Share on Facebook

Main News Page

ਸ਼੍ਰੋਮਣੀ ਕਮੇਟੀ: ਘੋੜੀ ਅਸਵਾਰੀ ਕਰਨ ਲਈ ਹੁੰਦੀ ਹੈ, ਕੰਧਿਆਂ `ਤੇ ਚੁੱਕਣ ਲਈ ਨਹੀਂ!

ਸੰਨ ੧੭੧੬ ਵਿੱਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਰੇ ਹੀ ਸਿਰ-ਕੱਢ ਸਾਥੀ ਸਿੱਖ ਲੀਡਰਾਂ ਦੀ ਸ਼ਹਾਦਤ ਤੋਂ ਬਾਅਦ, ਤੱਤਕਾਲੀਨ ਜ਼ਾਲਮ ਮੁਗ਼ਲ ਹਕੂਮਤ ਨੇ ਸਿੱਖ ਕੌਮ ਦੇ ਕਤਲੇਆਮ ਦੇ ਹੁਕਮ ਜਾਰੀ ਕਰ ਦਿੱਤੇ। ਸਮੁੱਚੀ ਸਿੱਖ ਕੌਮ, ਛੋਟੇ-ਵੱਡੇ ਜੱਥਿਆਂ ਦੇ ਰੂਪ ਵਿੱਚ ਆਪਣੇ ਘਰ-ਘਾਟ ਛੱਡ ਕੇ ਬੀਕਾਨੇਰ ਦੇ ਮਾਰੂਥਲਾਂ ਅਤੇ ਪੰਜਾਬ ਦੇ ਪਹਾੜਾਂ/ਜੰਗਲਾਂ-ਬੇਲਿਆਂ ਵੱਲ ਉਜੜ ਕੇ ਚਲੀ ਗਈ। ਕੌਮ `ਤੇ ਆਈ ਇਸ ਪਹਾੜ ਜਿੱਡੀ ਬਿਪਤਾ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਮਨੂੰਵਾਦ ਦੇ ਹਮਾਇਤੀ ਉਦਾਸੀਆਂ, ਨਿਰਮਲਿਆਂ ਅਤੇ ਮਹੰਤਾਂ ਨੇ ਖ਼ਾਲੀ ਪਏ ਗੁਰਦਵਾਰਿਆਂ `ਤੇ ਕਬਜ਼ਾ ਕਰ ਲਿਆ। ਇਨ੍ਹਾਂ ਦੁਸ਼ਟਾਂ ਨੇ ਗੁਰਦਵਾਰਿਆਂ ਰਾਹੀਂ ਹੋ ਰਿਹਾ ਗੁਰਮਤਿ ਪ੍ਰਚਾਰ ਬੰਦ ਕਰ ਕੇ, ਗੁਰਮਤਿ ਦੇ ਨਕਲੀ ਲੇਬਲ ਹੇਠ ਮਨੂੰਵਾਦ ਦਾ ਪ੍ਰਚਾਰ ਅਰੰਭ ਕਰ ਦਿੱਤਾ ਅਤੇ ਨਾਲ ਦੀ ਨਾਲ ਹੀ ਸਾਜਿਸ਼ੀ ਢੰਗਾਂ ਨਾਲ ਗੁਰਮਤਿ ਸਿਧਾਂਤ, ਸਿੱਖ ਇਤਿਹਾਸ ਅਤੇ ਸਿੱਖ ਸਭਿਆਚਾਰ ਵਿੱਚ ਬਿਪਰਵਾਦੀ ਖ਼ੋਟ ਮਿਲਾਉਣੀ ਸ਼ੁਰੂ ਕਰ ਦਿੱਤੀ। ਇਸ ਸਮੁੱਚੀ ਕਾਰਵਾਈ ਦਾ ਨਿਸ਼ਾਨਾ ਸੀ ਸਿੱਖ ਕੌਮ ਨੂੰ ਤਰ੍ਹਾਂ-ਤਰ੍ਹਾਂ ਦੇ ਭੰਬਲ-ਭੂਸਿਆਂ ਵਿੱਚ ਪਾ ਕੇ ਬਿਪਰਵਾਦ ਦੇ ਮਾਨਵ-ਰਿਵੋਧੀ ਡੂੰਘੇ ਸਮੁੰਦਰ ਵਿੱਚ ਜਜ਼ਬ ਕਰਨਾ।

ਸਮੇਂ ਨੇ ਕਰਵਟ ਲਈ। ਸੰਨ ੧੮੭੩ ਵਿੱਚ, ਸਿੰਘ ਸਭਾ ਲਹਿਰ ਦਾ ਮੁੱਢ ਬੱਝਿਆ। ਇਹ ਲਹਿਰ ਸਿੱਖ ਕੌਮ ਨੂੰ ਜਾਗਰੂਕ ਕਰਦੀ ਹੋਈ ‘ਗੁਰਦਵਾਰਾ ਸੁਧਾਰ ਲਹਿਰ’ ਦਾ ਰੂਪ ਧਾਰਨ ਕਰ ਗਈ। ਗੁਰਦਵਾਰੇ ਬਿਪਰਵਾਦ ਦੇ ਹਮਾਇਤੀਆਂ ਦੇ ਨਾਜਾਇਜ਼ ਕਬਜ਼ੇ ਵਿੱਚੋਂ ਆਜ਼ਾਦ ਕਰਵਾਏ ਜਾਣ ਲੱਗੇ। ਕੌਮ ਦੇ ਧਾਰਮਿਕ ਸਥਾਨਾਂ ਦਾ ਗੁਰਮਤਿ ਜੁਗਤਿ ਅਨੁਸਾਰ ਪ੍ਰਬੰਧ ਕਰਨ ਲਈ, “੧੫ ਨਵੰਬਰ ੧੯੨੦ ਦੇ ਦਿਨ, ਅਕਾਲ ਤਖ਼ਤ ਦੇ ਸਾਹਮਣੇ ਸਰਬੱਤ ਖ਼ਾਲਸਾ ਦਾ ਇਕੱਠ ਬੁਲਾ ਕੇ ੧੭੫ ਮੈਂਬਰੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਬਣਾਈ ਗਈ। ੧੪ ਦਸੰਬਰ ੧੯੨੦ ਨੂੰ ਅਕਾਲ ਤਖ਼ਤ `ਤੇ ਹੋਏ ਕੌਮੀ ਇਕੱਠ ਵਿੱਚ ‘ਗੁਰਦਵਾਰਾ ਸੇਵਕ ਦਲ’ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਜੱਥੇਬੰਦੀ ਦਾ ਨਾਂ ਮਨਜ਼ੂਰ ਕਰਨ ਲਈ ਇੱਕ ਕੌਮੀ ਇਕੱਠ ੨੩ ਜਨਵਰੀ ੧੯੨੧ ਨੂੰ ਅਕਾਲ ਤਖ਼ਤ `ਤੇ ਬੁਲਾ ਕੇ ਇਸ ਦਾ ਨਾਂੑ ‘ਅਕਾਲੀ ਦਲ’ ਸਵੀਕਾਰ ਕਰ ਲਿਆ ਗਿਆ। (ਮਗਰੋਂ ੨੯ ਮਾਰਚ ੧੯੨੨ ਦੇ ਦਿਨ ਅਕਾਲੀ ਦਲ ਨੇ ਆਪਣੇ ੬ਵੇਂ ਮਤੇ ਮੁਤਾਬਿਕ ਜਥੇਬੰਦੀ ਦਾ ਨਾਂ ‘ਸ਼੍ਰੋਮਣੀ ਅਕਾਲੀ ਦਲ’ ਰੱਖ ਲਿਆ। ਅਕਾਲੀ ਦਲ ਨੇ ਦੋ-ਨੁਕਾਤੀ ਪ੍ਰਗਰਾਮ ਐਲਾਣਿਆ: ੧. ਸਾਰੇ ਅਕਾਲੀ ਜੱਥਿਆਂ ਨੂੰ ਇੱਕਠੇ ਕਰ ਕੇ ਪੰਥ ਦੀ ਸੇਵਾ ਕਰਨੀ, ੨. ਗੁਰਦਵਾਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੁਕਮ ੱਤੇ ਅਮਲ ਕਰਨਾ। (ਰੋਜ਼ਾਨਾ ਅਕਾਲੀ, ੨੮ ਦਸੰਬਰ ੧੯੨੧) “ {ਡਾ. ਹਰਜਿੰਦਰ ਸਿੰਘ ਦਿਲਗੀਰ” ਸਿੱਖ ਤਵਾਰੀਖ਼ ਸਫ਼ੇ ੭੯੭-੮੨੯}

ਅੱਜ ਗੁਰਮਤਿ-ਵਿਹੂਣੇ ਅਖੌਤੀ ਸਿਖ ਰਾਜਨੀਤਕ ਲੀਡਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਖੌਤੀ ਸ਼੍ਰੋਮਣੀ ਅਕਾਲੀ ਦਲ (ਕਾਲੀ ਦਲ?) ਦਾ ਧਾਰਮਕਿ ਵਿੰਗ ਹੀ ਨਹੀਂ, ਸਗੋਂ ਆਪਣਾ ‘ਨਿੱਜੀ ਗ਼ੁਲਾਮ ਧਾਰਮਿਕ ਵਿੰਗ’ ਬਣਾ ਲਿਆ ਹੈ। ਇਸ ਗੁਰਮਤਿ-ਵਿਰੋਧੀ ਰੁਝਾਨ ਨੂੰ ਠੱਲ੍ਹ ਪਾ ਕੇ ਦਰੁੱਸਤ ਕਰਨ ਦੀ ਫ਼ੌਰਨ ਜ਼ਰੂਰਤ ਹੈ। ਜਿਵੇਂ ਕਿ ਇੱਕ ਕਹਾਣੀ ਪ੍ਰਚੱਲਤ ਹੈ ਕਿ ਇੱਕ ਥੱਕੇ-ਟੁੱਟੇ ਮੁਸਾਫ਼ਿਰ ਨੇ ਰੱਬ ਅੱਗੇ ਬੇਨਤੀ ਕੀਤੀ ਕਿ “ਹੇ ਪਰਵਦਗਾਰ ਮਾਲਿਕਾ! ਮੈਨੂੰ ਸਵਾਰੀ ਕਰਨ ਲਈ ਜਿਵੇਂ-ਕਿਵੇਂ ਵੀ ਹੋ ਸਕੇ, ਇੱਕ ਘੋੜੀ ਦਾ ਬੰਦੋਬਸਤ ਕਰ ਦੇ। ਮੈਂ ਸਾਰੀ ਉਮਰ ਤੇਰੇ ਇਸ ਉਪਕਾਰ ਨੂੰ ਨਹੀਂ ਭੁਲਾਵਾਂਗਾ”। ਦੇਵਨੇਤ ਨਾਲ, ਕੁੱਝ ਸਮੇਂ ਬਾਅਦ, ਉਧਰੋਂ ਕੋਈ ਸਰਕਾਰੀ ਅਹੁਦੇਦਾਰ ਆ ਬਹੁੜਿਆ ਜਿਸ ਦੀ ਘੋੜੀ ਅਜ਼ੇ ਸੱਜਰੀ ਹੀ ਸੂਈ ਸੀ। ਬਛੇਰਾ ਛੋਟਾ ਹੋਣ ਕਰ ਕੇ, ਚਲਦਾ-ਚਲਦਾ ਥੱਕ ਕੇ ਰੁਕ ਗਿਆ। ਉਸ ਅਹਿਲਕਾਰ ਨੇ ਮੁਸਾਫ਼ਰ ਨੂੰ ਫੜ ਕੇ ਘੋੜੀ ਦਾ ਬਛੇਰਾ ਜਬਰਦਸਤੀ ਉਸ ਦੇ ਕੰਧਿਆਂ `ਤੇ ਰਖਵਾ ਦਿੱਤਾ ਅਤੇ ਉਸਨੂੰ ਆਪਣੀ ਘੋੜੀ ਦੇ ਅੱਗੇ -ਅੱਗੇ ਚਲਣ ਦਾ ਹੁਕਮ ਦੇ ਦਿੱਤਾ। ਉਹ ਵਿਚਾਰਾ ਰੋਂਦਾ-ਕੁਰਲਾਉਂਦਾ ਇਸ ਅਚਾਨਕ ਹੀ ਗਲ ਪਈ ਵਗਾਰ ਲਈ ਆਪਣੀ ਕਿਸਮਤ ਨੂੰ ਕੋਸਦਾ-ਕੋਸਦਾ ਤੁਰਦਾ ਗਿਆ।

ਠੀਕ ਇਹੋ ਜਿਹਾ ਭਾਣਾ ਹੀ ਸ਼੍ਰੋਮਣੀ ਕਮੇਟੀ ਦੇ ਮਾਮਲੇ ਵਿੱਚ ਸਿੱਖ ਕੌਮ ਨਾਲ ਵਰਤ ਗਿਆ ਲੱਗਦਾ ਹੈ। ਗੁਰਦਵਾਰਿਆਂ ਨੂੰ ਗੁਰਮਤਿ ਵਿਧੀ ਅਨੁਸਾਰ ਕਾਰਜਸ਼ੀਲ ਕਰ ਕੇ ਗੁਰਮਤਿ ਇਨਕਲਾਬ ਦਾ ਸੰਸਾਰ `ਚ ਵਿਕਾਸ ਕਰਨ ਦੀ ਬਜਾਏ, ਸ਼੍ਰੋਮਣੀ ਕਮੇਟੀ ਇਸ ਇਨਕਲਾਬ ਦੇ ਰਸਤੇ ਦਾ ਵੱਡਾ ਰੋੜਾ ਬਣੀ ਪਈ ਹੈ। ਯਾਨੀ ਕਿ ਕੌਮ ਦੇ ਕਿਸੇ ਕੰਮ ਆਉਂਣ ਦੀ ਬਜਾਏ ਕੌਮ ਦੇ ਕੰਧਿਆਂ `ਤੇ ਸਵਾਰ ਹੋ ਕੇ ਬੇ-ਲੋੜਾ ਬੋਝ ਬਣੀ ਪਈ ਹੈ। ਇਸ ਦੇ ਕਾਰਨ ਬੜੇ ਸਪੱਸ਼ਟ ਹਨ:

(ੳ) ਕੌਮ ਦਾ ਵੱਡਾ ਹਿੱਸਾ (ਤਕਰੀਬਨ ੯੫%), ਇਤਿਹਾਸਕ ਕਾਰਨਾਂ ਕਰ ਕੇ ਸੰਨ ੧੭੮੦ ਦੇ ਆਸ-ਪਾਸ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਅਗੁਵਾਈ ਨੂੰ ਪਿੱਠ ਦੇ ਚੁੱਕਾ ਹੈ; ਅਤੇ
(ਅ) ਮਾਨਵ-ਵਿਰੋਧੀ ਸ਼ਕਤੀਆਂ ਨੇ (ਜਿਨ੍ਹਾਂ ਵਿੱਚ ‘ਪੁਜਾਰੀ-ਹਾਕਮ-ਮਾਇਆਧਾਰੀ’ ਦੀ ਤਿੱਕੜੀ ਪਰਮੁੱਖ ਹੈ) ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ {ਜਦੋਂ ਸਤਿਗੁਰਾਂ ਨੇ ੯ ਸਾਲ ਦੀ ਨਿੱਕੀ ਜਿਹੀ ਆਯੂ ਵਿੱਚ ਹੀ ਧਰਮ ਦੇ ਨਾਂਅ `ਤੇ ਕਰਮ-ਕਾਂਡੀ ਜਨੇਊ ਧਾਰਨ ਤੋਂ, ਅਕੱਟ ਦਲੀਲਾਂ ਦੇ ਕੇ, ਇਨਕਾਰ ਕਰ ਦਿੱਤਾ ਸੀ ਅਤੇ ਇਸ ਤਰ੍ਹਾਂ ਬ੍ਰਾਹਮਣ ਦੀ ਸਿਰਦਾਰੀ ਨੂੰ ਸ਼ਰ੍ਹੇਆਮ ਠੁਕਰਾ ਕੇ ਇੱਕ ਲਾਸਾਨੀ (ਗੁਰਮਤਿ) ਇਨਕਲਾਬ ਦਾ ਆਗਾਜ਼ ਕਰ ਦਿੱਤਾ ਸੀ} ਲਾਸਾਨੀ (ਗੁਰਮਤਿ) ਇਨਕਲਾਬ ਦਾ ਵਿਉਂਤਬੰਦ ਢੰਗ ਨਾਲ, ਜੱਥੇਬੰਦ ਹੋ ਕੇ ਵਿਰੋਧ ਕਰਨਾ ਜਾਰੀ ਰੱਖਿਆ ਹੋਇਆ ਹੈ।

ਸਿੱਖ ਗੁਰਦਵਾਰਾ ਐਕਟ-੧੯੨੫ (ਪਿਛਲੇ ੭੦-੮੦ ਸਾਲ ਤੋਂ ਹੀ) ਵੇਲਾ ਵਿਹਾ ਚੁੱਕਾ ਹੈ। ਅੱਜ ਲੋੜ ਹੈ ਕਿ ਕਾਨੂੰਨੀ ਪੈਂਤੜਾ ਇਖ਼ਤਿਆਰ ਕਰ ਕੇ ਇਸ ਦੀ ਜਗ੍ਹਾ ਕੋਈ ਸਾਦਾ ਜਿਹਾ ਕਾਨੂੰਨ ਬਣਾਇਆ ਜਾਵੇ ਤਾਕਿ ਖ਼ੁਦਗ਼ਰਜ਼ ਅਤੇ ਭ੍ਰਿਸ਼ਟ ਸਿਆਸਤਦਾਨ, ਗੁਰਦਵਾਰਾ ਪ੍ਰਬੰਧ ਵਿੱਚ ਦਖ਼ਲ ਨਾ ਦੇ ਸਕਣ ਅਤੇ ਗੁਰਦਵਾਰਿਆਂ ਦਾ ਪ੍ਰਬੰਧ ਗੁਰਮਤਿ ਅਨੁਸਾਰ ਚਲਾਉਣ ਵਿੱਚ ਕੋਈ ਰੁਕਾਵਟ ਨਾ ਪੇਸ਼ ਆਵੇ।

ਨਵੀਂ ਸ਼੍ਰੋਮਣੀ ਕਮੇਟੀ ਦਾ ਗਠਨ ਕਰਨ ਲਈ ੧੮ ਸਤੰਬਰ ੨੦੧੧ ਨੂੰ ਵੋਟਾਂ ਪਾਉਣ ਦਾ ਐਲਾਨ ਹੋ ਚੁੱਕਾ ਹੈ। ਸ਼੍ਰੋਮਣੀ ਕਮੇਟੀ ਨੂੰ ਖ਼ੁਦਗਰਜ਼ ਅਤੇ ਭ੍ਰਿਸ਼ਟ ਸਿਆਸਤ ਦੀ ਗ਼ੁਲਾਮੀ `ਚੋਂ ਕੱਢਣ ਲਈ ਜ਼ਰੂਰੀ ਹੈ ਕਿ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨ ਕੇ ਜੀਊਂਣ ਵਾਲੇ, ਯੋਗ ਉਮੀਦਵਾਰ ਚੁਣ ਕੇ ਭੇਜੇ ਜਾਣ। ਇਸ ਲਈ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ, ਹੇਠ ਦਰਜ਼ ਕੀਤੀਆਂ ਗੁਰਮਤਿ–ਵਿਰੋਧੀ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਦ੍ਰਿੜਤਾ ਨਾਲ ਨਿਕਾਰ ਦੇਣਾ ਅਤੀ ਜ਼ਰੂਰੀ ਹੈ:

  1. ਅਖੌਤੀ ਸੰਤ-ਸਮਾਜੀਏ

  2. ਬਾਦਲ-ਦਲੀਏ

  3. ਸ਼ੱਕੀ ਕਿਰਦਾਰ ਵਾਲੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ

  4. ਗੁਰਮਤਿ-ਵਿਹੂਣੇ ਅਤੇ ਸ਼ੱਕੀ ਕਿਰਦਾਰ ਵਾਲੇ ਆਜ਼ਾਦ ਉਮੀਦਵਾਰ

  5. ਟਕਸਾਲੀ ਤੇ ਸੰਪਰਦਾਈ ਉਮੀਦਵਾਰ

  6. ਨਸ਼ੇ-ਪੱਤੇ, ਮਾਇਆ ਜਾਂ ਕੋਈ ਹੋਰ ਗੁਰਮਤਿ-ਵਿਰੋਧੀ ਹਰਬਾ ਵਰਤਣ ਵਾਲੇ

ਉੱਪਰਲੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਦੇ ਖ਼ਿਲਾਫ਼, ਆਪਸੀ ਤਾਲਮੇਲ ਰਾਹੀਂ, ਹਰ ਇੱਕ ਸੀਟ ਤੋਂ ਕੇਵਲ ਇੱਕੋ ਹੀ, ਗੁਰਮਤਿ ਦਾ ਧਾਰਨੀ ਅਤੇ ਜਿੱਤ ਸਕਣ ਦੀ ਸੰਭਾਵਨਾ ਰੱਖਣ ਵਾਲਾ, ਉਮੀਦਵਾਰ ਖੜ੍ਹਾ ਕੀਤਾ ਜਾਵੇ।

ਅੰਤ ਵਿੱਚ ਸਮੁੱਚੇ ਪੰਥਕ ਵੋਟਰਾਂ ਨੂੰ ਹੱਥ-ਜੋੜ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ ਕਰਨ ਵਾਲੀਆਂ ਸ਼ਕਤੀਆਂ- (ਡੇਰੇਦਾਰਾਂ, ਸੰਪਰਦਾਵਾਂ, ਸੰਤ-ਸਮਾਜੀਏ, ਸੌਦਾ-ਸਾਧੀਏ, ਭਨਿਆਰੀਏ, ਆਸ਼ੂਤੋਸ਼ੀਏ ਅਤੇ ਅਜਿਹੇ ਹੋਰ ਡੇਰੇ) ਨਾਲ ਅੰਦਰ-ਖ਼ਾਤੇ ਮੇਲ-ਜੋਲ ਰੱਖਣ ਵਾਲੇ ਉਮੀਦਵਾਰਾਂ ਨੂੰ ਸਿੱਧੀ ਟੱਕਰ ਦੇਣ ਲਈ, ਗੁਰੂ ਵੱਲ ਮੁੱਖ ਕਰ ਕੇ, ਹਰ ਇੱਕ ਸੀਟ ਤੋਂ, ਕੇਵਲ ਇੱਕ ਹੀ ਉਮੀਦਵਾਰ ਵੀਰ/ਭੈਣ ਦੇ ਹੱਕ `ਚ ਵੋਟਾਂ ਪਾਉਣ ਦਾ ਖ਼ੁਦ ਹੀ ਨਿਰਣਾ ਕਰ ਲੈਣ, ਤਾਕਿ ਆਪਸ `ਚ ਹੀ, ਪੰਥਕ ਵੋਟਾਂ ਦੇ ਵੰਡੇ ਜਾਣ ਤੋਂ ਬੱਚਿਆ ਜਾ ਸਕੇ।

ਲੇਖਕ ਨੂੰ ਪੂਰਾ ਭਰੋਸਾ ਹੈ ਕਿ ਜੇਕਰ ਸਿੱਖ ਵੋਟਰਾਂ ਨੇ ਉਪਰਲੇ ਸੁਝਾਵਾਂ ਨੂੰ ਯੋਗ ਅਹਿਮੀਅਤ ਦੇ ਕੇ ਸੂਝ-ਬੂਝ ਨਾਲ ਆਪਣੀਆਂ ਵੋਟਾਂ ਦੀ ਵਰਤੋਂ ਕੀਤੀ ਤਾਂ ਸਫ਼ਲਤਾ ਮਿਲਣੀ ਲਾਜ਼ਮੀ ਹੈ।

ਨੋਟ: ਸਿੱਖ ਕੌਮ ਦੀਆਂ (ਬਲਕਿ ਸਮੁੱਚੀ ਮਨੁੱਖਤਾ ਦੀਆਂ ਹੀ) ਬੁਨਿਆਦੀ ਸਮੱਸਿਆਵਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਆਲਮਗ਼ੀਰੀ ਫ਼ਲਸਫ਼ੇ ਦੀ ਰੌਸ਼ਨੀ ਅੰਦਰ ਵਿਚਾਰ ਕਰਨ ਦੇ ਮਕਸਦ ਨਾਲ, ਇਸ ਕਲਮ ਤੋਂ, ‘ਸਿੱਖ ਫ਼ਲਸਫ਼ਾ – ਲਾਸਾਨੀ ਇਨਕਲਾਬ’ ਦੀ ਪੁਸਤਕ-ਲੜੀ ਦੇ ਤਿੰਨ ਭਾਗ ਛੱਪ ਚੁੱਕੇ ਹਨ ਅਤੇ ਚੌਥਾ ਭਾਗ ਛਪਾਈ ਅਧੀਨ ਹੈ। ਇਹ ਪੁਸਤਕਾਂ ਹੇਠ ਲਿਖੇ ਸੱਜਣਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ:

1. S.Upkar Singh,
HN.5/106 F, N.I.T. Faridabad.
Phone: 0129-4034135, Mob.98115-12636.

2. S. Jasbinder Singh,
Plot No.183, Industrial Area, Phase-9,
S.A.S. Nagar (Mohali), Pb.
Mob. 98725-44016

3. India Awareness (Monthly)
A-11, Sham Nagar, New Delhi-110018
Phone: 011-25983646,
Mob. 98111-02260, 98999-68051

4. Mailing Address : Amandeep Singh Grewal, #5650, Gladwin Road, V4X1V9, Canada BC. Phone : 001-778-549-7679

ਲ਼ੈਫ਼. ਕਰਨਲ ਗੁਰਦੀਪ ਸਿੰਘ
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ,
(Mob. 94654-47897)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top