੂਸਰਾ ਇਸ਼ਾਰਾ ਕਾਹਨਾਂ ਢੇਸੀਆਂ ਵਿਖੇ ਹੋਏ ਕੀਰਤਨ ਦਰਬਾਰ ਦਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਧਾਰਮਕ ਚੋਲ਼ਿਆਂ ਵਾਲੇ ਨੱਚ ਨੱਚ ਕੇ ਕੀਰਤਨ ਦਰਬਾਰ ਨੂੰ ਆਰਕੈਸਟਰਾ ਦਾ ਰੂਪ ਦੇ ਰਹੇ ਹਨ ਅਤੇ ਪ੍ਰਸਿੱਧ ਰਾਗੀ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ ਉਸ ਸਟੇਜ’ਤੇ ਖੜ੍ਹੇ ਵਿਖਾਈ ਦੇ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top