Share on Facebook

Main News Page

ਗੁਰਦੁਆਰਾ ਚੋਣਾਂ 'ਚ ਨਸ਼ੇ ਵੰਡਣ ਅਤੇ ਧਨ-ਦੌਲਤਾਂ ਦੇ ਲਾਲਚ ਦੇਣ ਵਾਲੇ ਉਮੀਦਵਾਰਾਂ ਨੂੰ ਮੁੱਢੋਂ ਹੀ ਨਕਾਰਿਆ ਜਾਵੇ: ਇਕਬਾਲ ਸਿੰਘ ਟਿਵਾਣਾ

ਫਤਹਿਗੜ ਸਾਹਿਬ 16 ਅਗਸਤ (ਗੁਰਪ੍ਰੀਤ ਮਹਿਕ):- ''ਗੁਰਦੁਆਰਾ ਦੇ ਪ੍ਰਬੰਧ ਦੇ ਉਸਾਰੂ ਮਿਸ਼ਨ ਨੂੰ ਮੁੱਖ ਰੱਖ ਕੇ ਹੋਣ ਜਾ ਰਹੀਆਂ ਗੁਰਦੁਆਰਾ ਚੋਣਾਂ ਵਿੱਚ ਜੋ ਉਮੀਦਵਾਰ ਅਤੇ ਪਾਰਟੀਆ ਸਿੱਖੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਵੋਟਰਾਂ ਅਤੇ ਸਿੱਖਾਂ ਵਿੱਚ ਨਸ਼ੇ ਵੰਡ ਕੇ, ਅਤੇ ਧਨ-ਦੌਲਤਾਂ ਦੇ ਲਾਲਚ ਦੇ ਕੇ ਸਿੱਖੀ ਇਖਲਾਕ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰਨ, ਅਜਿਹੇ ਉਮੀਦਵਾਰਾਂ ਨੂੰ ਸਿੱਖ ਕੌਮ ਮੁੱਢੋਂ ਹੀ ਨਕਾਰਨ ਦੀ ਜੁੰਮੇਵਾਰੀ ਨਿਭਾਵੇ, ਤਾਂ ਕਿ ਉਚੇ-ਸੁਚੇ ਇਖਲਾਕ ਅਤੇ ਸੇਵਾ ਭਾਵਨਾਂ ਰੱਖਣ ਵਾਲੇ ਉਮੀਦਵਾਰਾਂ ਨੂੰ ਗੁਰੂ ਘਰਾਂ ਦੇ ਪ੍ਰਬੰਧ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲ ਸਕੇ।"

ਇਹ ਵਿਚਾਰ ਅੱਜ ਇਥੇ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਅਤੇ ਇੰਨਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅ) ਨੇ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ ਯੂ.ਟੀ. ਦੇ ਸਿੱਖਾਂ ਨੂੰ ਇਕ ਅਪੀਲ ਕਰਦੇ ਹੋਏ, ਇਕ ਬਿਆਨ ਵਿੱਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਪੰਥ ਦਾ ਦਰਦ ਰੱਖਣ ਵਾਲਾ ਹਰ ਸਿੱਖ ਇਸ ਗਲੋਂ ਕਲਪ ਰਿਹਾ ਹੈ, ਕਿ ਕਿਸ ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਦੇ ਪ੍ਰਬੰਧ ਵਿਚ ਆਏ ਨਿਘਾਰ ਨੂੰ ਖਤਮ ਕਰਕੇ, ਸਿੱਖ ਸੋਚ 'ਤੇ ਅਧਾਰਿਤ ਨਿਜਾਮ ਕਾਇਮ ਕੀਤਾ ਜਾ ਸਕੇ ਅਤੇ ਅਮਲੀ ਜੀਵਨ ਵਾਲੇ ਸਿੱਖਾਂ ਦੇ ਹੱਥ ਵਿਚ ਇਸ ਪ੍ਰਬੰਧ ਨੂੰ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਬਹੁਤ ਸਾਰੇ ਆਗੂ, ਜਿਨ੍ਹਾਂ ਵਿੱਚ ਸਿੱਖੀ ਅਤੇ ਇਨਸਾਨੀ ਗੁਣ ਨਹੀਂ ਹਨ ਅਤੇ ਬੀਤੇ ਸਮੇਂ ਵਿੱਚ ਗੈਰ-ਇਖਲਾਕੀ ਅਤੇ ਗੈਰ-ਧਰਮੀ ਕੰਮਾਂ ਵਿੱਚ ਮਸਰੂਫ ਰਹੇ ਹਨ, ਅਜਿਹੇ ਬਗਲੇ ਰੂਪੀ ਲੋਕ ਹੰਸਾਂ ਦਾ ਭੁਲੇਖਾ ਪਾਉਣ ਲਈ, ਚਿੱਟੇ ਵਸਤਰਾਂ ਤੇ ਨੀਲੀਆਂ ਦਸਤਾਰਾਂ ਸਜਾ ਕੇ ਨਿਕਲ ਪਏ ਹਨ । ਸਿੱਖ ਕੌਮ ਜੋ ਸੱਚ-ਹੱਕ, ਸਾਫਗੋਈ, ਇਖਲਾਕੀ ਸਿੱਖੀ ਗੁਣਾਂ ਦੀ ਕਾਇਲ ਹੈ, ਉਹ ਅਜਿਹੇ ਬਗਲਿਆ ਨੂੰ ਪਹਿਚਾਣਨ ਵਿੱਚ ਕਈ ਵਾਰ ਧੋਖਾ ਖਾ ਜਾਂਦੀ ਹੈ । 18 ਸਤੰਬਰ ਨੂੰ ਸਿੱਖ ਕੌਮ ਵਿਚ ਵਿਚਰ ਰਹੇ ''ਬਗਲਿਆਂ ਅਤੇ ਹੰਸਾਂ" ਦਾ ਨਿਖੇੜਾ ਕਰਨ ਦਾ ਸਹੀ ਸਮਾਂ ਆ ਰਿਹਾ ਹੈ । ਸਿੱਖ ਕੌਮ ਕੇਵਲ ਅਮਲੀ ਜੀਵਨ ਵਾਲੇ ਸਿੱਖ ਉਮੀਦਵਾਰਾਂ ਨੂੰ ਚੁਣ ਕੇ, ਸਿੱਖ ਪਾਰਲੀਆਮੈਂਟ ਵਿੱਚ ਭੇਜੇ, ਤਾਂ ਕਿ ਸਿੱਖ ਕੌਮ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਗੁਰੂਘਰਾਂ ਦੇ ਸੁਚੱਜੇ ਪ੍ਰਬੰਧ ਤੋਂ ਸਹੀ ਸੇਧ ਮਿਲ ਸਕੇ ਅਤੇ ਸਿੱਖ ਨੌਜਵਾਨੀ ਆਪਣੇ ਫਖ਼ਰ ਵਾਲੇ ਇਤਿਹਾਸ ਤੋ ਪ੍ਰੇਰਣਾ ਲੈਂਦੀ ਹੋਈ ''ਸਰਬੱਤ ਦਾ ਭਲਾ" ਲੋੜਨ ਵਾਲੀ ਵਿਸ਼ਾਲ ਸੋਚ ਨੂੰ ਪ੍ਰਤੱਖ ਰੂਪ ਵਿਚ ਰੂਪਮਾਨ ਕਰ ਸਕੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top