Share on Facebook

Main News Page

ਇਕ ਖ਼ਤ-ਸ਼੍ਰੋਮਣੀ ’ਕਾਲੀ ਦਲ ਦੇ ਨਵੇਂ ਸ਼੍ਰੋਮਣੀ ਕਮੇਟੀ ਉਮੀਦਵਾਰਾਂ ਦੇ ਨਾਮ

ਤੁਸੀਂ ਸੋਚਦੇ ਹੋਵੋਗੇ ਕਿ ਇਹ ਖ਼ਤ ਸਿਰਫ ਨਵੇਂ ਉਮੀਦਵਾਰਾਂ ਨੂੰ ਹੀ ਕਿਉਂ ਲਿਖਿਆ ਜਾ ਰਿਹਾ ਹੈ? ਕੀ ਇਹ ਗੱਲਾਂ ਦੂਜੇ ਉਮੀਦਵਾਰਾਂ ਲਈ ਨਹੀਂ ਹਨ?

ਅਸਲ ਵਿਚ ਜੋ ਕੁਝ ਮੈਂ ਹੇਠਾਂ ਲਿਖਣਾ ਹੈ, ’ਕਾਲੀ ਦਲ ਦੇ ਪੁਰਾਣੇ ਸਾਰੇ ਮੈਂਬਰ ਇਸ ਤੋਂ ਭਲੀ ਭਾਂਤ ਜਾਣੂ ਹਨ। ਇਹ ਗੱਲਾਂ ਤਾਂ ਸ਼੍ਰੋਮਣੀ ਕਮੇਟੀ ਦੇ ਚੁਣੇ ਜਾ ਰਹੇ ਕੁਝ ਨਵੇਂ ਮੈਂਬਰਾਂ ਲਈ ਹਨ, ਜਿਹਨਾਂ ਨੂੰ ਅਜੇ ਇਸ ਖੇਤਰ ਦਾ ਤਜ਼ਰਬਾ ਨਹੀਂ ਹੈ। ਜਿਹੜੇ ਆਪਣੇ ਬਾਪੂ ਦੇ ਉਤਰ-ਅਧਿਕਾਰੀ ਵਜੋਂ ਜਾਂ ਕਿਸੇ ਹੋਰ ‘ਖਾਸ’ ਸਿਫਾਰਸ਼ ਨਾਲ ਇਹ ਉਮੀਦਵਾਰੀ ਪਹਿਲੀ ਵਾਰ ਹਾਸਲ ਕਰ ਰਹੇ ਹਨ।

ਸੋ ਸ਼੍ਰੋਮਣੀ ਕਮੇਟੀ ਦੇ ਨਵੇਂ ਉਮੀਦਵਾਰ ਵੀਰੋ,

‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’

ਵੀਰੋਂ ਤੁਸੀਂ ਅਜੇ ਫਤਹਿ ਬੁਲਾਉਣੀ ਸਿੱਖ ਹੀ ਰਹੇ ਹੋਵੋਗੇ। ਤੁਹਾਡੇ ਲਈ ਨਵਾਂ ਤਜ਼ਰਬਾ ਹੈ ਨਾ, ਆਮ ਜ਼ਿੰਦਗੀ ਵਿਚ ਤਾਂ ਕਦੇ ਤੁਸੀਂ ਫਤਹਿ ਬੁਲਾਈ ਨਹੀਂ ਹੋਣੀ। ਸੋ ਆਪਾਂ ਗੱਲ ਏਥੋਂ ਹੀ ਸ਼ੁਰੂ ਕਰਦੇ ਹਾਂ।

ਤੁਸੀਂ ਸਟੇਜ਼ਾਂ ’ਤੇ ਬੋਲਣ ਤੋਂ ਪਹਿਲਾਂ ਜਾਂ ਆਮ ਸੰਗਤ ਨੂੰ ਮਿਲਣ ਵੇਲੇ ਫਤਹਿ ਬੁਲਾਉਣ ਦੀ ਆਦਤ ਪਕਾ ਰਹੇ ਹੋਵੋਗੇ ਤਾਂ ਥੋਨੂੰ ਦੱਸ ਦੇਵਾਂ ਕਿ ਨਾਲ ਲੱਗਦੇ ਹੀ ਹੁਣ ‘ਜੈ ਸ਼੍ਰੀ ਰਾਮ’ ਕਹਿਣ ਦੀ ਆਦਤ ਵੀ ਪਕਾ ਲਓ ਕਿਉਂਕਿ ਫਤਹਿ ਤਾਂ ਤੁਸੀਂ ਸਿਖ ਧਾਰਮਿਕ ਪ੍ਰੋਗਰਾਮਾਂ ਜਾਂ ਗੁਰਦੁਆਰਿਆਂ ’ਚ ਹੀ ਬੁਲਾ ਸਕੋਗੇ। ਜਦੋਂ ਤੁਸੀਂ ਜਗਰਾਤਿਆਂ, ਨਰਾਤਿਆਂ ਦੇ ਪ੍ਰੋਗਰਾਮਾਂ ਜਾਂ ਦੁਸਹਿਰੇ ਆਦਿ ’ਤੇ ਜਾਇਆ ਕਰੋਗੇ ਤਾਂ ਤੁਹਾਨੂੰ ‘ਜੈ ਸ਼੍ਰੀ ਰਾਮ’ ਹੀ ਕਹਿਣਾ ਪਿਆ ਕਰੇਗਾ, ਤੇ ਜਿਹੋ ਜਹੇ ਹਾਲਾਤ ਅੱਜ ਦੀ ਕਮੇਟੀ ਦੇ ਹਨ ਉਹਨਾਂ ਅਨੁਸਾਰ ਤੁਹਾਨੂੰ ਸ਼ਾਇਦ ਐਤਕੀ ਪ੍ਰਧਾਨ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ‘ਜੈ ਸ਼੍ਰੀ ਰਾਮ’ ਹੀ ਕਹਿਣਾ ਪਵੇ। ਅਸਲ ਵਿਚ ਤੁਹਾਡੀ ਪਾਰਟੀ ਦੀ ਸਾਂਝ ਜਿਸ ਪਾਰਟੀ ਹੈ, ਜੇ ਤੁਸੀਂ ‘ਜੈ ਸ਼੍ਰੀ ਰਾਮ’ ਕਹਿਣ ਤੋਂ ਮੁਨਕਰ ਹੋਏ ਤਾਂ ਉਸ ਸਾਂਝ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਤੁਸੀਂ ਸੋਚਦੇ ਹੋਵੋਗੇ ਕਿ ਸਾਡਾ, ਸ਼੍ਰੋਮਣੀ ਕਮੇਟੀ ਦੇ ਉਮੀਦਵਾਰਾਂ ਜਾਂ ਮੈਂਬਰਾਂ ਦਾ, ਭਾਜਪਾ ਨਾਲ ਕੀ ਸੰਬੰਧ। ਵੀਰੋ, ਇਹ ਭੁਲੇਖਾ ਦਿਮਾਗ ਵਿਚੋਂ ਕੱਢ ਦਿਓ ਕਿ ਤੁਸੀਂ ਗੁਰਦੁਆਰਿਆਂ ਦਾ ਚੰਗਾ ਪ੍ਰਬੰਧ ਕਰਨ ਲਈ ਜਾਂ ਧਰਮ ਪ੍ਰਚਾਰ ਲਈ ਚੁਣੇ ਜਾ ਰਹੇ ਹੋ। ਤੁਹਾਡਾ ਜਿਆਦਾ ਸਮਾਂ ਤਾਂ ’ਕਾਲੀ ਦਲ ਤੇ ਭਾਜਪਾ ਦੀਆਂ ਸਿਆਸੀ ਰੈਲੀਆਂ ਦੇ ਪ੍ਰਬੰਧ ਕਰਨ ਵਿਚ ਹੀ ਲੰਘਣਾ ਹੈ। ਉਹਨਾਂ ਰੈਲੀਆਂ ਵਿਚ ਲੰਗਰ ਪਾਣੀ ਪੁਚਾਉਣ ਦੀ ਡਿਊਟੀ ਤੁਹਾਡੀ ਹੀ ਲੱਗਣੀ ਹੈ। ਇਸ ਲਈ ਭਾਜਪਾ ਨਾਲ ਤੁਹਾਡਾ ਸਿੱਧਾ ਸਬੰਧ ਰਹਿਣਾ ਹੈ ਤੇ ਉਹਨਾਂ ਰੈਲੀਆਂ ਵਿਚ ਫਤਹਿ ਤੇ ‘ਬੋਲੇ ਸੋ ਨਿਹਾਲ’ ਤੋਂ ਵੱਧ ‘ਜੈ ਜੈ ਸ਼੍ਰੀ ਰਾਮ’ ਬੋਲਿਆ ਜਾਣਾ ਹੈ। ਸੋ ਤੁਸੀਂ ਵੀ ਬੋਲੋ ‘ਜੈ ਜੈ ਸ਼੍ਰੀ ਰਾਮ’।

ਤੁਹਾਡੇ ਵਿਚੋਂ ਕੁਝ ਨਾਰਾਜ਼ ਹੋਏ ਬੈਠੇ ਹੋਣਗੇ ਕਿ ਫਲਾਣੇ ਏਰੀਏ ’ਚੋਂ ਉਹਨਾਂ ਦੀ ਟਿਕਟ ਕੱਟ ਕੇ ਫਲਾਣੇ ਨੂੰ ਦੇ ਦਿੱਤੀ ਗਈ ਹੈ। ਅਸਲ ਵਿਚ ਵੀਰੋ ਉਹ ਫਲਾਣਾ ਬੰਦਾ ਤੁਹਾਡੀ ਸਹਿਯੋਗੀ ਪਾਰਟੀ (ਭਾਜਪਾ) ਦਾ ਹੈ। ਐਤਕੀ ਉਹਨਾਂ ਦੇ ਵੀ ‘ਕੁਝ ਬੰਦੇ’ ਖੜ੍ਹੇ ਕਰਨੇ ਪੈਣਗੇ, ਨਹੀਂ ਤਾਂ ਐਵੇ ‘ਉਹ’ ਗੁੱਸਾ ਕਰਦੇ ਹਨ। ਤੁਸੀਂ ਸ਼ੁਕਰ ਕਰੋ ਕਿ ਉਸ ਫਲਾਣੇ ਬੰਦੇ ਦੇ ਨਾਮ ਨਾਲ ‘ਸਿੰਘ’ ਲੱਗਦਾ ਹੈ, ਨਹੀਂ ਤਾਂ ਨੱਥੂ ਰਾਮ ਜਾਂ ਰਾਮ ਕੁਮਾਰ ਵੀ ਹੋ ਸਕਦਾ ਸੀ, ਚਲੋ ਕੁਝ ਦੇਰ ਉਡੀਕ ਕਰੋ ਉਹ ਵੀ ਆ ਜਾਣਗੇ।

ਅੱਛਾ, ਭਾਜਪਾ ਦੇ ਉਹ ਫਲਾਣੇ ਬੰਦੇ ਨੂੰ ਟਿਕਟ ਦੇਣ ਦਾ ਦੂਜਾ ਕਾਰਨ ਇਹ ਹੈ ਕਿ ਆਰ.ਐਸ.ਐਸ. ਨਿੱਤ ਦਿਹਾੜੀ ਰੌਲਾ ਪਾ ਰਹੀ ਹੈ ਕਿ ਉਹਨਾਂ ਦੇ ਕੁਝ ਪੁਰਾਣੇ ਸ਼੍ਰੋਮਣੀ ਕਮੇਟੀ ਮੈਂਬਰ ਸਾਥੀਆਂ ਨੇ ਠੀਕ ਤਰ੍ਹਾਂ ਕੰਮ ਨਹੀਂ ਕੀਤਾ ਤੇ ਆਰ.ਐਸ.ਐਸ. ਦੇ ਏਜੰਡੇ ਨੂੰ ਵੀ ਪੂਰੀ ਤਰ੍ਹਾਂ ਫਾਲ੍ਰੋ ਨਹੀਂ ਕੀਤਾ। ਸੋ ਹੁਣ ਉਹ ਬਿਲਕੁਲ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਇਸ ਲਈ ਐਤਕੀ ਉਹਨਾਂ ਨੇ ਆਪਣੇ ਪੂਰੀ ਤਰ੍ਹਾਂ ਸਿੱਖਿਅਤ ਅਤੇ ਭਰੋਸੇਯੋਗ ਬੰਦਿਆਂ ਲਈ ਸ਼੍ਰੋਮਣੀ ਕਮੇਟੀ ਦੀਆਂ ਕੁਝ ਸੀਟਾਂ ਰਾਖਵੀਆਂ ਕਰਵਾ ਲਈਆਂ ਹਨ, ਜਿਹਨਾਂ ਵਿਚ ਇਹ ‘ਫਲਾਣਾ ਸਿੰਘ’ ਵੀ ਆਉਂਦਾ ਹੈ। ਸੋ ਬੋਲੋ ‘ਜੈ ਸ਼੍ਰੀ ਰਾਮ’।

ਤੁਸੀ ਨਵਿਆਂ ਵਿਚੋਂ ਸ਼ਰਾਬ ਕਿੰਨੇ ਕੁ ਪੀ ਲੈਂਦੇ ਹੋ, ਲੈ ਹੱਸਦੇ ਹਨ। ਹੱਸੋ ਨਾ, ਸਹੀ-ਸਹੀ ਦੱਸੋ, ਇਹ ਕੋਈ ਮਜ਼ਾਕ ਨਹੀਂ। ਇਹ ਵੀ ਤੁਹਾਡੀ ਯੋਗਤਾ ਵਿਚ ਸ਼ਾਮਲ ਹੈ। ਇਹਦੇ ਵਿਚ ਸ਼ਰਮ ਵਾਲੀ ਕੋਈ ਗੱਲ ਨਹੀਂ। ਹੁਣ ਨੱਚਣ ਹੀ ਲੱਗੇ ਹੋ ਤਾਂ ਘੁੰਡ ਕਾਹਦਾ। ਮੈਂ ਤਾਂ ਸਿਰਫ ਇਸ ਲਈ ਪੁੱਛਿਆ ਸੀ ਕਿ ਜੇ ਤੁਸੀਂ ਮਾੜੀ ਮੋਟੀ ਪੀ ਲੈਂਦੇ ਹੋ ਤਾਂ ਤੁਸੀਂ ਥੋੜੇ ਕੰਫਰਟੇਬਲ (ਸੌਖੇ) ਰਹੋਗੇ। ਨਹੀਂ ਤਾਂ ਐਵੇਂ ਲੋਕ ਥੋਨੂੰ ਚੂਨਾ ਲਾ ਜਾਣਗੇ। ਮੈਨੂੰ ਲੱਗਦੈ ਤੁਸੀਂ ਅਜੇ ਵੀ ਸਮਝੇ ਨਹੀਂ। (ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਗੁਰਦੁਆਰਿਆਂ ਦੇ ਸੁਧਾਰ ਜਾਂ ਧਰਮ ਪ੍ਰਚਾਰ ਦੀ ਕੋਈ ਗੱਲ ਜੇ ਤੁਹਾਡੇ ਦਿਮਾਗ ’ਚ ਹੈ ਤਾਂ ਕੱਢ ਦਿਓ)।

ਹੁਣ ਜਿੱਤਣ ਲਈ ਮਾੜੀ ਮੋਟੀ ਲਾਲ ਪਰੀ ਤਾਂ ਵਰਤਾਉਣੀ ਪਊ। ਸਾਰੇ ਈ ਵੰਡਦੇ ਐ, ਇਹਦੇ ’ਚ ਮਾੜੀ ਗੱਲ ਕੀ ਐ। ਬਸ ਜੇ ਤੁਸੀਂ ਆਪ ਪੀਂਦੇ ਹੋ ਤਾਂ ਲਾਜ਼ਮੀਂ ਐ ਕਿ ਕੁਝ ਠੇਕੇਦਾਰਾਂ ਨੂੰ ਵੀ ਜਾਣਦੇ ਹੋਵੋਗੇ। ਚੰਗੀ ਮਾੜੀ ਚੀਜ਼ ਦੀ ਪਰਖ ਵੀ ਤਾਂ ਜ਼ਰੂਰੀ ਐ ਨਾ। ਨਹੀਂ ਤਾਂ ਐਵੇਂ ਪੈਸੇ ਵੀ ਲੱਗ ਜਾਂਦੇ ਐ ਤੇ ਚੀਜ਼ ਵੀ ਨਹੀਂ ਮਿਲਦੀ ਚੱਜਦੀ। ਅੱਜ ਕੱਲ ਮਿਲਾਵਟ ਵੀ ਬਥੇਰੀ ਵਧ ਗਈ ਐ ਨਾ। ਰੋਜ਼ ਅਖ਼ਬਾਰਾਂ ’ਚ ਪੜ੍ਹੀਦੈ ਬੀ ਮਾੜੀ ਦਾਰੂ ਪੀਣ ਨਾਲ ਐਨੇ ਬੰਦੇ ਮਰਗੇ। ਹੁਣ ਤੁਸੀਂ ਧਾਰਮਿਕ ਸੰਸਥਾ ਲਈ ਲੜਣੈ, ਮਾੜੀ ਚੀਜ਼ ਵੰਡਦੇ ਚੰਗੇ ਲੱਗੋਗੇ। ਸੋ ਹੁਣੇ ਆਪਣੀ ਪਛਾਣ ਦੇ ਠੇਕੇਦਾਰਾਂ ਨਾਲ ਗੱਲ ਕਰ ਲਓ ਤੇ ਆਵਦਾ ਕੋਟਾ ਵੋਟਾਂ ਲਈ ਇਕੱਠਾ ਮੰਗਵਾ ਕੇ ਰੱਖ ਲਓ। ਨਾਲੇ ’ਕੱਠੀ ਸਸਤੀ ਮਿਲ ਜਾਂਦੀ ਐ।

ਕਿਉਂ ਠੀਕ ਐ ਨਾ.....

ਇੱਕ ਹੋਰ ਗੱਲ ਜਿਹੜੀ ਤੁਹਾਡੇ ਜਿੱਤਣ ਲਈ ਜ਼ਰੂਰੀ ਐ ਉਹ ਐ ਚਾਪਲੂਸੀ। ਇਹ ਆਉਣੀ ਬਹੁਤ ਜਰੂਰੀ ਐ। ਭਾਵੇਂ ਆਵਦੇ ਸੀਨੀਅਰਾਂ ਨੂੰ ਪੁੱਛ ਲਓ। ਟਿਕਟ ਲੈਣ ਲਈ, ਉਮੀਦਵਾਰੀ ਪੱਕੀ ਕਰਨ ਲਈ, ਤਰੱਕੀ ਲਈ ਇਹ ਬਹੁਤ ਜਰੂਰੀ ਐ। ਐਵੇਂ ਘਬਰਾਓ ਨਾ ਤੁਹਾਨੂੰ ਚਾਪਲੂਸੀ ਬਹੁਤੇ ਬੰਦਿਆਂ ਦੀ ਨਹੀਂ ਕਰਨੀ ਪਵੇਗੀ। ਬਸ ਇਕ-ਦੋ ਬੰਦਿਆਂ ਨਾਲ ਕੰਮ ਚੱਲ ਜਾਣੈ। ਦੋ ਵੀ ਕਾਹਦੇ ਇੱਕ ਬੰਦੇ ਨਾਲ ਹੀ ਸਰ ਜਾਊ। . . . ਤੁਹਾਡੇ ਛੋਟੇ ਸਾਹਿਬ . . . ਸਮਝਦੇ ਓ ਨਾ . .। ਉਹਨਾਂ ਦੀ ਹਾਜ਼ਰੀ ’ਚ ਹਮੇਸ਼ਾਂ ਨੀਵੇਂ ਹੋ ਕੇ ਖੜ੍ਹਿਓ। ਉਹਨਾਂ ਦੇ ਬੈਠਣ ਵੇਲੇ ਮਾੜਾ ਮੋਟਾ ਕੁਰਸੀ ’ਤੇ ਕੱਪੜਾ ਮਾਰ ਦਿਓ ਤੇ ਬੱਸ ਹੋ ਗਿਆ ਕੰਮ . . ਉਹ ਵੀ ਖੁਸ਼ ਤੇ ਤੁਸੀਂ ਵੀ।

ਆਸ ਤਾਂ ਨਹੀਂ ਪਰ ਸ਼ਾਇਦ ਤੁਹਾਡੇ ਵਿਚੋਂ ਕੁਝ ਕੁ ਅੰਮ੍ਰਿਤਧਾਰੀ ਵੀ ਹੋਣ। ਸ਼ਾਇਦ ਮੈਂ ਤਾਂ ਲਿਖਿਐ ਕਿਉਂਕਿ ਤੁਹਾਡੀ ਪਾਰਟੀ ਵਿਚ ਰਿਵਾਜ਼ ਜਿਹਾ ਬਣ ਗਿਐ ਕਿ ਜਦੋਂ ਕੋਈ ਅਹੁਦਾ ਮਿਲੇ ਓਦੋਂ ਹੀ ਅੰਮ੍ਰਿਤ ਛਕਦੇ ਐ। ਜਾਂ ਕਹਿ ਲਓ ਤੁਹਾਡੇ ਆਲੇ ਪਾਸੇ ‘ਅੰਮ੍ਰਿਤ’ ਛਕਿਆ ਹੀ ਅਹੁਦਿਆਂ ਲਈ ਜਾਂਦੈ। ਅੱਛਾ, ਥੋਡੇ ਵਿਚੋਂ ਜਿਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਵੀ ’ਕੇਰਾਂ ਤਾਂ ਕਿਰਪਾਨ ਪਾਉਣੀ ਹੀ ਪਵੇਗੀ। ਇਹ ਤੁਹਾਡੇ ਲਈ ਬਾਅਦ ਵਿਚ ਜਰੂਰੀ ਨਹੀਂ। ਭਾਵੇਂ ਲਾਹ ਵੀ ਦਿਓ, ਪਰ ਵੋਟਾਂ ਤੱਕ ਤਾਂ . .।

ਅਸਲ ’ਚ ਗੱਲ ਇਹ ਐ ਕਿ ਲੋਕ ਅੱਜ ਕੱਲ ਵੇਖਣ ਲੱਗ ਪਏ ਐ, ਬੀ ਜੀਹਨੂੰ ਵੋਟ ਪਾਉਣੀ ਐਂ ਉਹ ਮਾੜਾ ਮੋਟਾ ਸਿਖੀ ਨੂੰ ਮੰਨਦਾ ਵੀ ਐ ਕਿ ਨਹੀਂ। ਪਹਿਲਾਂ ਤਾਂ ਚੱਲ ਜਾਂਦਾ ਸੀ ਕੰਮ, ਪਰ ਹੁਣ ਲੋਕ ਥੋੜੇ ਜਿਹੇ . . ਥੋਨੂੰ ਪਤਾ ਈ ਐ। ਸੋ ਵੋਟਾਂ ਤੱਕ ਜੇ ਹੋ ਸਕੇ ਤਾਂ ਕਿਰਪਾਨ ਉ¤ਤੋਂ ਦੀ ਪਾ ਕੇ ਰੱਖੋ। ਜੇ ਤੁਸੀਂ ਆਦੀ ਨਹੀਂ ਤਾਂ ਘਰੇ ਭਾਵੇਂ ਲਾਹ ਕੇ ਕਿੱਲੀ ’ਤੇ ਟੰਗ ਦਿਆ ਕਰੋ ਤੇ ਭਾਵੇਂ ਗੱਡੀ ’ਚ ਵੀ ਲਾਹ ਕੇ ਰੱਖ ਦਿਆ ਕਰੋ, ਪਰ ਉਤਰਨ ਲੱਗੇ . .। ਆਵਦੇ ਡਰਾਈਵਰ ਨੂੰ ਕਹਿ ਛੱਡੋ ਕਿ ਤੁਹਾਨੂੰ ਯਾਦ ਕਰਵਾ ਦਿਆ ਕਰੇ। ਏਨਾ ਕੁ ਕੰਮ ਤਾਂ ਉਹ ਕਰ ਈ ਸਕਦੈ ਨਾ।

. . . ਤੇ ਜੇ ਤੁਸੀਂ ਕਿਸੇ ਦੇਹਧਾਰੀ ਬਾਬੇ ਨੂੰ ਮੰਨਦੇ ਓ ਤਾਂ ਥੋਡੇ ਜਿੱਤਣ ਦੇ ਚਾਂਨਸ (ਮੌਕੇ) ਵੱਧ ਨੇ। ਕਿਉਂਕਿ ਫੇਰ ਬਾਬੇ ਦੇ ਜਿਹੜੇ ਦਾਹੜੀ ਕੇਸਾਂ ਵਾਲੇ ਚੇਲੇ ਹੋਣਗੇ, ਉਹ ਤੁਹਾਨੂੰ ਵੋਟ ਪਾ ਦੇਣਗੇ। ਜੇ ਪਹਿਲਾਂ ਕਦੇ ਕਿਸੇ ਸਾਧ-ਬਾਬੇ ਕੋਲ ਨਹੀਂ ਗਏ ਤਾਂ ਕੋਈ ਗੱਲ ਨਹੀਂ ਹੁਣ ਜਾ ਆਇਓ। ਆਵਦੇ ’ਲਾਕੇ ਦੇ ਕਿਸੇ ਬਾਬੇ ਦੇ ਪੈਰੀਂ ਹੱਥ ਲਾ ਆਇਓ। ਇਹ ਜ਼ਰੂਰੀ ਐ। ਬਸ ਧਿਆਨ ਰੱਖਿਓ ਕਿ ਕਿਸੇ ਅਖ਼ਬਾਰ ਵਗੈਰਾ ’ਚ ਉਹ ਫੋਟੋ ਨਾ ਆਉਣ ਦਿਓ। ਐਵੇਂ ਰਾਈ ਦਾ ਪਹਾੜ ਬਣ ਜਾਂਦੈ। ਕੁਝ ਲੋਕ ਐਵੇਂ ਰੌਲਾ ਪਾ ਦੇਣਗੇ, ਠਵੇਖੋ ਜੀ ਖੜ੍ਹਾ ਤਾਂ ਗੁਰਦੁਆਰਿਆਂ ਦੀਆਂ ਵੋਟਾਂ ’ਚ ਐ ਤੇ ਨੱਕ ਸਾਧ ਦੇ ਖੁਰੜਿਆਂ ’ਤੇ ਰਗੜਦਾ ਫਿਰਦੈੂ।

ਪਰ ਥੋਨੂੰ ਤਾਂ ਪਤਾ ਈ ਐ ਨਾ ਜਿੱਤਣ ਲਈ ਸੌ ਪਾਪੜ ਵੇਲਣੇ ਪੈਂਦੇ ਐ। ਥੋਡੇ ਵੱਡੇ ਸਾਹਬ ਨੀ ਜਾਂਦੇ ਹਰੇਕ ਥਾਂ ’ਤੇ. . .। ਸਰਸੇ ਆਲੇ ਦੇ ਵੀ ਗਏ ਐ, ਭਨਿਆਰੇ ਆਲੇ ਦੇ ਵੀ ਤੇ ਨੂਰਮਹਿਲ ਆਲੇ ਦੇ ਪੈਰਾਂ ’ਚ ਤਾਂ ਮਾਤਾ ਜੀ ਖੁਦ ਜਾ ਕੇ ਬਹਿੰਦੇ ਐ। ਮਾਤਾ ਸੁਰਿੰਦਰ ਕੌਰ ਜੀ, ਤੇ ਥੋਡੀ ਕਮੇਟੀ ਨੇ ਉਹਨਾਂ ਨੂੰ ਹੀ ਮਾਤਾ ਖੀਵੀ ਜੀ ਐਵਾਰਡ ਵੀ ਦਿੱਤਾ ਹੈ। ਉਹ ਤਾਂ ਮੰਦਰਾਂ ’ਚ ਵੀ ਜਾ ਆਉਂਦੇ ਐ। ਛੋਟੀ ਬੀਬੀ ਨੀ ਗਈ ਐਤਕੀਂ. . ਬਠਿੰਡੇ ਸ਼ਿਵ ਮੰਦਰ ’ਚ ਤੇ ਨਾਲੇ ਸ਼ਿਵਲਿੰਗ ਵੀ ਧੋ ਕੇ ਆਈ ਐ। ਥੋਨੂੰ ਅਜੇ ਇਸ ਸਭ ਤੋਂ ਛੋਟ ਐ। ਪਰ ਪੱਕਾ ਨਹੀਂ। ਜੇ ‘ਉ¤ਤੋਂ’ ਆਡਰ ਆ ਗਿਆ ਤਾਂ ਇਹ ਸਭ ਵੀ ਕਰਨਾ ਪੈ ਸਕਦੈ। ਬਸ ਪ੍ਰੈਸ ਆਲਿਆਂ ਨਾਲ ਕਰ ਰੱਖਿਓ ਮਾੜੀ ਜਹੀ ਗੱਲ-ਬਾਤ। ਬਸ ਫੋਟੋ ਜਨਤਕ ਨਾ ਹੋਵੇ।

ਜਿੱਤਣ ਤੋਂ ਪਿੱਛੋਂ ਵੀ ਤੁਹਾਨੂੰ ਕਾਫੀ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਹੋ ਸਕਦੈ ਤੁਹਾਨੂੰ ਵੀ ਕਦੇ ‘ਬਾਲਾਸਰ’ ਫਾਰਮ ਦੀ ‘ਸੈਰ’ ਕਰਨੀ ਪਵੇ। ਕਈ ਲੋਕ ਤਾਂ ਓਹਨੂੰ ‘ਕੈਦ’ ਆਂਹਦੇ ਐ, ਪਰ ਐਵੇਂ ਕਹਿਣ ਨੂੰ ਈ ਕੈਦ ਐ। ਊਂ ਹੈ ਬੜੀ ਨਜ਼ਾਰੇ ਆਲੀ ਥਾਂ। ਬਾਗ਼, ਫੁੱਲ ਬੂਟੇ, ਫੁਹਾਰੇ, ਤਰ੍ਹਾਂ-ਤਰ੍ਹਾਂ ਦੀ ਵਾਈਨ, ਲੈ¤ਗ ਪੀਸ ਤੇ ਨਾਲੇ . . . ਲਟਕੇ-ਝਟਕੇ।

ਸੋ ਇਹ ਕੁਝ ਗੱਲਾਂ ਸਨ ਮੇਰੇ ਵੀਰੋ ਜੋ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸੀ। ਬਹੁਤਾ ਤਜ਼ਰਬਾ ਤਾਂ ਨਹੀਂ ਮੇਰਾ, ਪਰ ਤੁਹਾਡੀ ਜਿੱਤ ਲਈ ਜਿੰਨਾ ਕੁ ਜ਼ਰੂਰੀ ਸੀ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਐ।

. . . ਤੇ ਜੇ ਤੁਹਾਡਾ ਕਿਸੇ ਦਾ ਮੇਰੀਆਂ ਸਾਰੀਆਂ ਉਤਲੀਆਂ ਗੱਲਾਂ ਵਿਚੋਂ ਕੋਈ ਵੀ ਕਰਨ ਨੂੰ ਜੀਅ ਨਹੀਂ ਕਰਦਾ ਜਾਂ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਤਾਂ ਸਮਝ ਲਓ ਕਿ ਤੁਹਾਡੀ ਅਜੇ ਮਾੜੀ ਮੋਟੀ ਜ਼ਮੀਰ ਜਾਗਦੀ ਐ। ਫਿਰ ਤੁਸੀਂ ਜਾਂ ਤਾਂ ਚੁੱਪ-ਚਾਪ ਘਰੇ ਬੈਠ ਜਾਵੋ ਤੇ ਜਾਂ ਫਿਰ ਇਹਨਾਂ ਸਾਰੀਆਂ ਬੁਰਾਈਆਂ ਦਾ ਟਾਕਰਾ ਕਰਨ ਲਈ ਆਪਣਾ ਹੌਸਲਾ ਪਹਾੜ ਜਿੱਡਾ ਕਰ ਲਵੋ।

ਜੀਹਨੂੰ ਅਜੇ ਯਾਦ ਨੇ ਦੁਨੀਆਂ ਦੇ ਤਪਦੇ ਹਿਰਦਿਆਂ ਵਿਚ ਠੰਡ ਵਰਤਾਉਣ ਲਈ ਤੇ ਜਗਤ ਨੂੰ ਤਾਰਨ ਲਈ 27 ਸਾਲ ਤੱਕ ਉਦਾਸੀਆਂ ਕਰਦੇ ਰਹੇ ਸਤਿਗੁਰੂ, ਜੀਹਨੂੰ ਮਹਿਸੂਸ ਹੁੰਦੈ ਅਜੇ ਵੀ ਤੱਤੀ ਤਵੀ ਦਾ ਸੇਕ, ਜੀਹਨੂੰ ਚੇਤੇ ਐ ਚਾਂਦਨੀ ਚੌਂਕ ਵਿਚ ਨਿਭਿਆ ਸਿਦਕ, ਜੀਹਨੂੰ ਯਾਦ ਐ ਉਹ ਉ¤ਤਰ ਜਿਹੜਾ ਗੁਰੂ ਦਸਵੇਂ ਪਿਤਾ ਨੇ ਦਿੱਤਾ ਸੀ ਭਾਈ ਦਇਆ ਸਿੰਘ ਨੂੰ, ਅੰਮ੍ਰਿਤ ਛਕਣ ਵੇਲੇ,

‘ਅੰਮ੍ਰਿਤ ਦੀ ਘੁੱਟ ਬਦਲੇ ਮੈਂ ਸਰਬੰਸ ਲੁਟਾਵਾਂਗਾ’

ਤੇ ਓਹਨਾਂ ਨੇ ਲੁਟਾਇਆ ਵੀ। ਗਵਾਹ ਨੇ ਸਰਸਾ ਨਦੀ, ਚਮਕੌਰ ਦੀ ਗੜ੍ਹੀ, ਸਰਹੰਦ ਦੀ ਦੀਵਾਰ, ਠੰਡਾ ਬੁਰਜ।

ਜੀਹਨੂੰ ਇਹ ਸਭ ਅਜੇ ਵੀ ਯਾਦ ਐ ਉਹ ਚੇਤੇ ਰੱਖਿਓ ਕਿ ਜੇ ਅਜੇ ਵੀ ਤੁਸੀਂ ਗੁਰੂ ਨੂੰ ਪਿੱਠ ਦਿੱਤੀ ਤਾਂ ਤੁਹਾਨੂੰ ਕਿਸੇ ਜਹਾਨ ’ਚ ਢੋਈ ਨਹੀਂ ਮਿਲਣੀ।

ਛੱਡੋ ਇਹਨਾਂ ਪਖੰਡੀਆਂ ਨੂੰ, ਛੱਡੋ ਇਹਨਾਂ ਲਾਲਚਾਂ ਨੂੰ। ਸਿਧਾਂਤ ਵੱਡੀ ਚੀਜ਼ ਨੇ। ਸਿਧਾਂਤਾਂ ਦਾ ਕਤਲ ਕਰਕੇ ਜੇ ਜਿੱਤੇ ਤਾਂ ਕੀ ਜਿੱਤੇ। ਸੋ ਗੁਰੂ ਵੱਲ ਮੂੰਹ ਰੱਖੋ, ਉਹ ਬਹੁੜੀ ਕਰੇਗਾ। ਤੇ ਯਾਦ ਰੱਖੋ ਕਿ ਉਹ ਬੇਦਾਵਾ ਲਿਖ ਕੇ ਦੇ ਗਿਆਂ ਨੂੰ ਵੀ ਮੁੜ ਸੀਨੇ ਨਾਲ ਲਾ ਲੈਂਦਾ ਹੈ।

ਬਸ ਤਕੜੇ ਹੋਵੋ ਤੇ ਟੱਕਰ ਲਓ ਇਹਨਾਂ ਦੋਖੀਆਂ ਨਾਲ, ਜਿਹੜੇ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਲੁੱਟ ਕੇ ਆਪਣੇ ਘਰ ਭਰਨ ਵਿਚ ਲੱਗੇ ਹੋਏ ਹਨ। ਗੁਰਮਤਿ ਸਿਧਾਂਤਾਂ ਨੂੰ ਹਰ ਰੋਜ਼ ਲੀਰੋ ਲੀਰ ਕਰ ਰਹੇ ਹਨ।

ਕਿਸੇ ਗੱਲੋਂ ਡੋਲਿਓ ਨਾ,

ਜਗਦੀਪ ਸਿੰਘ ਫਰੀਦਕੋਟ

98157-63313


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top