14
ਅਗਸਤ ਵਿਚੈਂਸਾ ਇਟਲੀ: ਗੁਰਦੁਆਰਾ ਗੁਰੂ ਰਾਮਦਾਸ ਨਿਵਾਸ
ਆਰਜ਼ਨਿਆਨੋ ਵਿਚੈਂਸਾ ਵਿਖੇ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਗੁਰਮਤਿ ਵੀਚਾਰ ਕਰਦਿਆਂ ਕਿਹਾ ਕਿ
ਅੱਜ ਅਸੀਂ ਗੁਰਮਤਿ ਵੀਚਾਰਧਾਰਾ ਤੋਂ ਕੋਹਾਂ ਦੂਰ ਜਾ ਰਹੇ ਹਾਂ।
ਇਸ ਦਾ ਸਬੂਤ ਇਹ ਹੈ ਕਿ ਅਸੀਂ ਆਪਣੇ ਸਥਾਨਕ ਜਾਂ ਕੌਮੀ ਦਿਨਾਂ ਨੂੰ ਮਨਾਉਣ ਦਾ ਤਰੀਕਾ ਵੀ
ਅਨਮਤੀਆਂ ਵਾਲਾ ਕਰ ਲਿਆ ਹੈ। ਉਦਾਹਰਣ ਦੇ ਤੌਰ ਤੇ ਬਾਬਾ ਬਕਾਲਾ
ਵਿਖੇ ਸਲਾਨਾ ਜੋੜ ਮੇਲੇ ਨੂੰ ਰੱਖੜ ਪੁੰਨਿਆਂ ਦਾ ਨਾਂ ਦੇ ਦਿੱਤਾ ਹੈ, ਚਾਲੀ ਮੁਕਤਿਆਂ ਦੇ ਸ਼ਹੀਦੀ
ਦਿਹਾੜੇ ਨੂੰ ਪਵਿੱਤਰ ਮਾਘੀ ਕਹਿ ਕੇ ਮਨਾ ਰਹੇ ਹਾਂ, ਅਤੇ ਇਸੇ ਤਰ੍ਹਾਂ ਹੀ ਬਾਕੀ ਕੌਮੀ ਦਿਹਾੜੇ
ਜਾਂ ਤਾਂ ਨਾਂ ਬਦਲੀ ਕਰ ਦਿੱਤੇ ਹਨ, ਜਾਂ ਉਨ੍ਹਾਂ ਨੂੰ ਮਨਾਉਣ ਦਾ ਤਰੀਕਾ ਬਦਲ ਦਿੱਤਾ ਹੈ ਅਤੇ
ਇਹ ਸਾਰਾ ਕੁਝ ਮਨਮਤ ਅਤੇ ਅਨਮਤੀ ਪ੍ਰਭਾਵ ਕਰਕੇ ਹੋ ਰਿਹਾ ਹੈ।
ਜਦੋਂ ਕਿ ਰੱਖੜੀ ਅਤੇ ਮਾਘੀ ਦੀ ਪਵਿੱਤਰਤਾ ਨਾਲ ਸਿੱਖਾਂ ਦਾ ਕੋਈ ਸੰਬੰਧ ਹੀ ਨਹੀਂ ਹੈ। ਕਿਉਂਕਿ
ਜਿਹੜੀ ਸਿੱਖੀ ਸਾਨੂੰ ਸਾਧਾਂ ਬਾਬਿਆਂ ਵਲੋਂ ਪੜ੍ਹਾਈ ਜਾ ਰਹੀ ਹੈ ਉਹ ਡੇਰਿਆਂ ਅਤੇ ਜਥੇਬੰਦੀਆਂ
ਦੀ ਆਪਣੀ ਘਾੜਤ ਹੈ, ਉਸਦਾ ਗੁਰਬਾਣੀ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ।
ਇਸੇ ਕਰਕੇ ਅਸੀਂ ਸਰੀਰਾਂ ਅਤੇ ਤਸਵੀਰਾਂ ਦੀ ਪੂਜਾ ਵਿਚ ਲੱਗੇ
ਹੋਏ ਹਾਂ। ਸੰਗਤ ਦੀ ਗੁਰਮਤਿ ਤੋਂ ਅਣਜਾਣਤਾ ਹੀ ਡੇਰਿਆਂ ਅਤੇ ਦੇਹਧਾਰੀ ਗੁਰੂਆਂ ਨੂੰ ਤਾਕਤ ਦਿੰਦੀ
ਹੈ। ਉਨ੍ਹਾਂ ਬਾਬਾ ਮੱਖਣ ਸ਼ਾਹ ਜੀ ਦੇ ਜੀਵਨ ਤੇ ਵੀਚਾਰ ਕਰਦਿਆਂ ਕਿਹਾ ਕਿ ਗੁਰੂ ਖਾਨਦਾਨ ਵਿਚੋਂ
ਉਸ ਵੇਲੇ ਬਾਈ ਆਦਮੀ ਹੀ ਨਹੀਂ ਸਨ, ਜੋ ਗੱਦੀਆਂ ਲਾ ਕੇ ਬੈਠਦੇ ਅਤੇ ਜੋ ਸਰਕਾਰੀ ਸਾਜਿਸ਼ ਸੀ ਕਿ
ਕਿਸੇ ਤਰ੍ਹਾਂ ਸਰਕਾਰੀ ਸਰਪ੍ਰਸਤੀ ਵਾਲਾ ਕੋਈ ਗੁਰੂ ਸ਼ੋਅ ਕਰਕੇ ਗੁਰਮਤਿ ਨੂੰ ਢਾਹ ਲਾਈ ਜਾਵੇ ਉਸ
ਸਾਜਿਸ਼ ਨੂੰ ਭਾਈ ਮੱਖਣ ਸ਼ਾਹ ਵਰਗੇ ਸੁਚੇਤ ਤੇ ਜਾਗੇ ਹੋਏ ਸਿੱਖਾਂ ਪੂਰਾ ਨਹੀਂ ਹੋਣ ਦਿੱਤਾ। ਭਾਈ
ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ 9 ਅਕਤੂਬਰ 1664 ਈ ਦੀ ਦੀਵਾਲੀ ਤੇ ਬਕਾਲੇ
ਵਿਖੇ ਆਏ ਸਨ ਅਤੇ 1000 ਮੋਹਰਾਂ ਜੋ ਸਾਲਾਨਾ ਉਹ ਗੁਰੂ ਘਰ ਲਿਆਉਂਦੇ ਸਨ ਲੈ ਕੇ ਆਏ ਸਨ ਅਤੇ ਉਹ
ਗੁਜਰਾਤ ਕਾਠੀਆਵਾੜ ਦੇ ਮੁਖੀ ਸਿੱਖ ਸਨ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਭਾਈ ਦਾਸਾ ਜੀ ਵੀ ਸਤਵੇਂ
ਪਾਤਸ਼ਾਹ ਦੀ ਹਜ਼ੂਰੀ ਵਿਚ ਰਹਿ ਚੁੱਕੇ ਸਨ।
ਭਾਈ ਮੱਖਣ ਸ਼ਾਹ ਜੀ ਦੇ ਦੋ ਪੁੱਤਰ ਦਸਵੇਂ ਪਾਤਸ਼ਾਹ ਜੀ ਦੀ ਸੇਵਾ
ਵਿਚ ਰਹਿੰਦਿਆਂ ਜ਼ੁਲਮ ਖਿਲਾਫ ਲੜਦਿਆਂ ਸ਼ਹੀਦ ਹੋਏ। ਸਾਨੂੰ ਇਹ ਇਤਿਹਾਸ ਦੀ ਜਾਣਕਾਰੀ ਘੱਟ ਦਿੱਤੀ
ਜਾਂਦੀ ਹੈ ਅਤੇ ਮਨਮਤੀ ਅਤੇ ਇਤਿਹਾਸ ਤੋਂ ਕੋਹਾਂ ਦੂਰ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਹਨ ਜਿਸ
ਕਾਰਨ ਅਸੀਂ ਆਪਣੇ ਮਹਾਨ ਬਜ਼ੁਰਗਾਂ ਬਾਰੇ ਹੀ ਭੁਲੇਖੇ ਦੇ ਸ਼ਿਕਾਰ ਹੋਏ ਪਏ ਹਾਂ। ਗੁਰੂ ਤੇਗ ਬਹਾਦਰ
ਸਾਹਿਬ ਜੀ ਦੇ ਭੋਰੇ ਵਿਚ ਛੱਬੀ ਸਾਲ ਤਪ ਕਰਨ ਵਾਲੀ ਕਹਾਣੀ ਨੂੰ ਮਨਘੜਤ ਦੱਸਦਿਆਂ ਬਾਈ ਹਰਜਿੰਦਰ
ਸਿੰਘ ਜੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਲੰਬਾ ਸਮਾਂ ਜੇ ਬਕਾਲੇ ਨਗਰ ਵਿਚ ਰਹੇ ਤਾਂ ਉਹ
ਵੱਧ ਤੋਂ ਵੱਧ ਬਾਰਾਂ ਸਾਲ ਬਣਦਾ ਹੈ ਅਤੇ ਬਾਕੀ ਸਮਾਂ ਗੁਰੂ ਜੀ ਨੇ ਆਸਾਮ ਬਿਹਾਰ ਅਤੇ ਬੰਗਾਲ
ਵਿਚ ਗੁਰਮਤਿ ਪ੍ਰਚਾਰ ਕਰਦਿਆ ਬਿਤਾਇਆ। ਉਨ੍ਹਾਂ ਸੰਗਤ ਨੂੰ ਪ੍ਰੇਰਣਾ ਕੀਤੀ ਕਿ ਵੱਧ ਤੋਂ ਵੱਧ
ਗੁਰਬਾਣੀ ਨਾਲ ਜੁੜੋ ਅਤੇ ਆਪਣੇ ਇਤਿਹਾਸ ਨੂੰ ਪੜ੍ਹਨ ਦੀ ਆਦਤ ਪਾਓ ਤਾਂ ਕਿ ਭੁਲੇਖਿਆਂ ਤੋਂ ਬਚਿਆ
ਜਾ ਸਕੇ।