ਸ਼੍ਰੋਮਣੀ
ਅਕਾਲੀ ਦਲ ਵਾਹਦ ਕਿਸੇ ਸਮੇਂ ਸ਼ਹੀਦਾਂ ਦੀ ਜਥੇਬੰਦੀ ਕਰਕੇ ਜਾਣੀ ਜਾਂਦੀ ਸੀ ਜਿਸ ਨੇ ਹਮੇਸ਼ਾਂ
ਜੁਲਮ ਜਬਰ ਤੇ ਧੱਕੇਸ਼ਾਹੀ ਖਿਲਾਫ਼ ਵੱਡੇ ਵੱਡੇ ਮੋਰਚੇ ਫਤਹਿ ਕੀਤੇ। ਅਕਾਲੀ ਦਲ ਵਿੱਚ ਇਕ ਇਹ ਵੀ
ਸਮਾਂ ਸੀ ਕਿ ਜਦੋਂ ਕਿਸੇ ਅਕਾਲੀ ਜਥੇਦਾਰ ਦਾ ਲੜਕਾ ਕੇਸ਼ ਜਾਂ ਦਾੜੀ ਕੱਟਵਾ ਦਿੰਦਾ ਸੀ,
ਤਾਂ ਕਈ ਕਈ ਦਿਨ ਘਰ ਵਿੱਚ ਚੁੱਲਾ ਨਹੀ ਸੀ ਜਗਦਾ ਅਤੇ ਮੁੜ ਸਿੱਖੀ ਸਰੂਪ ਵਿੱਚ ਆਉਣ ਦਾ ਵਾਅਦਾ
ਲੈ ਕੇ ਹੀ ਪਤਿਤ ਹੋਏ ਲੜਕੇ ਨੂੰ ਅਕਾਲੀ ਜਥੇਦਾਰ ਘਰ ਵਾੜਦੇ ਸਨ। ਪਰ ਅੱਜ ਸਮਾਂ ਬਦਲ ਗਿਆ ਹੈ
ਹੁਣ ਅਕਾਲੀ ਜਥੇਦਾਰਾਂ ਦੇ ਕਾਕਿਆਂ ਪਾਸੋਂ ਸਿੱਖੀ ਦੀ ਗੱਲ ਸੁਣਨ ਲਈ ਅਕਾਲੀ ਵਰਕਰ ਤਰਸਦੇ ਹਨ।
ਹੁਣ ਦੇ ਅਕਾਲੀ ਦਲ ਦੇ ਅਹੁਦੇਦਾਰਾਂ ਦੇ ਕਾਕਿਆਂ ਨੂੰ ਪੰਜ ਪਿਆਰਿਆਂ, ਦੱਸ ਗੁਰੂ ਸਾਹਿਬਾਨਾ ਦੇ
ਨਾਮ ਤੱਕ ਨਹੀ ਪਤਾ। ਆਮ ਲੋਕੀ ਗੱਲਾਂ ਕਰਦੇ ਹਨ ਕਿ ਹੁਣ ਅਕਾਲੀ ਦਲ ਅਕਾਲੀ ਦਲ ਨਹੀ ਰਿਹਾ ਇਹ
ਸਿਰਫ ਇਕ ਪੰਜਾਬੀ ਪਾਰਟੀ ਬਣ ਕੇ ਰਹਿ ਗਿਆ ਹੈ।
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਸਮੇਂ ਇਹ ਗੱਲ ਕਾਫੀ
ਚਲੀ ਸੀ ਕਿ ਅਕਾਲੀ ਦਲ ਦਾ ਸਰੂਪ ਨਾ ਵਿਗਾੜਿਆਂ ਜਾਵੇ ਅਤੇ ਇਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਸਮੇਤ
ਸਾਰੇ ਅਹੁਦੇਦਾਰ ਅਮ੍ਰਿਤਧਾਰੀ ਹੋਣਗੇ ਅਤੇ ਆਪਣੇ ਪਰਿਵਾਰਾਂ ਨੂੰ ਵੀ ਅਮ੍ਰਿਤਧਾਰੀ ਬਣਾਉਣ ਦਾ
ਪ੍ਰਣ ਕਰਨਗੇ। ਇਸ ਗੱਲ ਵੱਲ ਜ਼ਿਆਦਾਂ ਧਿਆਨ ਕਿਸੇ ਨੇ ਨਾ ਦਿੱਤਾ ਅਤੇ ਹੁਣ ਨੌਬਤ ਇਹ ਆ ਗਈ ਹੈ
ਕਿ ਜ਼ਿਆਦਾਂ ਅਹੁਦੇ ਪਤਿਤ ਸਿੱਖ ਨੌਜਵਾਨ ਨੂੰ ਦੇ ਕੇ ਅਕਾਲੀ ਦਲ ਦਾ ਯੂਥ ਵਿੰਗ ਸਿੱਖੀ ਸਰੂਪ ਦਾ
ਘਾਣ ਕਰਨ ਤੇ ਲੱਗਾ ਹੋਇਆ ਹੈ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ
ਸਿੰਘ ਬਾਦਲ ਦੇ ਨੇੜਲੇ ਰਿਸਤੇਦਾਰ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਜੋ ਪਹਿਲੀ ਲਿਸਟ ਯੂਥ ਅਕਾਲੀ
ਦਲ ਦੇ ਢਾਚੇ ਦੀ ਐਲਾਨ ਕੀਤੀ ਹੈ ਉਸ ਵਿੱਚ ਕਾਕਾਵਾਦ ਤੇ ਪਰਿਵਾਰਵਾਦ ਨੂੰ ਹੀ ਪਹਿਲ ਦਿੱਤੀ ਗਈ
ਅਤੇ ਸਿੱਖੀ ਸਰੂਪ ਨੌਜਵਾਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ
ਸ਼ਹੀਦਾਂ ਦੀ ਉਹ ਪਾਵਨ ਧਰਤੀ ਹੈ ਜਿਥੇ ਸਿੱਖੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ
ਸ਼ਾਹਿਬਜ਼ਾਂਦਿਆਂ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਸੀ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ
ਸੀ ਅਤੇ ਸਿੱਖੀ ਸਰੂਪ ਤੇ ਸਿੱਖ ਧਰਮ ਦਾ ਨਿਸ਼ਾਨ ਸਾਹਿਬ ਝੂਲਦਾ ਰੱਖਿਆਂ ਸੀ। ਜ਼ਿਲ੍ਹਾ
ਫਤਿਹਗੜ੍ਹ ਸਾਹਿ ਦੀਆਂ ਸਿੱਖ ਸੰਗਤ ਨੂੰ ਉਦੋਂ ਬਹੁਤ ਹੀ ਹੈਰਾਨੀ ਹੋਈ ਜਦੋਂ ਸਿੱਖੀ ਦੀ ਅਲੰਬਦਾਰ
ਕਹਾਉਣ ਵਾਲੀ ਜਥੇਬੰਦੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਇਸ ਜ਼ਿਲ੍ਹੇ ਦੇ ਤਿੰਨ ਮੁੱਖ
ਅਹੁਦੇਦਾਰ ਐਲਾਨੇ ਜਿਹੜੇ ਕਿ ਸਿੱਖੀ ਸਰੂਪ ਵਿੱਚ ਪੂਰੇ ਨਹੀ ਸਨ ਅਤੇ ਨਾ ਹੀ ਇਨ੍ਹਾਂ ਵਿੱਚੋਂ
ਕਿਸੇ ਇਕ ਨੇ ਅਮ੍ਰਿਤਪਾਨ ਕੀਤਾ ਹੋਇਆ ਹੈ।
ਇਨ੍ਹਾਂ ਅਹੁਦੇਦਾਰਾਂ ਵਿੱਚ ਹਲਕਾ ਵਿਧਾਇਕ ਸਰਹਿੰਦ ਸ੍ਰ:
ਦੀਦਾਰ ਸਿੰਘ ਭੱਟੀ ਦੇ ਸਪੁੱਤਰ ਗੁਰਬਿੰਦਰ ਸਿੰਘ ਭੱਟੀ ਨੂੰ ਕੌਮੀ ਜਨਰਲ ਸਕੱਤਰ, ਅਕਾਲੀ ਦਲ ਦੀ
ਵਰਕਿੰਗ ਕਮੇਟੀ ਦੇ ਮੈਂਬਰ ਸ੍ਰ: ਰਣਜੀਤ ਸਿਘ ਲਿਬੜਾ ਦੇ ਸਪੁੱਤਰ ਸ੍ਰ: ਅਜੈ ਸਿੰਘ ਲਿਬੜਾ ਨੂੰ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਅਤੇ ਸ਼ਰਨਜੀਤ ਸਿੰਘ ਰਜਵਾੜਾ ਸਰਪੰਚ ਨੂੰ ਮੀਤ ਪ੍ਰਧਾਨ
ਬਣਾਇਆ ਗਿਆ ਹੈ। ਇਨ੍ਹਾਂ ਤਿੰਨੇ ਭਾਵੇ ਕਿ ਕਾਫੀ ਲੰਮੇ ਸਮੇਂ ਤੋਂ ਯੂਥ ਅਕਾਲੀ ਦਲ ਵਿੱਚ ਪਾਰਟੀ
ਦੀ ਸੇਵਾ ਕਰਦੇ ਆ ਰਹੇ ਹਨ ਪਰ ਇਹ ਨੌਜਵਾਨ ਸਿੱਖੀ ਵਿੱਚ ਪੂਰੇ ਕਿਉਂ ਨਹੀ ਹੋ ਸਕੇ........?
ਕਿਉਂ ਇਹ ਨੌਜਵਾਨ ਦਾੜੀਆਂ ਰੱਖ ਕੇ ਅਮ੍ਰਿਤਪਾਨ ਕਰਨ ਤੋਂ ਭੱਜਦੇ ਹਨ.....? ਕੀ ਇਨ੍ਹਾਂ ਨੂੰ
ਸਿੱਖੀ ਨਾਲ ਪਿਆਰ ਨਹੀ.....? ਕੀ ਰਾਜਸੱਤਾ ਪ੍ਰਾਪਤ ਕਰਨਾ ਹੀ ਮੁੱਖ ਮਨੋਰਥ ਹੈ..? ਕੀ ਧਰਮ
ਹਿੱਤ ਅਤੇ ਧਾਰਮਿਕ ਰਸਮਾ ਰਿਵਾਜ ਨਾਲ ਨਹੀ ਰੱਖਣੇ..? ਕਿਉਂ ਇਹ ਸਿੱਖੀ ਲਈ ਮਾਡਲ ਨਹੀ ਬਣਦੇ..?
ਅਕਾਲੀ ਰਾਜਨੀਤੀ ਸਿੱਖ ਧਰਮ ਨਾਲ ਰਲਗੱਡ ਹੈ ਇਸ ਨੂੰ ਧਰਮ ਤੋਂ ਪਰੇ ਕਰਕੇ ਦੇਖਣਾ ਅਕਾਲੀ ਦਲ ਦੀ
ਸਿਆਸੀ ਮੌਤ ਹੈ।
ਇਨ੍ਹਾਂ ਗੱਲਾ ਨੂੰ ਸਮਝਦੇ ਹੋਏ ਵੀ ਕਿਉਂ ਮਜੀਠੀਆਂ ਸਾਹਿਬ
ਨੌਜਵਾਨਾਂ ਨੂੰ ਸਿਆਸੀ ਮੌਤ ਵੱਲ ਧੱਕ ਰਹੇ ਹਨ। ਹੁਣ ਜਿਹੜੇ ਯੂਥ ਅਕਾਲੀ ਦਲ ਨੇ ਅਹੁਦੇਦਾਰ ਬਣਾਏ
ਹਨ ਤਕਰੀਬਨ 85 ਪ੍ਰਤੀਸ਼ਤ ਵਿਆਹੇ ਹੋਏ ਤੇ ਬਾਲ ਬੱਚਿਆਂ ਵਾਲੇ ਹਨ ਫਿਰ ਹੁਣ ਇਨ੍ਹਾਂ ਯੂਥ ਅਕਾਲੀ
ਦਲ ਦੇ ਅਹੁਦੇਦਾਰਾਂ ਨੇ ਆਪਣੀਆਂ ਕੱਟੀਆਂ ਦਾੜੀਆਂ ਤੇ ਸੋਹਣੇ ਮੁੱਖ ਬਣਾ ਕੇ ਕਿਸ ਨੂੰ ਦਿਖਾਉਣੇ
ਹਨ..? ਰਾਜਨੀਤੀ ਵਿੱਚ ਬਹੁਤ ਕੁਝ ਹੁੰਦਾ ਹੈ ਪਰ ਅਕਾਲੀ ਦਲ ਦਾ ਸਿਧਾਂਤ ਛੱਡ ਕੇ ਜਥੇਬੰਦੀ ਨੂੰ
ਬਹੁਤਾ ਸਮਾਂ ਜਿਊਦਾ ਨਹੀ ਰੱਖਿਆਂ ਜਾ ਸਕਦਾ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ
ਬਾਦਲ ਨੇ ਅਕਾਲੀ ਸਿਧਾਂਤ ਜਿਊਦਾ ਰੱਖਣ ਲਈ ਖੁਦ ਅਮ੍ਰਿਤਪਾਨ ਕਰਕੇ ਅਕਾਲੀ ਦਲ ਦੀ ਪ੍ਰਧਾਨਗੀ
ਸੰਭਾਲੀ ਹੈ। ਜਿਸ ਨੂੰ ਅਕਾਲੀ ਦਲ ਦੇ ਬਜੁਰਗ ਆਗੂਆਂ ਨੇ ਸਲਾਹਿਆ ਹੈ। ਹੁਣ ਸ੍ਰ: ਬਿਕਰਮ ਸਿੰਘ
ਮਜੀਠੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਖੁਦ ਅਮ੍ਰਿਤਪਾਨ ਕਰੇ ਅਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ
ਦਲ ਦੇ ਵਾਰਿਸ ਬਣਨ ਵਾਲੇ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਵੀ ਅਮ੍ਰਿਤਪਾਨ ਕਰਾਇਆ ਜਾਵੇ।
ਇਨ੍ਹਾਂ ਯੂਥ ਲੀਡਰਾਂ ਨੂੰ ਸਿੱਖੀ ਸਰੂਪ ਵਿੱਚ ਪੂਰੇ ਕਰਕੇ ਪੰਜਾਬ ਤੇ ਹੋਰ ਸੂਬਿਆਂ ਵਿੱਚ ਭੇਜਿਆਂ
ਜਾਂਵੇ ਤਾਂ ਜੋ ਅਕਾਲੀ ਦਲ ਤੇ ਯੂਥ ਅਕਾਲੀ ਦੀ ਵੱਖਰੀ ਪਹਿਛਾਣ ਕਾਇਮ ਰਹਿ ਸਕੇ। ਅਗਰ ਨਹੀ ਹੋ
ਸਕਿਆ ਤਾ ਸਾਡੀ ਬੇਨਤੀ ਹੈ ਕਿ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਵਿੱਚ ਐਲਾਨੇ ਅਹੁਦੇਦਾਰਾਂ
ਤੇ ਹੋਰ ਐਲਾਣੇ ਜਾਣ ਵਾਲੇ ਯੂਥ ਅਕਾਲੀ ਦਲ ਦੇ ਅਹੁਦੇਦਰਾਂ ਨੂੰ ਅਮ੍ਰਿਤਪਾਨ ਜ਼ਰੂਰ ਕਰਾਇਆ ਜਾਵੇ।