Share on Facebook

Main News Page

ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ ਚੋਣਾਂ ਨੂੰ ਰਾਜਸੀ ਰੰਗਤ ਨਾ ਦਿੱਤੀ ਜਾਵੇ: ਹਰਜਿੰਦਰ ਸਿੰਘ ਫੂਲਕਾ

* ਹਰ ਗੁਰਸਿੱਖ ਦਾ ਫਰਜ਼ ਹੈ ਕਿ ਚੋਣਾਂ ਵਿੱਚ ਨਸ਼ਾ ਵੰਡਣ ਵਾਲਿਆਂ ’ਤੇ ਬਾਜ਼ ਅੱਖ ਰੱਖੀ ਜਾਵੇ ਅਤੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਚੰਗੇ ਕਿਰਦਾਰ ਵਾਲੇ ਯੋਗ ਉਮੀਦਵਾਰ ਨੂੰ ਜਿਤਾਇਆ ਜਾਵੇ: ਫੂਲਕਾ
* ਪੰਥਕ ਤਾਲਮੇਲ ਕਮੇਟੀ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਣ ’ਤੇ ਉਨ੍ਹਾਂ ਨੇ ਉਮੀਦਵਾਰਾਂ ’ਤੇ ਪੰਥਕ ਏਜੰਡਾ ਲਾਗੂ ਕਰਦੇ ਹੋਏ 25 ਤੋਂ ਪਹਿਲਾਂ ਪਰਵਾਰ ਸਮੇਤ ਅੰਮ੍ਰਿਤ ਛਕਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ: ਗਿਆਨੀ ਕੇਵਲ ਸਿੰਘ
* ਪੰਥਕ ਏਜੰਡਾ ਲਾਗੂ ਕਰਵਾਉਣ ਲਈ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ: ਗੁਰਪ੍ਰੀਤ ਸਿੰਘ
* ਇਸ ਨੂੰ ਪੰਥ ਵਿੱਚ ਨਿਘਾਰ ਦੀ ਸਿਖਰ ਹੀ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਅਨੇਕਾਂ ਸਿੰਘ ਦੇ ਇਤਿਹਾਸ ਨੂੰ ਭੁੱਲ ਕੇ ਅੱਜ ਗੁਰਦੁਆਰਾ ਚੋਣਾਂ ’ਚ ਸੁਧਾਰ ਲਿਆਉਣ ਲਈ ਸਿੱਖ ਕੌਮ ਵਿੱਚੋਂ ਅੰਨਾ ਹਜ਼ਾਰੇ ਲੱਭਣ ਦੀ ਹੋ ਰਹੀਆਂ ਹਨ ਅਪੀਲਾਂ

ਬਠਿੰਡਾ, 21 ਅਗਸਤ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਧਾਰਮਿਕ ਚੋਣਾਂ ਹਨ, ਇਨ੍ਹਾਂ ਨੂੰ ਰਾਜਸੀ ਰੰਗਤ ਨਾ ਦਿੱਤੀ ਜਾਵੇ ਬਲਕਿ ਧਾਰਮਿਕ ਢੰਗ ਤਰੀਕਿਆਂ ਨਾਲ ਹੀ ਲੜਿਆ ਜਾਵੇ। ਅਤੇ ਨਾ ਹੀ ਇਸ ਵਿਗੜੇ ਹੋਏ ਤਾਣੇ ਬਾਣੇ ਵਿੱਚ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਆਪਣੇ ਆਪ ਨੂੰ ਕੁਝ ਕਰ ਸਕਣ ਤੋਂ ਅਸਮਰਥ ਸਮਝ ਕੇ, ਘਰ ਵਿੱਚ ਹੀ ਹੱਥ ਤੇ ਹੱਥ ਰੱਖ ਕੇ ਬੈਠਣਾ ਚਾਹੀਦਾ ਹੈ। ਹਰ ਗੁਰਸਿੱਖ ਦਾ ਫਰਜ਼ ਹੈ ਕਿ ਚੋਣਾਂ ਵਿੱਚ ਨਸ਼ਾ ਵੰਡ ਕੇ ਵੋਟਾਂ ਪ੍ਰਪਤ ਕਰਨ ਵਾਲਿਆਂ ’ਤੇ ਬਾਜ਼ ਅੱਖ ਰੱਖੀ ਜਾਵੇ ਅਤੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਚੰਗੇ ਕਿਰਦਾਰ ਵਾਲੇ ਯੋਗ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਇਹ ਸ਼ਬਦ ਸੁਪ੍ਰੀਮ ਕੋਰਟ ਦੇ ਨਾਮਵਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਕਹੇ। ਪੰਜਾਬ ਦੀਆਂ ਚੋਣਾਂ ਨੂੰ ਨਸ਼ਾ ਮੁਕਤ ਕਰਨ ਦੇ ਆਸ਼ੇ ਨੂੰ ਮੁੱਖ ਰੱਖ ਕੇ 40 ਜਥੇਬੰਦੀਆਂ ਦੀ ਨਵੀਂ ਬਣੀ ਤਾਲਮੇਲ ਕਮੇਟੀ ਦੇ ਮੁਖੀ ਵਜੋਂ, ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦਾ ਦੌਰਾ ਕਰਦੇ ਹੋਏ ਬੀਤੀ ਸ਼ਾਮ ਉਹ ਇੱਥੇ ਪਹੁੰਚੇ ਸਨ। ਉਨ੍ਹਾਂ ਦੇ ਨਾਲ ਵਰਲਡ ਸਿੱਖ ਕਨਵੈਨਸ਼ਨ ਦੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਹਿਬ ਤਲਵੰਡੀ ਸਾਬੋ, ਇੰਟਰਨੈਸ਼ਲ ਸਿੱਖ ਕੰਨਫੈਡਰੇਸ਼ਨ ਦੇ ਸ: ਗੁਰਪ੍ਰੀਤ ਸਿੰਘ, ਕੇਂਦਰੀ ਸਿੰਘ ਸਭਾ ਦੇ ਸ: ਖੁਸ਼ਹਾਲ ਸਿੰਘ, ਭਾਈ ਘਨਈਆ ਸੇਵਾ ਸੁਸਾਇਟੀ ਰਾਜਪੁਰਾ ਦੇ ਸ: ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ। ਸ: ਫੂਲਕਾ ਨੇ ਕੌਮ ਦਰਦੀਆਂ ਨੁੰ ਸੰਬੋਧਤ ਹੁੰਦੇ ਕਿਹਾ ਘਰ ਬੈਠ ਕੇ ਕੌਮ ਨੂੰ ਲੱਗੀਆਂ ਬੀਮਾਰੀਆਂ ਦੀ ਲਿਸਟ ਨਾ ਬਣਾਓ ਬਲਕਿ ਇਨ੍ਹਾਂ ਦਾ ਇਲਾਜ ਕਰਨ ਲਈ ਘਰੋਂ ਬਾਹਰ ਨਿਕਲੋ। ਉਨ੍ਹਾਂ ਕਿਹਾ ਨਸ਼ਾ ਵੰਡ ਰਹੇ ਉਮੀਦਵਾਰਾਂ ਦੇ ਸਟਿੰਗ ਉਪ੍ਰੇਸ਼ਨ ਕਰਕੇ ਪੂਰੇ ਸਬੂਤ ਸਾਨੂੰ ਦਿੱਤੇ ਜਾਣ, ਅਸੀਂ ਉਸ ਉਮੀਦਵਾਰ ਨੂੰ ਬਲੈਕ ਲਿਸਟ ਵਿੱਚ ਪਾ ਕੇ ਜਥੇਦਾਰ ਅਕਾਲ ਤਖ਼ਤ ਨੂੰ ਉਸ ਉਮੀਦਵਾਰ ਦਾ ਸਮਾਜਕ ਬਾਈਕਾਟ ਕਰਵਾਉਣ ਲਈ ਕਹਾਂਗੇ ਤੇ ਗੁਰਦੁਆਰਾ ਚੋਣ ਕਮਿਸ਼ਨ ਤੋਂ ਉਸ ਦੀ ਨਾਮਜ਼ਦਗੀ ਰੱਦ ਕਰਵਾਵਾਂਗੇ। ਜੇ ਫਿਰ ਵੀ ਗੱਲ ਨਾ ਬਣੀ ਤਾਂ ਹਾਈ ਕੋਰਟ ਤੇ ਸੁਪ੍ਰੀਮ ਕੋਰਟ ਤੱਕ ਵੀ ਪਹੁੰਚ ਕਰਾਂਗੇ।

ਗਿਆਨੀ ਕੇਵਲ ਸਿੰਘ ਨੇ ਕਿਹਾ ਗੁਰਦੁਆਰਾ ਚੋਣ ਪ੍ਰਬੰਧਾਂ ਵਿੱਚ ਰਾਜਨੀਤਕ ਪ੍ਰਭਾਵ ਵਧਣ ਕਰਕੇ ਇਸ ਵਿੱਚ ਅਤਿ ਦਾ ਨਿਘਾਰ ਆ ਗਿਆ ਹੈ ਤੇ ਪਹਿਲੀ ਵਾਰ ਜਾਗਰੂਕ ਸਿੱਖਾਂ ਨੇ ਇਸ ਪਾਸੇ ਸੋਚਣਾ ਸ਼ੁਰੂ ਕੀਤਾ ਹੈ, ਜਿਸ ਦੇ ਸਿੱਟੇ ਵਜੋਂ 40 ਜਥੇਬੰਦੀਆਂ ਨੇ ਮਿਲ ਕੇ ਇਕ ਤਾਲਮੇਲ ਕਮੇਟੀ ਬਣਾਈ ਹੈ, ਜਿਸ ਵਿੱਚ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਬੁੱਧੀਜੀਵੀ, ਡਾਕਟਰ, ਵਕੀਲ ਅਤੇ ਸਮਾਜਸੇਵੀ ਸ਼ਾਮਲ ਹਨ। ਪੰਥਕ ਤਾਲਮੇਲ ਕਮੇਟੀ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਣ ’ਤੇ ਹੀ ਉਨ੍ਹਾਂ ਨੇ ਉਮੀਦਵਾਰਾਂ ’ਤੇ ਪੰਥਕ ਏਜੰਡਾ ਲਾਗੂ ਕਰਦੇ ਹੋਏ 25 ਅਗੱਸਤ ਤੋਂ ਪਹਿਲਾਂ ਪਹਿਲਾਂ ਪਰਵਾਰ ਸਮੇਤ ਅੰਮ੍ਰਿਤ ਛਕਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਪੱਤਰਕਾਰਾਂ ਵਲੋਂ ਪੁੱਛਿਆ ਗਿਆ ਕਿ ਜਦ ਉਮੀਦਵਾਰਾਂ ਨੂੰ ਟਿਕਟਾਂ ਹੀ ਰਾਜਨੀਤਕ ਪਾਰਟੀਆਂ ਵਲੋਂ ਦਿੱਤੀਆਂ ਜਾ ਰਹੀਆਂ ਹਨ ਤਾਂ ਚੋਣ ਨੂੰ ਰਾਜਨੀਤੀ ਤੋਂ ਨਿਰਲੇਪ ਕਿਵੇਂ ਰਖਿਆ ਜਾ ਸਕਦਾ ਹੈ। ਸ: ਫੂਲਕਾ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਕਨੂੰਨ ਮੁਤਾਬਕ ਅਧਿਕਾਰ ਹੈ ਇਸ ਲਈ ਇਸ ਸਬੰਧ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ। ਪੁੱਛਿਆ ਗਿਆ ਕਿ ਕਨੂੰਨ ਮੁਤਾਬਕ ਅਧਿਕਾਰ ਤਾਂ ਨਹੀਂ ਹੈ, ਇਸੇ ਕਾਰਣ ਤਾਂ ਬਾਦਲ ਦਲ ਵਲੋਂ ਗੁਰਦੁਆਰਾ ਚੋਣ ਕਮਿਸ਼ਨ ਅਤੇ ਭਾਰਤੀ ਚੋਣ ਕਮਿਸ਼ਨ ਕੋਲ ਦੋ ਵੱਖ ਵੱਖ ਸੰਵਿਧਾਨ ਦਿੱਤੇ ਗਏ ਹਨ। ਪਹਿਲੇ ਵਿੱਚ ਆਪਣੇ ਆਪ ਨੂੰ ਪੰਥਕ ਪਾਰਟੀ ਅਤੇ ਦੂਸਰੇ ਵਿੱਚ ਧਰਮ ਨਿਰਪੱਖ ਰਾਜਨੀਤਕ ਪਾਰਟੀ ਦੱਸਿਆ ਗਿਆ ਹੈ। ਸ: ਫੂਲਕਾ ਨੇ ਕਿਹਾ ਇਸ ਸਬੰਧ ਵਿੱਚ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।

ਅਗਲਾ ਸਵਾਲ ਪੁੱਛਿਆ ਗਿਆ ਕਿ ਤੁਸੀਂ ਇਸ ਚੋਣ ਨੂੰ ਧਾਰਮਕ ਚੋਣ ਦੱਸ ਰਹੇ ਹੋ ਪਰ ਚੋਣ ਲੜ ਰਹੀ ਮੁਖ ਪਾਰਟੀ ਇਸ ਨੂੰ ਕਾਂਗਰਸ ਤੇ ਅਕਾਲੀਆਂ ਵਿਚਕਾਰ ਲੜਾਈ ਦੱਸ ਰਹੀ ਹੈ। ਕੀ ਰਾਜਨੀਤਕ ਲੜਾਈ ਦੱਸਣ ਵਾਲੇ ਆਗੂ ਠੀਕ ਹਨ? ਸ: ਫੂਲਕਾ ਨੇ ਉਨ੍ਹਾਂ ਨੂੰ ਗਲਤ ਦੱਸਿਆ ਪਰ ਉਨ੍ਹਾਂ ਵਿਰੁਧ ਕੋਈ ਕਾਰਵਾਈ ਕਰਨ ਦੀ ਮੰਗ ਨੂੰ ਉਹ ਟਾਲ ਗਏ।

ਤੀਜਾ ਸਵਾਲ ਪੁੱਛਿਆ ਗਿਆ ਕਿ ਬਹੁਤੇ ਉਮੀਦਵਾਰਾਂ ਦੇ ਪੁੱਤਰ ਤਾਂ ਕਲੀਨ ਸ਼ੇਵਨ ਹਨ, ਇਤਨੇ ਥੋਹੜੇ ਸਮੇਂ ਵਿੱਚ ਉਨ੍ਹਾਂ ਵਲੋਂ ਅੰਮ੍ਰਿਤ ਛਕਿਆ ਜਾਣਾ ਤਾਂ ਸੰਭਵ ਹੀ ਨਹੀਂ। ਤਾਂ ਜਥੇਦਾਰ ਸਾਹਿਬ ਉਨ੍ਹਾਂ ਵਿਰੁਧ ਕੀ ਕਾਰਵਾਈ ਕਰਨਗੇ? ਵੈਸੇ ਵੀ ਅਹੁਦੇ ਤੇ ਟਿਕਟਾਂ ਪ੍ਰਾਪਤ ਕਰਨ ਲਈ ਪਹਿਲਾਂ ਵੀ ਬਹੁਤ ਸਾਰੇ ਅਕਾਲੀਆਂ ਨੇ ਅੰਮ੍ਰਿਤ ਛਕਿਆ ਹੈ, ਪਰ ਅੰਮ੍ਰਿਤ ਛਕਣ ਉਪ੍ਰੰਤ ਵੀ ਸ਼ਿਵਲਿੰਗ ਪੂਜਾ, ਹਵਨ, ਅਤੇ ਜਗਰਾਤਿਆਂ ਵਿੱਚ ਸ਼ਾਮਲ ਹੋ ਕੇ ਗੁਰਮਤਿ ਸਿਧਾਂਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।

ਇੱਕ ਅੰਮ੍ਰਿਤਧਾਰੀ ਅਕਾਲੀ ਵਿਧਾਇਕ ਨਸ਼ੇ ਦੀ ਸਮਗਲਿੰਗ ਦੇ ਦੋਸ਼ ਹੇਠ ਜ਼ੇਲ੍ਹ ਵਿੱਚ ਗਿਆ। ਸਿਤਮ ਦੀ ਗੱਲ ਇਹ ਹੈ ਕਿ ਜੇਲ੍ਹ ਵਿੱਚ ਵੀ ਉਸ ਦੀ ਪੱਗ ਵਿੱਚੋਂ ਅਫ਼ੀਮ ਫੜੀ ਗਈ। ਇਸ ਦੇ ਬਾਵਯੂਦ ਉਸ ਨੂੰ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਟਿਕਟ ਦਿੱਤੀ ਗਈ ਹੈ। ਬਹੁਤੇ ਅੰਮ੍ਰਿਤਧਾਰੀ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੇਹਧਾਰੀਆਂ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾ ਰਹੇ ਹਨ।

ਮੋਹਨ ਸਿੰਘ ਬੰਗੀ ਵੀ ਤਾਂ ਅੰਮ੍ਰਿਤਧਾਰੀ ਹੈ ਪਿਛਲੇ 7 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਚਲਿਆ ਆ ਰਿਹਾ ਹੈ ਪਰ ਉਸ ਨੂੰ ਗੁਰੂ ਘਰ ਵਲੋਂ ਸਿਰੋਪੇ ਦੀ ਬਖਸ਼ਿਸ਼ ਹੋਣ ਦੀ ਮਹਾਨਤਾ ਦਾ ਵੀ ਪਤਾ ਨਹੀਂ ਇਸੇ ਕਾਰਣ ਉਸ ਨੇ ਜਥੇਦਾਰ ਨੰਦਗੜ੍ਹ ਵਲੋਂ ਨਾਂਹ ਕੀਤੇ ਜਾਣ ਦੇ ਬਾਵਯੂਦ ਤਖ਼ਤ ਦਮਦਮਾ ਸਾਹਿਬ ਦੇ ਮੈਨੇਜਰ ਤੋਂ ਧੱਕੇ ਨਾਲ ਹੀ ਦਾਹੜੀ ਕੱਟੇ ਯੂਥ ਅਕਾਲੀ ਦਲ ਦੇ ਨਵਨਿਯੁਕਤ ਅਹੁਦੇਦਾਰ ਨੂੰ ਸਿਰੋਪਾ ਦਿਵਾਇਆ। ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪਿਛਲੇ ਵਾਰ ਟਿਕਟ ਮਿਲਣ ਤੋਂ ਬਾਅਦ ਅੰਮ੍ਰਿਤ ਛਕਿਆ, ਪਰ 7 ਸਾਲ ਲੰਘ ਜਾਣ ਦੇ ਬਾਅਦ ਅੱਜ ਵੀ ਉਨ੍ਹਾਂ ਦੇ ਪੁੱਤਰ ਕਲੀਨ ਸ਼ੇਵਨ ਹਨ, ਇਸ ਦੇ ਬਾਵਯੂਦ ਉਨ੍ਹਾਂ ਨੂੰ ਦੁਬਾਰਾ ਟਿਕਟ ਦੇ ਦਿੱਤੀ ਗਈ ਹੈ। ਜੇ ਇਹ ਅੰਮ੍ਰਿਤਧਾਰੀ ਹੁਣ ਤੱਕ ਸਿੱਖ ਸਿਧਾਂਤ ਨੂੰ ਨਹੀਂ ਸਮਝ ਸਕੇ ਤਾਂ ਕੀ ਉਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਜਾਂ ਭੇਖ ਧਾਰਨ ਕੀਤਾ ਹੈ। ਜੇ ਟਿਕਟਾਂ ਬਦਲੇ ਹੁਣ ਹੋਰ ਭੇਖੀ ਅੰਮ੍ਰਿਤਧਾਰੀ ਬਣਾਉਣੇ ਹਨ ਤਾਂ ਇਸ ਦਾ ਕੌਮ ਨੂੰ ਕੀ ਲਾਭ ਹੋ ਸਕਦਾ ਹੈ? ਜਥੇਦਾਰ ਸਾਹਿਬ ਨੇ ਅੱਜ ਤੱਕ ਅਜਿਹੇ ਭੇਖੀ ਆਗੂਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ, ਤਾਂ ਅੱਗੇ ਤੋਂ ਕੀ ਉਮੀਦ ਹੈ ਕਿ ਉਹ ਕਿਸੇ ਸਤਾਧਾਰੀ ਆਗੂ ਵਿਰੁਧ ਕਾਰਵਾਈ ਕਰਨਗੇ?

ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਨਿਘਾਰ ਹੱਦੋਂ ਵੱਧ ਹੋ ਚੁੱਕਾ ਹੈ, ਇਸੇ ਕਾਰਣ ਤਾਂ ਜਾਗਰੂਕ ਸਿੱਖ ਆਵਾਜ਼ ਉਠਾਉਣ ਲਈ ਮਜ਼ਬੂਰ ਹੋਏ ਹਨ। ਇੱਕ ਦਿਨ ’ਚ ਸੁਧਾਰ ਆਉਣਾ ਸੰਭਵ ਨਹੀਂ ਹੈ ਪਰ ਆਓ ਅਸੀਂ ਚੰਗੇ ਦੀ ਉਮੀਦ ਰੱਖੀਏ। ਐਡਵੋਕੇਟ ਫੂਲਕਾ ਨੇ ਕਿਹਾ ਕਿ ਇਸ ਵਾਰ ਜਥੇਦਾਰ ਸਾਹਿਬ ਨੇ ਕਾਰਵਾਈ ਕਰਨ ਦਾ ਸਾਨੂੰ ਭਰੋਸਾ ਦਿੱਤਾ ਹੈ। ਅਸੀਂ 25 ਤਰੀਕ ਦੀ ਉਡੀਕ ਰੱਖੀਏ ਉਸ ਤੋਂ ਬਾਅਦ ਉਹ ਜੋ ਵੀ ਹੁਕਮ ਕਰਨਗੇ ਅਸੀਂ ਉਸ ਦੇ ਮੁਤਾਬਕ ਹੀ ਅੱਗੇ ਕੰਮ ਕਰਾਂਗੇ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਇਕੱਲਿਆਂ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਹੈ। ਪੰਥਕ ਏਜੰਡਾ ਲਾਗੂ ਕਰਵਾਉਣ ਲਈ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ। ਇਸ ਲਈ ਸਾਰੀ ਸੰਗਤ ਦਾ ਸਾਨੂੰ ਸਹਿਯੋਗ ਚਾਹੀਦਾ ਹੈ ਅਤੇ ਜਦੋਂ ਹਰ ਸਿੱਖ ਆਪਣਾ ਫਰਜ਼ ਪਛਾਣ ਕੇ ਅੱਗੇ ਆਵੇਗਾ ਤਾਂ ਇਹ ਕੰਮ ਬਹੁਤਾ ਔਖਾ ਵੀ ਨਹੀਂ ਹੈ।
ਇਸ ਉਪ੍ਰ੍ਰੰਤ ਟੀਚਰਜ਼ ਹੋਮ ਦੇ ਹਾਲ ਵਿੱਚ ਐਡਵੋਕੇਟ ਫੂਲਕਾ, ਗਿਆਨੀ ਕੇਵਲ ਸਿੰਘ, ਇੰਟਰਨੈਸ਼ਲ ਸਿੱਖ ਕੰਨਫੈਡਰੇਸ਼ਨ ਦੇ ਸ: ਗੁਰਪ੍ਰੀਤ ਸਿੰਘ, ਕੇਂਦਰੀ ਸਿੰਘ ਸਭਾ ਦੇ ਸ: ਖੁਸ਼ਹਾਲ ਸਿੰਘ, ਭਾਈ ਘਨਈਆ ਸੇਵਾ ਸੁਸਾਇਟੀ ਰਾਜਪੁਰਾ ਦੇ ਸ: ਗੁਰਪ੍ਰੀਤ ਸਿੰਘ ਦਾ, ਇਸ ਚੰਗੇ ਮਿਸ਼ਨ ਨੂੰ ਲੈ ਕੇ ਬਠਿੰਡਾ ਵਿਖੇ ਪਹੁੰਚਣ ’ਤੇ ਡਾਕਟਰ ਗੁਰਿੰਦਰ ਸਿੰਘ ਨਾਗਪਾਲ ਨੇ ਧੰਨਵਾਦ ਕੀਤਾ ਤੇ ਜੀ ਆਇਆਂ ਆਖ ਕੇ ਉਨ੍ਹਾਂ ਨੂੰ ਬਠਿੰਡੇ ਦੀਆਂ ਸੰਗਤਾਂ ਵਲੋਂ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ। ਇਨ੍ਹਾਂ ਦੇ ਨਾਲ ਹੀ ਧਰਮ ਪ੍ਰਚਾਰ ਕੇਂਦਰ ਮਾਲਵਾ ਜ਼ੋਨ ਦੇ ਇੰਨਚਾਰਜ ਭਰਪੂਰ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਵਿੰਦਰ ਕੌਰ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਉਪ੍ਰੰਤ ਐਡਵੋਕੇਟ ਫੂਲਕਾ ਤੇ ਗਿਆਨੀ ਕੇਵਲ ਸਿੰਘ ਨੇ ਜਾਗਰੂਕ ਸਿੱਖਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਆਪਣੀਆਂ ਉਕਤ ਗੱਲਾਂ ਮੁੜ ਦੁਹਰਾਈਆਂ ਤੇ ਕਿਹਾ ਕਿ ਨਸ਼ਿਆਂ ਤੋਂ ਰਹਿਤ ਤੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਲਗਨ ਰੱਖਣ ਵਾਲੇ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਨਾਏ ਹੋਏ ਸਿੱਖ ਰਹਿਤ ਮਰਿਆਦਾ ਤੇ ਅਕਾਲ ਤਖ਼ਤ ਨੂੰ ਸਿਰਮੋਰ ਤੇ ਅਜ਼ਾਦ ਹਸਤੀ ਮੰਨਣ ਵਾਲੇ ਗੁਰਸਿੱਖ ਹੀ ਚੁਣ ਕੇ ਭੇਜੇ ਜਾਣ।

ਗੁਰਪ੍ਰੀਤ ਸਿੰਘ ਨੇ ਜਿਲ੍ਹਾ ਬਠਿੰਡਾ ਦੀ ਮੌਨੀਟਰਿੰਗ ਕਮੇਟੀ ਦਾ ਐਲਾਨ ਕਰਦਿਆਂ ਦੱਸਿਆ ਕਿ ਡਾ ਗੁਰਿੰਦਰ ਸਿੰਘ ਨਾਗਪਾਲ ਇਸ ਦੇ ਕਨਵੀਨਰ, ਸੁਖਦੇਵ ਸਿੰਘ ਕੋ-ਕਨਵੀਨਰ ਅਤੇ ਉਨ੍ਹਾਂ ਦੇ ਨਾਲ ਗੁਰਦੇਵ ਸਿੰਘ, ਹਰਪਾਲ ਸਿੰਘ, ਮਹੇਸ਼ਇੰਦਰ ਸਿੰਘ ਤੇ ਦਿਲਬਾਗ ਸਿੰਘ ਮੈਂਬਰ ਹੋਣਗੇ। ਉਨ੍ਹਾਂ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਗੁਰਸਿੱਖ ਤਾਲਮੇਲ ਕਮੇਟੀ ਦੇ ਸਵੈ ਇੱਛਾ ਨਾਲ ਮੈਂਬਰ ਬਣ ਕੇ ਆਪਣੀ ਤਾਕਤ ਵਧਾਈਏ ਤਾ ਕਿ ਆਪਣਾ ਟੀਚਾ ਸਫਲਤਾ ਪੂਰਬਕ ਸਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਦਾ ਮੈਂਬਰ ਬਣਨ ਲਈ 9230002323 ’ਤੇ ਐੱਸਐੱਮਐੱਸ ਕੀਤੇ ਜਾ ਸਕਦੇ ਹਨ। ਬੀਬੀ ਦਵਿੰਦਰ ਕੌਰ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਟਿਕਟ ਦੇਣ ਤੋਂ ਪਹਿਲਾਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਮੀਦਵਾਰ ਨੂੰ ਨਿਤਨੇਮ ਦੀਆਂ ਪੰਜ ਬਾਣੀਆਂ ਜ਼ਬਾਨੀ ਯਾਦ ਹੋਣ। ਗੁਰਦੀਪ ਸਿੰਘ ਬਰਾੜ, ਭਰਪੂਰ ਸਿਘ ਅਤੇ ਐਡਵੋਕੇਟ ਜਤਿੰਦਰ ਖੱਟਰ ਨੇ ਵੀ ਆਪਣੇ ਵੀਚਾਰ ਦੱਸੇ।

ਕਿਰਪਾਲ ਸਿੰਘ ਨੇ ਸੁਝਾਉ ਦਿੱਤਾ ਕਿ ਗੁਰਦੁਆਰਾ ਚੋਣਾਂ ਨੂੰ ਰਾਜਨੀਤੀ ਦੇ ਰੰਗ ਵਿੱਚ ਰੰਗ ਕੇ ਭ੍ਰਿਸ਼ਟਾਚਾਰ, ਨਸ਼ਿਆਂ ਦੀ ਵਰਤੋਂ ਆਦਿ ਦੀਆਂ ਜੋ ਵੀ ਅਲਾਮਤਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਇਸੇ ਕਾਰਣ ਹਨ ਕਿ ਰਾਜਨੀਤਕ ਪਾਰਟੀਆਂ ਸਿੱਧੇ ਵਿੱਚ ਹਿੱਸਾ ਲੈ ਰਹੀਆਂ ਹਨ। ਸਾਰਾ ਨੈੱਟਵਰਕ, ਚੋਣ ਸਿਸਟਮ ਤੇ ਪ੍ਰਬੰਧਕੀ ਢਾਂਚਾ ਉਨ੍ਹਾਂ ਦੇ ਹੱਥ ਵਿੱਚ ਹੈ। ਇਸ ਲਈ ਧਾਰਮਿਕ ਵਿਅਕਤੀਆਂ ਨੁੰ ਉਨ੍ਹਾਂ ਨੂੰ ਚੋਣਾਂ ਵਿੱਚ ਹਰਾਉਣਾ ਸੌਖਾ ਕੰਮ ਨਹੀਂ। ਜੇ ਸੁਧਾਰ ਚਾਹੁੰਦੇ ਹੋ ਤਾਂ ਰਾਜਨੀਤਕ ਪਾਰਟੀਆਂ ’ਤੇ ਗੁਰਦੁਆਰਾ ਚੋਣਾਂ ਲੜਨ ’ਤੇ ਪੂਰਨ ਤੌਰ ’ਤੇ ਪਾਬੰਦੀ ਦੀ ਮੰਗ ਕੀਤੀ ਜਾਵੇ। ਦੂਸਰਾ ਸੁਝਾਉ ਦਿੱਤਾ ਕਿ ਗੁਰਦੁਆਰਾ ਐਕਟ ਅਨੁਸਾਰ ਵੋਟ ਪਾਉਣ ਦਾ ਸਿਰਫ ਉਸ ਨੂੰ ਹੀ ਅਧਿਕਾਰ ਹੈ ਜਿਹੜਾ ਸਾਬਤ ਸੂਰਤ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੋਵੇ, ਅਤੇ ਨਸ਼ਿਆਂ ਦੀ ਵਰਤੋਂ ਨਾ ਕਰਦਾ ਹੋਵੇ। ਪਰ ਵੱਡੀ ਗਿਣਤੀ ਵੋਟਰ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੇ। ਗਲਤ ਵੋਟਾਂ ਪੇਣ ਤੋਂ ਰੋਕਣ ਲਈ ਗੁਰਦੁਆਰਾ ਚੋਣ ਕਮਿਸ਼ਨ ’ਤੇ ਜੋਰ ਪਾਇਆ ਜਾਵੇ ਕਿ ਵੋਟਾਂ ਪੈਣ ਦੇ ਸਮੇਂ ਸਾਰੇ ਪੋਲਿੰਗ ਬੂਥਾਂ ਦੀ ਵੀਡੀਓਗ੍ਰਾਫੀ ਲਾਜ਼ਮੀ ਤੌਰ’ਤੇ ਕਰਵਾਈ ਜਾਵੇ। ਜੇ ਕਰ ਇਹ ਦੋ ਸੁਝਾਉ ਲਾਗੂ ਨਹੀਂ ਹੁੰਦੇ ਤਾਂ ਚੋਣ ਕਦੀ ਵੀ ਨਿਰਪੱਖ ਤੇ ਪਾਰਦ੍ਰਸ਼ੀ ਨਹੀਂ ਹੋ ਸਕਦੀ।

ਸੁਖਦੇਵ ਸਿੰਘ ਨੇ ਸਫਲਤਾ ਪੂਰਬਕ ਸਟੇਜ਼ ਦੀ ਕਾਰਵਾਈ ਚਲਾਈ। ਇਸ ਨੂੰ ਪੰਥ ਵਿੱਚ ਆਏ ਨਿਘਾਰ ਦੀ ਸਿਖਰ ਹੀ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਅਨੇਕਾਂ ਸਿੰਘਾਂ ਦੇ ਇਤਿਹਾਸ ਨੂੰ ਭੁੱਲ ਕੇ ਬਹੁਤੇ ਬੁਲਾਰਿਆਂ ਵਲੋਂ ਅੱਜ ਗੁਰਦੁਆਰਾ ਚੋਣਾਂ ’ਚ ਸੁਧਾਰ ਲਿਆਉਣ ਲਈ ਉਨ੍ਹਾਂ ਪੁਰਾਤਨ ਸਿੰਘਾਂ ਵਰਗੇ ਸਿੰਘ ਲੱਭਣ ਦੀ ਥਾਂ ਸਿੱਖ ਕੌਮ ਵਿੱਚੋਂ ਅੰਨਾ ਹਜ਼ਾਰੇ ਲੱਭਣ ਦੀਆਂ ਅਪੀਲਾਂ ਹੋ ਰਹੀਆਂ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top