ਇਹ
ਗੱਲ ਸਹੀ ਹੈ ਕਿ ਚੰਦ ਕੁ ਵਿਸ਼ੇ ਐਸੇ ਹਨ, ਜਿਨ੍ਹਾਂ ਬਾਰੇ ਜਨਤਕ ਵਿਚਾਰ ਤੋਂ ਸੰਕੋਚ ਕੀਤਾ ਜਾਣਾ
ਚਾਹੀਦਾ ਹੈ ਕਿਉਂਕਿ ਐਸੀ ਵਿਚਾਰ ਨਵੇਂ ਜਗਿਆਸੂ ਦੇ ਮਨ ’ਤੇ ਗਲਤ ਅਸਰ ਕਰ ਸਕਦੀ ਹੈ। ਪਰ ਉਸ ਲਈ
ਜ਼ਰੂਰੀ ਹੈ ਕਿ ਸਾਹਮਣੇ ਆ ਰਹੇ ਐਸੇ ਸ਼ੰਕਿਆਂ/ਕਿੰਤੂਆਂ ਨੂੰ ਨਜਿਠੱਣ ਲਈ ਇਕ ਮੰਚ (ਪੈਨਲ ਆਦਿ)
ਹੋਵੇ। ਨਾਜ਼ੁਕ ਮਸਲਿਆਂ ’ਤੇ ਕਿਸੇ ਵੀ ਕਿਸਮ ਦਾ ਸਵਾਲ/ਸ਼ੰਕਾ/ਕਿੰਤੂ ਉਸ ਪੈਨਲ ਸਾਹਮਣੇ ਰੱਖਿਆ
ਜਾਵੇ। ਪੈਨਲ ਉਸ ਸਵਾਲ/ਸ਼ੰਕੇ/ਕਿੰਤੂ ਦਾ ਢੁੱਕਵਾਂ ਜਵਾਬ ਸਵਾਲਕਰਤਾ ਨੂੰ ਨਿੱਜੀ ਤੌਰ ’ਤੇ ਦੇਵੇ।
ਜੇ ਕੋਈ ਪੰਥ ਵਿਰੋਧੀ ਧਿਰ ਜਾਣਬੂਝ ਕੇ ਐਸੇ ਸ਼ੰਕੇ ਜਨਤਕ ਤੌਰ ’ਤੇ ਖੜੇ ਕਰਦੀ ਹੈ ਤਾਂ ਉਸ ਦਾ
‘ਠਰੰਮੇ’ ਅਤੇ ‘ਸਹਿਜ’ ਨਾਲ ਢੁੱਕਵਾਂ ਪ੍ਰਤੀਕਰਮ ਦੇਣ ਦਾ ਜ਼ਿੰਮਾ ਵੀ ਉਸ ਪੈਨਲ ਦਾ ਹੀ ਹੋਵੇ, ਹਰ
ਜਣਾ-ਖਣਾ ਉਸ ਦਾ ਜਵਾਬ ਦੇ ਕੇ ਖਿਚੜੀ ਨਾ ਘੋਲੀ ਜਾਵੇ। ਭ੍ਰਿਸ਼ਟ ਕੇਂਦਰੀ ਸਿੱਖ ਸੰਸਥਾਵਾਂ ਵਲੋਂ
ਤਾਂ ਐਸਾ ਪੈਨਲ ਖੜਾ ਕਰਨ ਦੀ ਉਮੀਦ ਨਹੀਂ ਹੈ ਕਿਉਂਕਿ ਨਾ ਤਾਂ ਉਨ੍ਹਾਂ ਵਿਚ ਐਸੀ ਇੱਛਾ ਸ਼ਕਤੀ ਹੈ
ਤੇ ਨਾ ਹੀ ਉਨ੍ਹਾਂ ਦੀ ਸੁਹਿਰਦਤਾ ’ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।
ਐਸੇ ਵਿਚ ਜਾਗਰੂਕ ਪੰਥ ਦਾ ਫਰਜ਼ ਬਣਦਾ ਹੈ ਕਿ ਜਿਤਨੀ ਜਲਦੀ ਹੋ ਸਕੇ ਐਸੇ
ਇਕ ਪੈਨਲ ਦਾ ਗਠਨ ਕਰਕੇ, ਉਸ ਬਾਰੇ ਜਨਤਕ ਤੌਰ ’ਤੇ ਐਲਾਨ ਕੀਤਾ ਜਾਵੇ। ਐਸੇ ਸ਼ੰਕਿਆਂ/ਕਿੰਤੂਆਂ
ਤੋਂ ਬੌਖਲਾ ਕੇ, ਸਹਿਜ ਦਾ ਤਿਆਗ ਕਰਕੇ, ਸ਼ੰਕਾਲੂ ਦਾ ਸਿਰ ਵੱਢ ਕੇ ਲਿਆਉਣ ਦੇ ਫਤਵੇ ਜਾਰੀ ਕਰਨ
ਦੀ ਸੋਚ ਹੋਰ ਭਾਂਵੇ ਕੁਝ ਵੀ ਹੋਵੇ, ਪਰ ਗੁਰਮਤਿ ਨਹੀਂ ਹੋ ਸਕਦੀ।