ਇੰਡੀਅਨਐਪਲਸ
- ਅਮੈਰਿਕਾ- (ਜਸਵਿੰਦਰ
ਸਿੰਘ ਭੁੱਲਰ)-ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਇੰਡਿਆਨਾ ਦੀ ਜਿਸ ਧਰਤੀ ਸਿੱਖ ਸੰਗਤਾਂ ਦੇ
ਵਿਰੋਧ ਕਾਰਨ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਦੋ ਦੀਵਾਨ ਰੱਦ ਹੋ ਗਏ ਸਨ ਉਥੇ ਮਾਨ ਸਿੰਘ
ਪਿਹੋਵੇ ਵਾਲੇ ਦਾ ਵੀ ਸੰਗਤਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਕੁੱਝ ਦਿਨ ਪਹਿਲਾਂ ਜਦ ਇਥੋਂ
ਦੀ ਸੰਗਤ ਨੂੰ ਪਤਾ ਲੱਗਿਆ ਸੀ ਕਿ ਵਿਵਾਦਗ੍ਰਸਤ ਸ਼ਖਸ਼ੀਅਤ ਮਾਨ ਸਿੰਘ ਪਿਹੋਵੇ ਵਾਲੇ ਨੂੰ
ਗੁਰਦੁਆਰਾ ਸਿੱਖ ਸੰਗਤ ਇੰਡੀਅਨਐਪਲਸ ‘ਚ ਸੱਦਿਆ ਜਾ ਰਿਹਾ ਹੈ, ਤਾਂ ਇਥੋਂ ਦੀਆਂ ਸੰਗਤਾਂ ਨੇ
ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ, ਕਿ ਵਿਵਾਦ ਵਾਲੇ ਬਾਬੇ ਜਿਸ ਉੱਤੇ ਬਲਾਤਕਾਰ ਵਰਗੇ ਦੋਸ਼
ਲੱਗੇ ਹੋਏ ਹਨ, ਉਸ ਨੂੰ ਇਥੇ ਗੁਰੂ ਘਰ ਵਿੱਚ ਨਾ ਸੱਦਿਆ ਜਾਵੇ, ਇਥੇ ਸਿੱਖ ਸੰਗਤ ਵੀ ਦੋ ਧੜਿਆਂ
‘ਚ ਵੰਡੀ ਜਾਵੇਗੀ, ਤਾਂ ਪ੍ਰਬੰਧਕਾਂ ਨੇ ਆਪਣੀ ਜਿਦ ਨਾ ਛੱਡੀ ਅਤੇ ਕਿਹਾ ਕੇ ਉਹ ਇਸ ਵਿਵਾਦ
ਵਾਲੇ ਬਾਬੇ ਦਾ ਪ੍ਰੋਗਰਾਮ ਇਥੇ ਜਰੂਰ ਕਰਾਊਣਗੇ।
ਮਾਨ ਸਿੰਘ ਦਾ ਪ੍ਰੋਗਾਮ 2 ਅਤੇ 3 ਅਗਸਤ ਦੀ ਸ਼ਾਮ ਨੂੰ ਗੁਰਦੁਆਰਾ ਸਿੱਖ ਸੰਗਤ
ਇੰਡੀਅਨਐਪਲਸ ਰੱਖਿਆ ਹੋਇਆ ਸੀ। ਇਥੇ ਇਹ ਵਰਨਣਯੋਗ ਹੈ, ਕਿ ਇਸ ਗੁਰਦੁਆਰੇ ਦੀ ਕਮੇਟੀ ਪਤਿਤਾਂ ਦੀ
ਹੈ -ਇਸ ਗੁਰਦੁਆਰੇ ਦਾ ਪ੍ਰਧਾਨ ਜੱਸੀ ਲਾਲੀ ਖੁਦ ਵੀ ਪਤਿਤ ਹੈ, ਜਿਹੜਾ ਦਾਹੜੀ ਕੱਟਦਾ ਅਤੇ ਰੰਗਦਾ
ਹੈ। ਇਹ ਅਸਥਾਨ ਜਿਸ ਨੂੰ ਗੁਰਦੁਆਰਾ ਸਿੱਖ ਸੰਗਤ ਕਿਹਾ ਜਾਂਦਾ ਹੈ, ਇਹ ਤਾਂ ਇੱਕ ਨਿੱਜੀ ਡੇਰਾ ਹੈ
ਜਿਸ ਦਾ ਖੁਲਾਸਾ 2 ਅਗਸਤ ਦੀ ਸ਼ਾਮ ਨੂੰ ਹੋਇਆ। ਗੁਰਦੁਆਰੇ ਦੇ ਬਾਹਰ ਲੱਗੇ ਬੋਰਡ ਨੂੰ ਤੁਸੀਂ ਇਸ
ਫੋਟੋ ‘ਚ ਵੀ ਦੇਖ ਸਕਦੇ ਹੀ ਜਿਸ ਉੱਤੇ ‘ਪ੍ਰਾਈਵੇਟ ਪਰਾਪਰਟੀ’ ਲਿਖਿਆ ਹੋਇਆ ਹੈ।
ਦੋ ਅਗਸਤ ਜਦ ਇਸ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਵਿਵਾਦੀ ਬਾਬੇ ਦਾ ਇਥੇ
ਪ੍ਰੋਗਰਾਮ ਕਰਾਉਣ ਦੀ ਜਿਦ ਨਾ ਛੱਡੀ ਤਾਂ ਜਾਗਰੂਕ ਸਿੱਖਾਂ ਕੋਲ ਇਸ ਦਾ ਜ਼ੋਰਦਾਰ ਵਿਰੋਧ ਕਰਨ ਤੋਂ
ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ। ਜਦ ਮਾਨ ਸਿੰਘ ਪੁਲੀਸ ਫੋਰਸ ਦੇ ਭਾਰੀ ਪਹਿਰੇ ਹੇਠ ਗੁਰਦੁਆਰੇ
ਦੇ ਅੰਦਰ ਪਹੁੰਚਿਆ ਸੀ, ਵਿਰੋਧ ਕਰਨ ਵਾਲੀ ਸੰਗਤ ਵੀ ਦਰਬਾਰ ਹਾਲ ਦੇ ਅੰਦਰ ਬੈਠੀ ਸੀ, ਜਦ ਮਾਨ
ਸਿੰਘ ਨੇ ਆਪਣਾ ਹਾਰਮੋਨੀਅਮ ਤੇ ਹੱਥ ਰੱਖਿਆਂ ਤਾਂ ਸੰਗਤ ਨੇ ਸਤਿਨਾਮ ਵਾਹਿਗੁਰੁ ਦਾ ਜਾਪ ਸ਼ੁਰੂ ਕਰ
ਦਿੱਤਾ। ਪ੍ਰਬੰਧਕਾਂ ਵਲੋਂ ਪੁਲੀਸ ਨੂੰ ਦਰਬਾਰ ਹਾਲ ਦੇ ਅੰਦਰ ਬੁਲਾਇਆ ਗਿਆ।
ਪ੍ਰਬੰਧਕ ਵਿਰੋਧ ਕਰਨ ਵਾਲੀ ਸੰਗਤ ਨੂੰ ਗ੍ਰਿਫਤਾਰ ਕਰਨ ਲਈ ਕਹਿ ਰਹੇ ਸਨ, ਅਤੇ
ਲੋੜ ਪੈਣ ਤੇ ਜਾਗਰੂਕ ਸਿੱਖ ਵੀ ਗ੍ਰਿਫਤਾਰੀ ਦੇਣ ਲਈ ਤਿਆਰ ਸਨ, ਪਰ ਪੁਲੀਸ ਨੇ ਕਿਸੇ ਵਿਅਕਤੀ ਨੂੰ
ਗ੍ਰਿਫਤਾਰ ਨਹੀਂ ਕੀਤਾ। ਪੁਲੀਸ ਨੇ ਵਿਰੋਧ ਕਰਨ ਵਾਲੀ ਸੰਗਤ ਨੂੰ ਗੁਰਦੁਆਰੇ ‘ਚੋਂ ਬਾਹਰ ਕੱਢ ਦਿੱਤਾ।
ਇਸ ਗੁਰਦੁਆਰੇ ਦੇ ਬਾਹਰ ‘ਪਰਾਈਵੇਟ ਪਰਾਪਰਟੀ’ ਦਾ ਬੋਰਡ ਲੱਗਿਆ ਹੋਇਆ ਹੈ।
ਪੁਲੀਸ ਵਲੋਂ ਮਾਨ ਸਿੰਘ ਦਾ ਵਿਰੋਧ ਕਰਨ ਵਾਲੀ ਸੰਗਤ ਨੂੰ ਇਹ ਬੋਰਡ ਦਿਖਾਇਆ
ਗਿਆ ਅਤੇ ਪ੍ਰਬੰਧਕਾਂ ਨੇ ਪੁਲੀਸ ਨੂੰ ਇਸ ਨਿੱਜੀ ਪਰਾਪਰਟੀ ਦੇ ਪੇਪਰ ਵੀ ਵਿਖਾਏ ਹੋਣਗੇ, ਕਿਉਂਕਿ
ਸਿਰਫ ਬੋਰਡ ਲਾ ਦੇਣ ਨਾਲ ਕੋਈ ਜਗਾਹ ਨਿੱਜੀ ਪਰਾਪਰਟੀ ਨਹੀਂ ਬਣ ਜਾਂਦੀ। ਮਾਨ ਸਿੰਘ ਦਾ ਵਿਰੋਧ ਕਰਨ
ਵਾਲੀ ਸੰਗਤ ਨੇ ਆਪਣੇ ਹੱਥਾਂ ‘ਚ ਬੈਨਰ ਚੁੱਕੇ ਹੋਏ ਸਨ। “ਬਲਾਤਕਾਰੀ
ਸਾਧ ਹਾਏ ਹਾਏ, ਮਾਨ ਸ਼ੇਮ ਆਨ ਯੂ" ਜਿਨ੍ਹਾਂ ਚਿਰ ਸਾਧ
ਅੰਦਰ ਰਿਹਾ ਸੰਗਤ ਗੇਟ ਤੋਂ ਬਾਹਰ ਖੜ੍ਹੀ ਵਿਰੋਧ ਕਰਦੀ ਨਾਹਰੇ ਲਾਉਂਦੀ ਰਹੀ।
3 ਅਗਸਤ ਨੂੰ ਸ਼ਾਮ ਨੂੰ ਫਿਰ ਮਾਨ ਸਿੰਘ ਦਾ ਪ੍ਰੋਗਰਾਮ ਹੋਣਾ ਸੀ। ਮਾਨ ਸਿੰਘ
ਦੀ ਕਾਰ ਦੇ ਦੋ ਅਗੇ ਅਤੇ ਦੋ ਪਿੱਛੇ ਪੁਲੀਸ ਦੀਆਂ ਕਾਰਾਂ ਅਸਕੋਰਟ ਕਰ ਰਹੀਆਂ ਸਨ। ਗੇਟ ਤੋਂ ਬਾਹਰ
ਹੀ ਪੁਲੀਸ ਦੀਆਂ ਕਾਰਾਂ ਟੇਢੀਆਂ ਲਾ ਕੇ ਰਸਤਾ ਬੰਦ ਕੀਤਾ ਹੋਇਆ ਸੀ। ਪ੍ਰਬਧਕਾਂ ਦੇ ਕਹਿਣ ਤੇ
ਵਿਰੋਧੀਆਂ ਨੂੰ ਗੇਟ ਤੋਂ ਬਾਹਰ ਹੀ ਰੋਕ ਲਿਆ ਜਾਂਦਾ ਸੀ। 3 ਅਗਸਤ ਦੀ ਸ਼ਾਮ ਨੂੰ ਵੀ ਮਾਨ ਸਿੰਘ ਦਾ
ਵਿਰੋਧ ਕਰਨ ਵਾਲੀ ਸੰਗਤ ਨੇ ਹੱਥਾਂ ਵਿੱਚ ਮਾਨ ਵਿਰੋਧੀ ਬੈਨਰ ਫੜ੍ਹ ਕੇ ਅਤੇ ਨਾਹਰੇ ਲਾ ਕੇ ਵਿਰੋਧ
ਜਾਰੀ ਰੱਖਿਆ।
ਪ੍ਰੋਗਰਾਮ ਖਤਮ ਹੋਣ ਤੇ ਸੁਰੱਖਿਆ ਦੇ ਪਹਿਰਿਆਂ ‘ਚ ਮਾਨ ਸਿੰਘ ਇਥੋਂ ਜਾ ਰਿਹਾ
ਸੀ, ਤਾਂ ਸੰਗਤ ਨੇ ਉਹਦੇ ਲਈ ਇੱਕ ਛਿੱਤਰਾਂ ਦਾ ਹਾਰ ਤਿਆਰ ਕਰਕੇ ਰੱਖਿਆ ਸੀ, ਪਰ ਭਾਰੀ ਪੁਲੀਸ
ਫੋਰਸ ਦੀ ਮੌਜੂਦਗੀ ‘ਚ ਇਹ ਹਾਰ ਪੈ ਨਾ ਸਕਿਆ ਪਰ ਦੂਰੋਂ ਹੀ ਹਾਰ ਮਾਨ ਸਿੰਘ ਨੂੰ ਜਰੂਰ ਵਿਖਾਇਆ
ਗਿਆ। ਇਸ ਨਿੱਜੀ ਡੇਰੇ ਦੇ ਪ੍ਰਬੰਧਕ ਇਸ ਵਿਰੋਧ ਤੋਂ ਇਨੇ ਬੁਖਲਾ ਗਏ ਸਨ ਕਿ ਉਨ੍ਹਾਂ ਨੇ ਛੋਟੇ ਛੋਟੇ
ਬੱਚਿਆਂ ਨੂੰ ਗੁਰਦੁਆਰਾ ਸਾਹਿਬ ਅੰਦਰ ਨਹੀਂ ਜਾਣ ਦਿੱਤਾ ਜਿਹੜੇ ਬਾਥਰੂਮ ਜਾਣਾ ਚਾਹੁੰਦੇ ਸਨ। ਇਸ
ਕਮੇਟੀ ਦਾ ਨੇੜ ਬਾਦਲਾਂ ਨਾਲ ਹੈ, ਅਤੇ ਬਾਦਲਾਂ ਦੀ ਸਾਧਾਂ ਬੂਬਨਿਆਂ ਨਾਲ ਗੂੜੀ ਸਾਂਝ ਹੈ,
ਖਾਸ ਕਰਕੇ ਮਾਨ ਸਿੰਘ ਨਾਲ ਜਿਸ ਨੂੰ ਵੱਡੇ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ
ਕਲੀਨ ਚਿੱਟ ਦਵਾ ਦਿੱਤੀ ਹੈ, ਭਾਵੇਂ ਉਸ ਦੇ ਵਿਰੁੱਧ ਬਲਾਤਕਾਰ ਵਰਗੇ ਸੰਗੀਨ ਕੇਸ ਦਰਜ ਹੋ ਚੁਕੇ ਹਨ
।
ਪਿਛਲੇ 8 ਕੁ ਮਹੀਨਿਆਂ ਤੋਂ ਫੇਸਬੁੱਕ ਉਤੇ ‘ਅਖੌਤੀ ਸੰਤਾਂ ਦੇ ਕੌਤਕ ਗਰੁੱਪ’
ਵਲੋਂ ਇਹੋ ਜਿਹੇ ਸਾਧਾਂ ਵਿਰੁੱਧ ਸਿੱਖ ਸੰਗਤਾਂ ਨੂੰ ਦੁਨੀਆਂ ਭਰ ‘ਚ ਜਾਗਰਤ ਕਰਨ ਲਈ ਇੱਕ
ਪ੍ਰਭਾਵਸਾਲੀ ਲਹਿਰ ਚਲਾਈ ਜਾ ਰਹੀ ਹੈ, ਜਿਸ ਦੇ 22,000 ਤੋਂ ਉੱਪਰ ਮੈਂਬਰ ਹਨ ਜਿਹੜੇ ਦੁਨੀਆਂ ਦੇ
ਹਰ ਕੋਨੇ ‘ਚ ਵੱਸਦੇ ਹਨ। ਇੰਡੀਆਨਾ ਦੇ ‘ਅਖੌਤੀ ਸੰਤਾਂ ਦੇ ਕੋਤਿਕ ਗਰੁੱਪ’ ਦੇ ਮੈਬਰਾਂ ਅਤੇ ਲਾਇਨਜ਼
ਗਰੁੱਪ ਯੂ.ਐਸ ਏ ਵਲੋਂ ਸਾਂਝੇ ਬਿਆਨ ‘ਚ ਕਿਹਾ ਗਿਆ ਹੈ, ਕਿ ਇਹੋ ਜਿਹੇ ਬਲਾਤਕਾਰੀ ਸਾਧਾਂ ਦਾ
ਜੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ ਅੱਗੋ ਤੋਂ ਵੀ ਇਨ੍ਹਾਂ ਦਾ ਇੰਡੀਆਨਾ ‘ਚ ਹਰ ਹਾਲਤ ‘ਚ ਜ਼ੋਰਦਾਰ
ਵਿਰੋਧ ਕੀਤਾ ਜਾਵੇਗਾ।
|