Share on Facebook

Main News Page

ਅੱਜ "ਸ਼੍ਰੋਮਣੀ ਕਮੇਟੀ" ਤੇ ਕਾਬਜ ਬਾਦਲ ਦੀ ਮੱਕੜ ਫੌਜ ਪੰਥ ਰੂਪੀ ਬ੍ਰਿਛ ਤੇ ਛਾ ਚੁੱਕੀ ਹੈ: ਪ੍ਰਿੰਸੀਪਲ ਪਰਵਿੰਦਰ ਸਿੰਘ

ਅੱਜ ਦਾ “ਅਕਾਲੀ ਦਲ” ਆਪਣੇ ਮੁੱਲ ਸਿੱਖੀ ਵਿਰਸੇ, ਸਿੱਖੀ ਸਿਧਾਂਤ ਤੇ ਸਿੱਖ ਰਹਿਤ ਮਰਿਆਦਾ ਨੂੰ ਤਿਲਾਂਜਲੀ ਦੇ ਕੇ ਭਾਜਪਾ, ਕਾਂਗਰਗ ਵਾਗੂੰ ਇਕ ਸਿਆਸੀ ਪਾਰਟੀ ਬਣ ਗਿਆ ਹੈ
ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ, ਸ੍ਰੋਮਣੀ ਕਮੇਟੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਨਿਰੋਲ ਧਾਰਮਿਕ ਖੇਤਰ ਵਿੱਚ ਸੇਵਾ ਨਿਭਾ ਰਹੇ ਸਿੱਖਾ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣਾ ਪਵੇਗਾ

19 ਅਗਸਤ: ਸ਼੍ਰੋ. ਗੁ. ਪ੍ਰ. ਕਮੇਟੀ ਹਲਕਾ ਪਛਮੀਂ 72 ਤੋਂ ਲੁਧਿਆਣਾ ਸ਼ਹਿਰੀ ਤੋਂ ਸਮੂਹ ਸਿੱਖ ਧਾਰਮਿਕ ਜੱਥੇਬੰਦੀਆਂ ਵੱਲੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰੇਰਣਾ ਤੇ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਰਹੇ ਅਜ਼ਾਦ ਉਮੀਦਵਾਰ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਉਹਨਾਂ ਨਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤਾ, ਧਾਰਮਿਕ ਜੱਥੇਬੰਦੀਆਂ ਦੇ ਆਗੂ ਪੁੱਜੇ ਹੋਏ ਸਨ। ਇਸ ਮੌਕੇ ਉਹਨਾਂ ਸਮੂਹ ਸਿਆਣੇ ਗੁਰਸਿੱਖਾਂ ਨੂੰ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਤੇ ਕਾਗਜ਼ ਸਿਆਸਤਦਾਨਾ ਨੇ ਸਿੱਖ ਪੰਥ ਨੂੰ ਵਿਚਾਰਧਾਰਕ ਦੇ ਤੌਰ ਤੇ ਦੋ ਫਾੜ ਕਰ ਦਿੱਤਾ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ, ਸ੍ਰੋਮਣੀ ਕਮੇਟੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਨਿਰੋਲ ਧਾਰਮਿਕ ਖੇਤਰ ਵਿੱਚ ਸੇਵਾ ਨਿਭਾ ਰਹੇ ਸਿੱਖਾ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣਾ ਪਵੇਗਾ। ਜਿੰਨਾ ਅੰਦਰ ਰਾਜ ਸ਼ਕਤੀ ਮਾਨਣ ਦੀ ਖਾਹਿਸ਼ ਨਾ ਹੋਵੇ। ਭਾਵੇਂ ਮੌਜੂਦਾ ਗੁਰਦੁਆਰਾ ਕਾਨੂੰਨ ਰਾਹੀਂ ਗੁ. ਪ੍ਰਬੰਧ. ਸਿਆਸਤਦਾਨਾ ਕੋਲੋਂ ਖੋਹਣਾ ਸੋਖਾ ਕੰਮ ਨਹੀਂ, ਪਰ ਸਿੱਖ ਸੰਗਤਾ ਗੁਰੂ ਦਾ ਰੂਪ ਹਨ। ਸਿੱਖ ਪੰਥ ਵਿੱਚ ਸੰਗਤ ਦੀ ਬਹੁਤ ਮਹਾਨਤਾ ਹੈ ਇਸ ਲਈ ਹੁਣ ਸਿੱਖ ਸੰਗਤ ਨੂੰ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਿਆਸਤ ਦਾਨਾ ਤੋਂ ਖੋਹਣ ਲਈ ਗੁਰਦੁਆਰਾ ਸੁਧਾਰ ਲਹਿਰ ਆਰੰਭਣੀ ਪਵੇਗੀ ਤੇ ਗੁਰਦੁਆਰੇ ਭ੍ਰਿਸ਼ਟ ਸਿਆਸਤਦਾਨਾ ਤੋਂ ਮੁਕਤ ਕਰਾਉਣੇ ਪੈਣਗੇ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਤੇ ਕਾਬਜ “ਅਕਾਲੀ ਧੜਾ” ਆਪਣੇ ਆਪ ਨੂੰ ਪੰਥ ਦਸ ਕੇ ਸਿੱਖ ਸੰਗਤਾ ਨੂੰ ਗੁਮਰਾਹ ਕਰ ਰਿਹਾ ਹੈ। ਸਿੱਖ ਸਿਧਾਂਤਾ ਅਨੁਸਾਰ ਸਮੁੱਚੇ ਤਿਆਰ-ਬਰ- ਤਿਆਰ ਅੰਮ੍ਰਿਤਧਾਰੀ ਸਿੰਘਾ ਦੇ ਸਮੂਹ ਨੂੰ ਪੰਥ ਮੰਨਿਆ ਜਾਂਦਾ ਹੈ। ਹੁਣ ਤਾਂ ਖਤਰਨਾਕ ਗੱਲ ਇਹ ਹੈ ਕਿ ਘੋਨੇ/ਮੋਨੇ ਲੋਕਾਂ ਦੇ ਹੱਥ ਵਿੱਚ ਅਕਾਲੀ ਦਲ ਦੀ ਵਾਂਗਡੋਰ ਸੋਂਪੀ ਜਾ ਰਹੀ ਹੈ। ਇਹ ਘੋਨੇ/ਮੋਨੇ ਲੋਕ ਜੋ ਸਿੱਖ ਹੱਕਾ ਦੀ ਪਹਿਰੇਦਾਰ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਬਣ ਕੇ ਸਿੱਖੀ ਸਿਧਾਂਤਾ ਦੀ ਖਿੱਲੀ ਉਡਾ ਰਹੇ ਹਨ। ਅੱਜ ਦਾ “ਅਕਾਲੀ ਦਲ” ਆਪਣੇ ਮੁੱਲ ਸਿੱਖੀ ਵਿਰਸੇ, ਸਿੱਖੀ ਸਿਧਾਂਤ ਤੇ ਸਿੱਖ ਰਹਿਤ ਮਰਿਆਦਾ ਨੂੰ ਤਰਾਂਜਲੀ ਦੇ ਕੇ ਭਾਜਪਾ, ਕਾਂਗਰਗ ਵਾਗੂੰ ਇਕ ਸਿਆਸੀ ਪਾਰਟੀ ਬਣ ਗਿਆ ਹੈ। ਇਸ ਲਈ ਇਹਨਾਂ ਸਿਆਸਤਦਾਨਾ ਤੋਂ ਸ਼੍ਰੋਮਣੀ ਕਮੇਟੀ ਅਜਾਦ ਕਰਵਾਉਣੀ ਹੋਰ ਵੀ ਬਹੁਤ ਜਰੂਰੀ ਹੋ ਗਈ ਹੈ। ਇਹ ਹੀ ਪੰਥ ਦੀ ਮਹਾਨ ਸੇਵਾ ਹੈ, ਹਰ ਸਿੱਖ ਨੂੰ ਵੋਟ ਪਾ ਕੇ ਇਹਨਾਂ ਕਾਨੂੰਨੀ ਮਾਨਤਾ ਤੋਂ ਗੁਰਦੁਆਰੇ ਅਜ਼ਾਦ ਕਰਵਾਉਣੇ ਪੈਣਗੇ।

ਪ੍ਰਿੰਸੀਪਲ ਖਾਲਸਾ ਨੇ ਕਿਹਾ ਕਿ ਡੇਰਾਵਾਦ ਨੂੰ ਗੁਰਦੁਆਰਾ ਪ੍ਰਬੰਧ ਤੇ ਕਾਬਜ ਧੜਾ ਪ੍ਰਫੁੱਲਤ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀਆਂ 30 ਸੀਟਾਂ ਡੇਰਾਵਾਦ ਨੂੰ ਦੇ ਕੇ ਕਾਬਜ ਸਿਆਸਤਦਾਨਾ ਨੇ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਇਕ ਡੇਰਾ ਬਣਾਉਣ ਦੀ ਇਕ ਨਵੀਂ ਚਾਲ ਚੱਲੀ ਹੈ। ਜਿਹੜੇ ਡੇਰੇਦਾਰ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰੀ ਹਨ। ਇਹ ਡੇਰੇਦਾਰ ਆਪਣੇ ਆਪ ਨੂੰ ਵਿਆਹ ਨਾ ਕਰਵਾਉਣ ਵਾਲੇ ਬਿਆਨੋ ਦੱਸ ਕੇ ਸਿੱਖੀ ਸਿਧਾਂਤਾ ਦਾ ਮਲਿਆਮੇਟ ਕਰ ਰਹੇ ਹਨ। ਜਦੋਂ ਕਿ ਸਿੱਖੀ ਸਿਧਾਂਤਾ ਅਨੁਸਾਰ ਹਰੇਕ ਗੁਰੂਸਿੱਖ ਦਾ ਗ੍ਰਹਿਸਤੀ ਹੋਣਾ ਜਰੂਰੀ ਹੈ। ਮੌਜੂਦਾ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਗਰਾਂਟਾ ਦੇ ਕੇ “ਗੁਰੂ ਦੀ ਗੋਲਕ” ਦੀ ਦੁਰਵਰਤੋਂ ਕਰ ਰਹੀ ਹੈ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਲੁਧਿਆਣਾ ਵਿੱਚ ਵਾਪਰੇ ਗੋਲੀ ਕਾਂਢ ਲਈ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਅਖੌਤੀ ਪੰਥਕ ਸਰਕਾਰ ਜਿੰਮੇਵਾਰ ਸੀ। ਆਸ਼ੂਤੋਸ਼ ਦੇ ਸਮਾਗਮ ਨੂੰ ਰੋਕਣ ਲਈ ਸਿੱਖ ਸੰਗਤਾ ਤੇ ਅਕਾਲ ਤਖਤ ਨੇ ਕਾਬਜ ਅਖੌਤੀ ਪੰਥਕ ਸਰਕਾਰ ਨੂੰ ਪਹਿਲਾਂ ਹੀ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਇਸ ਸਿੱਖ ਵਿਰੋਧੀ ਪ੍ਰੋਗਰਾਮ ਤੇ ਪਾਬੰਦੀ ਨਾ ਲਗਾ ਕੇ “ਵੋਟਾਂ ਦੀ ਰਾਜਨੀਤੀ ਖੇਡਣ ਵਾਲੇ ਅਕਾਲੀ ਧੜੇ ਬਾਦਲ ਨੇ ਸ਼ਰੇਆਮ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਸੀ।” ਜਿਸ ਕਰਕੇ ਇਕ ਸਿੰਘ ਸ਼ਹੀਦ ਹੋਇਆ ਸੀ, ਅਨੇਕਾ ਜਖਮੀ ਹੋਏ ਤੇ ਛੱਲੀ ਵਾਗੂੰ ਅੰਮ੍ਰਿਤਧਾਰੀ ਸਿੱਖਾਂ ਨੂੰ ਸ਼ਰੇਆਮ ਸੜਕ ਤੇ ਕੁੱਟਿਆ ਗਿਆ। ਹੁਣ ਵੇਲਾ ਆ ਗਿਆ ਹੈ ਕਿ ਇਹਨਾਂ ਚਲਾਕ ਸਿਆਸਤਦਾਨਾ ਨੂੰ ਕੀਤੇ ਦੀ ਸਜ਼ਾ ਸ਼੍ਰੋਮਣੀ ਕਮੇਟੀ ਖੋਹ ਕੇ ਦਿੱਤੀ ਜਾਵੇ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਿੱਖ ਸੰਗਤ ਆਪਣੇ ਹੱਥ ਵਿੱਚ ਲਵੇ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕਮੇਟੀ ਚੋਣਾਂ ਜਿੱਤ ਕੇ ਉਹ ਅਕਾਲ ਤਖਤ ਨੂੰ ਸਿਆਸੀ ਲੋਕਾਂ ਤੋਂ ਅਜਾਦ ਕਰਵਾਉਣਗੇ, ਅਸਲੀ ਨਾਨਕਸ਼ਾਹੀ ਕਲੰਡਰ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ ਤਾਂ ਜੋ ਗੁਰੂ ਸਹਿਬਾਨਾ ਦੇ ਗੁਰਪੂਰਬ ਤੇ ਹੋਰ ਤਿਉਹਾਰਾਂ ਸਬੰਧੀ ਦੁਬਿਧਾ ਖਤਮ ਹੋਵੇ, ਸਿੱਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਸੇਵਾ ਤੇ ਕੀਰਤਨ ਕਰਨ ਦੀ ਮਰਿਆਦਾ ਬਹਾਲ ਕੀਤੀ ਜਾਵੇ ਜੀ। ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨਾ ਹਿੱਤ ਜਾਣ ਵਾਲੀ ਸੰਗਤਾ ਲਈ ਸਰਾਵਾਂ ਵਿੱਚ ਹਰੇਕ ਯਾਤਰੂ ਨੂੰ ਰਿਹਾਇਸ਼ ਦਿੱਤੀ ਜਾਵੇਗੀ, ਸਿਆਸੀ ਲੋਕਾਂ ਨੂੰ ਅਲਾਟ ਕੀਤੇ ਜਾਂਦੇ ਕਮਰਿਆਂ ਦੀ ਚਲ ਰਹੀ ਪਿਰਤ ਨੂੰ ਬੰਦ ਕੀਤਾ ਜਾਵੇਗਾ।

ਪ੍ਰਿੰਸੀਪਲ ਖਾਲਸਾ ਨੇ ਕਿਹਾ ਕਿ ਚੋਣਾਂ ਰਾਹੀਂ ਗੁਰੂ ਅਸਥਾਨਾਂ ਨੂੰ ਕਾਨੂੰਨੀ ਮਹਾਨਤਾ ਤੋਂ ਅਜ਼ਾਦ ਕਰਾਉਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਲੱਭ ਰਿਹਾ। ਭਾਵੇਂ ਕਿ ਇਹ ਬੜਾ ਜਲੀਲ ਤਰੀਕਾ ਹੈ। ਗੁਰੂ ਸਿਧਾਂਤਾ ਅਨੁਸਾਰ ਪ੍ਰਬੰਧਕ ਚੁਣਨ ਦਾ ਸਿਧਾਂਤ ਯੋਗਤਾ ਹੋਣੀ ਚਾਹੀਦੀ ਸੀ। ਪਰ ਹੁਣ ਤਾਂ ਭ੍ਰਿਸ਼ਟ ਲੋਕ ਪ੍ਰਬੰਧਕ ਬਣਨ ਵਿੱਚ ਕਾਮਯਾਬ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਅੱਜ ਚੋਣਾਂ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਵੋਟਾਂ ਖਰੀਦੀਆਂ ਜਾਂਦੀਆਂ ਹਨ। ਰਿਸ਼ਵਤ ਦੇ ਵਸੀਲੇ ਦੀ ਵਰਤੋਂ ਕੀਤੀ ਜਾਂਦੀ ਹੈ। ਬਦਮਾਸ਼ਾਂ ਤੇ ਗੁਡਿਆਂ ਕਿਸਮ ਦੇ ਅਨਸਰਾਂ ਤੋਂ ਦਬਕੇ ਦਵਾਏ ਜਾਂਦੇ ਹਨ, ਜਾਤਾਂ, ਬਰਾਦਰੀਆਂ ਦੀਆਂ ਗੱਲਾਂ ਕਰਕੇ ਸਿੱਖ ਸਿਧਾਂਤਾ ਦੀਆਂ ਧਜੀਆਂ ਉਡਾਈਆਂ ਜਾਂਦੀਆਂ ਹਨ, ਸ਼ਰਾਬ, ਮੁਰਗੇ ਦੀ ਵਰਤੋਂ ਚੋਰੀ, ਯਾਰੀ, ਅਯਾਸ਼ੀ ਵਰਗੇ ਹੱਥਕੰਡੇ ਵਰਤੇ ਜਾਂਦੇ ਹਨ। ਵਿਰੋਧੀਆਂ ਨੂੰ ਸੰਗਤਾਂ ਵਿੱਚ ਬਦਨਾਮ ਕਰਕੇ ਸ਼੍ਰੋਮਣੀ ਕਮੇਟੀ ਤੇ ਕਬਜੇ ਕਰਨ ਦੀ ਖਤਰਨਾਕ ਬਿਮਾਰੀ ਵੱਧ ਫੁੱਲ ਰਹੀ ਹੈ।

ਪ੍ਰਿੰਸੀਪਲ ਖਾਲਸਾ ਨੇ ਕਿਹਾ 20ਵੀਂ ਸਦੀ ਵਿੱਚ ਅੰਗਰੇਜ ਰਾਜ ਸਮੇਂ ਸਰਕਾਰੀ ਸ਼ਹਿ ਨਾਲ ਮੁੜ ਗੁਰਦੁਆਰਿਆਂ ਤੇ ਮੰਹਤਾ ਦਾ ਕਬਜਾ ਹੋਇਆ ਸੀ। ਗੁਰਦੁਆਰਿਆਂ ਦੇ ਕਬਜੇ ਅਤੇ ਸਰਕਾਰੀ ਸ਼ਕਤੀ ਦੇ ਹੰਕਾਰ ਵੱਸ ਮੰਹਤ ਨਰਾਇਣੂ ਵਰਗੇ ਜਾਲਮ ਤੇ ਦੁਰਾਚਾਰੀ ਬਣ ਗਏ ਸਨ। ਅਖੀਰ ਸਿੱਖ ਸੰਗਤਾ ਨੇ ਅਜਿਹੇ ਆਚਰਨਹੀਣ ਗੁਰਦੁਆਰਾ ਪ੍ਰਬੰਧ ਨੂੰ ਹਰ ਕੁਰਬਾਨੀ ਦੇ ਕੇ ਬਦਲਣ ਦਾ ਫੈਸਲਾ ਕੀਤਾ ਸੀ। ਇਸ ਲਈ ਲਛਮਣ ਸਿੰਘ ਤੇ ਦਲੀਪ ਸਿੰਘ ਸਮੇਤ ਕਈ ਸ਼ਹੀਦੀਆ ਹੋਈਆਂ ਸਨ। ਅੱਜ ਫਿਰ ਭਾਈ ਲਛਮਣ ਸਿੰਘ ਤੇ ਦਲੀਪ ਸਿੰਘ ਵਾਗੂੰ ਸ਼ਹੀਦੀਆਂ ਦੇ ਕਿ ਗੁਰਦੁਆਰੇ ਅਜਾਦ ਕਰਵਾਉਣ ਦਾ ਮਾਹੌਲ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਉਹ ਸ਼ਹੀਦੀ ਦੇਣ ਤੋਂ ਵੀ ਗੁਰੇਜ ਨਹੀਂ ਕਰਨਗੇ।

ਅੱਜ “ਸ਼੍ਰੋਮਣੀ ਕਮੇਟੀ” ਧਰਮ ਦੀ ਥਾਂ ਕੇਵਲ ਧੜੇ ਦੇ ਕਬਜੇ ਵਿੱਚ ਆਈ ਹੋਈ ਜਾਇਦਾਦ ਬਣ ਕੇ ਰਹਿ ਗਈ ਹੈ। ਅੱਜ “ਕਾਬਜ ਅਕਾਲੀ ਧੜੇ” ਨੇ ਸ਼੍ਰੋਮਣੀ ਕਮੇਟੀ ਨੂੰ ਇਕ “ਵਪਾਰ ਵਿੰਗ” ਬਣਾ ਦਿੱਤਾ ਹੈ। ਇੱਥੇ ਕਰਸੇਵਾ ਵਿਕਦੀਆਂ ਹਨ, ਸਿਰੋਪਾਓ ਵਿੱਕਦੇ ਹਨ, ਸਹਿਜ ਪਾਠ, ਅਖੰਡ ਪਾਠ, ਕੀਰਤਨ ਇਕ ਸੋਦਾ ਬਣ ਗਿਆ ਹੈ। ਇਸ ਵਪਾਰ ਵਿੱਚ ਪਿਆਰ ਤੇ ਸ਼ਰਧਾ ਦੀ ਖੁਸ਼ਬੂ ਖਤਮ ਹੋ ਚੁੱਕੀ ਹੈ।

ਪ੍ਰਿੰਸੀਪਲ ਖਾਲਸਾ ਨੇ ਕਿਹਾ ਕਿ ਅੱਜ ਦੀਆਂ ਕਮੇਟੀ ਚੋਣਾਂ ਵਿੱਚ ਸਿਆਸਤਦਾਨਾ ਨੂੰ ਸਿੱਖ ਸੰਗਤਾ ਨੇ ਨਾ ਨਕਾਰਿਆ ਤਾਂ ਖਾਲਸਾ ਪੰਥ ਕਿਸੇ ਇਕ ਪਰਿਵਾਰ ਦਾ ਪੰਥ ਬਣ ਕੇ ਰਹਿ ਜਾਵੇਗੇ। ਅੱਜ ਸ਼੍ਰੋਮਣੀ ਕਮੇਟੀ ਤੇ ਇਕ ਪਰਿਵਾਰ ਦਾ ਕਬਜਾ ਹੈ। “ਜੋ ਅੰਬਰ ਵੇਲ ਵਾਗੂੰ ਪੂਰੇ ਪੰਥ ਰੂਪੀ ਬ੍ਰਿਛ ਤੇ ਛਾ ਚੁੱਕਾ ਹੈ। ਸਿਆਣੇ ਲੋਕ ਜਾਣਦੇ ਹਨ ਕਿ ਅੰਬਰ ਵੇਲ ਦੀ ਜੜ ਨਹੀਂ ਹੁੰਦੀ, ਇਸ ਲਈ ਉਹ ਧਰਤੀ ਵਿਚੋਂ ਖੁਰਾਕ ਨਹੀਂ ਲੈ ਸਕਦੀ, ਉਹ ਜਿਸ ਬ੍ਰਿਛ ਤੇ ਹੋਵੇ ਉਸ ਦਾ ਰਸ ਚੁੱਸ ਕੇ ਵੱਧਦੀ ਫੁੱਲਦੀ ਹੈ ਤੇ ਜਦੋਂ ਦਰਖਤ ਸੁੱਕ ਜਾਵੇ। ਤਾਂ ਉਹ ਵੀ ਸੁਖ ਜਾਂਦੇ ਹਨ। ਅੱਜ “ਸ਼੍ਰੋਮਣੀ ਕਮੇਟੀ” ਤੇ ਕਾਬਜ ਬਾਦਲ ਦੀ ਮੱਕੜ ਫੋਜ ਪੰਥ ਰੂਪੀ ਬ੍ਰਿਛ ਤੇ ਛਾ ਚੁੱਕੀ ਹੈ। ਇਸ ਤੋਂ ਪੰਥ ਨੂੰ ਅਜ਼ਾਦ ਕਰਵਾਉਣਾ ਉਹਨਾਂ ਦਾ ਮੁਖ ਲਕਸ਼ ਹੈ। ਇਹ ਸ਼ਰੀਰ ਤੇ ਜੀਵਨ ਪੰਥ ਦੀ ਅਮਾਨਤ ਹੈ। ਇਸ ਲਈ ਕੋਈ ਵੀ ਕੀਮਤ ਚੁਕਾਉਣੀ ਪਈ ਤਾਂ ਉਹ ਗੁਰੇਜ ਨਹੀਂ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top