ਗੁਰੂ ਸਾਹਿਬ ਨੇ ਸਿੱਖ ਨੂੰ ਗਿਆਨ ਨਾਲ ਜੋੜਿਆ, ਜੋ ਕਿ ਸ੍ਰੀ ਗੁਰੂ ਗ੍ਰੰਥ
ਸਾਹਿਬ ਸਾਹਿਬ 'ਚ ਸੰਜੋਅ ਕੇ ਰੱਖਿਆ। ਸਿੱਖ ਨੂੰ ਇਹ ਸੇਧ ਦਿੱਤੀ ਕਿ ਉਹ ਗੁਰਬਾਣੀ ਨੂੰ ਪੜੇ,
ਸਮਝੇ ਅਤੇ ਗੁਰਬਾਣੀ ਸਿਧਾਂਤ, ਸਿਖਿਆਵਾਂ ਨੂੰ ਆਪਣੇ ਜੀਵਨ 'ਚ ਢਾਲੇ, ਜਿਸ ਨਾਲ ਸਿੱਖ ਰੱਬੀ ਗੁਣ
ਧਾਰਣ ਕਰ ਸਕੇ।
ਅੱਜ ਦੇ ਯੁਗ ਵਿੱਚ ਗੁਰਬਾਣੀ ਦਾ ਪ੍ਰਚਾਰ ਜ਼ੋਰਾਂ 'ਤੇ ਹੈ। ਕਿਤੇ ਕੀਰਤਨ
ਸਮਾਗਮ, ਕਥਾ ਸਮਾਗਮ, ਢਾਡੀ ਦਰਬਾਰ.... । ਕਈ ਤਰਾਂ ਦੇ ਸਿੱਖ ਬਣ ਗਏ ਨੇ, ਅੰਮ੍ਰਿਤਧਾਰੀ,
ਦਸਤਾਰਧਾਰੀ, ਸਹਿਜਧਾਰੀ, ਨਾਮਧਾਰੀ, ਨੀਲਧਾਰੀ... ਡੇਰੇਦਾਰਾਂ ਨੂੰ ਮੰਨਣ ਵਾਲੇ, ਟਕਸਾਲੀ, ਅਖੰਡ
ਕੀਰਤਨੀਏ, ਸਰਬ ਲੋਹੀਏ... ਕੋਈ ਕਿਸੇ ਬਾਬੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ। ਹਰ ਕੋਈ ਆਪਣੇ ਆਪ
ਨੂੰ ਦੂਜੇ ਤੋਂ ਵਧੀਆ ਸਿੱਖ ਅਖਵਾਉਂਦਾ ਹੈ। ਗੁਰਦੁਆਰਿਆਂ 'ਚ ਵੀ ਵਖਰੇਵਾਂ, ਜਾਤਾਂ ਦੇ ਆਧਾਰਿਤ
ਗੁਰਦੁਆਰੇ, ਟਕਸਾਲੀਆਂ ਦੇ ਗੁਰਦੁਆਰੇ, ਨਾਨਕਸਰੀਆਂ ਦੇ ਗੁਰਦੁਆਰੇ...
ਹਰ ਗੁਰਦੁਆਰੇ 'ਚ ਮਨਮਤਿ ਦਾ ਪ੍ਰਚਾਰ, ਕਿਤੇ ਮਹਿੰਗੇ ਤੋਂ ਮਹਿੰਗਾ ਰੁਮਾਲਾ
ਚੜਾਉਣ ਦੀ ਦੌੜ, ਕਿਤੇ ਜੋਤਾਂ ਜਗਾਉਣ ਦੀ ਹੋੜ, ਹਰ ਕਿਤੇ ਨਿਸ਼ਾਨ "ਸਾਹਿਬ" ਨੂੰ ਮੱਥੇ ਟੇਕਣ ਦੀ
ਹੋੜ, ਪੀੜੇ ਨੂੰ ਹੱਥਾ ਨਾਲ ਘੁਟਣਾ, ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ 'ਤੇ ਘੁਮਾਉਣਾ, ਗੁਰੂ
ਗ੍ਰੰਥ ਸਾਹਿਬ ਦੇ ਕਦੀ ਸੱਜੇ ਪਾਸਿਓਂ, ਕਦੇ ਖੱਬੇ ਪਾਸਿਓਂ ਦੀ ਫੇਰੀ, ਟੱਲ ਖੜਕਾਉਣੇ, ਬਕਰੇ
ਝਟਕਾਉਣੇ, ਟਿੱਕੇ ਲਾਉਣੇ, ਬੱਤੀਆਂ ਬੁਝਾ ਵਾਹਿਗੁਰੂ ਵਾਹਿਗੁਰੂ ਦੀ ਰੱਟ ਲਾਈ ਜਾਣਾ, ਸ਼ਰੀਰਕ
ਦੁੱਖ ਦੂਰ ਕਰਨ ਲਈ ਚੋਣਵੇਂ ਸ਼ਬਦਾਂ ਦੀ ਰੱਟ ਲਾਉਣਾ... ਕਿਹੜੀ ਕਿਹੜੀ ਗੱਲ ਕਰੀਏ, ਲਿਖਿਏ, ਕਿਹੜਾ
ਐਸਾ ਪਾਖੰਡ ਹੈ ਜਿਹੜਾ ਗੁਰਦੁਆਰਿਆਂ 'ਚ ਨਹੀਂ ਹੁੰਦਾ...
ਅੱਜ ਦੇ ੳਗਾਂਹਵਧੂ ਜ਼ਮਾਨੇ 'ਚ, ਸਾਇੰਸ ਦੇ ਯੁਗ 'ਚ ਵੀ ਅਸੀਂ ਕਿੱਥੇ ਖੜੇ
ਹਾਂ। ਗੁਰੂ ਨੇ ਸਾਨੂੰ ਗੁਰਬਾਣੀ ਦੀ ਐਸੀ ਰੋਸ਼ਨੀ ਬਖਸ਼ੀ, ਕਿ ਜਿਸ ਨਾਲ ਹਰ ਤਰਫ ਚਾਨਣ ਹੀ ਚਾਨਣ
ਫੈਲ ਸਕਦਾ ਹੈ, ਗੁਰਬਾਣੀ ਚਾਨਣ ਹੈ, ਪਰ ਇਸ ਗੁਰਬਾਣੀ ਨੂੰ ਗੁਰੂ ਮੰਨਣ ਵਾਲਾ ਸਿੱਖ ਫਿਰ ਹਨੇਰੇ
'ਚ ਕਿਉਂ? ਕਿਉਂਕਿ ਸਿੱਖ ਨੇ ਗੁਰੂ ਗ੍ਰੰਥ ਨੂੰ ਦੇਹ ਮੰਨ ਲਿਆ, ਦੋਹਰਾ ਪੜ੍ਹ ਪੜ੍ਹ ਕੇ ਹੋਰ ਪੱਕਾ
ਕਰ ਲਿਆ ਕਿ ਇਹ ਪ੍ਰਗਟ ਗੁਰਾਂ ਕੀ ਦੇਹ ਹੈ। ਪਰ ਗੁਰਬਾਣੀ ਦੇਹ ਨਹੀਂ, ਗੁਰਬਾਣੀ ਗਿਆਨ ਹੈ, ਸਿੱਖ
ਦਾ ਗੁਰੂ ਗਿਆਨ ਹੈ।
ਅੱਜ ਟੀ.ਵੀ. 'ਤੇ ਦੋ ਕਥਾਵਾਂ ਸੁਨਣ ਨੂੰ ਮਿਲੀਆਂ।
ਪਹਿਲੀ ਕਥਾ, ਸਵੇਰੇ ਬੰਗਲਾ ਸਾਹਿਬ ਤੋਂ
ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਕਥਾ ਕਰ ਰਹੇ ਸਨ, ਜੋ ਪਖੰਡਾਂ ਦੀ ਜੜ੍ਹ ਪੁੱਟ ਰਹੇ ਸਨ। ਸਾਧਾਂ
ਦੇ ਫੈਲਾਏ ਜਾਲ ਨੂੰ ਕੱਟ ਰਹੇ ਸਨ, ਸਿੱਖਾਂ ਨੂੰ ਇਨ੍ਹਾਂ ਪਖੰਡੀਆਂ ਤੋਂ ਬਚਣ ਲਈ ਕਹਿ ਰਹੇ ਸਨ।
ਇੱਕ ਕਮਾਲ ਦੀ ਗੱਲ ਉਨ੍ਹਾਂ ਨੇ ਕੀਤੀ। ਅੱਜਕੱਲ ਜੋ ਪੰਜਾਬ 'ਚ ਹੋ ਰਿਹਾ ਹੈ, ਕਿ ਹਰ ਕੋਈ ਸਾਧ,
ਸੌ ਸੌ ਗਰੀਬ ਬੱਚਿਆਂ ਦੇ ਮੁੱਫਤ ਵਿਆਹ ਕਰਵਾ ਰਿਹਾ ਹੈ, ਬਾਹਰ ਦੇਸ਼ਾਂ 'ਚ ਰਹਿੰਦੇ ਸ਼ਰਧਾਲੂ ਸਿੱਖ
ਲੱਖਾਂ ਰੁਪਏ ਇਨ੍ਹਾਂ ਸਾਧਾਂ ਨੂੰ ਦਾਨ 'ਚ ਦੇ ਦਿੰਦੇ ਨੇ, ਜਿਨ੍ਹਾਂ ਚੋਂ ਇਹ ਸਾਧ ਅੱਧੇ ਤੋਂ
ਜ਼ਿਆਦਾ ਆਪਣਾ ਖੀਸਾ ਭਰਦੇ ਨੇ, ਬਾਕੀ ਥੋੜ੍ਹਾ ਜਿਹਾ ਇਨ੍ਹਾਂ ਵਿਆਹਾਂ 'ਚ ਖਰਚ ਕਰਦੇ ਨੇ। ਵਿਆਹ
ਤਾਂ ਹੋ ਜਾਂਦਾ ਹੈ, ਪਰ ਵਿਆਹ ਤੋਂ ਬਾਅਦ ਬੱਚੇ ਹੋ ਜਾਂਦੇ ਨੇ, ਤਾਂ ਫਿਰ ਉਹ ਗਰੀਬ ਜੋੜੇ ਜਿਹੜੇ
ਪਹਿਲਾਂ ਹੀ ਪੈਸਿਆਂ ਤੋਂ ਲਾਚਾਰ ਹਨ, ਜਾਂ ਤਾਂ ਹੋਰ ਬਿਖਰ ਜਾਂਦੇ ਹਨ, ਜਾਂ ਤੋੜ ਵਿਛੋੜਾ ਹੋ
ਜਾਂਦਾ ਹੈ। ਇਸ ਤੋਂ ਚੰਗਾ ਇਹ ਹੋਵੇ ਕਿ ਉਹ ਪੈਸਿਆਂ ਕਰਕੇ ਅਮੀਰ ਸਿੱਖ, ਆਪਣੇ ਪਿੰਡ ਦਾ ਇੱਕ
ਬੱਚਾ ਹੀ ਪੜ੍ਹਾ ਦੇਣ, ਜਿਸ ਨਾਲ ਉਸ ਬੱਚੇ ਦੲ ਭਵਿੱਖ ਹੀ ਸੰਵਰ ਜਾਏ।
ਦੂਜੀ
ਕਥਾ, ਕੈਨੇਡਾ ਦੇ ਮਿਸੀਸਾਗਾ ਸ਼ਹਿਰ 'ਚ ਇਕ ਗੁਰਦੁਆਰਾ ਜਿਸ 'ਚ ਭਾਈ ਬਲਜਿੰਦਰ ਸਿੰਘ, ਜਵੱਦੀ
ਟਕਸਾਲ ਦੇ ਕਥਾਵਾਚਕ ਕਥਾ ਕਰ ਰਹੇ ਸਨ। ਸਿੱਖ ਨੂੰ ਗੁਰੂ ਨਾਲ ਜੋੜਨ ਲਈ, ਉਹ ਕਹਿ ਰਹੇ ਸਨ ਕਿ
ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨ ਚਾਹੀਦਾ ਹੈ। ਜਿਹੜਾ ਸਿੱਖ ਜਪੁਜੀ ਸਾਹਿਬ ਦਾ ਪਾਠ
ਨਹੀਂ ਕਰਦਾ, ਉਹ ਗੁਰਸਿੱਖ ਨਹੀਂ। ਜਿਹੜੇ ਸਿੱਖ ਨੇ ਗੁਰੂ ਸਾਹਿਬ ਦੇ ਦਰਸ਼ਨ ੴ ਤੋਂ ਲੈਕੇ ਅਠਾਰਹ
ਦਸ ਬੀਸ ਤੱਕ ਨਹੀਂ ਕੀਤੇ, ਉਸ ਦਾ ਜੀਵਨ ਵਿਅਰਥ ਹੈ। ਉਸ ਤੋਂ
ਕਮਾਲ ਦੀ ਗੱਲ ਇਹ ਕਹੀ ਕਿ ਸਿੱਖ ਨੂੰ ਗੁਰੂ ਸਾਹਿਬ ਨੂੰ ਇਸ਼ਨਾਨ ਵੀ ਕਰਾਉਣਾ ਚਾਹੀਦਾ ਹੈ।
ਇਸ਼ਨਾਨ
ਦਾ ਤਰੀਕਾ ਇਹ ਦੱਸਿਆ ਕਿ, ਇੱਕ ਰੁਮਾਲ ਲੈਕੇ, ਪਹਿਲੇ ਅੰਗ ਤੋਂ ਲੈਕੇ ਅਖੀਰਲੇ ਅੰਗ ਤੱਕ ਚੰਗੀ
ਤਰ੍ਹਾਂ ਸਾਫ ਕਰਨਾ। ਇਸ ਤਰਾਂ ਦਾ ਇਸ਼ਨਾਨ ਸਿੱਖ ਲਈ ਬਹੁਤ ਜ਼ਰੂਰੀ ਹੈ।
ਇਹ ਸੁਣ ਕੇ ਹੈਰਾਨੀ ਹੋਈ ਕਿ ਇਹ ਕੀ ਹੋ ਰਿਹਾ ਹੈ, ਇਹ ਪ੍ਰਚਾਰਕ ਸਿੱਖਾਂ
ਨੂੰ ਕੀ ਸੇਧ ਦੇ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਤਾਂ ਪਹਿਲਾਂ ਹੀ ਐਸੇ ਕਰਮਕਾਂਡਾਂ ਨੂੰ ਬੜਾਵਾ
ਦੇਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਦੁਕਾਨ ਚੱਲਦੀ ਰਹੇ। ਇਹ ਉਹੀ ਗੁਰਦੁਆਰਾ ਹੈ, ਜਿਥੇ
ਢੱਡਰੀਆਂ ਵਾਲਾ, ਹਰੀ ਪ੍ਰਸਾਦ ਰੰਧਾਵਾ, ਗਪੌੜੀ ਠਾਕੁਰ ਸਿੰਘ ਅਤੇ ਕਰੀ ਹੋਰ ਕਰਮਕਾਂਡੀ ਆਉਂਦੇ
ਹਨ। ਇਹ ਸਿੱਖਾਂ ਦੀ ਨਿਘਰਦੀ ਹੋਈ ਹਾਲਤ ਹੀ ਹੈ, ਕਿ ਇਸ ਤਰ੍ਹਾਂ ਦਾ ਪ੍ਰਚਾਰ ਕੈਨੇਡਾ ਵਰਗੇ ਦੇਸ਼ਾਂ
'ਚ ਵੀ ਹੋ ਰਿਹਾ ਹੈ।
ਅਕਾਲਪੁਰਖ, ਸਿੱਖਾਂ ਨੂੰ ਸੁਮੱਤ ਬਖਸ਼ੇ।