ਜੇ
ਹਰ ਸਿੱਖ ਅਰਥਾਂ ਸਹਿਤ ਸਪੂੰਰਨ ਸਹਿਜ ਪਾਠ ਕਰ ਲਵੇ ਜਾਂ ਧਿਆਨ ਲਾ ਕੇ ਸੁਣ ਲਵੇ ਤਾਂ ਉਨ੍ਹਾਂ
ਨੂੰ ਅੰਮ੍ਰਿਤ ਦੀ ਸੂਝ ਅਤੇ ਸਿਧਾਂਤ ਦੀ ਇਤਨੀ ਦ੍ਰਿੜਤਾ ਹੋ ਜਾਵੇਗੀ ਕਿ ਉਹ ਪੁਰਾਤਨ ਸਿੱਖਾਂ
ਵਾਂਗ ਸਿਰ ਦੇ ਕੇ ਵੀ ਅੰਮ੍ਰਿਤ (ਖੰਡੇ ਬਾਟੇ ਦੀ ਪਹੁਲ) ਲੈਣ ਲਈ ਤਿਆਰ ਹੋ ਜਾਣਗੇ। ਫਿਰ ਉਨ੍ਹਾਂ
ਨੂੰ ਟਿਕਟਾਂ ਦੇ ਲਾਲਚ ਦੇ ਕੇ ਅੰਮ੍ਰਿਤ ਛਕਾਉਣ ਜਾਂ ਅੰਮ੍ਰਿਤ ਛਕਣ ਲਈ ਫ਼ੁਰਮਾਨ ਜਾਰੀ ਕਰਨ ਦੀ
ਲੋੜ ਨਹੀਂ ਪਵੇਗੀ
ਬਠਿੰਡਾ, 18 ਅਗਸਤ (ਕਿਰਪਾਲ ਸਿੰਘ): ਸਿੱਖ ਨੇ ਅੰਮ੍ਰਿਤ ਆਪਣਾ ਜੀਵਨ
ਸੁਧਾਰਨ ਲਈ ਸਵੈ ਇੱਛਾ ਨਾਲ ਛਕਣਾ ਹੁੰਦਾ ਹੈ ਪਰ ਹੁਣ ਟਿਕਟਾਂ ਦੇਣ ਪਿੱਛੋਂ ਉਨ੍ਹਾਂ ਨੂੰ
ਪ੍ਰਵਾਰ ਸਮੇਤ ਜ਼ਬਰਦਸਤੀ ਅੰਮ੍ਰਿਤ ਛਕਾਉਣ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਇਹ ਸ਼ਬਦ
ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ
ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ
ਤੋਂ ਹੋ ਰਿਹਾ ਸੀ। ਇਹ ਦੱਸਣ ਯੋਗ ਹੈ ਕਿ ਬੀਤੇ ਦਿਨੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ
ਗਿਆਨੀ ਗੁਰਚਬਨ ਸਿੰਘ ਨੇ ਸ਼੍ਰੋਮਣੀ ਕਮੇਟੀ ਚੋਣਾˆ ਵਿੱਚ ਉਤਰੇ ਉਮੀਦਵਾਰਾਂ ਨੂੰ ਫੁਰਮਾਨ ਜਾਰੀ
ਕੀਤਾ ਹੈ ਕਿ ਉਹ 25 ਅਗਸਤ ਤੋˆ ਪਹਿਲਾਂ ਪਹਿਲਾਂ ਪਰਿਵਾਰ ਸਮੇਤ ਅੰਮ੍ਰਿਤ ਛਕ ਲੈਣ।
ਇਹ ਵੀ ਵਰਨਣਯੋਗ ਹੈ ਕਿ ਬਹੁਤੇ ਉਮੀਦਵਾਰਾਂ ਨੂੰ ਸਿੱਖੀ ਸਿਧਾਂਤਾਂ ਦੀ ਨਾ
ਕੋਈ ਜਾਣਕਾਰੀ ਹੈ ਤੇ ਨਾ ਹੀ ਇਨ੍ਹਾਂ ਸਿਧਾਂਤਾਂ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਹੈ। ਉਹ ਖ਼ੁਦ
ਵੀ ਕੁਝ ਹੀ ਦਿਨ ਪਹਿਲਾˆ ਟਿਕਟਾਂ ਮਿਲਣ ਉਪ੍ਰੰਤ ਅੰਮ੍ਰਤਿਧਾਰੀ ਬਣੇ ਹਨ ਤੇ ਉਨ੍ਹਾਂ ਦੇ ਬੱਚੇ
ਅੰਮ੍ਰਿਤ ਛਕਣਾ ਤਾਂ ਦੂਰ ਦੀ ਗੱਲ ਹੈ ਸਗੋਂ ਸਫਾ ਚੱਟ ਭਾਵ ਕਲੀਨ ਸ਼ੇਵਨ ਅਤੇ ਨਸ਼ੇ ਦੇ ਆਦੀ ਹਨ।
ਕੁਝ ਟਿਕਟਾˆ ਦੇ ਦਾਅਵੇਦਾਰਾˆ ਨੂੰ ਟਿਕਟ ਮਿਲਣ ਦੀ ਝਾਕ ਵਿੱਚ ਵੀ ਅੰਮ੍ਰਿਤ ਛਕਣਾ ਪਿਆ ਤੇ ਜਿਹੜੇ
ਟਿਕਟਾਂ ਹਾਸਲ ਕਰਨ ਦੀ ਦੌੜ ਵਿੱਚ ਅਸਫਲ ਰਹਿ ਗਏ ਉਹ ਸ਼ਾਇਦ ਸੋਚਦੇ ਹੋਣ ਕਿ ਉਨ੍ਹਾਂ ਦੇ ਆਗੂਆਂ
ਨੇ ਜੇ ਸਾਨੂੰ ਟਿਕਟ ਹੀ ਨਹੀਂ ਸੀ ਦਿਵਾਉਣੀ ਤਾਂ ਇਹ ਡਹਾ ਜਿਹਾ (ਕ੍ਰਿਪਾਨ) ਕਿਸ ਲਈ ਪਵਾਇਆ ਹੈ।
ਵੈਸੇ ਵੀ ਸਿਆਸੀ ਲੋਕ ਜਿਨ੍ਹਾਂ ਨੇ ਟਿਕਟ ਲੈਣ ਦੀ ਮਜ਼ਬੂਰੀ ਕਾਰਣ ਅੰਮ੍ਰਿਤ ਛਕਿਆ ਹੈ ਉਨ੍ਹਾਂ
ਵਿੱਚੋਂ ਬਹੁਤੇ ਦਾਹੜੀ ਕਾਲੀ ਕਰਨ ਤੋˆ ਨਹੀਂ ਹਟੇ, ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਕੇ ਵੋਟਾਂ
ਲੈਣ ਦੀ ਲਾਲਸਾ ਕਾਰਣ ਮੰਦਿਰ ਜਾ ਕੇ ਮੱਥੇ ਤਿਲਕ ਲਵਾਉਣ, ਮੂਰਤੀ ਪੂਜਾ ਕਰਨ, ਹਵਨ ਕਰਨ,
ਜਗਰਾਤਿਆਂ ਵਿੱਚ ਜਾ ਕੇ ਮਾਤਾ ਦੀਆਂ ਭੇਟਾਵਾਂ ਗਾਉਣ, ਦੇਹਧਾਰੀਆਂ ਦੇ ਸਮਾਗਮਾਂ ਵਿੱਚ ਜਾ ਕੇ
ਉਨ੍ਹਾਂ ਅੱਗੇ ਮੱਥੇ ਰਗੜਣ, ਨਸ਼ਾ ਕਰਨ ਅਤੇ ਚੋਣਾਂ ਵਿੱਚ ਨਸ਼ੇ ਵੰਡਣ ਆਦਿ ਕਿਸੇ ਵੀ ਮਾੜੀ ਤੋˆ
ਮਾੜੀ ਅਤੇ ਗੁਰਮਤਿ ਵਿਰੋਧੀ ਹਰਕਤ ਕਰਨ ਤੋਂ ਬਾਜ਼ ਨਹੀਂ ਆਉਂਦੇ। ਮੁੱਖ ਸੇਵਾਦਾਰ ਦੀ ਕਦੀ ਹਿੰਮਤ
ਨਹੀਂ ਪਈ ਕਿ ਗੁਰਮਤਿ ਵਿਰੋਧੀ ਕਾਰਵਾਈ ਕਰ ਰਹੇ ਕਿਸੇ ਮੁੱਖ ਆਗੂ ਨੂੰ ਤਾੜਨਾ ਕਰ ਸਕੇ ਸਗੋਂ ਉਹ
ਉਨ੍ਹਾਂ ਦਾ ਪੱਖ ਪੂਰਦਾ ਹੋਇਆ ਇਹ ਕਹਿਣ ਤੱਕ ਚਲਾ ਜਾਂਦਾ ਹੈ ਕਿ ਰਾਜਨੀਤਕ ਲੋਗਾਂ ਨੇ ਤਾਂ ਹਰ
ਥਾਂ ਜਾਣਾ ਹੁੰਦਾ ਹੈ ਇਹ ਉਨ੍ਹਾਂ ਦੀ ਮਜ਼ਬੂਰੀ ਹੈ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਮਜ਼ਬੂਰੀ ਵਾਲੇ ਇਨ੍ਹਾਂ ਲੋਕਾਂ ਨੂੰ
ਜ਼ਬਰਦਸਤੀ ਅੰਮ੍ਰਿਤ ਛਕਾਉਣ ਦੀ ਵੀ ਕੀ ਮਜ਼ਬੂਰੀ ਹੈ ਤੇ ਉਹ ਅੰਮ੍ਰਿਤ ਛਕ ਕੇ ਵੀ ਕੌਮ ਦਾ ਕੀ ਭਲਾ
ਕਰ ਦੇਣਗੇ? ਉਨ੍ਹਾਂ ਕਿਹਾ ਕਿ ਅਜੇਹੇ ਅਖੌਤੀ ਅੰਮ੍ਰਿਤਧਾਰੀ ਲੋਕ ਜਦੋਂ ਸ਼ਰੇਆਮ ਗੁਰਮਤਿ ਵਿਰੋਧੀ
ਕਰਮ ਕਰਦੇ ਹਨ ਤਾਂ ਸਗੋਂ ਇਸ ਨਾਲ ਕੌਮ ਨੂੰ ਨਮੋਸ਼ੀ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ
ਜ਼ਬਰਦਸਤੀ ਅੰਮ੍ਰਿਤ ਛਕਾੳਣ ਦੇ ਫ਼ੁਰਮਾਨ ਵੀ ਸਿਰਫ ਇਸ ਲਈ ਜਾਰੀ ਕਰਨੇ ਪੈ ਰਹੇ ਹਨ ਕਿਉਂਕਿ ਸਿੱਖ
ਗੁਰਬਾਣੀ ਨਾਲ ਟੁੱਟ ਚੁੱਕੇ ਹਨ। ਤੇ ਗੁਰਬਾਣੀ ਨਾਲੋਂ ਤੋੜਨ ਦਾ ਸਿਹਰਾ ਉਨ੍ਹਾਂ ਸੰਤਾਂ ਤੇ
ਪ੍ਰਚਰਕਾਂ ਨੂੰ ਜਾਂਦਾ ਹੈ ਜਿਹੜੇ ਇਹ ਪ੍ਰਚਾਰ ਕਰ ਰਹੇ ਹਨ ਕਿ ਅਸ਼ੁੱਧ ਬਾਣੀ ਪੜ੍ਹਨ ਦਾ ਬਹੁਤ
ਪਾਪ ਲਗਦਾ ਹੈ ਇਸ ਲਈ ਇਹ ਪਾਪ ਸਹੇੜਨ ਤੋਂ ਚੰਗਾ ਹੈ ਕਿ ਵਾਹਿਗੁਰੂ ਵਾਹਿਗੁਰੂ ਹੀ ਕਰੀ ਜਾਓ।
ਇੰਨੀਆਂ ਵਾਹਿਗੁਰੂ ਸ਼ਬਦ ਦੀਆਂ ਮਾਲਾ ਫੇਰੀਆਂ ਜਾਣ, ਇੰਨੀਆਂ ਮੂਲਮੰਤਰ ਦੀਆਂ ਮਾਲਾ ਫੇਰੀਆਂ ਜਾਣ,
ਇੰਨੇ ਜਪੁਜੀ ਸਾਹਿਬ ਦੇ ਪਾਠ ਕੀਤੇ ਜਾਣ, ਇੰਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣ ਤਾਂ ਉਨ੍ਹਾਂ
ਦਾ ਮਹਾਤਮ ਇੱਕ ਅਖੰਡਪਾਠ ਜਿੰਨਾਂ ਮਿਲ ਜਾਂਦਾ ਹੈ। ਫਲਾਨੇ ਸ਼ਬਦ ਦੇ ਇਸ ਦਿਸ਼ਾ ਵਲ ਮੂੰਹ ਕਰਕੇ
ਇੰਨੇ ਪਾਠ ਕੀਤੇ ਜਾਣ ਤਾਂ ਕੰਮ ਸਿੱਧ ਹੋ ਜਾਂਦਾ ਹੈ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਭੋਲੇ ਸਿੱਖ ਗਿਣਤੀ ਮਿਣਤੀ
ਵਿੱਚ ਪੈ ਕੇ ਗੁਰਬਾਣੀ ਦੇ ਅਰਥ ਭਾਵਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਸਮੂਹ
ਸਿੱਖਾਂ ਨੂੰ ਅਪੀਲ ਕੀਤੀ ਕਿ ਵੱਧ ਜੇ ਹੋ ਸਕਣ ਤਾਂ ਬਹੁਤ ਚੰਗੀ ਗੱਲ ਹੈ ਪਰ ਘੱਟ ਤੋਂ ਘਟ ਗੁਰੂ
ਗ੍ਰੰਥ ਸਾਹਿਬ ਜੀ ਦਾ ਇੱਕ ਸਹਿਜ ਪਾਠ ਹਰ ਸਿੱਖ ਨੂੰ ਅਰਥਾਂ ਸਹਿਤ ਕਰਨਾ ਚਾਹੀਦਾ ਹੈ। ਜਿਹੜੇ
ਖ਼ੁਦ ਨਹੀਂ ਕਰ ਸਕਦੇ ਉਹ ਅਰਥਾਂ ਸਹਿਤ ਸੁਣ ਲੈਣ ਤਾਂ ਉਨ੍ਹਾਂ ਨੂੰ ਅੰਮ੍ਰਿਤ ਦੀ ਸੂਝ ਅਤੇ
ਸਿਧਾਂਤ ਦੀ ਇਤਨੀ ਦ੍ਰਿੜਤਾ ਹੋ ਜਾਵੇਗੀ ਕਿ ਉਹ ਪੁਰਾਤਨ ਸਿੱਖਾਂ ਵਾਂਗ ਸਿਰ ਦੇ ਕੇ ਵੀ ਅੰਮ੍ਰਿਤ
(ਖੰਡੇ ਬਾਟੇ ਦੀ ਪਹੁਲ) ਲੈਣ ਲਈ ਤਿਆਰ ਹੋ ਜਾਣਗੇ। ਫਿਰ ਉਨ੍ਹਾਂ ਨੂੰ ਟਿਕਟਾਂ ਦੇ ਲਾਲਚ ਦੇ ਕੇ
ਅੰਮ੍ਰਿਤ ਛਕਾਉਣ ਜਾਂ ਅੰਮ੍ਰਿਤ ਛਕਣ ਲਈ ਫ਼ੁਰਮਾਨ ਜਾਰੀ ਕਰਨ ਦੀ ਲੋੜ ਨਹੀਂ ਪਵੇਗੀ। ਉਸ ਸਮੇਂ
ਕਿਸੇ ਸੰਤ ਬਾਬੇ ਜਾਂ ਪ੍ਰਚਾਰਕ ਦੀ ਵੀ ਕੋਈ ਲੋੜ ਨਹੀਂ ਰਹਿ ਜਾਵੇਗੀ ਹਰ ਸਿੱਖ ਦਾ ਜੀਵਨ ਹੀ
ਪ੍ਰਚਾਰਕ ਦਾ ਕੰਮ ਕਰੇਗਾ।