(ਨਿਊਯਾਰਕ) ਏ. ਐਸ. ਓ ਦੇ
ਆਗੂਆਂ ਭਾਈ ਦਵਿੰਦਰ ਸਿੰਘ, ਦਿਦਾਰ ਸਿੰਘ, ਭਾਈ ਸੁਖਦੇਵ ਸਿੰਘ ਨਾਗਰਾ, ਭਾਈ ਇੰਦਰਜੀਤ ਸਿੰਘ ,
ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਸੁਰਜੀਤ ਸਿੰਘ, ਭਾਈ ਕਰਨੈਲ ਸਿੰਘ, ਸੁਖਵੀਰ ਸਿੰਘ ਅਤੇ
ਚਰਨਜੀਤ ਸਿੰਘ ਸਮਰਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੱਕ ਦਮ ਸਿਰ ਤੇ ਆਣ ਖੜੀਆਂ
ਸ਼੍ਰੋਮਣੀ ਕਮੇਟੀ ਚੋਣਾਂ ਜਿਥੇ ਪੰਥਕ ਧਿਰਾਂ ਲਈ ਇੱਕ ਇਮਤਿਹਾਨ ਦੀ ਘੜੀ ਹਨ ਉਥੇ ਆਪਣਾ ਸਥਾਈ ਕਬਜਾ
ਜਮਾਈ ਰੱਖਣ ਲਈ ਬਾਦਲ ਐਂਡ ਕੰਪਨੀ ਨੇ ਵੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਪੂਰੇ ਹੱਥ
ਕੰਡੇ ਵਰਤਣੇ ਹਨ, ਕਿਉਕਿ ਆਪਣੇ ਸਿਆਸੀ ਕੈਰੀਅਰ ਦੀ ਸਦੀਵੀ
ਸਥਾਪਤੀ ਲਈ ਸ਼੍ਰੋਮਣੀ ਕਮੇਟੀ ਕਬਜਾਧਾਰੀ ਬਾਦਲ ਦਾ ਇੱਕ ਰਿਜ਼ਰਵ ਬੈਂਕ ਹੈ ਜਿਸਦੀ ਬਾਦਲ ਨੇ ਹਮੇਸ਼ਾ
ਆਪਣੀ ਸਿਆਸੀ ਲੜਾਈ ਲਈ ਦੁਰਵਰਤੋਂ ਹੀ ਨਹੀ ਕੀਤੀ ਸਗੋਂ ਪੰਥ ਦੁਸ਼ਮਣਾਂ ਨਾਲ ਮਿਲ ਕੇ ਸਿੱਖੀ ਦਾ
ਘਾਣ ਕਰਨ ਵਿਚ ਕੋਈ ਕਸਰ ਨਹੀ ਛੱਡੀ। ਇਹੋ ਹੀ ਮੁੱਖ ਕਾਰਣ ਹੈ ਕਿ
ਗੁਰਾਂ ਦੇ ਨਾ ਤੇ ਵੱਸਦਾ ਪੰਜਾਬ ਅੱਜ ਨਸ਼ਿਆਂ ਦਾ ਪੰਜਾਬ ਬਣ ਚੁੱਕਾ ਹੈ।
ਇਥੇ ਇਹ ਵੀ ਜਿਕਰਯੋਗ ਹੈ, ਕਿ
ਆਪਣੇ ਤੇ ਅਖੌਤੀ ਪੰਥਕ ਬੁਰਕਾ ਪਹਿਨ ਕੇ ਹਮੇਸ਼ਾ ਵਾਗ ਪੰਥ ਦੇ ਨਾਂ ਤੇ ਸਿੱਖ ਵੋਟਰਾਂ ਨੂੰ
ਗੁੰਮਰਾਹ ਕਰਨ ਵਾਲਾ ਬਾਦਲ ਅਤੇ ਇਸ ਦੀ ਮੱਕੜ ਸੈਨਾ ਜਿਥੇ ਪੰਥਕ ਮੋਰਚੇ ਨੂੰ ਕਾਂਗਰਸ ਦੀ ਬੀ ਟੀਮ
ਪ੍ਰਚਾਰਦੀ ਹੈ ਉਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖ ਕੌਮ ਦਾ
ਭਗਵਾਂਕਰਨ ਕਰਨ ਲਈ ਨਿੱਤ ਨਵੇਂ ਹੱਥਕੰਡੇ ਵਰਤ ਰਹੀ ਆਰ. ਐਸ. ਐਸ. ਦੀ ਏ ਟੀਮ ਹੈ, ਕਿਉਕਿ ਇਨ੍ਹਾਂ
ਹਿੰਦੂਤਵੀਆਂ ਦੇ ਇਸ਼ਾਰੇ ਤੇ ਬਾਦਲ ਵਲੋਂ ਪਿਛਲੇ ਦਿਨੀ ਮੂਲ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ
ਕਰਨਾ ਇਸਦਾ ਪ੍ਰਤੱਖ ਸਬੂਤ ਹੈ। ਜੇਕਰ ਇਹ ਇਸ ਵਾਰੀ ਵੀ ਸ਼੍ਰੋਮਣੀ ਕਮੇਟੀ ਤੇ ਕਬਜਾ ਬਣਾਈ ਰੱਖਣ
ਵਿਚ ਕਾਮਯਾਬ ਹੋ ਗਿਆ ਤਾਂ ਪੰਥਕ ਧਿਰਾਂ ਸਮਝ ਲੈਣ ਕਿ ਸਿੱਖ ਕੌਮ ਨੂੰ ਇਸ ਤੋਂ ਵੀ ਮਾੜੇ ਦਿਨ
ਵੇਖਣੇ ਪੈ ਸਕਦੇ ਹਨ। ਕੌਮ ਦੇ ਸਿਰ ਤੋਂ ਇਸ ਖਤਰੇ ਨੂੰ ਟਾਲਣ ਲਈ
ਪੰਥਕ ਧਿਰਾਂ ਹਊਮੈ ਤਿਆਗ ਕੇ ਆਪਸੀ ਏਕਤਾ ਦਾ ਸਬੂਤ ਦਿੰਦਿਆ ਸਾਂਝਾ ਯਤਨ ਕਰਨ ਤਾਂ ਜੋ ਆਰ.
ਐਸ.ਐਸ ਦੀ ਏ ਟੀਮ ਨੂੰ ਕਰਾਰੀ ਹਾਰ ਦੇ ਕੇ ਸਿੱਖ ਕੌਮ ਨੂੰ ਸੰਭਾਵੀ ਚੁਣੌਤੀਆਂ ਤੋਂ ਬਚਾਇਆ ਜਾ
ਸਕੇ।