ਜਿਥੇ
ਇਹ ਅਖੌਤੀ ਅਕਾਲੀ ਦਲ ਆਪਣਾ ਖਾਸਾ ਗੁਆ ਚੁੱਕਾ ਹੈ, ਉਥੇ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਇਸ ਅਖੌਤੀ
ਅਕਾਲੀ ਦਲ ਲਈ ਦਲਾਲੀ ਕਰਕੇ ਅਕਾਲ ਤਖ਼ਤ ਦੀ ਮਹਾਨ ਸੰਸਥਾ ਨੂੰ ਵੀ ਭਾਰੀ ਢਾਹ ਲਿਆ ਰਿਹਾ ਹੈ।
ਬਠਿੰਡਾ,19 ਅਗਸਤ (ਕਿਰਪਾਲ ਸਿੰਘ): ਟੁੱਕਰ ਲਈ ਮਾਲਕ ਦੇ ਦਰਵਾਜ਼ੇ ਤੇ ਬੈਠਾ ਇਹ ਟੁਕੜ ਬੋਚ ਕੈਸੀ
ਦਲਾਲੀ ਕਰ ਰਿਹਾ ਹੈ। ਪਿਛਲੇ ਦਿਨੀ ਇਕ ਅਖ਼ਬਾਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਰ ਗਿਆਨੀ
ਗੁਰਬਚਨ ਸਿੰਘ ਦੇ ਛਪੇ ਬਿਆਨ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਇਹ ਸ਼ਬਦ ਸਾਬਕਾ ਮੁਖ ਸੇਵਾਦਾਰ ਪ੍ਰੋ:
ਦਰਸ਼ਨ ਸਿੰਘ ਖ਼ਾਲਸਾ ਨੇ ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਵਿੱਚ ਕਹੇ। ਉਨ੍ਹਾਂ ਕਿਹਾ ਕਿ ਦੂਜਿਆਂ
ਨੂੰ ਰਹਿਮ ਦੇ ਟੁਕੜੇ ਦਾ ਲਾਲਚ ਦਿਖਾਉਂਦਾ ਹੋਇਆ ਇਹ ਕਹਿ ਰਿਹਾ ਹੈ ਕਿ ਸਾਰੇ ਅਕਾਲੀ ਦਲ ਮੁੱਖ
ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਜਾਓ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀਆਂ ਭਾਵਨਾਵਾਂ ਅਨਸਾਰ ਉਹਨਾਂ
ਨੂੰ ਯੋਗ ਅਹੁਦੇ ਦੇ ਕੇ ਨਿਵਾਜੇਗਾ।
ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਇਹ ਇਕ ਜ਼ਰ ਖ੍ਰੀਦ ਗੁਲਾਮ ਵਲੋਂ ਸਾਰੀਆਂ ਹੱਦਾਂ ਬੰਨੇ ਟੱਪਣ ਦੀ
ਮਿਸਾਲ ਹੈ, ਬੇਸ਼ੱਕ ਅਜਿਹੇ ਵਿਅਕਤੀ ਦਾ ਅਕਾਲ ਤਖ਼ਤ ਸਾਹਿਬ ਦੇ ਉਚ ਅਹੁੱਦੇ ’ਤੇ ਬੈਠੇ ਹੋਏ ਹੋਣ ਕਰਕੇ
ਕੁਝ ਕਮਜ਼ਾਹੀਨ ਲੋਕ ਇਸ ਕੁਫਰ ਨਾਮੇ ਨੂੰ ਭੀ ਧਾਰਮਕ ਪਦਵੀ ਦਾ ਹੁਕਮਨਾਮਾ ਆਖ ਕੇ, ਸਿਫਤਾਂ ਕਰਨ ਅਤੇ
ਧੰਨਵਾਦ ਕਰਦੇ ਹੋਏ ਸਿਰ ਝੁਕਾਉਣ ਲਈ ਤਿਆਰ ਹੋ ਜਾਣ ਪਰ ਮੈਂ ਸਮਝਦਾ ਹਾਂ ਕਿ ਇਸ ਧਰਮ ਦੀ ਅਣਖੀ
ਲੜਾਈ ਵਿਚ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਵਰਗੇ ਹੋਰ ਬਹੁਤ ਸਾਰੇ ਵੀਰ ਇਸ ਦਲਾਲੀ ਨੂੰ ਚੰਗੀ ਤਰਾਂ
ਸਮਝਦੇ ਹਨ ਅਤੇ ਸੁਚੇਤ ਰਹਿਨਗੇ। ਕਿਉਂਕਿ ਗੁਰਬਾਣੀ ਨੂੰ ਸਮਝਣ ਵਾਲਾ ਹਰ ਵੀਰ ਚੰਗੀ ਤਰ੍ਹਾਂ ਸਮਝਦਾ
ਹੈ ਕਿ ‘ਅੰਧੇ ਕੈ ਰਾਹਿ ਦਸਿਐ, ਅੰਧਾ ਹੋਇ ਸੁ ਜਾਇ ॥
ਹੋਇ ਸੁਜਾਖਾ ਨਾਨਕਾ, ਸੋ ਕਿਉ ਉਝੜਿ ਪਾਇ ॥’
ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿਹਾ ਬੇਸ਼ਕ ਲੜਾਈ ਵਿਚ ਜਿੱਤ ਹਾਰ ਕਿਸੇ ਦੀ ਭੀ ਹੋ ਸਕਦੀ ਹੈ, ਪਰ ਧਰਮੀ
ਲੋਕ ਧਰਮ ਦੀ ਲੜਾਈ ਵਿਚ ਕੁਫਰ ਅਤੇ ਕਾਫਰ ਦੇ ਸਾਹਮਣੇ ਕਦੀ ਹਥਿਆਰ ਨਹੀ ਸੁਟਦੇ ਕਿਉਂਕਿ ਉਨ੍ਹਾਂ
ਨੂੰ ਇਸ ਗੁਰੂ ਹੁਕਮ- ‘ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ ॥ ਖੇਤੁ
ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ ॥1॥ ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ
ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥2॥’ ਦੀ ਚੰਗੀ ਤਰ੍ਹਾਂ ਸੋਝੀ ਹੁੰਦੀ ਹੈ।
ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਜ਼ਲੂਮਾਂ ਦੇ ਹੱਕ ਵਿੱਚ ਖੜ੍ਹਦਿਆਂ ਅਕਾਲ
ਤਖ਼ਤ ਦੀ ਹਮੇਸ਼ਾਂ ਰਾਜਨੀਤਕ ਤਖ਼ਤਾਂ ਨਾਲ ਟੱਕਰ ਰਹੀ ਹੈ ’ਤੇ 1920 ਵਿੱਚ ਇਸ ਸਥਾਨ ’ਤੇ ਬਣੇ ਸ਼੍ਰੋਮਣੀ
ਅਕਾਲੀ ਦਲ ਨੇ, ਧਰਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਅਕਾਲ ਤਖ਼ਤ ਦੀ ਰਹਿਨੁਮਾਈ ਹੇਠ ਇੱਕ ਫੌਜ ਵਜੋਂ
ਵਿਚਰਨ ਦੇ ਟੀਚੇ ਨੂੰ ਆਪਣੇ ਸੰਵਿਧਾਨ ਵਿੱਚ ਅਪਣਾਇਆ ਸੀ, ਪਰ ਹੁਣ ਤਾਂ ਰਾਜਨੀਤਕ ਅਹੁਦਿਆਂ ਦੀ
ਲਾਲਸਾ ਅਧੀਨ ਇਸ ਅਖੌਤੀ ਦਲ ਨੇ ਆਪਣਾ ਖਾਸਾ ਹੀ ਬਦਲਦਿਆਂ ਇਸ ਨੂੰ ਇੱਕ ਧਰਮ ਨਿਰਪੱਖ ਪਾਰਟੀ
ਐਲਾਨਿਆ ਹੋਇਆ ਹੈ।
ਸਿਤਮ ਦੀ ਗੱਲ ਇਹ ਹੈ ਕਿ ਅਕਾਲ ਤਖ਼ਤ ਨੂੰ ਵੀ ਆਪਣੇ ਅਧੀਨ ਰੱਖੀ ਰੱਖਣ ਦੀ ਮਨਸਾ ਅਧੀਨ ਸ਼੍ਰੋਮਣੀ
ਕਮੇਟੀ ਦੀਆਂ ਚੋਣਾਂ ਲੜਨ ਲਈ ਗੁਰਦੁਆਰਾ ਚੋਣ ਕਮਿਸ਼ਨ ਕੋਲ ਹੋਰ ਅਤੇ ਰਾਜਨੀਤਕ ਅਹੁੱਦਿਆਂ ਦੀ ਪ੍ਰਪਤੀ
ਲਈ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਕੋਲ ਵਖਰੀ ਕਿਸਮ ਦਾ ਹੋਰ ਸੰਵਿਧਾਨ ਦਿੱਤਾ ਹੋਇਆ ਹੈ। ਇਸ ਤਰ੍ਹਾਂ
ਇੱਕ ਹੀ ਪਾਰਟੀ ਵਲੋਂ ਦੋ ਵੱਖਰੇ ਵੱਖਰੇ ਕਿਸਮ ਦੇ ਸੰਵਿਧਾਨ ਦੇਣੇ ਲੋਕਾਂ ਤੇ ਚੋਣ ਕਮਿਸ਼ਨਾਂ ਨੂੰ
ਧੋਖਾ ਦੇਣਾ ਹੈ ਤੇ ਇਸ ਧੋਖੇਬਾਜ਼ ਪਾਰਟੀ ਨੂੰ ਕਿਸੇ ਵੀ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਕਹਿਣਾ ਹੀ
ਇਸ ਸ਼ਬਦ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਜਿਥੇ ਇਹ ਅਖੌਤੀ ਅਕਾਲੀ ਦਲ ਆਪਣਾ ਖਾਸਾ ਗੁਆ ਚੁੱਕਾ ਹੈ
ਉਥੇ ਅਕਾਲ ਤਖ਼ਤ ਦਾ ਮੁਖ ਸੇਵਾਦਾਰ ਇਸ ਅਖੌਤੀ ਅਕਾਲੀ ਦਲ ਲਈ ਦਲਾਲੀ ਕਰਕੇ ਅਕਾਲ ਤਖ਼ਤ ਦੀ ਮਹਾਨ
ਸੰਸਥਾ ਨੂੰ ਵੀ ਭਾਰੀ ਢਾਹ ਲਿਆ ਰਿਹਾ ਹੈ।