* ਕੁਰਬਾਨੀ
ਜਾਂ ਬਲੀ ਤਾਂ ਜਾਨਵਰਾਂ ਦੀ ਦਿੱਤੀ ਜਾਂਦੀ ਹੈ, ਇਸ ਲਈ ਗੁਰੂ ਤੇਗ ਬਹਾਦੁਰ ਸਾਹਿਬ ਨੇ ਆਪਣਾ
ਬਲੀਦਾਨ ਨਹੀਂ ਬਲਕਿ ਸ਼ਹਾਦਤ ਦਿੱਤੀ ਸੀ
* ਇਸ ਦੇਸ਼ ਵਿੱਚ ਅੱਜ
ਮੁਸਲਮਾਨ ਸਿੱਖ ਈਸਾਈਆਂ ਦੀ ਧਾਰਮਕ ਆਜ਼ਾਦੀ ਦੀ ਉਤਨੀ ਹੀ ਲੋੜ ਹੈ ਜਿਤਨੀ ਕਿ ਔਰੰਗਜ਼ੇਬ ਦੇ ਸਮੇਂ
ਹਿੰਦੂਆਂ ਦੇ ਧਰਮ ਅਤੇ ਉਨ੍ਹਾਂ ਦੇ ਧਾਰਮਕ ਚਿੰਨ੍ਹਾਂ ਦੀ ਰਾਖੀ ਦੀ ਲੋੜ ਸੀ
* ਸਿੱਖ ਹੋਣ ਦੇ ਨਾਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ
ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿਖਿਆ ਦਾ ਥੋਹੜਾ ਬਹੁਤਾ ਵੀ ਅੰਸ਼ ਹੈ ਅਤੇ ਉਨ੍ਹਾਂ ਦੀ
ਆਪਣੀ ਜ਼ਮੀਰ ਜਾਗਦੀ ਹੈ, ਤਾਂ ਆਪਣਾ ਅਸਰ ਰਸੂਖ ਵਰਤ ਕੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ
ਨੂੰ ਯੂ ਐੱਨ ਓ ਦੇ ਚਾਰਟਰ ਵਿੱਚ ਜ਼ਮੀਰ ਦੀ ਅਜ਼ਾਦੀ ਦਿਵਸ ਦੇ ਤੌਰ’ਤੇ ਦਰਜ ਕਰਵਾਉਣ ਲਈ ਕਾਰਵਾਈ
ਅਰੰਭਣ ਅਤੇ ਖੁਦ ਹਿੰਦੁਸਤਾਨ ਵਿੱਚ ਰਹਿ ਰਹੀਆਂ ਘੱਟ ਗਿਣਤੀ ਧਾਰਮਕ ਕੌਮਾਂ ਨੂੰ ਧਾਰਮਕ ਆਜ਼ਾਦੀ
ਦਾ ਹੱਕ ਲੈ ਕੇ ਦੇਣ
ਬਠਿੰਡਾ,
27 ਜੁਲਾਈ (ਕਿਰਪਾਲ ਸਿੰਘ): ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਯੂ ਐੱਨ ਓ ਦੀ
ਸੂਚੀ ਵਿੱਚ ਜ਼ਮੀਰ ਦੀ ਅਜ਼ਾਦੀ ਦਿਵਸ ਵਜੋਂ ਦਰਜ ਕਰਵਾਇਆ ਜਾਵੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ
ਨਵੀਂ ਦਿੱਲੀ ਤਂੋ ਚੱਲ ਰਹੀ ਲੜੀਵਾਰ ਕਥਾ ਦੌਰਾਨ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਹੇ
ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।
ਕਥਾ ਦੌਰਾਨ ਉਨ੍ਹਾਂ, ਦਿੱਲੀ ਸਰਕਾਰ ਵੱਲੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ
ਦੀ ਯਾਦਗਾਰ ਬਣਾਏ ਜਾਣ ਦੀ ਸ਼ਲਾਘਾ ਕਰਦਿਆਂ, ਦਿੱਲੀ ਸਰਕਾਰ ਅਤੇ ਪੰਥ ਨੂੰ ਵਧਾਈ ਦਿੰਦਿਆਂ ਕਿਹਾ
ਕਿ ਇਹ ਪਹਿਲਾ ਮੌਕਾ ਹੈ ਕਿ ਕਿਸੇ ਸਰਕਾਰ ਨੇ ਮਹਾਨ ਸਿੱਖ ਗੁਰੂ ਦੀ ਯਾਦਗਾਰ ਸਰਕਾਰੀ ਖਰਚੇ ’ਤੇ
ਬਣਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਅਕਾਲੀ ਦਲਾਂ ਨੂੰ ਅਪੀਲ ਕੀਤੀ ਕਿ ਉਹ
ਕੇਂਦਰ ਸਰਕਾਰ ’ਤੇ ਇਹ ਜੋਰ ਪਾਉਣ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਯੂ
ਐੱਨ ਓ ਦੀ ਸੂਚੀ ਵਿੱਚ ਜ਼ਮੀਰ ਦੀ ਅਜ਼ਾਦੀ ਦਿਵਸ ਵਜੋਂ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਯੂ
ਐੱਨ ਓ ਦੇ ਚਾਰਟਰ ਵਿੱਚ ਅਨੇਕਾਂ ਦਿਨ ਹਨ ਜਿਹੜੇ ਚਿਲਡਰਨ ਡੇ, ਮਦਰਜ਼ ਡੇ, ਫਾਦਰਜ਼ ਡੇ, ਲੇਬਰ ਡੇ,
ਟੀਚਰਜ਼ ਡੇ, ਵੋਮੈਨਜ਼ ਡੇ ਅਤੇ ਅਨੇਕਾਂ ਹੋਰ ਦਿਨਾਂ ਦੇ ਤੌਰ ’ਤੇ ਸਾਰੀ ਦੁਨੀਆਂ ਵਿੱਚ ਮਨਾਏ ਜਾਂਦੇ
ਹਨ ਪਰ ਜੋ ਸਭ ਤੋਂ ਜਰੂਰੀ ਹੈ ਜ਼ਮੀਰ ਦੀ ਅਜ਼ਾਦੀ, ਉਸ ਨੂੰ ਮਨਉਣ ਲਈ ਕੋਈ ਵੀ ਦਿਨ ਨਿਸਚਤ ਨਹੀਂ
ਕੀਤਾ ਗਿਆ।
ਗਿਆਨੀ ਅਲਵਰ ਨੇ ਕਿਹਾ ਕਿ ਜੇ ਜ਼ਮੀਰ ਦੀ ਅਜ਼ਾਦੀ ਦਿਵਸ ਮਨਾਉਣਾ ਹੋਵੇ ਤਾਂ
ਇਸ ਲਈ ਸਭ ਤੋਂ ਯੋਗ ਦਿਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਨ ਕਿਉਂਕਿ ਇਸ ਦਿਨ
ਮਨੁਖ ਦੀ ਜ਼ਮੀਰ ਅਨੁਸਾਰ ਧਰਮ ਅਪਨਾਉਣ ਦੀ ਅਜ਼ਾਦੀ ਲਈ ਉਨ੍ਹਾਂ ਨੇ ਮਹਾਨ ਸ਼ਹਾਦਤ ਦਿੱਤੀ। ਉਨ੍ਹਾਂ
ਗੁਰੂ ਸਾਹਿਬ ਜੀ ਦੀ ਮਹਾਨ ਸ਼ਹੀਦੀ ਨੂੰ ਸਿਰਫ ਤਿਲਕ ਜੰਝੂ ਦੀ ਰਾਖੀ ਲਈ ਕੁਰਬਾਨੀ ਜਾਂ ਬਲੀ ਸ਼ਬਦ
ਵਰਤੇ ਜਾਣ’ਤੇ ਵੀ ਇਤਰਾਜ਼ ਕਰਦਿਆਂ ਕਿਹਾ ਕਿ ਕੁਰਬਾਨੀ ਜਾਂ ਬਲੀ ਤਾਂ ਉਠ, ਘੋੜੇ, ਗਊ, ਗੈਂਡੇ,
ਬੱਕਰੇ ਆਦਿ ਜਾਨਵਰਾਂ ਦੀ ਦਿੱਤੀ ਜਾਂਦੀ ਹੈ। ਜਿਸ ਦਾ ਗੁਰਬਾਣੀ ਵਿੱਚ ਵੀ ਜ਼ਿਕਰ ਹੈ: ‘ਗੈਂਡਾ
ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥’ (ਪੰਨਾ 1289, ਮਃ 1) ॥ ਪਰ ਗੁਰੂ ਤੇਗ ਬਹਾਦਰ
ਜੀ ਨੂੰ ਕਿਸੇ ਨੇ ਫੜ ਕੇ ਤਿਲਕ ਜੰਜੂ ਦੀ ਬਚਾਓ ਲਈ ਉਨ੍ਹਾਂ ਦੀ ਔਰੰਗਜ਼ੇਬ ਜਾਂ ਕਿਸੇ ਦੇਵੀ ਦੇਵਤੇ
ਅੱਗੇ ਬਲੀ ਨਹੀਂ ਸੀ ਦਿੱਤੀ ਤਾ ਕਿ ਉਹ ਇਸ ਬਲੀ ਨਾਲ ਖੁਸ਼ ਹੋ ਕੇ ਹਿੰਦੂਆਂ ਨੂੰ ਤਿਲਕ ਜੰਝੂ
ਪਹਿਨਣ ਦੀ ਆਗਿਆ ਦੇ ਦੇਣ। ਬਲਕਿ ਉਨ੍ਹਾਂ ਨੇ ਮਨੁਖੀ ਅਧਿਕਾਰਾਂ ਅਤੇ ਜ਼ਮੀਰ ਅਨੁਸਾਰ ਆਪਣੀ ਮਰਜੀ
ਦਾ ਧਰਮ ਅਪਨਾਉਣ ਦਾ ਹੱਕ ਲੈਣ ਲਈ ਸਿਰਫ ਆਵਾਜ਼ ਹੀ ਨਹੀਂ ਉਠਾਈ ਸਗੋਂ ਇਸ ਲਈ ਆਪਣੀ ਮਹਾਨ ਸ਼ਹਾਦਤ
ਵੀ ਦਿੱਤੀ, ਜਿਸ ਦੀ ਸਾਰੀ ਦੁਨੀਆਂ ਵਿੱਚ ਹੋਰ ਕੋਈ ਉਦਾਹਰਣ ਨਹੀਂ ਹੈ ਜਿਸ ਵਿੱਚ ਕਿਸੇ ਦੂਸਰੇ
ਓਸ ਧਰਮ, ਜਿਸ ਵਿਚ ਉਸ ਦਾ ਆਪਣਾ ਕੋਈ ਵਿਸ਼ਵਾਸ ਹੀ ਨਾ ਹੋਵੇ, ਦੇ ਲੋਕਾਂ ਨੂੰ ਆਪਣੀ ਜ਼ਮੀਰ
ਅਨੁਸਾਰ ਮਰਜੀ ਦਾ ਧਰਮ ਅਪਨਾਉਣ ਦਾ ਹੱਕ ਲੈਣ ਲਈ ਆਪਣੀ ਅਤੇ ਆਪਣੇ ਤਿੰਨ ਪਿਆਰੇ ਗੁਰਸਿੱਖਾਂ ਦੀ
ਸ਼ਹਾਦਤ ਦਿੱਤੀ ਹੋਵੇ।
ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਦੀ ਧਾਰਮਕ ਅਜ਼ਾਦੀ ਲਈ, ਗੁਰੂ ਤੇਗ ਬਹਾਦਰ
ਸਾਹਿਬ ਜੀ ਨੇ ਖ਼ੁਦ ਦਿੱਲੀ ਵਿੱਚ ਪਹੁੰਚ ਕੇ ਸ਼ਹਾਦਤ ਦਿੱਤੀ, ਅੱਜ ਉਸੇ ਧਰਮ ਦੇ ਮੰਨਣ ਵਾਲੇ ਹਿੰਦੀ,
ਹਿੰਦੂ, ਹਿੰਦੁਸਤਾਨ ਦੇ ਨਾਹਰੇ ਮਾਰਨ ਵਾਲੇ ਕਹਿ ਰਹੇ ਹਨ ‘ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ, ਤਾਂ
ਹਿੰਦੂ ਬਣ ਕੇ ਰਹਿਣਾ ਹੋਗਾ’। ਗਿਆਨੀ ਹਰਿੰਦਰ ਸਿੰਘ ਨੇ ਕਿਹਾ ਕਿ ਇਸ ਦੇਸ਼ ਵਿੱਚ ਅੱਜ ਮੁਸਲਮਾਨ
ਸਿੱਖ ਈਸਾਈਆਂ ਦੀ ਧਾਰਮਕ ਆਜ਼ਾਦੀ ਦੀ ਉਤਨੀ ਹੀ ਲੋੜ ਹੈ ਜਿਤਨੀ ਕਿ ਔਰੰਗਜ਼ੇਬ ਦੇ ਸਮੇਂ ਹਿੰਦੂਆਂ
ਦੇ ਧਰਮ ਅਤੇ ਉਨ੍ਹਾਂ ਦੇ ਧਾਰਮਕ ਚਿੰਨ੍ਹਾਂ ਦੀ ਰਾਖੀ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਜੇ ਸਿੱਖ
ਹੋਣ ਦੇ ਨਾਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ
ਦੀ ਸਿਖਿਆ ਦਾ ਥੋਹੜਾ ਬਹੁਤਾ ਵੀ ਅੰਸ਼ ਹੈ ਅਤੇ ਉਨ੍ਹਾਂ ਦੀ ਆਪਣੀ ਜ਼ਮੀਰ ਜਾਗਦੀ ਹੈ ਤਾਂ ਆਪਣਾ
ਅਸਰ ਰਸੂਖ ਵਰਤ ਕੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਯੂ ਐੱਨ ਓ ਦੇ ਚਾਰਟਰ ਵਿੱਚ
ਜ਼ਮੀਰ ਦੀ ਅਜ਼ਾਦੀ ਦਿਵਸ ਦੇ ਤੌਰ ’ਤੇ ਦਰਜ ਕਰਵਾਉਣ ਲਈ ਕਾਰਵਾਈ ਅਰੰਭਣ ਅਤੇ ਖੁਦ ਹਿੰਦੁਸਤਾਨ
ਵਿੱਚ ਰਹਿ ਰਹੀਆਂ ਘੱਟ ਗਿਣਤੀ ਧਾਰਮਕ ਕੌਮਾਂ ਨੂੰ ਧਾਰਮਕ ਆਜ਼ਾਦੀ ਦਾ ਹੱਕ ਲੈ ਕੇ ਦੇਣ।