Share on Facebook

Main News Page

ਕਰਨੈਲ ਸਿੰਘ ਪੀਰ ਮੁਹਮੰਦ ਨੇ ਆਪਣਾ ਅਸਲੀ ਚਿਹਰਾ ਦਿਖਾਇਆ: ਜਸਵਿੰਦਰ ਸਿੰਘ ਖ਼ਾਲਸਾ

* ਪੀਰ ਮੁਹੰਮਦ ਦੇ ਫੈਸਲੇ ਦੀ ਫੇਸ ਬੁੱਕ ’ਤੇ ਹੋ ਰਹੀ ਹੈ ਭਾਰੀ ਅਲੋਚਨਾ
* ਫੇਸ ਬੁੱਕ ’ਤੇ ਸੰਤਾਂ ਦੇ ਕੌਤਕ ਗਰੁੱਪ ਦਾ ਮੈਂਬਰ ਹੋਣ ਦੇ ਨਾਤੇ ਪੀਰ ਮੁਹੰਮਦ ਨੂੰ ਆਪਣਾ ਪੱਖ ਪੇਸ਼ ਕਰਨ ਦੀ ਦਿੱਤੀ ਚੁਣੌਤੀ
* ਖ਼ਬਰ ਲਿਖੇ ਜਾਣ ਤੱਕ ਪੀਰ ਮੁਹੰਮਦ ਵਲੋਂ ਕੋਈ ਪੱਖ ਪੇਸ਼ ਨਹੀਂ ਕੀਤਾ ਗਿਆ
* ਰਾਤੀ 9.40 ’ਤੇ ਫ਼ੋਨ ਰਾਹੀਂ ਕੀਤੇ ਸੰਪਰਕ ਦੌਰਾਨ ਪੀਰ ਮੁੰਹਮਦ ਨੇ ਕਿਹਾ ਕੰਮ ਲੈਣ ਲਈ ਉਨ੍ਹਾਂ ਦੇ ਸਾਰਿਆਂ ਨਾਲ ਸਬੰਧ ਹਨ। ਬਾਦਲ ਬੰਦਾ ਮਾੜਾ ਨਹੀਂ ਪਰ ਉਹ ਮਾੜੇ ਸਿਸਟਮ’ਚ ਘਿਰਿਆ ਹੋਇਆ ਹੈ

ਬਠਿੰਡਾ, 2 ਅਗਸਤ (ਕਿਰਪਾਲ ਸਿੰਘ): ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਧੜੇ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹਮੰਦ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨ ਆਰ ਆਈ ਸ: ਜਸਵਿੰਦਰ ਸਿੰਘ ਖਾਲਸਾ ਨੇ ਸੰਤਾਂ ਦੇ ਕੌਤਕ ਗਰੁੱਪ ਵਿੱਚ ਕੀਤੀ ਇੱਕ ਪੋਸਟ ਵਿੱਚ ਕੀਤਾ। ਉਨ੍ਹਾਂ ਲਿਖਿਆ ਕਿ ਪੀਰ ਮੁਹੰਮਦ ਪਿਛਲੇ ਕਈ ਦਿਨਾਂ ਤੋਂ ਪੰਥਕ ਜਥੇਬੰਦੀਆਂ ਦੇ ਨਾਲ ਜੁੜਿਆ ਰਿਹਾ, ਉਨ੍ਹਾਂ ਨਾਲ ਰਲ ਕੇ ਉਨ੍ਹਾਂ ਦੀ ਰਣਨੀਤੀ ਬਾਰੇ ਪਤਾ ਕਰਕੇ ਆਪਣੇ ਆਕਾ ਬਾਦਲ ਨੂੰ ਦੱਸਦਾ ਰਿਹਾ। ਸ: ਖ਼ਾਲਸਾ ਨੇ ਅੱਗੇ ਲਿਖਿਆ ਹੈ ਕਿ ਜਿਸ ਸਮੇਂ ਉਹ ਜਥੇਬੰਦੀਆਂ ਦੀ ਮੀਟਿੰਗ 'ਚ ਵੀ ਸ਼ਾਮਿਲ ਹੁੰਦਾ ਰਿਹਾ ਕੀ ਉਸ ਨੂੰ ਉਸ ਸਮੇਂ ਉਨ੍ਹਾਂ ਜਥੇਬੰਦੀਆਂ ਬਾਰੇ ਕੋਈ ਭੁਲੇਖਾ ਸੀ।

ਉਨ੍ਹਾਂ ਕਿਹਾ ਕਿ ਪੀਰ ਮੁੰਹਮਦ ਪੰਥਕ ਜਥੇਬਦੀਆਂ ਦੇ ਨਾਲ ਰਲ ਕੇ ਚੱਲਣ ਦਾ ਨਾਟਕ ਕਰਦਾ ਰਿਹਾ ਅਤੇ ਬਾਦਲ ਨੂੰ ਫਾਇਦਾ ਪਹੁੰਚਾਉਣ ਲਈ ਇਹਨਾਂ ਜਥੇਬੰਦੀਆਂ ’ਤੇ ਕਾˆਗਰਸ ਨਾਲ ਰਲੇ ਹੋਏ ਹੋਣ ਦਾ ਇਲਜਾਮ ਲਾ ਕੇ ਢੰਡੋਰਾ ਪਿੱਟਿਆ ਅਤੇ ਅਖੀਰ ਵੱਖਰੇ ਤੌਰ ’ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਸ: ਜਸਵਿੰਦਰ ਸਿੰਘ ਖ਼ਾਲਸ ਨੇ ਲਿਖਿਆ ਹੈ ਕਿ ਚਲੋ ਜੇ ਪੀਰ ਮੁਹੰਮਦ ਦੀ ਇਹ ਗੱਲ ਮੰਨ ਵੀ ਲਈਏ ਕੇ ਓਹ ਪਾਰਟੀਆਂ ਕਾˆਗਰਸ ਨਾਲ ਨੇੜਤਾ ਰਖਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਾਂ ਕਾˆਗਰਸ ਨਾਲ ਨਹੀਂ ਰਲਿਆ, ਇਸ ਲਈ ਜੇਕਰ ਸੁਹਿਰਦਤਾ ਹੁੰਦੀ ਤਾਂ ਸਿਮਰਨਜੀਤ ਸਿੰਘ ਮਾਨ ਨਾਲ ਰਲ ਕੇ ਵੀ ਚੋਣਾਂ ਲੜੀਆਂ ਜਾ ਸਕਦੀਆਂ ਸਨ। ਪਰ ਕਾਂਗਰਸ ਨਾਲ ਰਲੇ ਹੋਣ ਦਾ ਤਾਂ ਇੱਕ ਬਹਾਨਾਂ ਹੈ, ਇਸ ਕੋਲ ਅਸਲੀ ਮੁੱਦਾ ਤਾਂ ਬਾਦਲਾਂ ਨੂੰ ਹੀ ਫਾਇਦਾ ਪਹੁੰਚਾਉਣ ਦਾ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਇਹ 50 ਸਾਲਾˆ ਨੂੰ ਢੁਕਿਆ ਅਜੇ ਵੀ ਫੈਡਰੇਸ਼ਨ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਲਈ ਬਾਦਲ ਅਤੇ ਕੈਪਟਨ ਦੋਹਾˆ ਨਾਲ ਹੀ ਨੇੜਤਾ ਬਣਾਈ ਬੈਠਾ ਹੈ। ਜੇਕਰ ਸਿਆਸਤ ਹੀ ਕਰਨੀ ਹੈ ਤਾਂ ਉਮਰ ਦੇ ਹਿਸਾਬ ਨਾਲ ਉਸ ਨੂੰ ਕੋਈ ਸਿਆਸੀ ਪਾਰਟੀ 'ਚ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਸਟੂਡੈਂਟਸ ਨੂੰ ਆਪਣੇ ਫੈਸਲੇ ਖੁਦ ਕਰਨ ਲਈ ਛੱਡ ਦੇਣਾ ਚਾਹੀਦਾ ਹੈ।

ਜਸਵਿੰਦਰ ਸਿੰਘ ਨੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਚੁਣੌਤੀ ਦਿੰਦੇ ਹੋਏ ਲਿਖਿਆ ਕਿ ਉਹ ਫੇਸ ਬੁੱਕ ’ਤੇ ਇਸ ਗਰੁੱਪ ਦੇ ਮੈਂਬਰ ਹੋਣ ਦੇ ਨਾਤੇ ਕੀ ਓਹ ਆਪਣਾ ਪੱਖ ਸਪਸ਼ਟ ਕਰਨ ਦੀ ਖੇਚਲ ਕਰਨਗੇ ?

ਅਜੈਬ ਸਿੰਘ ਨੇ ਟਿੱਪਣੀ ਕਰਦੇ ਹੋਏ ਜਸਵਿੰਦਰ ਸਿੰਘ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਲਿਖਿਆ ਕਿ ਇਹ ਤਾਂ ਪਹਿਲਾਂ ਹੀ ਬਾਦਲ ਲਈ ਕੰਮ ਕਰਦਾ ਹੈ ਇਸ ਦੀ ਵੈੱਬਸਾਈਟ ਦਾ ਉਦਾਘਾਟਨ ਢੀਂਡਸਾ ਨੇ ਕੀਤਾ। ਇਹ ਇਸੇ ਕੰਮ ਦੀ ਹੀ ਖੱਟੀ ਖਾਂਦਾ ਹੈ। ਪੰਥਕ ਕਾਰਵਾਈ ਨੰ ਹਰ ਹੀਲੇ ਖੇਹ ਖਰਾਬ ਕਰਨਾ ਹੀ ਇਸ ਦਾ ਕੰਮ ਹੈ। ਸਿੱਖਸ ਫਾਰ ਜਸਟਿਸ ’ਚ ਵੀ ਇਸ ਨੇ ਬਾਦਲ ਦੀਆਂ ਸਕੀਮਾਂ ਹੀ ਤੋਰੀਆ ਜੇ।

ਜਸਵਿੰਦਰ ਸਿੰਘ ਨੇ ਅੱਗੇ ਹੋਰ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲ ਵੀ ਦੇਖੋ ਇਕ ਤੀਰ ਨਾਲ ਕਿੰਨੇ ਸ਼ਿਕਾਰ ਕਰਦਾ ਹੈ। ਇਕ ਪਾਸੇ ਸੁਮੇਧ ਸੈਨੀ ਦੀ ਸੁਪ੍ਰੀਮ ਕੋਰਟ 'ਚ ਪੈਰਵੀ ਕਰਦਾ ਹੈ ਅਤੇ ਭੁੱਲਰ ਦਾ ਅੰਮ੍ਰਿਤਸਰ ਦੀ ਜੇਲ੍ਹ 'ਚ ਤਬਦੀਲੀ ਕਰਨ ਦਾ ਵਿਰੋਧ ਕੀਤਾ ਦੂਜੇ ਪਾਸੇ ਵੋਟਾਂ ਖਾਤਰ ਆਪਣਾ ਸਾਰਾ ਲਾਮ ਲਸ਼ਕਰ ਮਕਾਰ (ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ) ਦੀ ਪ੍ਰਧਾਨਗੀ ਹੇਠ ਭੁੱਲਰ ਬਾਰੇ ਬਿਆਨਬਾਜ਼ੀ ਤੇ ਲਾ ਛੱਡਿਆ ਹੈ। ਇਸੇ ਤਰਾਂ ਹੀ ਉਸਨੇ ਸ਼੍ਰੋਮਣੀ ਕਮੇਟੀ ਚੋਣਾ 'ਚ ਪੰਥਕ ਏਕਤਾ ਨੂੰ ਰੋਕਣ ਲਈ ਆਪਣੇ ਬੰਦੇ ਉਧਰ ਸਰਗਰਮ ਕੀਤੇ ਹੋਏ ਹਨ ਅਤੇ ਕੁਝ ਹੋਰ ਮਨਪ੍ਰੀਤ ਪਿੱਛੇ ਲਾਏ ਹੋਏ ਹਨ। ਇਨ੍ਹਾਂ ਲੋਕਾਂ ਦੇ ਹਾਥੀ ਦੇ ਦੰਦਾਂ ਵਾਂਗ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹੁੰਦੇ ਹਨ।

ਬਰਾੜ ਜੀਵਨ ਨੇ ਟਿੱਪਣੀ ਕੀਤੀ ਜੀ ਆਪਾਂ ਨੂੰ ਤਾਂ ਐਸੇ ਲੋਕਾਂ ’ਤੇ ਵਿਸ਼ਵਾਸ਼ ਹੀ ਨਹੀ ਸੀ ਨਾ ਹੀ ਅੱਗੇ ਤੋ ਹੋਵੇਗਾ। ਕੌਮ ’ਚ ਇਸੇ ਤਰਾਂ ਦੇ ਗਦਾਰਾਂ ਨੇ ਕੌਮ ਨੂੰ ਥਾਂ ਥਾਂ ਤੇ ਧੋਖਾ ਦਿਤਾ ਹੈ।

ਰਾਜਵੀਰ ਸਿੰਘ ਨੇ ਲਿਖਿਆ ਪੀਟੀਸੀ ਨਿਊਜ਼ ’ਤੇ ਬੋਲਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਭ ਤੋਂ ਵੱਡਾ ਖ਼ਾਲਸਤਾਨੀ ਇਹੀ ਹੋਵੇ ਤੇ ਬਾਦਲ ਇਸ ਦਾ ਸਭ ਤੋਂ ਵੱਡਾ ਦੁਸ਼ਮਨ ਹੋਵੇ।

ਦਰਸ਼ਨ ਸਿੰਘ ਪ੍ਰੀਤਮ ਨੇ ਲਿਖਿਆ ਕਿ ਇਹ ਅੱਜ ਦੀ ਫੈਡਰੇਸ਼ਨ ਦੇ ਸਾਰੇ ਲੀਡਰ ਮੌਕਾ ਪ੍ਰਸਤ ਅੱਤੇ ਮਤਲਬੀ ਹਨ। ਮਤਲਬ ਵੇਲੇ ਗੱਧੇ ਨੂੰ ਬਾਪ ਕਹਿਣ ਵਾਲੇ ਹਨ। ਇਨ੍ਹਾਂ ਦਾ ਕਿਰਦਾਰ ਬਹੁਤ ਹੀ ਨਿੰਦਣ ਯੋਗ ਹੈ। ਦਾੜ੍ਹੀਆਂ ਕਾਲੀਆਂ ਤੋਂ ਚਿੱਟੀਆਂ ਹੋ ਗਈਆਂ ਹਨ ਪਰ ਫਿਰ ਭੀ ਕਲਫ਼ ਲਾ ਲਾ ਕੇ ਜੁਆਨ ਬਣ ਰਹੇ ਹਨ ਅਤੇ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਾ ਅਹੁਦਾ ਨਹੀਂ ਛੱਡਦੇ।

ਸ਼ੌਕੀਨ ਸਿੰਘ ਚੁਪਕੀਤੀ ਨੇ ਲਿਖਿਆ ਕਿ ਜੇ ਇਹ ਪਾਣੀ ਵਿਚ ਹੁੰਦਾ ਤਾਂ ਡੁਬਕੇ ਮਰ ਜਾਂਦਾ ਪਰ ਇਹ ਪਾਣੀ ਵਿਚ ਨਹੀ ਬਾਦਲ ਦੀ ਬੁਕਲ ਵਿਚ ਬੈਠਕੇ ਭਉਂਕ ਰਿਹਾ ਹੈ। ਉਸ ਨੂੰ ਫੇਸ ਬੁੱਕ’ਤੇ ਆ ਕੇ ਜਵਾਬ ਦੇਣਾ ਚਾਹੀਦਾ ਹੈ।

ਸਾਹਿਬ ਮੇਰਾ ਏਕੋ ਹੈ ਗਰੁਪ ਨੇ ਪੀਰ ਮੁਹਮੰਦ ਨੂੰ ਚੁਣੌਤੀ ਦਿੰਦੇ ਹੋਏ ਲਿਖਿਅ ਜਸਵਿੰਦਰ ਭਾ ਜੀ ਦੀ ਪੋਸਟ ਦਾ ਜਵਾਬ ਦੇਣ ਦੇ ਨਾਲ ਨਾਲ ਇਹ ਵੀ ਦੱਸੋ ਕੀ ਤੁਸੀਂ ਏਹੋ ਜੇਹੀ ਕਿਹੜੀ ਪੜ੍ਹਾਈ ਪੜ੍ਹ ਰਹੇ ਹੋ ਕਿ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੀ? ਹੋਰ ਕਿੰਨੇ ਕੁ ਸਾਲ ਅਜੇ ਵਿਦਿਆਰਥੀ ਰਹਿਣਾ ਹੈ ? ਉਸ ਨੇ ਲਿਖਿਆ ਹੈ ਕਿ ਪੀਰ ਮੁਹਮੰਦ ਦਾ ਇਕੱਲਿਆਂ ਚੋਣਾਂ ਲੜਨ ਵਾਲਾ ਫੈਸਲਾ ਨਾ ਸਿਰਫ ਪੰਥਕ ਏਕੇ ਦੇ ਯਤਨਾਂ ਨੂੰ ਤਾਰਪੀਡੋ ਕਰਨ ਵਾਲਾ ਹੈ ਸਗੋਂ ਮੂਰਖਤਾ ਪੂਰਨ ਵੀ ਹੈ। ਇਸ ਦਾ ਸਬੂਤ ਤੁਸੀਂ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਪਿਛੋ ਦੇਖ ਲਿਓ। ਜਵਾਬ ਵਿਚ ਜਸਵਿੰਦਰ ਸਿੰਘ ਨੇ ਲਿਖਿਆ ਇਨ੍ਹਾਂ ਦਾ ਮਕਸਦ ਕਿਹੜਾ ਚੋਣਾ ਜਿੱਤਣਾ ਹੈ। ਇਸ ਦਾ ਮਕਸਦ ਤਾਂ ਬਾਦਲ ਨੂੰ ਇਨ੍ਹਾਂ ਚੋਣਾ 'ਚ ਫਾਇਦਾ ਪਹੁੰਚਾਉਣਾ ਹੈ। ਇਸ ਨੂੰ ਗੱਫੇ ਬਾਦਲਾਂ ਤੋਂ ਵੀ ਮਿਲ ਜਾਣੇ ਹਨ ਅਤੇ ਸਿੱਖ ਸੰਗਤਾਂ ਤੋਂ ਵੀ ਇਕੱਠੇ ਕਰ ਲੈਣੇ ਹਨ। ਓਨੇ ਚਿਰ ਨੂੰ ਅਸੰਬਲੀ ਦੀਆਂ ਚੋਣਾਂ ਆ ਜਾਣਗੀਆਂ। ਇਸ ਦੀ ਵਫਾਦਾਰੀ ਦਾ ਬਾਦਲ ਉਸ ਸਮੇˆ ਵੀ ਮੁੱਲ ਪਾ ਦੇਵੇਗਾ।

ਪਰਮਜੀਤ ਸਿੰਘ ਰਿਆਤ ਰੁਬੇਲ ਨੇ ਲਿਖਿਆ ਕੌਮ ਦੇ ਗਦਾਰਾਂ ਦੇ ਕੋਈ ਸਿੰਗ ਨਹੀ ਹੁੰਦੇ ਸਿਰਫ ਮੋਖੋਟੇ ਹੁੰਦੇ ਨੇ ਅਸਲੀ ਚਿਹਰਾ ਸਮਾ ਆਉਣ ’ਤੇ ਹੀ ਸਾਮ੍ਹਣੇ ਆਉਂਦਾ ਹੈ।

ਗੁਰਚਰਨ ਸਿੰਘ ਨੇ ਲਿਖਿਆ ਕਿ ਹੁਣ ਉਹ ਦਿਨ ਗਏ ਜਦ ਇਹ ਸੰਗਤ ਨੂੰ ਬੇਵਕੂਫ਼ ਬਣਾਉਂਦੇ ਸੀ, ਹੁਣ ਸੰਗਤ ਜਾਗਰੂਕ ਹੋ ਗਈ ਹੈ ਤੇ ਇਨ੍ਹਾਂ ਦੀ ਸੇਵਾ ਦਾ ਟਾਈਮ ਆ ਗਿਆ ਹੈ।

ਰੁਪਿੰਦਰ ਕੌਰ ਨੇ ਇੱਥੋ ਤੱਕ ਲਿਖ ਦਿੱਤਾ ਕਿ ਇਹਦੇ ਢਾਹਕੇ ਮਾਰੋ ਜੁਤੀਆਂ, ਲੰਮਾ ਪਾ ਲਉ। ਇਨ੍ਹਾਂ ਤੋਂ ਇਲਾਵਾ ਹੋਰ ਕਈ ਸਖ਼ਤ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਪੋਸਟ ਅਤੇ ਟਿੱਪਣੀਆਂ ਨੂੰ ਪਸੰਦ ਕੀਤਾ।

ਖ਼ਬਰ ਲਿਖੇ ਜਾਣ ਤੱਕ ਪੀਰ ਮੁਹੰਮਦ ਵਲੋਂ ਕੋਈ ਪੱਖ ਪੇਸ਼ ਨਹੀਂ ਕੀਤਾ ਗਿਆ ਤਾਂ ਰਾਤੀ 9.40 ’ਤੇ ਫ਼ੋਨ ਰਾਹੀਂ ਕੀਤੇ ਸੰਪਰਕ ਦੌਰਾਨ ਫੇਸ ਬੁੱਕ ਦੀਆਂ ਸਾਰੀਆਂ ਟਿੱਪਣੀਆਂ ਦੀ ਜਾਣਕਾਰੀ ਦੇ ਪੁੱਛਿਆ ਗਿਆ ਤਾਂ ਪੀਰ ਮੁੰਹਮਦ ਨੇ ਕਿਹਾ, ਕੰਮ ਲੈਣ ਲਈ ਉਨ੍ਹਾਂ ਦੇ ਸਾਰਿਆਂ ਨਾਲ ਸਬੰਧ ਹਨ। ਬਾਦਲ ਬੰਦਾ ਮਾੜਾ ਨਹੀਂ ਪਰ ਉਹ ਮਾੜੇ ਸਿਸਟਮ ’ਚ ਘਿਰਿਆ ਹੋਇਆ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਸਵਰਗੀ ਕੈਪਟਨ ਕੰਵਲਜੀਤ ਸਿੰਘ ਮਾੜਾ ਨਹੀਂ ਸੀ ਸੁਖਦੇਵ ਸਿੰਘ ਢੀਂਡਸਾ ਮਾੜਾ ਨਹੀ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਵੀ ਮਾੜੇ ਨਹੀਂ ਤਾਂ ਉਹ ਮਾੜਾ ਸਿਸਟਮ ਕਿਸ ਨੇ ਬਣਾਇਆ ਹੈ ਜਿਸ ਵਿਚ ਵੱਡੇ ਕੱਦ ਵਾਲਾ ਬਾਦਲ ਵੀ ਘਿਰ ਗਿਆ ਹੈ। ਜਵਾਬ ਵਿੱਚ ਉਨ੍ਹਾਂ ਕਿਹਾ ਉਹ ਭਾਜਪਾ ਦੇ ਸਿਸਟਮ ਵਿੱਚ ਘਿਰਿਆ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਿਰੋਲ ਧਾਰਮਿਕ ਹਨ ਤੇ ਇਨ੍ਹਾਂ ਵਿੱਚ ਭਾਜਪਾ ਤੇ ਕਾਂਗਰਸ ਦੇ ਮੋਢਿਆਂ ’ਤੇ ਚੜ੍ਹ ਕੇ ਚੋਣਾਂ ਲੜਨ ਵਾਲਿਆਂ ਨੂੰ ਲੋਕ ਮੂੰਹ ਨਹੀ ਲਾਉਣਗੇ। ਉਨ੍ਹਾਂ ਕਿਹਾ ਉਸ ਦੀ ਸਿਮਰਨਜੀਤ ਸਿੰਘ ਮਾਨ ਨਾਲ ਇੱਕ ਹੀ ਗੱਲ ਤੇ ਉਸ ਨਾਲ ਮਿਲ ਕੇ ਚੋਣਾਂ ਲੜਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top