Share on Facebook

Main News Page

ਅਨਭੋਲ ਸਿੰਘ ਦੀਵਾਨਾ ਵੱਲੋਂ ਮੇਰੇ ਖਿਲਾਫ ਲਿਖਣ ਪਿਛੇ ਸੱਚ ਕੀ ਹੈ?

ਵੀਰ ਅਨਭੋਲ ਸਿੰਘ ਦੀਵਾਨਾ ਪਿਛਲੇ ਦੋ ਮਹੀਨਿਆਂ ਤੋਂ ਮੇਰੇ ਖਿਲਾਫ ਲੇਖ ਲਿਖ ਰਿਹਾ ਹੈ, ਮੀਡੀਆ ਦੇ ਆਪਸੀ ਟਕਰਾਅ ਤੋਂ ਬਚਣ ਦੇ ਮਨਸੇ ਨਾਲ ਮੈ ਇਹਨਾਂ ਦੇ ਜਵਾਬ ਦੇਣ ਤੋਂ ਟਲਦਾ ਆ ਰਿਹਾ ਸੀ। ਹੁਣ ਖਾਲਸਾ ਨਿਊਜ਼ 'ਤੇ ਇਸ ਵੀਰ ਦਾ ਖ਼ਤ ਪੜ੍ਹਿਆ 'ਰਾਮ ਰਾਏ ਦੀ ਰੂਹ ਦਾ ਪ੍ਰਵੇਸ਼'। ਸਾਫ਼ ਹੈ ਕਿ ਇਸ ਖ਼ਤ ਵਿਚ ਮੈਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਟਰਾਂਟੋ ਵਾਲੇ ਹਫ਼ਤਾਵਾਰੀ ਅਖ਼ਬਾਰ ਦਾ ਭਾਵ 'ਸਿੱਖ ਵੀਕਲੀ' ਤੋਂ ਹੈ। ਵੀਰ ਅਨਭੋਲ ਸਿੰਘ ਦਾ ਦੋਸ਼ ਹੈ ਕਿ ਮੈਂ ਗੁਰਬਾਣੀ ਦੀ ਤੁਕ ਨੂੰ ਬਦਲ ਕੇ ਰਾਮ ਰਾਏ ਵਰਗਾ ਅਪਰਾਧ ਕੀਤਾ ਹੈ।

ਅਨਭੋਲ ਸਿੰਘ ਦੀਵਾਨਾ ਨੇ ਮੇਰੇ 'ਤੇ ਅਜਿਹੇ ਇਲਜਾਮ ਪਹਿਲੀ ਵਾਰ ਨਹੀਂ ਲਾਏ। ਉਸ ਨੇ ਆਪਣੇ ਭਗਵੇਂ ਮੈਗਜ਼ੀਨ ਦੇ ਜੂਨ ਅੰਕ ਵਿਚ ਮੇਰੀ ਤੁਲਨਾ ਗਧੇ ਨਾਲ ਕੀਤੀ ਸੀ ਅਤੇ ਜੁਲਾਈ ਅੰਕ ਵਿਚ ਲਿਖੀ ਆਪਣੀ ਸੰਪਾਦਕੀ ਵਿਚ ਵੀ ਉਸ ਨੂੰ 'ਸੰਤਵਾਦ' 'ਤੇ ਲਿਖੇ ਮੇਰੇ ਲੇਖ 'ਤੇ ਕਾਫ਼ੀ ਗੁੱਸਾ ਆਇਆ ਸੀ। ਇਸ ਸੱਜਣ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਮੇਰੇ ਖਿਲਾਫ਼ ਲਿਖੇ ਜਾਣ ਦਾ ਇਕੋ-ਇਕ ਕਾਰਨ ਸਾਡੀ ਕਥਿਤ ਸੰਤਵਾਦ ਦੇ ਖਿਲਾਫ਼ ਵਿੱਢੀ ਮੁਹਿੰਮ ਅਤੇ ਪਾਲ ਸਿੰਘ ਪੁਰੇਵਾਲ ਦੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਪੱਖ 'ਚ ਡਟ ਕੇ ਖੜ੍ਹਨਾ ਹੈ।

ਪਿਛਲੇ ਦੋ ਕੁ ਮਹੀਨਿਆਂ 'ਚ ਹੀ ਅਸੀਂ ਸਿੱਖ ਪਾਠਕਾਂ ਨੂੰ ਕਥਿਤ ਸੰਤਵਾਦ ਦੀ ਅਸਲੀਅਤ ਬਾਰੇ 29 ਜੁਲਾਈ 2011 ਦੇ ਸਿੱਖ ਵੀਕਲੀ ਦੇ ਅੰਕ ਵਿਚ ਸੰਪਾਦਕੀ ਲੇਖ ਪ੍ਰਕਾਸ਼ਿਤ ਕੀਤੇ ਹਨ ਜਿਸ ਵਿਚ

  1. ਸੰਤਵਾਦ ਦਾ ਪਸਾਰਾ ਕੌਮ ਨੂੰ ਕਿਧਰ ਲਿਜਾ ਰਿਹਾ ਹੈ
  2. ਇਕ ਸੌ ਇਕ ਫੀਸਦੀ ਤਸੱਲੀ ਅਤੇ ਸੰਤਵਾਦੀ ਸੋਚ
  3. ਜੇ ਮਨੁੱਖ ਸਿਰਫ਼ ਪੁਰਸ਼ ਹੀ ਬਣ ਜਾਵੇ
  4. ਡੇਰਾਵਾਦੀ ਮੀਡੀਆ ਸਿੱਖ ਕੌਮ ਲਈ ਨਵੀਂ ਚੁਣੌਤੀ

ਇਹਨਾਂ ਸਾਰੇ ਲੇਖਾਂ ਵਿਚ ਅਸੀਂ ਆਪਣੇ ਪਾਠਕਾਂ ਨੂੰ ਦੱਸਿਆ ਸੀ ਕਿ ਕਿਵੇਂ ਨਵਾਂ ਪੈਦਾ ਹੋਇਆ ਸੰਤਵਾਦ ਸਿੱਖੀ ਦਾ ਮੂਲ ਰੂਪ ਬਦਲ ਕੇ ਗੁਰੂ ਸਿਧਾਂਤ ਨਾਲੋਂ ਨਿੱਜੀ ਡੇਰਾਵਾਦੀ ਸਿਧਾਂਤ ਨਾਲ ਜੋੜ ਰਿਹਾ ਹੈ। ਅਜਿਹਾ ਲਿਖਦੇ ਸਮੇਂ ਅਸੀਂ ਇਕ ਤਸਵੀਰ ਬਣਾਈ ਸੀ ਜਿਸ ਵਿਚ ਡੇਰਾਵਾਦੀ ਮੀਡੀਆ ਵੱਲੋਂ ਵਿਹਲੜ ਸਾਧਾਂ ਨੂੰ ਰੱਬੀ ਰੂਪ ਵਿਚ ਪ੍ਰਚਾਰਨ ਦਾ ਤਤਭਵ ਰੂਪ ਪ੍ਰਗਟ ਹੁੰਦਾ ਸੀ। ਇਸ ਤਸਵੀਰ ਵਿਚ ਲਿਖੇ 'ਸੰਤ ਕੀ ਬੇਲਾ' ਤੋਂ ਭਾਵ ਕਿਸੇ ਵੀ ਰੂਪ ਵਿਚ ਗੁਰਬਾਣੀ ਦੀ ਪੰਗਤੀ ਨਾਲ ਛੇੜਛਾੜ ਬਿਲਕੁਲ ਨਹੀਂ ਕਿਉਂਕਿ 'ਸੰਤ ਕੀ ਬੇਲਾ' ਗੁਰਬਾਣੀ ਦੀ ਪੰਗਤੀ ਹੈ ਹੀ ਨਹੀਂ। ਪਰ ਸਾਡੇ ਨਾਲ ਨਿੱਜੀ ਰੂਪ ਵਿਚ ਖਾਰ ਖਾਂਦੇ ਵੀਰ ਅਨਭੋਲ ਸਿੰਘ ਦੀਵਾਨਾ ਨੇ ਆਪਣੇ ਕੋਲੋਂ ਹੀ ਗੁਰਬਾਣੀ ਵਿਚਲੀ ਪੰਗਤੀ ਦਾ ਹਵਾਲਾ ਦੇ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਮੈਂ ਸੱਚਮੁਚ ਗੁਰਬਾਣੀ ਦੀ ਕਿਸੇ ਪੰਗਤੀ ਨੂੰ ਬਦਲਿਆ ਹੋਵੇ। ਅਸੀਂ ਇਸ ਗੱਲੋਂ ਪੂਰੀ ਤਰ੍ਹਾਂ ਸੁਚੇਤ ਹਾਂ ਕਿ ਆਪਣੇ ਅਖ਼ਬਾਰ ਵਿਚ ਲੇਖਾਂ ਦੀ ਵਿਆਖਿਆ ਸਮੇਂ ਵੀ ਗੁਰਬਾਣੀ ਦੀਆਂ ਤੁਕਾਂ ਨੂੰ ਅਸਲ ਗੁਰਬਾਣੀ ਨਾਲ ਮੇਲ ਕੇ ਪ੍ਰਕਾਸ਼ਿਤ ਕਰਦੇ ਹਾਂ ਤਾਂ ਕਿ ਕਿਸੇ ਵੀ ਲਗ-ਮਾਤਰ ਦਾ ਕੋਈ ਅੰਤਰ ਨਾ ਰਹਿ ਜਾਵੇ। ਗੁਰਬਾਣੀ ਦੇ ਕਿਸੇ ਸ਼ਬਦ ਨੂੰ ਜਾਣਬੁਝ ਕੇ ਅਸ਼ੁੱਧ ਕਰਨ ਦਾ ਪਾਪ ਤਾਂ ਮੇਰੇ ਤਸਵਰ 'ਚ ਵੀ ਨਹੀਂ। ਸਗੋਂ ਜਿਸ ਵੇਲੇ ਅਸੀਂ ਕਿਸੇ ਹੋਰ ਵਿਅਕਤੀ ਵੱਲੋਂ ਵੀ ਅਜਿਹੀ ਕੋਈ ਗੱਲ ਪੜ੍ਹਦੇ ਸੁਣਦੇ ਹਾਂ ਉਸ ਦਾ ਡਟ ਕੇ ਵਿਰੋਧ ਕਰਦੇ ਹਾਂ।

ਹੁਣੇ ਹੁਣੇ ਜਦੋਂ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਨੇ ਗੁਰਬਾਣੀ ਦੇ ਅਸ਼ੁੱਧ ਹੋਣ ਦੀ ਗੱਲ ਕੀਤੀ, ਤਾਂ ਅਸੀਂ ਸਿੱਖ ਵੀਕਲੀ ਦੇ ਅੰਕ ਵਿਚ ਇਸ ਖਿਲਾਫ਼ ਸੰਪਾਦਕੀ ਲੇਖ ਲਿਖਿਆ ਹੈ। ਫਿਰ ਭਲਾ ਅਸੀਂ ਖੁਦ ਇਹ ਖੁਨਾਮੀ ਕਿਵੇਂ ਕਰ ਸਕਦੇ ਹਾਂ? ਸੋ ਮੈਂ ਇਹ ਗੱਲ ਫਿਰ ਦੁਹਰਾ ਰਿਹਾ ਹਾਂ ਕਿ ਸੰਤਵਾਦੀ ਮੀਡੀਆ ਦੇ ਖਿਲਾਫ਼ ਲਿਖੇ ਲੇਖ ਨਾਲ ਵਰਤੀ ਗਈ ਤਸਵੀਰ ਵਿਚ ਕੋਈ ਵੀ ਸ਼ਬਦ ਗੁਰਬਾਣੀ ਦੀ ਤੁਕ ਦੇ ਬਦਲੇ ਗਏ ਸ਼ਬਦ ਨਹੀਂ ਹਨ।

ਹਾਂ, ਜਿਸ ਤਰ੍ਹਾਂ ਪਹਿਲਾਂ ਵੀ ਦੱਸ ਚੁੱਕਿਆਂ ਹਾਂ ਕਿ ਅਨਭੋਲ ਸਿੰਘ ਦੀਵਾਨਾ ਨੂੰ ਡੇਰੇਦਾਰ ਸਾਧਾਂ ਕੋਲੋਂ ਲੱਖਾਂ ਰੁਪਏ ਪੂਜਾ ਦਾ ਧਨ ਮਿਲਦੇ ਹਨ ਜਿਸ ਦਾ ਵੇਰਵਾ ਉਸ ਦੇ ਹਰ ਅੰਕ ਵਿਚ ਲਿਖਿਆ ਵੀ ਹੁੰਦਾ ਹੈ (ਮਸਾਲ ਵਜੋਂ ਜੁਲਾਈ ਮਹੀਨੇ ਦੇ ਅੰਕ ਸਫ਼ਾ ਇਕ 'ਤੇ ਗੁਰਇਕਬਾਲ ਸਿੰਘ, ਮਾਤਾ ਕੌਲਾਂ ਭਲਾਈ ਕੇਂਦਰ (?) ਵੱਲੋਂ 11,3000 ਰੁਪਏ ਮਿਲੇ ਜਾਣ ਦਾ ਵੇਰਵਾ ਉਸ ਨੇ ਖੁਦ ਛਾਪਿਆ ਹੈ) ਇਸ ਲਈ ਜਦੋਂ ਅਸੀਂ ਆਪਣੇ ਸਿੱਖ ਭਰਾਵਾਂ ਅਤੇ ਸਿੱਖ ਵੀਕਲੀ ਦੇ ਪਾਠਕਾਂ ਲਈ ਡੇਰੇਦਾਰਾਂ ਦੀਆਂ ਹਮਾਮੀਂ ਗੱਲਾਂ ਨਸ਼ਰ ਕਰਦੇ ਹਾਂ ਤਾਂ ਲੱਖਾਂ ਰੁਪਏ ਅਨਭੋਲ ਸਿੰਘ ਨੂੰ ਦੇਣ ਵਾਲੇ ਕਥਿਤ ਸਾਧ ਸਾਡੇ ਵੀਰ ਨੂੰ ਆਪਣੇ ਹੀ ਭਰਾਵਾਂ 'ਤੇ ਦੂਸ਼ਣ ਲਾਉਣ ਲਈ ਮਜ਼ਬੂਰ ਕਰਦੇ ਹੋਣਗੇ। ਇਸੇ ਲਈ ਵੀਰ ਦੀਵਾਨਾ ਦੀ ਮਜ਼ਬੂਰੀ ਨੂੰ ਸਮਝਦੇ ਹੋਏ ਸਾਨੂੰ ਗੁੱਸਾ ਆਉਣ ਦੀ ਥਾਂ ਉਸ 'ਤੇ ਤਰਸ ਵਧੇਰੇ ਆਉਂਦਾ ਹੈ।

 

ਗੁਰਸੇਵਕ ਸਿੰਘ ਧੌਲਾ
94632-16267

info@sikhweekly.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top