Share on Facebook

Main News Page

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੁਖ ਦੂਰ ਕਰਣ ਵਾਲਾ ਅਤੇ ਕਰਾਮਾਤੀ ਸ਼ਕਤੀਆਂ ਦਾ ਮਾਲਕ ਦਰਸਾ ਕੇ, ਗੁਰਮਤਿ ਦਾ ਘੋਰ ਮਜ਼ਾਕ ਉਡਾਇਆ ਜਾ ਰਿਹਾ ਹੈ: ਸ. ਸੁਰਿੰਦਰ ਸਿੰਘ ਫ਼ਰੀਦਾਬਾਦ

* ਸਿੱਖ ਜਗਤ ਦੇ ਸ਼ਰਧਾਲੂ ਸਿੱਖਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੂਰਬ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨਾਲ ਨਹੀਂ ਸਗੋਂ ਦੁਰਗਾ ਪਾਠ ਪੜ੍ਹ ਪੜ੍ਹ ਕੇ ਮਨਾਇਆ

(23 ਜੁਲਾਈ 2011; ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਹਰਿ ਕ੍ਰਿਸ਼ਾਨ ਸਾਹਿਬ ਦੇ ਪ੍ਰਕਾਸ਼ ਪੂਰਬ ਮੌਕੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚੋਂ “ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੈ ਸਭ ਦੁਖ ਜਾਇ” ਪੜ੍ਹ ਪੜ੍ਹ ਕੇ ਸਿੱਖਾਂ ਨੇ ਗੁਰਪੁਰਬ ਤਾਂ ਮਨਾ ਲਿਆ ਪਰ ਜ਼ਰਾ ਵੀ ਇਹ ਨਹੀਂ ਸੋਚਿਆ ਕਿ ਇਹ ਪੰਗਤੀ ਕਿਥੋਂ ਲਈ ਅਤੇ ਨਾ ਹੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ’ਤੇ ਪਰਖਿਆ।

ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਸਿਆਮ ਬੜੀ ਚਲਾਕੀ ਨਾਲ ਸਿੱਖਾਂ ਨੂੰ ਭਰਮਾਉਣ ਲਈ ਵਾਰ ਭਗੌਤੀ ਕੀ ਵਿਚ ਪਹਿਲੇ ਨੌਂ ਗੁਰੁ ਸਾਹਿਬਾਨਾਂ ਦੇ ਨਾਂ ਦਰਜ਼ ਕਰ ਕੇ ਉਨ੍ਹਾਂ ਨੂੰ ਹਿੰਦੂ ਦੇਵਤਿਆਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ ਦਰਸਾ ਕੇ, ਸ਼ਬਦ ਗੁਰੂ ਦਾ ਨਿਰਾਦਰ ਕਰਦਾ ਹੈ, ਕਿਉਂਕਿ ਗੁਰਬਾਣੀ ਅਨੁਸਾਰ ਦੁਖ ਕਲੇਸ਼ ਨਉਨਿਧੀਆਂ ਕੇਵਲ ਤੇ ਕੇਵਲ ਸੱਚੀ ਬਾਣੀ ਅਤੇ ਸ਼ਬਦ ਰਾਹੀਂ ਦੂਰ ਹੋ ਸਕਦੇ ਹਨ (ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ, ਵਿਚਿ ਬਾਣੀ ਅੰਮ੍ਰਿਤ ਸਾਰੇ) ਨਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਉਣ ਅਤੇ ਵੇਖਣ ਨਾਲ।

ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਭਗੌਤੀ ਦੀ ਵਾਰ ਦੀ ਸਮੁੱਚੀ ਰਚਨਾ ਵਿਚ ਆਈ ਪਉੜੀਆਂ ਦੁਰਗਾ ਪਾਠ ਦੀਆਂ ਹਨ ਜੋ ਕਿ ਇਸ ਰਚਨਾ ਨੂੰ ਪੜ੍ਹਨ ਤੋਂ ਸਪਸ਼ਟ ਹੋ ਜਾਂਦਾ ਹੈ। ਇੰਨ੍ਹਾਂ ਸਭ ਸਪਸ਼ਟ ਹੋਣ ਦੇ ਬਾਵਜੂਦ ਵੀ ਸਿੱਖ ਜਗਤ ਦੇ ਸ਼ਰਧਾਲੂ ਸਿੱਖਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੂਰਬ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨਾਲ ਨਹੀਂ ਸਗੋਂ ਦੁਰਗਾ ਪਾਠ ਪੜ੍ਹ ਪੜ੍ਹ ਕੇ ਮਨਾਇਆ।

ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਹਰ ਗੁਰਦੁਆਰੇ ਦੀ ਸਟੇਜ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਆਪਣੇ ਹੀ ਇਕ ਗੁੰਗੇ ਸਿੱਖ ਦੇ ਸਿਰ ਤੇ ਛੜੀ ਫੇਰ ਕੇ ਗੀਤਾ ਦੇ ਅਰਥ ਕਰਵਾਉਣ ਦੀ ਮਨਘੜਤ ਸਾਖੀ ਵੀ ਇਸ ਦਿਨ ਅਕਸਰ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਵਿਚ ਗੁਰੂ ਸਾਹਿਬ ਇਕ ਚਮਤਕਾਰੀ ਪੁਰਸ਼ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖੀ ਵਿਚ ਕਰਾਮਾਤਾਂ ਵਿਖਾਉਣੀਆਂ ਗੁਰਮਤਿ ਦੇ ਦਾਇਰੇ ਵਿਚ ਨਹੀਂ ਆਉਂਦੀਆਂ ਪਰ ਹਰ ਗੁਰੂ ਸਾਹਿਬ ਦੇ ਜੀਵਨ ਨਾਲ ਕੋਈ ਨਾ ਕੋਈ ਕਰਾਮਾਤੀ ਕਹਾਣੀਆਂ ਜੋੜ ਕੇ ਉਨ੍ਹਾਂ ਨੂੰ ਗੁਰਮਤਿ ਦੇ ਰਾਹ ਤੋਂ ਦੂਰ ਕਰਣ ਦੀ ਕਾਮਯਾਬ ਚਾਲ ਸਿੱਖ ਵਿਰੋਧੀਆਂ ਨੇ ਚੰਗੀ ਤਰ੍ਹਾਂ ਚਲੀ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਆਪਣੇ ਮਨਸੂਬਿਆਂ ਵਿਚ ਇਸ ਲਈ ਸਫਲ ਹਨ ਕਿਉਂਕਿ ਸਿੱਖ ਗੁਰਬਾਣੀ ਨੂੰ ਕੇਵਲ ਮੱਥਾ ਟੇਕ ਕੇ ਲੱਖਾਂ ਰੁਪਏ ਦੇ ਰੁਮਾਲਾਂ ਨਾਲ ਢੱਕਣ ਨੂੰ ਚੰਗੀ ਸੇਵਾ ਸਮਝੀ ਬੈਠੇ ਹਨ ਅਤੇ ਸ਼ਬਦ ਵਿਚਾਰ ਤੋਂ ਕੋਹਾਂ ਦੂਰ ਹਨ। ਇਸ ਲਈ ਇਹ ਕਹਿਣ ਵਿਚ ਅਤਿ ਕਥਨੀ ਨਹੀਂ ਕਿ ਅੱਜ ਵੀ ਸਿੱਖਾਂ ਦੇ ਗੁਰਦੁਆਰਿਆਂ ਉਪਰ ਬ੍ਰਾਹਮਣੀ ਸੋਚ ਦਾ ਸਿੱਕਾ ਚਲਦਾ ਹੈ ਨਾ ਕਿ ਗੁਰੂ ਦੀ ਮਤਿ ਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top