Share on Facebook

Main News Page

ਸੁਨਹਿਰੀ ਛਾਪੇ ਵਾਲੀ ਬੀੜ ਦੇ ਮਾਮਲੇ ਵਿੱਚ ਜਥੇਦਾਰਾਂ ਵਲੋਂ ਕੀਤੀ ਕਾਰਵਾਈ ਤਸੱਲੀਬਖ਼ਸ਼ ਨਹੀਂ ਹੈ: ਇੰਦਰਜੀਤ ਸਿੰਘ ਚੁੱਘ

ਬਠਿੰਡਾ, 24 ਜੁਲਾਈ (ਕਿਰਪਾਲ ਸਿੰਘ): ਸੁਨਹਿਰੀ ਛਾਪੇ ਵਾਲੀ ਬੀੜ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਵਲੋਂ ਕੀਤੀ ਕਾਰਵਾਈ ਤਸੱਲੀਬਖ਼ਸ਼ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਸਹਾਰਨਪੁਰ ਤੋਂ ਟੈਲੀਫੂਨ ਤੇ ਗਲਬਾਤ ਕਰਦਿਆਂ ਸਰਬ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ. ਇੰਦਰਜੀਤ ਸਿੰਘ ਚੁੱਘ ਨੇ ਦੱਸਿਆ ਕਿ ਸ਼ਬਦ ਜੋੜ ਤਰੁਟੀਆਂ ਨਾਲ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਨਹਿਰੀ ਛਾਪੇ ਜਾਣ ਦੇ ਮਾਮਲੇ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੀਆਂ ਗੈਰ ਸਿਧਾਂਤਕ ਤੇ ਗੈਰ ਕਾਨੂੰਨੀ ਦਲੀਲਾਂ ਦਰ ਕਿਨਾਰ ਕਰਕੇ ਪੰਥਕ ਰਹੁ ਰੀਤਾਂ ਅਨੁਸਾਰ ਸਜਾ ਸੁਣਾਉਣ ਦੀ ਥਾਂ ਇਸ ਨੂੰ ਲਟਕਾਉਣਾ ਹੀ ਬਿਹਤਰ ਸਮਝਿਆ ਹੈ।

ਉਨ੍ਹਾਂ ਕਿਹਾ ਕਿ ਸੁਨਿਹਰੀ ਸਰੂਪਾਂ ਦੀ ਗੈਰ ਕਾਨੂੰਨੀ ਪ੍ਰਕਾਸ਼ਨਾ ਮਾਮਲੇ ਵਿਚ ਸ੍ਰ ਮੱਕੜ ਨੇ ਸੱਚ ਜਾਣਦਿਆਂ ਵੀ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ। ਉਨ੍ਹਾਂ ਦੱਸਿਆ ਕਿ ਮੱਕੜ ਪਹਿਲਾਂ ਵੀ ਪੰਥਕ ਮਾਮਲਿਆਂ ਵਿਚ ਹਰ ਸਿਆਸੀ ਵਿਰੋਧੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਜਾਣ ਦੀ ਧਮਕੀ ਦਿੰਦੇ ਰਹੇ ਹਨ ਲੇਕਿਨ ਹੁਣ ਆਪਣੀ ਗਲਤੀ ਫੜੇ ਜਾਣ ’ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਜਾ ਲੱਗਣ ਦੇ ਡਰੋਂ, ਸਿਆਸੀ ਵਿਰੋਧੀਆਂ ਖਿਲਾਫ ਝੂਠੀਆਂ ਸ਼ਿਕਾਇਤਾਂ ਲਿਖ ਰਹੇ ਹਨ।

ਸ੍ਰ. ਚੁੱਘ ਨੇ ਕਿਹਾ ਜੇਕਰ ਜਥੇਦਾਰ ਸਾਹਿਬਾਨ ਅਜੇ ਵੀ ਮੱਕੜ ਨੂੰ ਸੁਣਨ ਦਾ ਮੌਕਾ ਦੇਣ ਹਿੱਤ ਇਨਸਾਫ ਵਿਚ ਦੇਰੀ ਕਰਦੇ ਹਨ, ਤਾਂ ਇਸਦਾ ਇਹ ਸੰਦੇਸ਼ ਜਾਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਦਲ ਵਿਰੋਧੀਆਂ ਖਿਲਾਫ ਹੀ ਕਾਰਵਾਈ ਹੋ ਰਹੀ ਹੈ ਅਤੇ ਪੰਥਕ ਹਿੱਤਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਸ੍ਰ. ਚੁੱਘ ਨੇ ਕਿਹਾ ਕਿ ਜਥੇਦਾਰ ਸਾਹਿਬ ਇਸ ਗਲ ਤੋਂ ਭਲੀ ਭਾਂਤ ਜਾਣੂ ਹਨ ਕਿ ਸੂਬਾ ਸਰਕਾਰ ਪਹਿਲਾਂ ਹੀ ਉਨ੍ਹਾਂ ਦੇ ਹੁਕਮਾਂ ਦੀ ਅਦੂਲੀ ਕਰ ਰਹੀ ਹੈ, ਅਦਾਲਤਾਂ ਕਾਨੂੰਨੀ ਪੱਖ ਅਨੁਸਾਰ ਬੀਤੇ ਵਿਚ ਕੁਝ ਅਜੇਹੇ ਫੈਸਲੇ ਸੁਣਾ ਚੁਕੀਆਂ ਜਿਨ੍ਹਾਂ ਨਾਲ ਪੰਥ ਵਿਚ ਨਾਮੋਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾ ਦੀ ਦਿਲੀ ਇਛਾ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਭਾਵੇਂ ਕੋਈ ਭੀ ਹੋਵੇ ਤੁਰੰਤ ਸਜਾ ਦੇਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top