Share on Facebook

Main News Page

ਦੇਗ ਤੇਗ ਫਤਹਿ

ਗਲਤੀਆਂ ਵਾਲੇ ਸੁਨਹਿਰੀ ਸਰੂਪ ਛਾਪਣ ਛੁਪਾਉਣ, ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਬੋਰਡ ਵਿੱਚ ਰੱਖਣ ਅਤੇ ਗੁਰਧਾਮਾਂ ਵਿੱਚ ਪ੍ਰਕਾਸ਼ ਕਰਵਾਉਣ ਵਾਲਿਆਂ ਨੂੰ ਵੀ ਅਕਾਲ ਤਖਤ ਤੇ ਤਲਬ ਕੀਤਾ ਜਾਵੇ: ਸ੍ਰੋਮਣੀ ਅਕਾਲੀ ਦਲ 1920

ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਪੇ ਸੁਨਹਿਰੀ ਸਰੂਪਾਂ ਵਿੱਚ ਪਾਈਆਂ ਸ਼ਬਦ ਜੋੜਾਂ ਦੀਆਂ ਗਲਤੀਆਂ ਨੂੰ ਲੈ ਕੇ ਛਿੜੇ ਵਾਦ ਵਿਵਾਦ ਅਤੇ ਅੱਜ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਬਿਆਨ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ੍ਰੌਮਣੀ ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ ਤੇ ਸ੍ਰ: ਦਰਸ਼ਨ ਸਿੰਘ ਈਸਾਪੁਰ ਨੇ ਸਾਂਝੇ ਬਿਆਨ ਰਾਹੀਂ ਚੋਣਵੇਂ ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਸ਼੍ਰੋ:ਗੁ.ਪ੍ਰ:ਕਮੇਟੀ ਕਿਉਂ ਅਵੇਸਲੀ ਹੈ? ਅਜਿਹੇ ਪੰਥਕ ਫੈਸਲਿਆਂ ‘ਤੇ ਸ਼੍ਰੋਮਣੀ ਕਮੇਟੀ ਖੁਦ ਅਮਲ ਕਿਉਂ ਨਹੀਂ ਕਰਦੀ ? ਜਦ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਇਹ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਪ੍ਰਾਈਵੇਟ ਪ੍ਰੈੱਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਛਾਪੇਗੀ ਤਾਂ ਫਿਰ ਲੁਧਿਆਣਾ ਦੀ ਪ੍ਰੈੱਸ ਜਿਸ ਤੋਂ ਇਹ ਸੁਨਹਿਰੀ ਸਰੂਪ ਗਲਤੀਆਂ ਵਾਲੇ ਛਪੇ ਹਨ, ਉਸ ਦੇ ਮਾਲਕ ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ? ਉਸ ਐਨ.ਆਰ.ਆਈ ਤੇ ਜਿਸ ਨੇ ਇਹ ਸਰੂਪ ਛਪਵਾਏ ਹਨ, ਹੁਣ ਤੱਕ ਐਕਸ਼ਨ ਕਿਉਂ ਨਹੀਂ ਲਿਆ ਗਿਆ।

ਜੱਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਉਸ ਸਮੇਂ ਬਿਆਨ ਦਿੱਤਾ ਗਿਆ ਹੈ ਜਦੋਂ ਦਿੱਲੀ ਕਮੇਟੀ ਨੇ 19 ਜੁਲਾਈ ਨੂੰ ਬਾਕੀ ਪੰਥ ਦਰਦੀਆਂ ਦੀ ਲੁਧਿਆਣਾ ਵਿਖੇ ਮੀਟਿੰਗ ਬੁਲਾ ਕੇ ਅਗਲਾ ਸੰਘਰਸ਼ ਆਰੰਭ ਕਰਨ ਦੀ ਤਿਆਰੀ ਕਰ ਦਿੱਤੀ ਤਾਂ ਪੰਥਕ ਦਰਦੀਆਂ ਦੇ ਰੋਸ ਨੂੰ ਭਾਂਪਦਿਆਂ 19 ਜੁਲਾਈ ਦੀ ਮੀਟਿੰਗ ਕੈਂਸਲ ਕਰਨ ਦਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਐਲਾਨ ਕਰਕੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ 22 ਜੁਲਾਈ ਦੀ ਮੀਟਿੰਗ ਵਿੱਚ ਲਿਆਉਣ ਲਈ ਹੁਕਮ ਚਾੜ ਦਿੱਤੇ। ਜੱਥੇਦਾਰ ਵੱਲੋਂ ਦੇਰੀ ਨਾਲ ਪੁੱਟਿਆ ਇਹ ਸ਼ਲਾਘਾਯੋਗ ਕਦਮ ਹੀ ਹੈ। ਜੱਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਅਕਾਲੀ ਦਲ 1920 ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ ਹੋਇਆ ਲੁਧਿਆਣਾ ਮੀਟਿੰਗ ਵਿੱਚ ਨਹੀਂ ਜਾਏਗਾ। ਉਨ੍ਹਾਂ ਕਿਹਾ ਸ੍ਰੌਮਣੀ ਕਮੇਟੀ ਵਿੱਚ ਅੰਦਰੋਂ ਤੇ ਬਾਹਰੋਂ ਪੰਥ ਵਿਰੋਧੀ ਸ਼ਕਤੀਆਂ ਦਾ ਗਲਬਾ ਵੱਧਦਾ ਜਾ ਰਿਹਾ ਹੈ, ਜੋ ਸ੍ਰੌ:ਕਮੇਟੀ ਵਿੱਚ ਪੂਰੀ ਦਖਲ ਅੰਦਾਜੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹਨਾਂ ਗੈਰ ਪੰਥਕ ਸ਼ਕਤੀਆਂ ਨੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਵਿਗਾੜਨ ਦਾ ਕੰਮ ਕੀਤਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਹਰੋਂ ਛਪਵਾਈ ਕਰਵਾ ਕੇ ਸ਼੍ਰੋਮਣੀ ਕਮੇਟੀ ਰਾਹੀਂ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਰਹੀਆਂ ਹਨ।

ਅਕਾਲੀ ਦਲ 1920 ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੁਲਾਈ 22 ਜੁਲਾਈ ਦੀ ਮੀਟਿੰਗ ਵਿੱਚ ਜਿੱਥੇ ਸਰਨਾ ਸਾਹਿਬ ਨੂੰ ਬੁਲਾਇਆ ਗਿਆ ਹੈ, ਉੱਥੇ ਦੁੂਜੀ ਧਿਰ ਲੁਧਿਆਣਾ ਦੇ ਪ੍ਰੈੱਸ ਮਾਲਕ ਉਸ ਐਨ.ਆਰ.ਆਈ ਜਿਸ ਨੇ ਇਹ ਸਰੂਪ ਛਪਵਾਏ ਹਨ ਅਤੇ ਤੀਜਾ ਸ਼੍ਰੋ:ਗੁ:ਪ੍ਰ:ਕਮੇਟੀ ਦੇ ਉਨ੍ਹਾਂ ਕਰਮਚਾਰੀਆਂ ਤੇ ਆਹੁਦੇਦਾਰਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਜਿੰਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਾਣ ਬੁੱਝ ਕੇ ਉਲੰਘਣਾ ਕੀਤੀ ਹੈ। ਕਿਉਂਕਿ ਇਹ ਵਿਵਾਦ ਬਹੁਤ ਵੱਡੇ ਸਵਾਲ ਖੜੇ ਕਰ ਗਿਆ ਹੈ, ਜਿਸ ਦੀ ਦੋਸ਼ੀਆਂ ਨੂੰ ਸਜਾ ਦੇਣੀ ਹੋਵੇਗੀ । ਪੰਥ ਦਰਦੀਆਂ ਦੇ ਸਾਹਮਣੇ ਇਸ ਕੇਸ ਦਾ ਫੈਸਲਾ ਹੋਣਾ ਚਾਹੀਦਾ ਹੈ।

ਰਾਜਾਸਾਂਸੀ ਨੇ ਅਕਾਲੀ ਦਲ 1920 ਵੱਲੋਂ ਦਿੱਲੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਵਾਲੀ ਇਕੱਤਰਤਾ ਵਿੱਚ ਇਹ ਮਾਮਲਾ ਰੱਖਣ ਤੇ ਬਾਕੀ ਸਮੂਹ ਪੰਥ ਦਰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ 22 ਜੁਲਾਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਬੰਧੀ ਹੋਣ ਵਾਲੀ ਇਕੱਤਰਤਾ ਸਮੇਂ ਪੁੂਜਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਪੰਥ ਦਰਦੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਧਰੇ ਪੰਥ ਵਿਰੋਧੀ ਸ਼ਕਤੀਆਂ ਸਿੰਘ ਸਾਹਿਬਾਨ ਤੇ ਵੀ ਆਪਣਾ ਬੁਰਾ ਪ੍ਰਭਾਵ ਨਾ ਪਾ ਸਕਣ। ਇਸ ਲਈ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਗਰ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵੱਗਿਆ ਕਰਨ ਵਾਲਿਆਂ ਨੂੰ ਸਜਾ ਨਾ ਦਿੱਤੀ ਤਾਂ ਇੱਕ ਹਫਤੇ ਅੰਦਰ ਮੁੜ ਪੰਥ ਦਰਦੀਆਂ ਦੀ ਮੀਟਿੰਗ ਬੁਲਾ ਕੇ ਅਗਲਾ ਸੰਘਰਸ਼ੀ ਪ੍ਰੋਗਰਾਮ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਸ੍ਰ: ਮੋਹਨ ਸਿੰਘ ਮਟੀਆ, ਬਲਵਿੰਦਰ ਸਿੰਘ ਘਣੂੰਪੁਰ, ਤਰਲੋਚਨ ਸਿੰਘ ਤੁੱੜ, ਗੁਰਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਸੁਲਤਾਨਵਿੰਡ, ਵਿਰਸਾ ਸਿੰਘ ਜੰਡਿਆਲਾ, ਗੁਰਮੇਜ ਸਿੰਘ, ਛੇਹਰਟਾ, ਇਕਬਾਲ ਸਿੰਘ ਭੱਲਾ ਪਿੰਡ, ਸੁਖਰਾਜ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ, ਯੂਥ ਵਿੰਗ, ਸ੍ਰ: ਬਲਬੀਰ ਸਿੰਘ ਪੰਜਵੜ੍ਹ ਅਤੇ ਅਕਾਲੀ ਦਲ 1920 ਦੇ ਹੋਰ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ 1920

ਮਿਤੀ : 18-07-2011 (ਅੰਮ੍ਰਿਤਸਰ)
ਮੁੱਖ ਦਫਤਰ, 3570, ਗਲੀ ਨੰ: 3,
ਜੀ.ਟੀ ਰੋਡ ਪੁਤਲੀਘਰ, ਅੰਮ੍ਰਿਤਸਰ।
ਫੋਨ : 0183-2225356


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top