ਕਹਿੰਦੇ ਨੇ ਇੱਲ ਦੀ ਅੱਖ ਬੜੀ ਤੇਜ ਹੁੰਦੀ ਉਹ ਉਪਰ ਅਕਾਸ਼ ਤੇ ਉੱਡਦੀ
ਰਹਿੰਦੀ ਉੱਡਦੀ ਰਹਿੰਦੀ ਪਰ ਉਸ ਦੀ ਨਿਗਾਹ ਹਮੇਸ਼ਾਂ ਥੱਲੇ ਸ਼ਿਕਾਰ ਤੇ ਹੁੰਦੀ ਤੇ ਚਾਹੇ ਕਿੰਨੀ ਵੀ
ਉੱਚੀ ਉੱਡ ਰਹੀ ਹੋਵੇ ਸ਼ਿਕਾਰ ਦੇਖਦਿਆਂ ਹੀ ਹੇਠਾਂ ਡਿੱਗ ਪੈਂਦੀ।
ਇੱਲ ਬੜੇ ਚਿਰਾਂ ਦੀ ਉੱਡ ਰਹੀ ਸੀ, ਦੇਖਣ ਵਾਲਿਆਂ ਨੂੰ ਜਾਪਦਾ ਸੀ ਕਿ ਬਹੁਤ ਉੱਚੀ ਉੱਡ ਰਹੀ ਪਰ
ਕੁੱਝ ਲੋਕ ਬੜਾ ਚਿਰ ਪਹਿਲਾਂ ਹੀ ਸੋਚਣ ਲੱਗ ਪਏ ਸਨ ਕਿ ਇੱਲ ਹੇਠਾਂ ਆ ਰਹੀ ਹੈ,
ਜਰੂਰ ਕੋਈ ਸ਼ਿਕਾਰ ਦਿੱਸ ਰਿਹੈ ਉਹ ਸਾਵਧਾਨ ਹੋਣੇ ਸ਼ੁਰੂ ਹੋ ਗਏ ਸਨ। ਇੱਲ ਤੇ ਆਖਰ ਇੱਲ ਹੀ ਹੈ ਨਾ
ਉਸ ਭੁੱਖੀ ਥੋੜੋਂ ਮਰਨਾ। ‘ਬਾਬੇ’ ਦੇ ਇੰਨੇ ਉੱਚੇ ਦਰ ਬਣਾ ਕੇ ਉੱਚੀਆਂ ਉਡਾਰੀਆਂ ਕਿਵੇਂ ਲਾਊ ਜੇ
ਸ਼ਿਕਾਰ ਹੀ ਨਾ ਕੀਤਾ। ‘ਦਸਮ-ਗਰੰਥ’ ਦੀ ਵਿਰੋਧਤਾ ਦੇ ਖੰਭਾਂ ਤੇ ਉੱਡਦੀ ਇੱਲ ਨੇ ਦੁਨੀਆਂ ਦਾ
ਧਿਆਨ ਅਪਣਾ ਖਿੱਚਿਆ ਸੀ, ਲੋਕਾਂ ਨੂੰ ਜਾਪਿਆ ਜਿਵੇਂ ਕੋਈ ਮਸੀਹਾ
ਪੈਦਾ ਹੋਇਆ ਹੋਵੇ, ਲੋਕ ਉਧਰ ਦੌੜ ਪਏ। ਪਰ ਇਸ ਖੋਦੇ ਹੋਏ ਪਹਾੜ
ਵਿਚੋਂ ਨਿਕਲਿਆ ਕੀ? ਚੂਹਾ?
ਬਚਿਤ੍ਰ-ਨਾਟਕ ਦੀ ਦੁਹਾਈ ਤਾਂ ਸਪੋਕਸਮੈਨ ਦੀ ਇਹੀ ਸੀ,
ਕਿ ਉਸ ਨਾਲ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਚੈਲਿੰਜ ਹੋ ਰਹੀ ਹੈ,
ਪਰ ਹੁਣ ਅਸੀਂ ਆਪ ਕੀ ਕੀਤਾ? ਕੀ ਹੁਣ ਤੱਕ ਅਸੀਂ ‘ਲਿਫਾਫਾ’ ਹੀ ਫਰੋਲਦੇ ਆਏ ਹਾਂ? ‘ਲਫਾਫਿਆਂ’
ਨੂੰ ਮੱਥੇ ਟੇਕਦੇ ਆਏ ਹਾਂ? ਇਹ ਸਵਾਲ ਸਾਡਾ ਸਪੋਕਸਮੈਨ ਵਾਲੇ
ਨੂੰ ਨਹੀਂ ਕਿਉਂਕਿ ਉਸ ਦੀ ਬਿੱਲੀ ਤਾਂ ਚਿਰਾਂ ਦੀ ਥੈਲਿਓਂ ਬਾਹਰ ਹੈ,
ਬਲਕਿ ਉਨ੍ਹਾਂ ਵਿਦਵਾਨਾਂ ਨੂੰ ਹੈ ਜੀਹਨਾ, ਉਪਰ ਅਸੀਂ ਸਾਰੇ
ਵਿਸਵਾਸ਼ ਕਰਦੇ ਸੀ ਕਿ ਇਹ ਲੋਕ ਵਾਕਿਆ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ
ਸਮਰਪਤ ਹਨ ਪਰ ਅੱਜ ਉਸੇ ਗੁਰੂ ਨੂੰ ‘ਲਫਾਫੇਬਾਜੀ’ ਦੱਸਣ ਤੇ ਉਹ ਖਮੋਸ਼ ਹਨ!
ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਨਕਲੀ ਦੱਸਣ ਵਾਲਿਆ ਕੀ ਅਸਲੀ ਬੀੜ ਲੱਭ
ਲਈ ਹੈ? ਇਸ ਦਾ ਅਰਥ ਇਹ ਹੋਇਆ ਕਿ ਗੁਰੂ ਗਰੰਥ ਸਹਿਬ ਨੂੰ ਮੰਨਣ ਵਾਲਿਆਂ ਅਤੇ ਸੌਦਾ ਜਾਂ ਦੂਜੇ
ਨਕਲੀਆਂ ਨੂੰ ਮੰਨਣ ਵਾਲਿਆਂ ਵਿੱਚ ਫਰਕ ਕੀ ਹੋਇਆ? ਉਹ ਵੀ ਨਕਲੀ ਗੁਰੂ ਨੂੰ ਮੰਨੀ ਜਾਂਦੇ ਸਿੱਖ
ਵੀ? ਤਾਂ ਫਿਰ ਜੋਗਿੰਦਰ ਸਿਓਂ ਹੁਣ ਤੱਕ ਕਿਹੜੇ ਅਸਲ਼ੀ ਗੁਰੂ ਦੀ ਵਿਚਾਰਧਾਰਾ ਨੂੰ ਬਚਾਉਂਣ ਲਈ
ਡੇਰਾਵਾਦ ਜਾਂ ਬੱਚਿਤ੍ਰ ਨਾਟਕ ਖਿਲਾਫ ਕਾਵਾਂ-ਰੌਲੀ ਪਾਉਂਦਾ ਰਿਹਾ? ਜਾਂ ਕੇਵਲ ਬਾਕੀ ਸਾਧ ਲਾਣੇ
ਦੇ ਡੇਰਾ ਉਸਾਰਨ ਵਾਂਗ ਅਪਣਾ ਵੀ ਇੱਕ ‘ਉੱਚਾ ਦਰ’ ਉਸਾਰਨ ਲਈ ਹੀ ਇਹ ਸਾਰਾ ਅਡੰਬਰ ਸੀ?
ਇਹ ਬਿੱਲਕੁਲ ਬੇਹੂਦਾ ਕਲੇਸ਼ ਛੇੜਿਆ, ਇਸ
ਬੰਦੇ ਨੇ ਸਾਨੂੰ ਕਿਸੇ ਦਾ ਪਤਾ ਨਹੀਂ ਪਰ ਗੁਰਦੁਆਰਾ ਸਿੱਖ ਲਹਿਰ ਦੇ ਸੇਵਾਦਾਰ ਹੋਣ ਨਾਤੇ ਅਸੀਂ
ਏਸ ਗੱਲ ਦੀ ਬਿੱਲਕੁਲ ਨਿਖੇਧੀ ਕਰਦੇ ਹਾਂ। ਸਾਡਾ ਆਖਰੀ ਸੱਚ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ
ਹੈ ਜਿਹੜਾ ਇਸ ਉਪਰ ਕਿੰਤੂ-ਪ੍ਰੰਤੂ ਕਰੇ ਚਾਹੇ ਉਹ ਕਿੱਡੀ ਵੱਡੀ ਲੜਾਈ ਲੜ ਰਿਹਾ ਹੋਵੇ ਉਹ ਸਿੱਖ
ਦਾ ਕੁੱਝ ਨਹੀਂ ਲੱਗਦਾ। ਕੋਈ ਲੜਾਈ ਸਾਡੀ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਬਾਹਰ ਜਾ ਕੇ
ਨਾ ਜਿੱਤੀ ਜਾ ਸਕਦੀ ਹੈ ਨਾ ਲੜੀ। ਇਹ ਗੱਲ ਸਾਨੂੰ ਸਭ ਨੂੰ ਧਿਆਨ ਵਿੱਚ ਹੋਣੀ ਚਾਹੀਦੀ ਹੈ।
ਗੁਰਦੇਵ ਸਿੰਘ ਸੱਧੇਵਾਲੀਆ