Share on Facebook

Main News Page

ਹੁਣ ਯੂਥ ਅਕਾਲੀ ਦਲ ਦੇ ਪਤਿਤ ਆਗੂ ਧੱਕੇ ਨਾਲ ਲੈਣ ਲੱਗੇ ਸਿਰੋਪੇ

ਜਥੇ. ਨੰਦਗੜ੍ਹ ਨੇ ਪਤਿਤ ਯੂਥ ਆਗੂ ਨੂੰ ਸਿਰੋਪਾ ਦੇਣ ਤੋਂ ਕੀਤਾ ਇਨਕਾਰ, ਆਖਿਆ ਪਤਿਤ ਸਿੱਖਾਂ ਨੂੰ ਅਹੁਦੇਦਾਰੀਆਂ ਦੇਣਾ ਗਲਤ

ਤਲਵੰਡੀ ਸਾਬੋ, (18 ਅਗਸਤ ,ਪੀ.ਐਸ.ਐਨ): ਅੱਜ ਸਿੱਖ ਪੰਥ ਦੇ ਮਹਾਨ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਤੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਸੈਂਕੜੇ ਸਮਰਥਕਾਂ ਨਾਲ ਤਖਤ ਸਾਹਿਬ ਤੇ ਮੱਥਾ ਟੇਕਣ ਪੁੱਜੇ, ਯੂਥ ਅਕਾਲੀ ਦਲ ਦੇ ਨਵੇਂ ਬਣੇ ਸੀਨੀਅਰ ਮੀਤ ਪ੍ਰਧਾਨ ਸੁਖਮਨ ਸਿੰਘ ਸਿੱਧੂ ਜਿਹੜਾ ਕਿ ਬਾਦਲ ਅਕਾਲੀ ਦਲ ਦੇ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਅਮਰਜੀਤ ਸਿੰਘ ਸਿੱਧੂ ਦਾ ਪੁੱਤਰ ਹੈ ਅਤੇ ਉਸਨੇ ਆਪਣੀ ਦਾੜ੍ਹੀ ਕੱਟੀ ਹੋਈ ਹੈ, ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ, ਪਰੰਤੂ ਜਥੇਦਾਰਾਂ ਨੇ ਧੱਕੇ ਨਾਲ ਤਖਤ ਸਾਹਿਬ ਦੇ ਮੈਨੇਜਰ ਤੋਂ ਇਨ੍ਹਾਂ ਪਤਿਤ ਯੂਥ ਆਗੂਆਂ ਦੇ ਗਲਾਂ 'ਚ ਸਿਰੋਪੇ ਪਵਾ ਦਿੱਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੁਖਮਨ ਸਿੱਧੂ ਆਪਣੇ ਸਾਥੀਆਂ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਤੇ ਪੁੱਜਿਆ ਅਤੇ ਜਦੋਂ ਉਸਨੂੰ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਿੱਖੀ ਸਰੂਪ ਧਾਰਨ ਕਰਨ ਦਾ ਉਪਦੇਸ਼ ਦਿੱਤਾ ਤਾਂ ਉਸਨੇ ਜਥੇਦਾਰ ਸਾਹਿਬ ਦੀ ਕਿਸੇ ਗੱਲ ਦਾ ਕੋਈ ਹੁੰਗਾਰਾ ਨਾ ਭਰਿਆ, ਜਿਸ ਕਾਰਣ ਜਥੇਦਾਰ ਨੰਦਗੜ੍ਹ ਨੇ ਉਸਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਦੀ ਨਾਲ ਹੀ ਗ੍ਰੰਥੀ ਸਿੰਘ ਨੂੰ ਵੀ ਸਿਰੋਪਾ ਦੇਣ ਤੋਂ ਵਰਜ ਦਿੱਤਾ, ਪ੍ਰੰਤੂ ਮੌਕੇ ਤੇ ਮੌਜੂਦ ਸ਼੍ਰੋਮਣੀ ਕਮੇਟੀ ਲਈ ਅਕਾਲੀ ਦਲ ਦੇ ਉਮੀਦਵਾਰ ਮੋਹਨ ਸਿੰਘ ਬੰਗੀ ਨੇ ਤਖਤ ਸਾਹਿਬ ਦੇ ਮੈਨੇਜਰ ਨੂੰ ਮਜ਼ਬੂਰ ਕਰਕੇ ਇਨ੍ਹਾਂ ਯੂਥ ਆਗੂਆਂ ਦੇ ਸਿਰੋਪੇ ਪਾਉਣ ਲਈ ਆਖਿਆ।

ਜਥੇਦਾਰ ਨੰਦਗੜ੍ਹ ਨੇ ਇਸ ਸਮੇਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹੇ ਵਿਅਕਤੀਆਂ ਨੂੰ ਕੋਈ ਅਹੁਦੇਦਾਰੀ ਨਹੀਂ ਦੇਣੀ ਚਾਹੀਦੀ ਜਿਹੜੇ ਪਤਿਤ ਹਨ ਅਤੇ ਖਾਸ ਕਰਕੇ ਕੇਸਾਂ ਦਾ ਕਤਲ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਇਹ ਮੰਗ ਕੀਤੀ ਕਿ ਅਜਿਹੇ ਅਖੌਤੀ ਸਿੱਖ ਲੀਡਰਾਂ ਦੀਆਂ ਅਹੁਦੇਦਾਰੀਆਂ ਰੱਦ ਕੀਤੀਆਂ ਜਾਣ। ਉਨ੍ਹਾਂ ਆਖਿਆ ਕਿ ਜਿਹੜੇ ਨੌਜਵਾਨ ਆਗੂ ਖੁਦ ਹੀ ਪਤਿਤ ਹਨ, ਉਹ ਆਪਣੇ ਸਾਥੀਆਂ ਨੂੰ ਕਿਵੇਂ ਸਿੱਖੀ 'ਚ ਪਰਪੱਕ ਹੋਣ ਦਾ ਸੰਦੇਸ਼ ਦੇ ਸਕਦੇ ਹਨ। ਇਸ ਸਬੰਧੀ ਜਦੋਂ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਮਨ ਸਿੰਘ ਸਿੱਧੂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਦੇ ਮੋਬਾਇਲ ਦੀ ਘੰਟੀ ਵਜਦੀ ਰਹੀ, ਪਰੰਤੂ ਉਨ੍ਹਾਂ ਨੇ ਮੋਬਾਇਲ ਨਹੀਂ ਚੁੱਕਿਆ। ਇਸ ਘਟਨਾ ਨੂੰ ਲੈ ਕੇ ਇਲਾਕੇ 'ਚ ਭਾਰੀ ਚਰਚਾ ਸ਼ੁਰੂ ਹੋ ਗਈ ਹੈ ਅਤੇ ਤਖਤ ਸਾਹਿਬ ਦੇ ਜਥੇਦਾਰ ਵਲੋਂ ਮਨਾ ਕਰਨ ਤੋਂ ਬਾਅਦ ਮੈਨੇਜਰ ਵਲੋਂ ਦਿੱਤੇ ਗਏ ਸਿਰੋਪਿਆਂ ਕਾਰਣ ਸਿੱਖ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top